1984 ਦੰਗੇ: ਅਦਾਲਤ ਵੱਲੋਂ ਸੱਜਣ ਕੁਮਾਰ ਵਿਰੁੱਧ ਕੇਸ ਅੰਤਿਮ ਬਹਿਸ ਲਈ ਸੂਚੀਬੱਧ
1984 anti-Sikh riots case: Court lists case against former MP Sajjan Kumar for final arguements ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ ਕੇਸ ਨੂੰ ਅੰਤਿਮ ਬਹਿਸ ਲਈ ਸੂਚੀਬੱਧ ਕਰ ਦਿੱਤਾ ਹੈ ਜਿਸ ਲਈ ਤਰੀਕ 29 ਅਕਤੂਬਰ ਐਲਾਨੀ ਗਈ ਹੈ। ਸੱਜਣ ਕੁਮਾਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਕੇਸ ਵਿੱਚ ਜਨਕਪੁਰੀ ਅਤੇ ਵਿਕਾਸ ਪੁਰੀ ਪੁਲੀਸ ਸਟੇਸ਼ਨਾਂ ਵਿੱਚ ਦਰਜ ਐਫਆਈਆਰਜ਼ ਨਾਲ ਜੁੜੇ ਕੇਸ ਦਾ ਸਾਹਮਣਾ ਕਰ ਰਿਹਾ ਹੈ।
ਵਿਸ਼ੇਸ਼ ਜੱਜ ਡੀਆਈਜੀ ਵਿਨੈ ਸਿੰਘ ਨੇ ਸੱਜਣ ਕੁਮਾਰ ਦੇ ਵਕੀਲ ਵੱਲੋਂ ਬਚਾਅ ਪੱਖ ਦੇ ਸਬੂਤ ਦਰਜ ਕਰਨ ਤੋਂ ਬਾਅਦ ਮਾਮਲੇ ਨੂੰ ਅੰਤਿਮ ਬਹਿਸ ਲਈ ਸੂਚੀਬੱਧ ਕੀਤਾ। ਅਦਾਲਤ ਨੇ ਇਸ ਮਾਮਲੇ ਦੀ ਅੰਤਿਮ ਬਹਿਸ ਲਈ ਸੁਣਾਈ 29 ਅਕਤੂਬਰ ਨੂੰ ਨਿਰਧਾਰਤ ਕੀਤੀ ਹੈ।
ਸੱਜਣ ਕੁਮਾਰ ਨੇ 7 ਜੁਲਾਈ ਨੂੰ ਆਪਣੇ ਬਿਆਨ ਦਰਜ ਕਰਵਾਏ ਸਨ ਜਿਸ ਦੌਰਾਨ ਸਾਬਕਾ ਕਾਂਗਰਸੀ ਸੰਸਦ ਮੈਂਬਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਆਪਣੇ ਉੱਤੇ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਸ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਦੰਗਿਆਂ ਵਾਲੀ ਥਾਂ ’ਤੇ ਮੌਜੂਦ ਨਹੀਂ ਸੀ ਅਤੇ ਉਸ ਨੂੰ ਇਸ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ। ਜਨਕਪੁਰੀ ਕੇਸ 1 ਨਵੰਬਰ 1984 ਨੂੰ ਦੋ ਸਿੱਖਾਂ ਸੋਹਣ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦੇ ਕਤਲ ਨਾਲ ਸਬੰਧਤ ਹੈ। ਦੂਜਾ ਕੇਸ ਵਿਕਾਸਪੁਰੀ ਥਾਣੇ ਵਿੱਚ 2 ਨਵੰਬਰ 1984 ਨੂੰ ਗੁਰਚਰਨ ਸਿੰਘ ਨੂੰ ਅੱਗ ਲਾਉਣ ਨਾਲ ਸਬੰਧਤ ਹੈ।
ਏਐੱਨਆਈ