ਮੈਟਰੋ ਦੇ ਮਹਿਲਾ ਕੋਚਾਂ ’ਚ ਸਫਰ ਕਰਨ ਵਾਲੇ 2300 ਪੁਰਸ਼ਾਂ ਨੂੰ ਜੁਰਮਾਨਾ
ਦਿੱਲੀ ਮੈਟਰੋ ਵਿੱਚ ਵਿੱਤੀ ਸਾਲ 2024-25 ਦੌਰਾਨ ਔਰਤਾਂ ਦੇ ਕੋਚ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ 2,320 ਪੁਰਸ਼ਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਮੈਟਰੋ ਰੇਲਵੇ ਸੰਚਾਲਨ ਅਤੇ ਰੱਖ-ਰਖਾਅ ਐਕਟ ਦੇ ਤਹਿਤ ਕੁੱਲ 2,320 ਚਲਾਨ ਜਾਰੀ ਕੀਤੇ ਗਏ ਹਨ। ਮਈ ਵਿੱਚ ਸਭ ਤੋਂ ਵੱਧ 443 ਮਾਮਲੇ ਦਰਜ ਕੀਤੇ ਗਏ, ਇਸ ਤੋਂ ਬਾਅਦ ਅਪਰੈਲ ਵਿੱਚ 419 ਅਤੇ ਸਤੰਬਰ ਵਿੱਚ 397 ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਦਸੰਬਰ 2024 ਵਿੱਚ ਸਿਰਫ਼ ਇੱਕ ਅਪਰਾਧੀ ਨੂੰ ਸਜ਼ਾ ਦਿੱਤੀ ਗਈ। ਦਿੱਲੀ ਮੈਟਰੋ ਰੇਲਵੇ ਐਕਟ ਦੇ ਤਹਿਤ ਹਰ ਅਪਰਾਧੀ ਨੂੰ 250 ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿੱਚ ਵਿਅਕਤੀ ਮੌਕੇ ’ਤੇ ਜੁਰਮਾਨਾ ਅਦਾ ਕਰਨ ਵਿੱਚ ਅਸਮਰੱਥ ਹੁੰਦੇ ਹਨ, ਸੀਆਈਐਸਐਫ ਜਾਂ ਫਲਾਇੰਗ ਸਕੁਐਡ ਦੇ ਕਰਮਚਾਰੀ ਚੇਤਾਵਨੀ ਜਾਰੀ ਕਰਦੇ ਹਨ ਅਤੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੰਦੇ ਹਨ। ਡੀਐਮਆਰਸੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਮੁਹਿੰਮ ਸੀਆਈਐਸਐਫ ਕਰਮਚਾਰੀਆਂ ਦੇ ਤਾਲਮੇਲ ਵਿੱਚ ਚਲਾਈ ਜਾਂਦੀ ਹੈ, ਜੋ ਮੈਟਰੋ ਨੈੱਟਵਰਕ ਦੇ ਵੱਖ-ਵੱਖ ਬਿੰਦੂਆਂ ’ਤੇ ਤਾਇਨਾਤ ਹਨ।