1984 anti-Sikh riots: ਦਿੱਲੀ ਦੰਗਿਆਂ ਸਬੰਧੀ ਕੇਸ ’ਚ ਅਦਾਲਤ ਵੱਲੋਂ ਸੱਜਣ ਕੁਮਾਰ ਦੇ ਬਿਆਨ ਦਰਜ
ਨਵੀਂ ਦਿੱਲੀ, 7 ਜੁਲਾਈ
ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਰਾਜਧਾਨੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਈ ਹਿੰਸਾ ਦੇ ਮਾਮਲੇ ਵਿਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ (former Congress MP Sajjan Kumar) ਦੇ ਬਿਆਨ ਦਰਜ ਕੀਤੇ ਹਨ।
ਵਿਸ਼ੇਸ਼ ਜੱਜ ਡੀਆਈਜੀ ਵਿਨੈ ਸਿੰਘ ਨੇ ਕੁਮਾਰ ਦੇ ਬਿਆਨ ਦਰਜ ਕੀਤੇ। ਇਸ ਮੌਕੇ ਕਾਂਗਰਸੀ ਆਗੂ ਨੇ ਖ਼ੁਦ ਨੂੰ ਬੇਕਸੂਰ ਕਰਾਰ ਦਿੰਦਿਆਂ ਕਿਹਾ ਕਿ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਹੈ।
ਮਾਮਲੇ ਦਾ ਮੁਲਜ਼ਮ ਸੱਜਣ ਕੁਮਾਰ ਨਿਜੀ ਤੌਰ ’ਤੇ ਅਦਾਲਤ ਵਿਚ ਪੇਸ਼ ਹੋਇਆ, ਜਿਸ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕੀਤੀ ਗਈ ਅਤੇ ਉਸ ਨੂੰ ਬੇਬੁਨਿਆਦ ਦੋਸ਼ਾਂ ਨਾਲ ਫਸਾਇਆ ਜਾ ਰਿਹਾ ਹੈ। ਉਸ ਨੇ ਕਿਹਾ, "ਕਿਸੇ ਵੀ ਗਵਾਹ ਨੇ ਮੇਰਾ ਨਾਮ ਨਹੀਂ ਲਿਆ। ਦਹਾਕਿਆਂ ਬਾਅਦ ਮੇਰਾ ਨਾਮ ਲਿਆ ਗਿਆ। ਮੇਰੇ ਵਿਰੁੱਧ ਕੇਸ ਝੂਠਾ ਅਤੇ ਸਿਆਸੀ ਤੌਰ 'ਤੇ ਪ੍ਰੇਰਿਤ ਹੈ।’’
ਇਸ ਪਿੱਛੋਂ ਅਦਾਲਤ ਨੇ ਮਾਮਲੇ ਦੀ ਸੁਣਵਾਈ 29 ਜੁਲਾਈ 'ਤੇ ਪਾ ਦਿੱਤੀ ਹੈ। ਗ਼ੌਰਤਲਬ ਹੈ ਕਿ ਫਰਵਰੀ 2015 ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (SIT) ਨੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਈ ਹਿੰਸਾ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਸੱਜਣ ਕੁਮਾਰ ਵਿਰੁੱਧ ਦੋ ਐਫਆਈਆਰਜ਼ ਦਰਜ ਕੀਤੀਆਂ ਸਨ। -ਪੀਟੀਆਈ