1984 Riots: ਸੀਬੀਆਈ ਜਾਂ ਸਿੱਖ ਆਗੂਆਂ ਨੇ ਟਾਈਟਲਰ ਨੂੰ ਫਸਾਉਣ ਲਈ ਦਬਾਅ ਨਹੀਂ ਪਾਇਆ: ਮੁੱਖ ਗਵਾਹ
ਨਵੀਂ ਦਿੱਲੀ, 12 ਜੁਲਾਈ
Eyewitness in 1984 Pul Bangash Gurudwara case denies 'falsely' implicating Tytler 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਪੁਲ ਬੰਗਸ਼ ਗੁਰਦੁਆਰਾ ਕੇਸ ਦੀ ਇੱਕ ਮੁੱਖ ਗਵਾਹ ਨੇ ਅੱਜ ਦਿੱਲੀ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਉਸ ’ਤੇ ਸੀਬੀਆਈ ਜਾਂ ਸਿੱਖ ਆਗੂਆਂ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਝੂਠਾ ਫਸਾਉਣ ਲਈ ਦਬਾਅ ਨਹੀਂ ਪਾਇਆ ਸੀ।
ਦੰਗਿਆਂ ਦੌਰਾਨ ਉੱਤਰੀ ਦਿੱਲੀ ਦੇ ਗੁਰਦੁਆਰੇ ਨੂੰ ਅੱਗ ਲਗਾਉਣ ਵਾਲੀ ਭੀੜ ਵਲੋਂ ਤਿੰਨ ਬੰਦਿਆਂ ਦੀ ਹੱਤਿਆ ਦੀ ਚਸ਼ਮਦੀਦ ਗਵਾਹ ਹਰਪਾਲ ਕੌਰ ਬੇਦੀ ਨੇ ਇਸ ਤੋਂ ਪਹਿਲਾਂ ਗਵਾਹੀ ਦਿੱਤੀ ਸੀ ਕਿ ਉਸ ਨੇ ਟਾਈਟਲਰ ਨੂੰ ਭੀੜ ਨੂੰ ਭੜਕਾਉਂਦੇ ਅਤੇ ਉਨ੍ਹਾਂ ਨੂੰ ਸਿੱਖਾਂ ਨੂੰ ਲੁੱਟਣ ਅਤੇ ਮਾਰਨ ਲਈ ਕਹਿੰਦੇ ਹੋਏ ਦੇਖਿਆ ਸੀ।
70 ਸਾਲਾ ਔਰਤ ਨੇ ਵਿਸ਼ੇਸ਼ ਜੱਜ ਜਤਿੰਦਰ ਸਿੰਘ ਸਾਹਮਣੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਆਪਣੇ ਇਕਲੌਤੇ ਪੁੱਤਰ ਦੀ ਜਾਨ ਦੇ ਡਰੋਂ ਚੁੱਪ ਰਹੀ ਅਤੇ 2016 ਵਿੱਚ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਟਾਈਟਲਰ ਦਾ ਨਾਮ ਸੀਬੀਆਈ ਨੂੰ ਦੱਸਿਆ ਸੀ।
ਸ਼ਨਿਚਰਵਾਰ ਨੂੰ ਟਾਈਟਲਰ ਦੇ ਵਕੀਲ ਨੇ ਜਿਰ੍ਹਾ ਕੀਤੀ। ਇਸ ਦੌਰਾਨ ਹਰਪਾਲ ਬੇਦੀ ਨੇ ਕਿਹਾ, ‘ਇਹ ਕਹਿਣਾ ਗਲਤ ਹੈ ਕਿ ਸੀਬੀਆਈ ਜਾਂ ਸਿੱਖ ਭਾਈਚਾਰੇ ਦੇ ਆਗੂਆਂ ਵਲੋਂ ਮੇਰੇ ’ਤੇ ਦਬਾਅ ਪਾਇਆ ਗਿਆ ਸੀ ਕਿ ਜਗਦੀਸ਼ ਟਾਈਟਲਰ ਨੂੰ ਕੇਸ ਵਿੱਚ ਝੂਠਾ ਫਸਾਉਣ ਲਈ ਉਸ ਦਾ ਨਾਮ ਲਓ।
ਇਹ ਕਹਿਣਾ ਗਲਤ ਹੈ ਕਿ ਮੇਰੀ ਗਵਾਹੀ ਝੂਠੀ ਅਤੇ ਮਨਘੜਤ ਹੈ।’ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 21 ਜੁਲਾਈ ਨੂੰ ਨਿਰਧਾਰਤ ਕੀਤੀ ਹੈ ਜਿਸ ਵਿਚ ਇੱਕ ਹੋਰ ਗਵਾਹ ਦੇ ਬਿਆਨ ਦਰਜ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਸੀਬੀਆਈ ਨੇ 20 ਮਈ, 2023 ਨੂੰ ਇਸ ਮਾਮਲੇ ਵਿੱਚ ਟਾਈਟਲਰ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ।