ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਿੰਨ ਮਹੀਨਿਆਂ ਵਿੱਚ 1,113 ਕਰੋਡ਼ ਰੁਪਏ ਪ੍ਰਾਪਰਟੀ ਟੈਕਸ ਦੀ ਵਸੂਲੀ ਹੋਈ: ਪਾਠਕ

ਵਿਧਾਇਕ ਵੱਲੋਂ ਮਾਲੀਏ ਵਿੱਚ 400 ਕਰੋਡ਼ ਦਾ ਰਿਕਾਰਡ ਵਾਧਾ ਹੋਣ ਦਾ ਦਾਅਵਾ
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ‘ਆਪ’ ਆਗੂ ਦੁਰਗੇਸ਼ ਪਾਠਕ।
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 3 ਜੁਲਾਈ

Advertisement

ਦਿੱਲੀ ਨਗਰ ਨਿਗਮ ਲਈ ‘ਆਪ’ ਦੇ ਇੰਚਾਰਜ ਅਤੇ ਵਿਧਾਇਕ ਦੁਰਗੇਸ਼ ਪਾਠਕ ਨੇ ਦੱਸਿਆ ਕਿ ‘ਆਪ’ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਐਮਸੀਡੀ ਵਿੱਚ ਪਹਿਲੀ ਵਾਰ 1113 ਕਰੋੜ ਦੇ ਪ੍ਰਾਪਰਟੀ ਟੈਕਸ ਕੁਲੈਕਸ਼ਨ ਵਿੱਚ 400 ਕਰੋੜ ਦਾ ਰਿਕਾਰਡ ਵਾਧਾ ਹੋਇਆ ਹੈ। ਪਾਠਕ ਨੇ ਕਿਹਾ ਕਿ ਭਾਜਪਾ ਦੇ ਸ਼ਾਸਨ ਦੌਰਾਨ ਵਿੱਤੀ ਸਾਲ 2021-22 ’ਚ 539 ਕਰੋੜ ਅਤੇ ਸਾਲ 2022-23 ’ਚ ਸਿਰਫ 100 ਕਰੋੜ ਦੇ ਵਾਧੇ ਨਾਲ 695 ਕਰੋੜ ਦਾ ਪ੍ਰਾਪਰਟੀ ਟੈਕਸ ਇਕੱਠਾ ਹੋਇਆ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਦਿੱਲੀ ਵਾਸੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਅਰਵਿੰਦ ਕੇਜਰੀਵਾਲ ਵਿੱਚ ਵਿਸ਼ਵਾਸ ਅਜੇ ਵੀ ਬਰਕਰਾਰ ਹੈ। ਉਨ੍ਹਾਂ ਕਿਹਾ, ‘‘ਮੈਂ ਇਸ ਲਈ ਦਿੱਲੀ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮੈਨੂੰ ਯਕੀਨ ਹੈ ਕਿ ਅਗਲੇ 3-4 ਸਾਲਾਂ ’ਚ ਐਮਸੀਡੀ ਨੂੰ ਦਿੱਲੀ ਸਰਕਾਰ ਵਾਂਗ ਬਜਟ ਲਈ ਕਿਸੇ ’ਤੇ ਨਿਰਭਰ ਨਹੀਂ ਹੋਣਾ ਪਵੇਗਾ ਅਤੇ ਐਮਸੀਡੀ ਵੀ ਮੁਨਾਫੇ ’ਚ ਕੰਮ ਕਰੇਗੀ।’’

ਰਾਜਿੰਦਰ ਨਗਰ ਤੋਂ ਵਿਧਾਇਕ ਅਤੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਅੱਜ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਕੋਈ ਇਮਾਨਦਾਰ ਸਰਕਾਰ ਸੱਤਾ ’ਚ ਆਉਂਦੀ ਹੈ ਤਾਂ ਜਨਤਾ ਵੀ ਲੋਕਾਂ ਦੇ ਕੰਮਾਂ ’ਚ ਸਰਗਰਮੀ ਨਾਲ ਹਿੱਸਾ ਲੈਂਦੀ ਹੈ। ਆਮ ਤੌਰ ’ਤੇ ਟੈਕਸ ਜਮ੍ਹਾ ਕਰਵਾਉਣ ਲਈ ਲੋਕ ਬਹੁਤੇ ਉਤਸ਼ਾਹਿਤ ਨਜ਼ਰ ਨਹੀਂ ਆਉਂਦੇ। ਉਹ ਸੋਚਦੇ ਹਨ ਕਿ ਜੋ ਵੀ ਟੈਕਸ ਇਕੱਠਾ ਹੋ ਰਿਹਾ ਹੈ ਉਹ ਸਾਰਾ ਪੈਸਾ ਲੀਡਰ ਖਾ ਜਾਣਗੇ ਪਰ ਲੋਕਾਂ ਨੇ ਐੱਮਸੀਡੀ ਵਿੱਚ ਅਜਿਹਾ ਚਮਤਕਾਰ ਕੀਤਾ ਹੈ, ਜੋ ਸ਼ਾਇਦ ਦਿੱਲੀ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੀ। ਭਾਜਪਾ ਨੇ 15 ਸਾਲ ਤੱਕ ਐਮਸੀਡੀ ’ਤੇ ਰਾਜ ਕੀਤਾ। ਇਸ ਸਮੇਂ ਦੌਰਾਨ ਭ੍ਰਿਸ਼ਟਾਚਾਰ ਦਾ ਅਜਿਹਾ ਹਾਲ ਸੀ ਕਿ ਪੂਰੀ ਦਿੱਲੀ ਵਿੱਚ ਰੁੱਖਾਂ ਦੀ ਕਟਾਈ ਲਈ ਮੁਸ਼ਕਲ ਨਾਲ 20-25 ਮਸ਼ੀਨਾਂ ਦੀ ਜ਼ਰੂਰਤ ਸੀ ਪਰ ਐਮਸੀਡੀ ਕੋਲ ਉਹ ਮਸ਼ੀਨਾਂ ਖਰੀਦਣ ਲਈ ਪੈਸੇ ਨਹੀਂ ਸਨ।

ਇਸ ਦੌਰਾਨ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਕਿਹਾ ਕਿ ਇਸ ਸਾਲ ਟੈਕਸ ਭਰਨ ਵਾਲਿਆਂ ਦੀ ਗਿਣਤੀ 7.17 ਲੱਖ ਹੋ ਗਈ ਹੈ। ਉਨ੍ਹਾਂ ਕਿਹਾ ਕਿ ਐੱਮਸੀਡੀ ਵਿੱਚ ਕੇਜਰੀਵਾਲ ਗਵਰਨੈਂਸ ਮਾਡਲ ਵੱਲੋਂ ਲੋਕਾਂ ’ਚ ਪੈਦਾ ਕੀਤੇ ਗਏ ਵਿਸ਼ਵਾਸ ਕਾਰਨ ਲੋਕ ਟੈਕਸ ਅਦਾ ਕਰਨ ਲਈ ਉਤਸ਼ਾਹਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮਾਲੀਏ ਦੀ ਵਰਤੋਂ ਲੋਕਾਂ ਦੇ ਵਿਕਾਸ ਲਈ ਕੀਤੀ ਜਾਵੇਗੀ।

ਲੋਕਾਂ ਦਾ ਇੱਕ-ਇੱਕ ਪੈਸਾ ਵਿਕਾਸ ’ਤੇ ਹੋਵੇਗਾ ਖਰਚ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ‘ਆਪ’ ਸਰਕਾਰ ’ਤੇ ਭਰੋਸਾ ਕਰਦੇ ਹਨ ਅਤੇ ਆਪਣੀ ਇੱਛਾ ਨਾਲ ਟੈਕਸ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਪਹਿਲਾਂ ਭਾਜਪਾ ਵੇਲੇ ਲੋਕ ਟੈਕਸ ਨਹੀਂ ਦਿੰਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਉਨ੍ਹਾਂ ਦਾ ਦਿੱਤਾ ਹੋਇਆ ਟੈਕਸ ਚੋਰੀ ਹੋ ਜਾਵੇਗਾ। ਹੁਣ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਲੋਕ ਖੁਦ ਅੱਗੇ ਆ ਕੇ ਟੈਕਸ ਦੇਣ ਲੱਗੇ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਹੁਣ ਇਮਾਨਦਾਰ ਸਰਕਾਰ ਹੈ ਅਤੇ ਉਨ੍ਹਾਂ ਵੱਲੋਂ ਦਿੱਤਾ ਇੱਕ-ਇੱਕ ਪੈਸਾ ਲੋਕਾਂ ਦੇ ਵਿਕਾਸ ’ਤੇ ਖਰਚ ਹੋਵੇਗਾ।’’

ਦੋਹਰਾ ਟੈਕਸ ਲਾ ਕੇ ਲੋਕਾਂ ਨਾਲ ਧੋਖਾ ਕਰ ਰਹੀ ਹੈ ‘ਆਪ’: ਅਨਿਲ ਕੁਮਾਰ

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਜਦੋਂ ਦਿੱਲੀ ਦੇ ਲੱਖਾਂ ਲੋਕ ਇਮਾਨਦਾਰੀ ਨਾਲ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰ ਰਹੇ ਹਨ ਤਾਂ ਆਮ ਆਦਮੀ ਪਾਰਟੀ ਦੇ ਮੇਅਰ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਪੂਰੇ ਕਿਉਂ ਨਹੀਂ ਕਰ ਰਹੇ। ਮੇਅਰ ਸ਼ੈਲੀ ਓਬਰਾਏ ਵੱਲੋਂ 2023-24 ਦੀ ਪਹਿਲੀ ਤਿਮਾਹੀ ਵਿੱਚ 2022 ਦੇ ਮੁਕਾਬਲੇ ਦੁੱਗਣਾ ਪ੍ਰਾਪਰਟੀ ਟੈਕਸ ਕਮਾਉਣ ਦਾ ਦਾਅਵਾ ਕਰਨਾ ਸਿਰਫ਼ ਦਿੱਲੀ ਦੇ ਲੋਕਾਂ ਦਾ ਧਿਆਨ ਮੁੱਖ ਸਮੱਸਿਆਵਾਂ ਤੋਂ ਪਾਸੇ ਹਟਾਉਣ ਦੀ ਇੱਕ ਸਾਜ਼ਿਸ਼ ਹੈ। ਰਿਕਾਰਡ ਤੋੜ ਟੈਕਸ ਵਸੂਲੀ ਆਮ ਆਦਮੀ ਪਾਰਟੀ ਦੇ ਗਵਰਨੈਂਸ ਮਾਡਲ ਦਾ ਨਹੀਂ ਸਗੋਂ ਲੋਕਾਂ ਦੀ ਜਾਗਰੂਕਤਾ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਤੋਂ ਪਹਿਲਾਂ ਹਾਊਸ ਟੈਕਸ ਮੁਆਫ਼ ਕਰਨ ਦੇ ਵਾਅਦੇ ਦੇ ਉਲਟ ਆਮ ਆਦਮੀ ਪਾਰਟੀ ਦੋਹਰਾ ਟੈਕਸ ਲਗਾ ਕੇ ਜਨਤਾ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ ਦਿੱਲੀ ਵਾਸੀਆਂ ਨੂੰ ਜਨਤਕ ਸਹੂਲਤਾਂ ਦੇਣ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਹਨ। ਨਿਗਮ ’ਚ ਜਿੱਤਣ ਦੇ 7 ਮਹੀਨੇ ਪੂਰੇ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਅਜੇ ਤੱਕ ਦਿੱਲੀ ਦੇ ਲੋਕਾਂ ਲਈ ਜ਼ਮੀਨੀ ਪੱਧਰ ’ਤੇ ਕੋਈ ਯੋਜਨਾ ਤਿਆਰ ਨਹੀਂ ਕੀਤੀ।

ਮਾਲੀਏ ’ਚ ਵਾਧੇ ਬਾਰੇ ਅੈਲਾਨ ਸਿਰਫ ਅੰਕਡ਼ਿਆਂ ਦੀ ਖੇਡ: ਰਾਜਾ

ਦਿੱਲੀ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੇਅਰ ਰਾਜਾ ਇਕਬਾਲ ਸਿੰਘ ਅਤੇ ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ‘ਆਪ’ ਆਗੂ ਦੁਰਗੇਸ਼ ਪਾਠਕ ਵੱਲੋਂ ਪ੍ਰਾਪਰਟੀ ਟੈਕਸ ਦੇ ਮਾਲੀਏ ਵਿੱਚ ਵਾਧੇ ਬਾਰੇ ਦਿੱਤੇ ਬਿਆਨ ਨੂੰ ਗੁਮਰਾਹਕੁਨ ਅਤੇ ਅੰਕੜਿਆਂ ਦੀ ਖੇਡ ਦੱਸਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਮਾਲੀਆ ਵਧਾਉਣ ਲਈ ਨਾ ਸਿਰਫ਼ ਪ੍ਰਾਪਰਟੀ ਟੈਕਸ ਵਿਚ ਵਾਧਾ ਕੀਤਾ ਹੈ ਸਗੋਂ ਛੋਟ ਦਰ 15 ਪ੍ਰਤੀਸ਼ਤ ਤੋਂ ਘਟਾ ਕੇ 10 ਪ੍ਰਤੀਸ਼ਤ ਕਰਨ ਦੀ ਮੰਗ ਵੀ ਕੀਤੀ ਹੈ। ਰਾਜਾ ਇਕਬਾਲ ਸਿੰਘ ਨੇ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਵਾਲੀ ਨਗਰ ਨਿਗਮ ਪ੍ਰਾਪਰਟੀ ਟੈਕਸ ਵਿਚ ਵਾਧਾ ਕਰ ਕੇ ਲੋਕਾਂ ’ਤੇ ਵਾਧੂ ਪ੍ਰਾਪਰਟੀ ਟੈਕਸ ਦਾ ਬੋਝ ਪਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕਾਂ ’ਤੇ ਟੈਕਸਾਂ ਦਾ ਬੋਝ ਨਹੀਂ ਵਧਣ ਦਿੱਤਾ, ਜਦਕਿ ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਂਦੇ ਹੀ ਟੈਕਸਾਂ ਦਾ ਬੋਝ ਸ਼ਹਿਰੀਆਂ ’ਤੇ ਪਾ ਦਿੱਤਾ।

Advertisement
Tags :
ਕਰੋਡ਼ਟੈਕਸਤਿੰਨਪਾਠਕਪ੍ਰਾਪਰਟੀਮਹੀਨਿਆਂਰੁਪਏਵਸੂਲੀ:ਵਿੱਚ
Show comments