350 ਸਾਲਾ ਸ਼ਹੀਦੀ ਦਿਵਸ: 'ਗੁਰੂ ਸੀਸ ਮਾਰਗ ਯਾਤਰਾ' ਕੱਢਣ ਦਾ ਫੈਸਲਾ
ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਅਕਾਲ ਪੁਰਖ ਕੀ ਫ਼ੌਜ ਅੰਮ੍ਰਿਤਸਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਅਤੇ ਗਿਆਨ ਪ੍ਰਗਾਸ ਟਰੱਸਟ ਲੁਧਿਆਣਾ ਨੇ ਇਤਿਹਾਸਕ ‘ਗੁਰੂ ਸੀਸ ਮਾਰਗ ਯਾਤਰਾ’ ਕੱਢਣ ਦਾ ਫੈਸਲਾ ਕੀਤਾ ਹੈ। ਇਹ ਯਾਤਰਾ ਭਾਈ ਜੈਤਾ ਜੀ ਵੱਲੋਂ ਤੈਅ ਕੀਤੇ ਉਨ੍ਹਾਂ ਮਾਰਗਾਂ ਨੂੰ ਯਾਦ ਕਰਵਾਏਗੀ ਜਿਨ੍ਹਾਂ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਦਿੱਲੀ ਦੇ ਚਾਂਦਨੀ ਚੌਕ ਤੋਂ ਆਨੰਦਪੁਰ ਸਾਹਿਬ ਤੱਕ ਲਿਆਂਦਾ ਗਿਆ ਸੀ।
ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਖੁਸ਼ਪਾਲ ਸਿੰਘ ਆਦਿ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰੂ ਸੀਸ ਮਾਰਗ ਯਾਤਰਾ 3 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸ਼ੁਰੂ ਹੋ ਕੇ 5 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ।
ਇਹ ਯਾਤਰਾ ਮੁੱਖ ਇਤਿਹਾਸਕ ਸਥਾਨਾਂ ਵਿੱਚੋਂ ਲੰਘੇਗਾ, ਜਿਨ੍ਹਾਂ ਵਿੱਚ ਬਾਗ਼ਪਤ ਯੂਪੀ, ਸੋਨੀਪਤ, ਕਰਨਾਲ ਤੋਂ ਤਾਰਾਵੜੀ, ਅੰਬਾਲਾ, ਨਾਭਾ ਸਾਹਿਬ ਜ਼ੀਰਕਪੁਰ ਅਤੇ ਕੀਰਤਪੁਰ ਸਾਹਿਬ ਸ਼ਾਮਲ ਹਨ।
ਇਹ ਯਾਤਰਾ ਉਨ੍ਹਾਂ ਘੱਟ ਜਾਣੇ-ਪਛਾਣੇ ਸਿੱਖਾਂ ਨੂੰ ਵੀ ਸ਼ਰਧਾਂਜਲੀ ਭੇਟ ਕਰੇਗੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ, ਜਿਵੇਂ ਕਿ ਭਾਈ ਲੱਖੀ ਸ਼ਾਹ ਵਣਜਾਰਾ ,ਭਾਈ ਨਾਨੂੰ ਜੀ, ਭਾਈ ਊਦਾ ਜੀ, ਭਾਈ ਅਗਿਆ ਰਾਮ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ,ਭਾਈ ਦਿਆਲਾ ਜੀ, ਭਾਈ ਦੇਵਾ ਰਾਮ ਅਤੇ ਭਾਈ ਰਾਮ ਦੇਵਾ ਜੀ, ਜਿਨ੍ਹਾਂ ਨੇ ਮੁਸੀਬਤਾਂ ਦੇ ਪਹਾੜ ਸਾਹਮਣੇ ਅਟੁੱਟ ਵਫ਼ਾਦਾਰੀ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ।
ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਵੱਖ-ਵੱਖ ਲਗਪਗ 350 ਜਨਤਕ ਥਾਵਾਂ ’ਤੇ ਗੁਰੂ ਸਾਹਿਬ ਦੇ ਜੀਵਨ ਅਤੇ ਸ਼ਹਾਦਤ ਨੂੰ ਸਬੰਧਤ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ।