ਮੈਰਾਥਨ ’ਚ 40 ਹਜ਼ਾਰ ਲੋਕਾਂ ਨੇ ਹਿੱਸਾ ਲਿਆ
ਕੌਮੀ ਰਾਜਧਾਨੀ ਵਿੱਚ ਅੱਜ ‘ਵੇਦਾਂਤ ਦਿੱਲੀ ਹਾਫ਼ ਮੈਰਾਥਨ 2025’ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਕੇਂਦਰ ਅਤੇ ਦਿੱਲੀ ਸਰਕਾਰ ਦੇ ਮੰਤਰੀ, ਅਧਿਕਾਰੀ ਅਤੇ ਫ਼ੌਜ ਦੇ ਅਧਿਕਾਰੀ ਸ਼ਾਮਿਲ ਹੋਏ। ਦਿੱਲੀ ਹਾਫ਼ ਮੈਰਾਥਨ 2025 ਵਿੱਚ 10,000 ਤੋਂ ਵੱਧ ਔਰਤਾਂ ਸਮੇਤ 40,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ‘ਵੇਦਾਂਤ ਦਿੱਲੀ ਹਾਫ਼ ਮੈਰਾਥਨ 2025’ ਦੇ 20ਵੇਂ ਐਡੀਸ਼ਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਦੌੜ ਦੌਰਾਨ ਉਤਸ਼ਾਹ ਠਾਠਾਂ ਮਾਰ ਰਿਹਾ ਸੀ।
ਇਸ ਮੌਕੇ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ, ਸੀ ਡੀ ਐੱਸ ਜਨਰਲ ਅਨਿਲ ਚੌਹਾਨ, ਅਤੇ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਵੀ ਮੌਜੂਦ ਸਨ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਦਿੱਲੀ ਸਰਕਾਰ ਦੇ ਮੰਤਰੀ ਆਸ਼ੀਸ਼ ਸੂਦ ਨੇ ਵੇਦਾਂਤਾ ਦਿੱਲੀ ਹਾਫ਼ ਮੈਰਾਥਨ 2025 ਦੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ। ਆਪਣੇ ਸੰਬੋਧਨ ਦੌਰਾਨ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਕਿਹਾ ਕਿ 2005 ਵਿੱਚ ਸ਼ੁਰੂ ਹੋਈ ਵੇਦਾਂਤ ਦਿੱਲੀ ਹਾਫ਼ ਮੈਰਾਥਨ ਨੂੰ ਹੁਣ 20 ਸਾਲ ਪੂਰੇ ਹੋ ਗਏ ਹਨ। ਲੋਕਾਂ ਵਿੱਚ ਬਹੁਤ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ 40,000 ਤੋਂ ਵੱਧ ਲੋਕ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚ 10,000 ਤੋਂ ਵੱਧ ਔਰਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ‘ਫਿਟ ਇੰਡੀਆ’ ਸੱਦੇ ਦੇ ਕਾਰਨ ਅੱਜ ਲੋਕ ਖੇਡਾਂ ਵਿੱਚ ਹਿੱਸਾ ਲੈਣ ਅਤੇ ਤੰਦਰੁਸਤ ਰਹਿਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਸ ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਹਜ਼ਾਰਾਂ ਦੌੜਾਕਾਂ ਨੇ ਉਹੀ ਵਿਸ਼ਵਾਸ ਪ੍ਰਗਟ ਕੀਤਾ ਜੋ ਇਸ ਸ਼ਹਿਰ ਨੂੰ ਪਰਿਭਾਸ਼ਿਤ ਕਰਦਾ ਹੈ, ਜਾਣੀ ਸਖ਼ਤ ਮਿਹਨਤ, ਜਾਗਰੂਕਤਾ ਅਤੇ ਤਰੱਕੀ ਲਈ ਜਨੂੰਨ। ਉਨ੍ਹਾਂ ਮੁਤਾਬਕ ਇਹ ਇੱਕ ਅਜਿਹੀ ਦਿੱਲੀ ਦੀ ਝਲਕ ਸੀ ਜੋ ਇੱਕ ਬਿਹਤਰ ਕੱਲ੍ਹ ਲਈ ਬਣੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਾਰੇ ਦੌੜਾਕਾਂ, ਪ੍ਰਬੰਧਕਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਊਰਜਾ, ਇਹ ਏਕਤਾ, ਇੱਕ ਵਿਕਸਤ ਅਤੇ ਜਾਗਰੂਕ ਦਿੱਲੀ ਦੀ ਪਛਾਣ ਹੈ। ਖੇਡ ਜਗਤ ਦੇ ਕਈ ਪਤਵੰਤੇ ਵੀ ਇਸ ਮੌਕੇ ‘ਤੇ ਮੌਜੂਦ ਸਨ।