3 AAP councillors join BJP: ਦਿੱਲੀ ਵਿੱਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਲ
ਨਵੀਂ ਦਿੱਲੀ, 15 ਫਰਵਰੀ
ਦਿੱਲੀ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਹੁਣ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਐਮਸੀਡੀ) ਵਿੱਚ ਵੀ ਭਾਜਪਾ ਭਾਰੂ ਪੈ ਸਕਦੀ ਹੈ। ਅੱਜ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਅਜਿਹੇ ਕਿਆਸ ਲਾਏ ਜਾ ਰਹੇ ਹਨ। ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਐਂਡਰਿਊਜ਼ ਗੰਜ ਤੋਂ ਅਨੀਤਾ ਬਸੋਆ, ਆਰ ਕੇ ਪੁਰਮ ਤੋਂ ਧਰਮਵੀਰ ਤੇ ਛਪਰਾਨਾ ਤੋਂ ਨਿਖਿਲ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੂੰ ਭਾਜਪਾ ਦਿੱਲੀ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਪਾਰਟੀ ਵਿਚ ਸ਼ਾਮਲ ਕਰਵਾਇਆ। ਇਨ੍ਹਾਂ ਤੋਂ ਇਲਾਵਾ ਆਪ ਦੇ ਚਾਰ ਆਗੂ ਵੀ ਭਗਵਾਂ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਜਾਣਕਾਰੀ ਅਨੁਸਾਰ ਦਿੱਲੀ ਵਿਚ ਆਪ ਦੇ ਜ਼ਿਲ੍ਹਾ ਮੁਖੀ ਰਹਿ ਚੁੱਕੇ ਸੰਦੀਪ ਬਸੋਆ ਆਪਣੇ ਸਮਰਥਕਾਂ ਨਾਲ ਭਾਜਪਾ ਵਿਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਦਿੱਲੀ ਨਗਰ ਨਿਗਮ ਵਿਚ ਕੁੱਲ ਢਾਈ ਸੌ ਕੌਂਸਲਰ ਹਨ। ‘ਆਪ’ ਦੇ 121 ਵਿੱਚੋਂ ਤਿੰਨ ਕੌਂਸਲਰਾਂ ਨੇ ਵਿਧਾਨ ਸਭਾ ਚੋਣ ਜਿੱਤੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ 118 ਕੌਂਸਲਰ ਰਹਿ ਚੁੱਕੇ ਹਨ। ਦੂਜੇ ਪਾਸੇ ਭਾਜਪਾ ਦੇ 120 ਕੌਂਸਲਰਾਂ ਵਿਚੋਂ ਅੱਠ ਨੇ ਵਿਧਾਨ ਸਭਾ ਚੋਣ ਜਿੱਤੀ ਜਿਸ ਨਾਲ ਭਗਵਾਂ ਪਾਰਟੀ ਦੇ 112 ਕੌਂਸਲਰ ਰਹਿ ਗਏ ਹਨ। ਹੁਣ ਆਪ ਦੇ ਤਿੰਨ ਕੌਂਸਲਰਾਂ ਵਲੋਂ ਭਾਜਪਾ ਦਾ ਪੱਲਾ ਫੜਨ ਤੋਂ ਬਾਅਦ ਆਪ ਕੋਲ 115 ਤੇ ਭਾਜਪਾ ਕੋਲ ਵੀ 115 ਕੌਂਸਲਰ ਰਹਿ ਚੁੱਕੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਦਿੱਲੀ ਵਿਚ ਐਮਸੀਡੀ ਦੀਆਂ ਵੋਟਾਂ ਅਪਰੈਲ ਵਿਚ ਪੈਣੀਆਂ ਹਨ। ਇਸ ਲਈ ਕਿਆਸ ਲਾਏ ਜਾ ਰਹੇ ਹਨ ਕਿ ਇਨ੍ਹਾਂ ਚੋਣਾਂ ਵਿਚ ਵੀ ਭਾਜਪਾ ਜੇਤੂ ਰਹਿ ਸਕਦੀ ਹੈ। ਦਿੱਲੀ ਵਿਚ ਪਿਛਲੀ ਵਾਰ ਮੇਅਰ ਦੀਆਂ ਚੋਣਾਂ ਨਵੰਬਰ 2024 ਵਿਚ ਹੋਈ ਸੀ ਤੇ ਇਹ ਕਾਰਜਕਾਲ ਪੰਜ ਮਹੀਨੇ ਦਾ ਹੈ ਕਿਉਂਕਿ ਦਿੱਲੀ ਵਿਚ ਹਰ ਸਾਲ ਮੇਅਰ ਦੀਆਂ ਚੋਣਾਂ ਅਪਰੈਲ ਵਿਚ ਹੀ ਹੁੰਦੀਆਂ ਹਨ।