2020 ਦਿੱਲੀ ਦੰਗੇ ਮਾਮਲਾ: HC ਨੇ ਪਟੀਸ਼ਨਰਾਂ ਨੂੰ ਪੁੱਛਿਆ-ਸੁਪਰੀਮ ਕੋਰਟ ਵਿੱਚ ਪਹੁੰਚ ਕਿਉਂ ਨਹੀਂ ਕਰ ਰਹੇ?
ਦੋ ਵੱਖ-ਵੱਖ ਅਦਾਲਤਾਂ ਵਿੱਚ ਦੋ ਸੁਣਵਾਈਆਂ ਕਰਨ ਦੀ ਕੋਈ ਜ਼ਰੂਰਤ ਨਹੀਂ: HC
ਦਿੱਲੀ ਹਾਈ ਕੋਰਟ ਨੇ ਉਨ੍ਹਾਂ ਪਟੀਸ਼ਨਰਾਂ ਨੂੰ ਕਾਰਨ ਪੁੱਛਿਆ ਜੋ ਕਥਿਤ ਨਫ਼ਰਤ ਭਰੇ ਭਾਸ਼ਣਾਂ ਲਈ ਕੁਝ ਸਿਆਸੀ ਆਗੂਆਂ ਵਿਰੁੱਧ FIR ਦਰਜ ਕਰਨ ਅਤੇ 2020 ਦੇ ਦੰਗਿਆਂ ਦੀ ਸੁਤੰਤਰ SIT ਜਾਂਚ ਦੀ ਮੰਗ ਕਰ ਰਹੇ ਹਨ, ਕਿ ਉਹ ਸੁਪਰੀਮ ਕੋਰਟ ਤੱਕ ਕਿਉਂ ਨਹੀਂ ਪਹੁੰਚ ਕਰ ਰਹੇ, ਜਿੱਥੇ ਅਜਿਹਾ ਹੀ ਮਾਮਲਾ ਪਹਿਲਾਂ ਹੀ ਚੱਲ ਰਿਹਾ ਹੈ।
ਹਾਈ ਕੋਰਟ ਨੇ ਕਿਹਾ ਕਿਉਂਕਿ ਇੱਕੋ ਜਿਹੀ ਸਮੱਗਰੀ ਦੇ ਆਧਾਰ ’ਤੇ ਰਾਹਤ ਦੀ ਮੰਗ ਕਰਨ ਵਾਲੀ ਪਟੀਸ਼ਨ ਪਹਿਲਾਂ ਹੀ ਦੇਸ਼ ਦੀ ਸਿਖਰਲੀ ਅਦਾਲਤ ਵਿੱਚ ਲੰਬਿਤ ਹੈ, ਇਸ ਲਈ ਦੋ ਵੱਖ-ਵੱਖ ਅਦਾਲਤਾਂ ਵਿੱਚ ਦੋ ਸੁਣਵਾਈਆਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।
ਜਸਟਿਸ ਵਿਵੇਕ ਚੌਧਰੀ ਅਤੇ ਮਨੋਜ ਜੈਨ ਦੇ ਬੈਂਚ ਨੇ ਕਿਹਾ, “ ਕਿ ਤੁਸੀਂ ਸਾਰੇ ਸੁਪਰੀਮ ਕੋਰਟ ਤੱਕ ਪਹੁੰਚ ਕਿਉਂ ਨਹੀਂ ਕਰਦੇ, ਤੁਸੀਂ ਸੁਪਰੀਮ ਕੋਰਟ ਜਾਓ ਅਤੇ ਆਪਣੀਆਂ ਦਲੀਲਾਂ ਪੇਸ਼ ਕਰੋ ਕਿਉਂਕਿ ਤੁਸੀਂ ਸਾਰੇ ਇੱਕੋ ਸਮੱਗਰੀ ਦੇ ਆਧਾਰ ’ਤੇ ਇੱਕੋ ਰਾਹਤ ਦੀ ਮੰਗ ਕਰ ਰਹੇ ਹੋ। ਇੱਕੋ ਮਾਮਲੇ ਦੀਆਂ ਦੋ ਸੁਣਵਾਈਆਂ ਕਿਉਂ ਹੋਣੀਆਂ ਚਾਹੀਦੀਆਂ ਹਨ? ਤੁਹਾਨੂੰ ਸਾਰਿਆਂ ਨੂੰ ਉੱਥੇ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਇੱਕੋ ਸਮੱਗਰੀ ’ਤੇ ਆਪਣਾ ਕੇਸ ਲੜ ਸਕਦੇ ਹੋ। ਇਸ ਨੂੰ ਇੱਥੇ ਲੰਬਿਤ ਕਿਉਂ ਰੱਖਿਆ ਜਾਵੇ?”
ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 11 ਦਸੰਬਰ ਲਈ ਸੂਚੀਬੱਧ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉੱਤਰ ਪੂਰਬੀ ਦਿੱਲੀ ਵਿੱਚ ਨਾਗਰਿਕਤਾ ਕਾਨੂੰਨ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ 24 ਫਰਵਰੀ 2020 ਨੂੰ ਫਿਰਕੂ ਝੜਪਾਂ ਹੋਈਆਂ ਸਨ, ਜਿਸ ਵਿੱਚ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲਗਭਗ 700 ਜ਼ਖਮੀ ਹੋ ਗਏ ਸਨ।

