ਪੁਲੀਸ ’ਤੇ ਮਿਰਚ ਪਾਊਡਰ ਸੁੱਟਣ ਦੇ ਦੋਸ਼ ਹੇਠ 15 ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਇੰਡੀਆ ਗੇਟ ’ਤੇ ਹਵਾ ਪ੍ਰਦੂਸ਼ਣ ਖ਼ਿਲਾਫ਼ ਮੁਜ਼ਾਹਰੇ ਦੌਰਾਨ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਆਵਜਾਈ ਠੱਪ ਕਰਨ ਦੇ ਦੋਸ਼ ਹੇਠ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਜ਼ਾਹਰੇ ਵਾਲੀ ਥਾਂ ’ਤੇ ਸਥਿਤੀ ਉਸ ਵੇਲੇ...
ਦਿੱਲੀ ਪੁਲੀਸ ਨੇ ਇੰਡੀਆ ਗੇਟ ’ਤੇ ਹਵਾ ਪ੍ਰਦੂਸ਼ਣ ਖ਼ਿਲਾਫ਼ ਮੁਜ਼ਾਹਰੇ ਦੌਰਾਨ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਆਵਜਾਈ ਠੱਪ ਕਰਨ ਦੇ ਦੋਸ਼ ਹੇਠ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਜ਼ਾਹਰੇ ਵਾਲੀ ਥਾਂ ’ਤੇ ਸਥਿਤੀ ਉਸ ਵੇਲੇ ਵਿਗੜ ਗਈ ਜਦੋਂ ਕੁਝ ਪ੍ਰਦਰਸ਼ਨਕਾਰੀਆਂ ਨੇ ਘਟਨਾ ਸਥਾਨ ਤੋਂ ਖਦੇੜਨ ਦੌਰਾਨ ਪੁਲੀਸ ਮੁਲਾਜ਼ਮਾਂ ’ਤੇ ਲਾਲ ਮਿਰਚਾਂ ਦਾ ਪਾਊਡਰ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਦੇ ਕੰਮ ਵਿਘਨ ਪਾਉਣ ਅਤੇ ਹਮਲਾ ਕਰਨ ਦੇ ਦੋਸ਼ ਹੇਠ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇੰਡੀਆ ਗੇਟ ’ਤੇ ਮੁਜ਼ਾਹਰਾ ਨਹੀਂ ਕੀਤਾ ਜਾ ਸਕਦਾ ਤੇ ਉਨ੍ਹਾਂ ਜੰਤਰ-ਮੰਤਰ ’ਤੇ ਮੁਜ਼ਾਹਰੇ ਲਈ ਆਖਿਆ ਸੀ ਪਰ ਨਾ ਮੰਨਣ ’ਤੇ ਸਥਿਤੀ ਵਿਗੜ ਗਈ। ਘਟਨਾ ਦੀ ਜਾਂਚ ਜਾਰੀ ਹੈ। ਮਾਓਵਾਦੀ ਆਗੂ ਮਾੜਵੀ ਹਿੜਮਾ ਦੇ ਸਮਰਥਨ ਵਿੱਚ ਲਗਾਏ ਜਾ ਰਹੇ ਕਥਿਤ ਨਾਅਰਿਆਂ ਬਾਰੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁਲੀਸ ਸਾਰੇ ਕੋਣਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਦਿੱਲੀ ਦੇ ਕਾਨੂੰਨ ਮਾਮਲਿਆਂ ਬਾਰੇ ਮੰਤਰੀ ਕਪਿਲ ਮਿਸ਼ਰਾ ਨੇ ਦੋਸ਼ ਲਗਾਇਆ ਕਿ ਹਵਾ ਪ੍ਰਦੂਸ਼ਣ ਵਿਰੁੱਧ ਮੁਜ਼ਾਹਰੇ ਨੂੰ ਮਾਓਵਾਦੀ ਆਗੂ ਮਾੜਵੀ ਹਿੜਮਾ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕਰਨ ਲਈ ਮੰਚ ਵਜੋਂ ਵਰਤਿਆ ਗਿਆ ਸੀ। ਇਹ ਮੁਜ਼ਾਹਰਾ ਕੱਲ੍ਹ ਇੰਡੀਆ ਗੇਟ ’ਤੇ ਕੀਤਾ ਗਿਆ। ਮੁਜ਼ਾਹਰੇ ਵਿੱਚ ਹਿੱਸਾ ਲੈਣ ਵਾਲੀਆਂ ਜਥੇਬੰਦੀਆਂ ’ਚੋਂ ਇੱਕ ਸਾਇੰਟਿਸਟਸ ਫਾਰ ਸੁਸਾਇਟੀ (ਐੱਸ ਐੱਫ ਐੱਸ) ਨੇ ਕਿਹਾ ਕਿ ਉਹ ‘ਸਿਰਫ਼ ਪ੍ਰਦੂਸ਼ਣ ਦੇ ਮੁੱਦੇ ’ਤੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸੀ।

