ਗੁਰੂਗ੍ਰਾਮ ਦੇ ਸੈਕਟਰ-48 ਸਥਿਤ ਇੱਕ ਫਲੈਟ ਵਿੱਚ 11ਵੀਂ ਜਮਾਤ ਦੇ ਇੱਕ ਵਿਦਿਆਰਥੀ ਨੂੰ ਉਸ ਦੇ ਹੀ ਜਮਾਤੀ ਨੇ ਆਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ। ਇਹ ਘਟਨਾ ਸ਼ਨਿਚਰਵਾਰ ਰਾਤ ਕਰੀਬ 9.30 ਵਜੇ ਵਾਪਰੀ।
ਪੁਲੀਸ ਅਨੁਸਾਰ ਗੋਲੀ ਵਿਦਿਆਰਥੀ ਦੀ ਗਰਦਨ ਵਿੱਚ ਫਸ ਗਈ ਹੈ ਅਤੇ ਉਸ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਉਸ ਦਾ ਇਲਾਜ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਡਾਕਟਰਾਂ ਵੱਲੋਂ ਪੀੜਤ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਸਦਰ ਥਾਣੇ ਵਿੱਚ ਐੱਫ ਆਈ ਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਇਸ ਸਬੰਧੀ ਦੋ ਨਾਬਾਲਗ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਦੋਵੇਂ ਮੁਲਜ਼ਮ ਅਤੇ ਪੀੜਤ ਇੱਕੋ ਸਕੂਲ ਵਿੱਚ 11ਵੀਂ ਜਮਾਤ ਦੇ ਵਿਦਿਆਰਥੀ ਹਨ। ਪੁਲੀਸ ਟੀਮ ਨੇ ਮੌਕੇ ਤੋਂ ਪਿਸਤੌਲ, ਦੋ ਮੈਗਜ਼ੀਨ, 70 ਕਾਰਤੂਸ ਅਤੇ ਇੱਕ ਗੋਲੀ ਦਾ ਖੋਲ ਬਰਾਮਦ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਦਾ ਪਿਤਾ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਹੈ। ਉਸ ਦੀ ਲਾਇਸੈਂਸੀ ਪਿਸਤੌਲ ਘਰ ਵਿੱਚ ਹੀ ਰੱਖੀ ਹੋਈ ਸੀ, ਜਿਸ ਦੀ ਵਰਤੋਂ ਇਸ ਘਟਨਾ ਲਈ ਕੀਤੀ ਗਈ।
ਜਾਂਚ ਦੌਰਾਨ ਪਤਾ ਲੱਗਾ ਕਿ ਕਰੀਬ ਦੋ ਮਹੀਨੇ ਪਹਿਲਾਂ ਗੋਲੀ ਮਾਰਨ ਵਾਲੇ ਵਿਦਿਆਰਥੀ ਦੀ ਪੀੜਤ ਨਾਲ ਲੜਾਈ ਹੋਈ ਸੀ, ਜਿਸ ਕਰਕੇ ਮੁਲਜ਼ਮ ਆਪਣੇ ਮਨ ਵਿੱਚ ਰੰਜਿਸ਼ ਰੱਖਦਾ ਸੀ। ਪੀੜਤ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਦੇ ਬੇਟੇ ਦੇ ਸਕੂਲ ਦੇ ਦੋਸਤ ਨੇ ਉਸ ਨੂੰ ਸ਼ਨਿਚਰਵਾਰ ਨੂੰ ਮਿਲਣ ਲਈ ਬੁਲਾਇਆ। ਸ਼ੁਰੂ ਵਿੱਚ ਉਸ ਨੇ ਇਨਕਾਰ ਕਰ ਦਿੱਤਾ ਸੀ, ਪਰ ਦੋਸਤ ਦੇ ਜ਼ੋਰ ਪਾਉਣ ਅਤੇ ਖੁਦ ਲੈਣ ਆਉਣ ਦੀ ਗੱਲ ਕਹਿਣ ’ਤੇ ਮਾਂ ਨੇ ਉਸ ਨੂੰ ਜਾਣ ਦਿੱਤਾ। ਮਾਂ ਨੇ ਦੋਸ਼ ਲਾਇਆ ਕਿ ਉਸ ਦੇ ਬੇਟੇ ਦੇ ਦੋਸਤ ਨੇ ਉਸ ਨੂੰ ਘਰ ਲਿਜਾ ਕੇ ਦੂਜੇ ਦੋਸਤ ਨਾਲ ਮਿਲ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਮਾਰੀ। ਮੁਲਜ਼ਮਾਂ ਨੇ ਪਹਿਲਾਂ ਰਾਹ ਵਿੱਚ ਕੁੱਝ ਖਾਧਾ-ਪੀਤਾ ਅਤੇ ਫਿਰ ਤੀਜੇ ਦੋਸਤ ਨੂੰ ਨਾਲ ਲੈ ਕੇ ਫਲੈਟ ’ਤੇ ਗਏ ਜਿੱਥੇ ਝਗੜਾ ਹੋਇਆ ਅਤੇ ਗੋਲੀਬਾਰੀ ਦੀ ਘਟਨਾ ਵਾਪਰੀ।
ਪੁਲੀਸ ਨੇ ਦੋ ਮੁਲਜ਼ਮ ਗ੍ਰਿਫ਼ਤਾਰ ਕਰਕੇ ਜਾਂਚ ਆਰੰਭੀ
ਸੂਚਨਾ ਮਿਲਣ ’ਤੇ ਪੁਲੀਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਪੁਲੀਸ ਨੇ ਜ਼ਖਮੀ ਵਿਦਿਆਰਥੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਅਤੇ ਬਾਕੀ ਦੋ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਪੁਲੀਸ ਲਾਇਸੈਂਸੀ ਪਿਸਤੌਲ ਦੀ ਦੁਰਵਰਤੋਂ ਦੇ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ। ਅਜਿਹੀ ਘਟਨਾ ਨੇ ਸਕੂਲੀ ਵਿਦਿਆਰਥੀਆਂ ਵਿੱਚ ਵੱਧ ਰਹੀ ਹਿੰਸਾ ਅਤੇ ਨਾਬਾਲਗਾਂ ਤੱਕ ਹਥਿਆਰਾਂ ਦੀ ਪਹੁੰਚ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

