ਵਿਸ਼ਵ ਚੈਂਪੀਅਨ
ਨਵੀਂ ਮੁੰਬਈ ਵਿੱਚ ਖੇਡੇ ਗਏ ਮਹਿਲਾ ਇਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਭਾਰਤ ਨੇ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਇਤਿਹਾਸ ਸਿਰਜਦਿਆਂ ਪਹਿਲੀ ਵਾਰ ਵਿਸ਼ਵ ਖਿਤਾਬ ਆਪਣੀ ਝੋਲੀ ਪਾਇਆ। ਸੁਫ਼ਨਿਆਂ ਦੀ ਨਗਰੀ ਮੁੰਬਈ ਇੱਕ ਵਾਰ ਫੇਰ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਦਿਆਂ ਦੇਖਣ ਦੀ ਗਵਾਹ ਬਣੀ। 2011 ਵਿੱਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਭਾਰਤ ਨੇ ਪੁਰਸ਼ ਵਿਸ਼ਵ ਕੱਪ ਜਿੱਤਿਆ ਸੀ ਅਤੇ ਹੁਣ ਨਵੀਂ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ ਵਿੱਚ ਮਹਿਲਾ ਵਿਸ਼ਵ ਕੱਪ ਜਿੱਤਿਆ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 2005 ਤੇ 2017 ਵਿੱਚ ਫ਼ਾਈਨਲ ਵਿੱਚ ਪਹੁੰਚ ਕੇ ਮਿਲੀਆਂ ਦੋ ਹਾਰਾਂ ਤੋਂ ਬਾਅਦ ਹੁਣ 2025 ਵਿੱਚ ਪਿਛਲੇ ਉਲਾਂਭੇ ਉਤਾਰਦਿਆਂ ਵਿਸ਼ਵ ਕੱਪ ਜਿੱਤ ਲਿਆ। ਇਸ ਜਿੱਤ ਨਾਲ ਮਹਿਲਾ ਕ੍ਰਿਕਟ ਨੂੰ ਵੀ ਆਸਟਰੇਲੀਆ, ਇੰਗਲੈਂਡ ਤੇ ਨਿਊਜ਼ੀਲੈਂਡ ਤੋਂ ਬਾਅਦ ਭਾਰਤ ਦੇ ਰੂਪ ਵਿੱਚ ਨਵੀਂ ਤੇ ਚੌਥੀ ਟੀਮ ਵਿਸ਼ਵ ਚੈਂਪੀਅਨ ਵਜੋਂ ਮਿਲ ਗਈ। ਇਹ ਜਿੱਤ ਭਾਰਤੀ ਟੀਮ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਜਿੱਤ ਹੈ ਜਿਸ ਵਿੱਚ ਟੀਮ ਦੀ ਹਰ ਖਿਡਾਰਨ ਨੇ ਆਪਣਾ ਯੋਗਦਾਨ ਪਾਇਆ। ਸੈਮੀ ਫਾਈਨਲ ਵਿੱਚ ਆਸਟਰੇਲੀਆ ਤੇ ਫ਼ਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾਉਣ ਲਈ ਆਪਣੀ ਪੂਰੀ ਤਾਕਤ ਲਾ ਦਿੱਤੀ।
ਭਾਰਤ ਦੀ ਇਸ ਇਤਿਹਾਸਕ ਜਿੱਤ ਦੀ ਅਗਵਾਈ ਹਰਮਨਪ੍ਰੀਤ ਕੌਰ ਨੇ ਕੀਤੀ ਜੋ ਟੀਮ ਦੀ ਸਭ ਤੋਂ ਤਜਰਬੇਕਾਰ ਖਿਡਾਰਨ ਹੈ। ਹਰਮਨ ਹੁਣ ਤੱਕ ਭਾਰਤ ਵੱਲੋਂ ਅੱਠ ਟੀ-20 ਵਿਸ਼ਵ ਕੱਪ ਅਤੇ ਚਾਰ ਇਕ ਰੋਜ਼ਾ ਵਿਸ਼ਵ ਕੱਪ ਖੇਡ ਚੁੱਕੀ ਹੈ। ਉਸ ਤੋਂ ਵੱਧ ਇਸ ਵਿਸ਼ਵ ਕੱਪ ਦੀ ਜਿੱਤ ਦੀ ਅਹਿਮਤੀਅਤ ਕੌਣ ਸਮਝ ਸਕਦਾ ਹੈ। 2017 ਵਿੱਚ ਜਿੱਤ ਦੀਆਂ ਬਰੂਹਾਂ ਤੋਂ ਖਾਲੀ ਪਰਤਣ ਵਾਲੀ ਹਰਮਨਪ੍ਰੀਤ ਕੌਰ ਨੇ ਇਸ ਜਿੱਤ ਦੇ ਨਾਲ ਆਪਣੀਆਂ ਪੁਰਾਣੀਆਂ ਸਾਥਣਾਂ ਮਿਥਾਲੀ ਰਾਜ, ਅੰਜੁਮ ਚੋਪੜਾ, ਝੂਲਨ ਗੋਸਵਾਮੀ ਦਾ ਅਧੂਰਾ ਸੁਫ਼ਨਾ ਵੀ ਪੂਰਾ ਕਰ ਦਿੱਤਾ। ਇਸ ਵਿਸ਼ਵ ਕੱਪ ਵਿੱਚ ਹਰਮਨਪ੍ਰੀਤ ਕੌਰ ਨੇ ਸੈਮੀ ਫਾਈਨਲ ਵਿੱਚ ਸੱਤ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਸਭ ਤੋਂ ਅਹਿਮ ਪਾਰੀ ਖੇਡੀ। ਫਾਈਨਲ ਵਿੱਚ ਭਾਰਤ ਨੂੰ ਹਰਮਨ ਦੇ ਤਜਰਬੇ ਦਾ ਪੂਰਾ ਫਾਇਦਾ ਮਿਲਿਆ ਜਿਸ ਨੇ ਫੀਲਡਿੰਗ ਪੁਜ਼ੀਸ਼ਨ ਤੋਂ ਲੈ ਕੇ ਗੇਂਦਬਾਜ਼ਾਂ ਦੀ ਵਰਤੋਂ ਕਮਾਲ ਨਾਲ ਕੀਤੀ। ਕਪਤਾਨ ਨੇ ਹੀ ਡੀ ਕਲਾਰਕ ਦਾ ਜੇਤੂ ਕੈਚ ਵੀ ਲਪਕਿਆ।
ਹਰਮਨਪ੍ਰੀਤ ਕੌਰ ਵੱਡੇ ਮੰਚ ਦੀ ਖਿਡਾਰਨ ਹੈ। 2017 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਵੀ ਉਸ ਨੇ ਆਸਟਰੇਲੀਆ ਖ਼ਿਲਾਫ਼ 171 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤ ਵੱਲੋਂ ਹੁਣ ਤੱਕ ਵਿਸ਼ਵ ਕੱਪ ਦੇ ਨਾਕ ਆਊਟ ਮੁਕਾਬਲਿਆਂ ਵਿੱਚ ਨਿਭਾਈਆਂ ਪਹਿਲੀਆਂ ਚਾਰ ਵੱਡੀਆਂ ਸਾਂਝੇਦਾਰੀਆਂ ਵਿੱਚੋਂ ਹਰ ਸਾਂਝੇਦਾਰੀ ਵਿੱਚ ਹਰਮਨਪ੍ਰੀਤ ਕੌਰ ਸ਼ਾਮਲ ਰਹੀ ਹੈ। ਇਸ ਵਾਰ ਸੈਮੀ ਫਾਈਨਲ ਵਿੱਚ ਵੀ ਹਰਮਨ ਤੇ ਜੈਮੀਮਾ ਨੇ 167 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਬਣਾਈ। ਵਿਸ਼ਵ ਕੱਪ ਦੇ ਨਾਕ ਆਊਟ ਮੁਕਾਬਲਿਆਂ ਵਿੱਚ ਚਾਰ ਵੱਡੇ ਵਿਅਕਤੀਗਤ ਸਕੋਰਾਂ ਵਿੱਚ ਦੋ ਹਰਮਨਪ੍ਰੀਤ ਕੌਰ ਦੇ ਹਨ। ਹਰਮਨ ਦੀ ਕਪਤਾਨੀ ਵਿੱਚ ਭਾਰਤ ਨੇ 339 ਦਾ ਰਿਕਾਰਡ ਟੀਚਾ ਵੀ ਸਰ ਕੀਤਾ। ਪੁਰਸ਼ ਤੇ ਮਹਿਲਾ ਦੋਵੇਂ ਇਕ ਰੋਜਾ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਪਹਿਲੀ ਵਾਰ ਨਾਕ ਆਊਟ ਮੈਚਾਂ ਵਿੱਚ ਕਿਸੇ ਟੀਮ ਨੇ 300 ਤੋਂ ਵੱਧ ਦਾ ਟੀਚਾ ਸਰ ਕੀਤਾ ਹੈ। ਭਾਰਤ ਨੇ ਆਸਟਰੇਲੀਆ ਦੇ 15 ਮੈਚਾਂ ਦੀ ਜੇਤੂ ਲੈਅ ਨੂੰ ਵੀ ਤੋੜਿਆ।
ਭਾਰਤ ਖਾਸ ਕਰ ਕੇ ਪੰਜਾਬ ਵਿੱਚ ਮਹਿਲਾ ਕ੍ਰਿਕਟ ਨੂੰ ਹਰਮਨ ਪਿਆਰਾ ਬਣਾਉਣ ਦਾ ਸਿਹਰਾ ਹਰਮਨਪ੍ਰੀਤ ਕੌਰ ਦੇ ਸਿਰ ਜਾਂਦਾ ਹੈ। ਹਰਮਨ ਨੇ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਮੋਗਾ ਨੂੰ ਵਿਸ਼ਵ ਨਕਸ਼ੇ ’ਤੇ ਚਮਕਾ ਦਿੱਤਾ ਹੈ। ਖੇਡਾਂ ਵਿੱਚ ਮੋਗੇ ਦੀ ਗੁੱਡੀ ਹਾਕੀ ਵਾਲੇ ਬਲਬੀਰ ਸਿੰਘ ਸੀਨੀਅਰ ਨੇ ਚੜ੍ਹਾਈ ਸੀ। ਮੋਗੇ ਦਾ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਸ਼ਾਟਪੁੱਟ ਵਿੱਚ ਏਸ਼ੀਆ ਦਾ ਚੈਂਪੀਅਨ ਬਣਿਆ। ਹੁਣ ਮੋਗੇ ਦਾ ਨਾਮ ਹਰਮਨਪ੍ਰੀਤ ਕੌਰ ਚਮਕਾ ਰਹੀ ਹੈ। ਪੁਰਸ਼ ਕ੍ਰਿਕਟ ਵਿੱਚ ਜੋ ਰੁਤਬਾ ਕਪਿਲ ਦੇਵ ਤੇ ਮਹਿੰਦਰ ਸਿੰਘ ਨੂੰ ਹਾਸਲ ਹੈ, ਮਹਿਲਾ ਮਹਿਲਾ ਕ੍ਰਿਕਟ ਵਿੱਚ ਵਿਸ਼ਵ ਕੱਪ ਜਿੱਤ ਕੇ ਇਹੋ ਰੁਤਬਾ ਹੁਣ ਹਰਮਨ ਨੇ ਕਮਾਇਆ ਹੈ। 2018 ਵਿੱਚ ਟੀ-20 ਵਿੱਚ ਸੈਂਕੜਾ ਲਗਾਉਣ ਵਾਲੀ ਉਹ ਪੁਰਸ਼ਾਂ ਤੇ ਮਹਿਲਾਵਾਂ ਦੋਵਾਂ ਵਿੱਚ ਹੀ ਭਾਰਤ ਦੀ ਪਹਿਲੀ ਕ੍ਰਿਕਟਰ ਬਣੀ ਸੀ। ਟੀ-20 ਵਿੱਚ 3000 ਤੋਂ ਵੱਧ ਦੌੜਾਂ ਬਣਾਉਣ ਵਾਲੀ ਵੀ ਉਹ ਇਕਲੌਤੀ ਭਾਰਤੀ ਮਹਿਲਾ ਕ੍ਰਿਕਟਰ ਹੈ। 100 ਟੀ-20 ਮੈਚ ਖੇਡਣ ਵਾਲੀ ਉਹ ਪਹਿਲੀ ਕ੍ਰਿਕਟਰ ਹੈ। ਇਕ ਰੋਜ਼ਾ ਕ੍ਰਿਕਟ ਵਿੱਚ ਵੀ 3000 ਤੋਂ ਵੱਧ ਦੌੜਾਂ ਬਣਾਉਣ ਵਾਲੀਆਂ ਤਿੰਨ ਕ੍ਰਿਕਟਰਾਂ ਵਿੱਚੋਂ ਇਕ ਹੈ। ਆਸਟਰੇਲੀਆ ਦੀ ਬਿਗ ਬੈਸ਼ ਲੀਗ ਵਿੱਚ ਚੁਣੀ ਜਾਣ ਵਾਲੀ ਵੀ ਉਹ ਭਾਰਤ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਸੀ। ਵਿਜ਼ਡਨ ਦੀ ਸਾਲ ਦੇ ਪੰਜ ਕ੍ਰਿਕਟਰਾਂ ਦੀ ਸੂਚੀ ਵਿੱਚ ਆਉਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ। ਕਪਤਾਨ ਵਜੋਂ ਉਹ ਪਹਿਲੀ ਭਾਰਤੀ ਕਪਤਾਨ ਹੈ ਜਿਸ ਨੇ ਆਪਣੇ ਪਹਿਲੇ ਤਿੰਨ ਟੈਸਟ ਜਿੱਤੇ ਹਨ। ਮਹਿਲਾ ਪ੍ਰੀਮੀਅਰ ਲੀਗ ਜਿੱਤਣ ਵਾਲੀ ਉਹ ਸਭ ਤੋਂ ਵੱਧ ਟਰਾਫੀਆਂ ਆਪਣੇ ਨਾ ਕਰਨ ਵਾਲੀ ਖਿਡਾਰਨ ਹੈ।
ਹਰਮਨ ਤੋਂ ਪਹਿਲਾਂ ਪੰਜਾਬ ਵਿੱਚ ਮਹਿਲਾ ਕ੍ਰਿਕਟ ਦੀ ਜ਼ਿਆਦਾ ਪੁੱਛ-ਗਿੱਛ ਨਹੀਂ ਸੀ। ਹੁਣ ਵਿਸ਼ਵ ਚੈਂਪੀਅਨ ਭਾਰਤੀ ਟੀਮ ਵਿੱਚ ਕਪਤਾਨ ਸਮੇਤ ਤਿੰਨ ਪੰਜਾਬਣਾਂ ਸ਼ਾਮਲ ਹਨ- ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਤੇ ਹਰਲੀਨ ਦਿਓਲ। ਦੋ ਹੋਰ ਖਿਡਾਰਨਾਂ ਭਾਟੀਆ ਤੇ ਕਨਿਕਾ ਵੀ ਟੀਮ ਵਿੱਚ ਚੋਣ ਦੀ ਦੌੜ ਵਿੱਚ ਸ਼ਾਮਲ ਸਨ। ਹਰਮਨ ਨੇ ਜਦੋਂ ਪਿੱਚ ’ਤੇ ਉਤਰਦਿਆਂ ਵਿਸਫੋਟਕ ਬੱਲੇਬਾਜ਼ੀ ਸ਼ੁਰੂ ਕੀਤੀ ਤਾਂ ਹਰਮਨ ਦੀ ਹਰਮਨਪਿਆਰਤਾ ਸਿਖਰਾਂ ’ਤੇ ਪਹੁੰਚ ਗਈ। ਹਰਮਨ ਛੋਟੀ ਹੁੰਦੀ ਮੀਡੀਅਮ ਪੇਸਰ ਬਣਨਾ ਚਾਹੁੰਦੀ ਸੀ। ਫੇਰ ਉਸ ਨੇ ਹਰਫਨਮੌਲਾ ਵਜੋਂ ਟੀਮ ਵਿੱਚ ਖੇਡਣ ਦਾ ਮਨ ਬਣਾਇਆ ਅਤੇ ਆਪਣੇ ਆਪ ਨੂੰ ਮੱਧਕ੍ਰਮ ਵਿੱਚ ਤੇਜ਼ ਤਰਾਰ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਵਜੋਂ ਢਾਲ ਲਿਆ। ਹਰਮਨ ਦੇ ਨਾਮ ਹੁਣ ਤੱਕ ਸਭ ਤੋਂ ਲੰਬਾ ਛੱਕਾ (91 ਮੀਟਰ) ਲਗਾਉਣ ਦਾ ਵੀ ਰਿਕਾਰਡ ਹੈ। ਵਿਸ਼ਵ ਦੇ ਚੋਟੀ ਦੇ 10 ਬੱਲੇਬਾਜ਼ਾਂ ਵਿੱਚ ਸ਼ਾਮਲ ਹੋਣ ਵਾਲੀ ਉਹ ਦੇਸ਼ ਦੀ ਦੂਜੀ ਕ੍ਰਿਕਟਰ ਹੈ। ਇਕ ਵਾਰ ਉਹ ਵਿਸ਼ਵ ਇਲੈਵਨ ਦਾ ਹਿੱਸਾ ਬਣ ਚੁੱਕੀ ਹੈ।
ਮੋਗਾ ਸ਼ਹਿਰ ਦੀ ਬੁੱਕਲ ਵਿੱਚ ਵਸੇ ਪਿੰਡ ਦੁੱਨੇਕੇ ਦੀ ਹਰਮਨਪ੍ਰੀਤ ਕੌਰ ਦਾ ਜਨਮ ਜਦੋਂ 1989 ਵਿੱਚ ਕੌਮਾਂਤਰੀ ਮਹਿਲਾ ਦਿਵਸ (8 ਮਾਰਚ) ਵਾਲੇ ਦਿਨ ਹੋਇਆ ਸੀ ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ‘ਗੁੱਡ ਬੈਟਿੰਗ’ ਲਿਖੀ ਹੋਈ ਪਹਿਲੀ ਕਮੀਜ਼ ਪਹਿਨਾਈ। ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕਿਸੇ ਦਿਨ ਇਸ ਬੱਚੀ ਨੂੰ ਸੱਚਮੁੱਚ ਕੁੱਲ ਦੁਨੀਆ ‘ਗੁੱਡ ਬੈਟਿੰਗ’ ਕਹੇਗੀ। ਹਰਮੰਦਰ ਸਿੰਘ ਭੁੱਲਰ ਤੇ ਸਤਵਿੰਦਰ ਕੌਰ ਦੀ ਲਾਡਲੀ ਹਰਮਨ ਨਿੱਕੀ ਹੁੰਦੀ ਗਲੀ ਵਿੱਚ ਮੁੰਡਿਆਂ ਨਾਲ ਕ੍ਰਿਕਟ ਖੇਡਦੀ। ਹਰਮਨ ਦੇ ਪਿਤਾ ਵੀ ਵਾਲੀਬਾਲ ਤੇ ਬਾਸਕਟਬਾਲ ਦੇ ਖਿਡਾਰੀ ਰਹੇ ਹਨ ਜਿਸ ਕਰਕੇ ਘਰ ਵਿੱਚ ਖੇਡਾਂ ਲਈ ਸੁਖਾਵਾਂ ਮਾਹੌਲ ਸੀ। ਦਾਰਾਪੁਰ ਦੀ ਗਿਆਨ ਜੋਤੀ ਸਕੂਲ ਅਕੈਡਮੀ ਵਿੱਚ ਕੋਚ ਕਮਲਦੀਸ਼ ਸਿੰਘ ਸੋਢੀ ਉਸ ਲਈ ਫਰਿਸ਼ਤਾ ਬਣ ਕੇ ਬਹੁੜੇ। ਐਸ.ਕੇ. ਪਬਲਿਕ ਸਕੂਲ ਫਿਰੋਜ਼ਪੁਰ ਵੱਲੋਂ ਸਟੇਟ ਖੇਡਦਿਆਂ 16 ਵਰ੍ਹਿਆਂ ਦੀ ਹਰਮਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਕੈਂਪ ਵਿੱਚ ਆ ਗਈ ਤੇ 18 ਵਰ੍ਹਿਆਂ ਦੀ ਉਮਰ ਵਿੱਚ ਪੰਜਾਬ ਦੀ ਸੀਨੀਅਰ ਟੀਮ ਵਿੱਚ ਚੁਣੀ ਗਈ। ਦਿੱਲੀ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਟੀਮਾਂ ਨੂੰ ਹਰਾਉਣ ਤੋਂ ਬਾਅਦ ਹਰਮਨ ਨਾਰਥ ਜ਼ੋਨ ਟੀਮ ਵਿੱਚ ਚੁਣੀ ਗਈ। ਅੰਡਰ-19 ਚੈਂਲੇਜਰ ਟਰਾਫੀ ਖੇਡਣ ਤੋਂ ਬਾਅਦ ਹਰਮਨ ਕੌਮੀ ਟੀਮ ਦੇ ਕੈਂਪ ਵਿੱਚ ਚੁਣੀ ਗਈ।
ਬੰਗਲੌਰ ਦੀ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਦੇਸ਼ ਦੀਆਂ ਸੰਭਾਵਿਤ 30 ਖਿਡਾਰਨਾਂ ਦੇ ਕੈਂਪ ਵਿੱਚ ਚੁਣੇ ਜਾਣ ਮਗਰੋਂ ਹਰਮਨ ਦੀ ਜ਼ਿੰਦਗੀ ਹੀ ਬਦਲ ਗਈ। ਹਰਮਨ ਦੇ ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਉਸ ਨੂੰ ਭਾਰਤੀ ਟੀਮ ਵਿੱਚ 84 ਨੰਬਰ ਜਰਸੀ ਮਿਲੀ। ਹਾਲਾਂਕਿ ਹਰਮਨ ਨਹੀਂ ਚਾਹੁੰਦੀ ਸੀ ਕਿ ਇਹ ਨੰਬਰ ਉਸ ਨੂੰ ਮਿਲੇ ਕਿਉਂਕਿ ਉਸ ਦੇ ਪਿਤਾ ਨੂੰ ਇਹ ਨੰਬਰ ਚੰਗਾ ਨਹੀਂ ਲੱਗਦਾ ਸੀ। ਪੰਜਾਬੀ ਤੇ ਸਿੱਖ ਪਰਿਵਾਰ 84 ਨੰਬਰ ਨੂੰ ਭੁੱਲਣਾ ਹੀ ਚਾਹੁੰਦੇ ਹਨ। ਹੁਣ ਉਹ 23 ਨੰਬਰ ਦੀ ਜਰਸੀ ਵਿੱਚ ਖੇਡਦੀ ਹੈ। 2009 ਵਿੱਚ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਵਿੱਚ ਹਰਮਨਪ੍ਰੀਤ ਨੇ ਪਾਕਿਸਤਾਨ ਖ਼ਿਲਾਫ਼ ਆਪਣਾ ਪਹਿਲਾਂ ਕੌਮਾਂਤਰੀ ਇਕ ਰੋਜ਼ਾ ਮੈਚ ਖੇਡਿਆ। ਹਰਮਨ ਪਹਿਲੀ ਵਾਰ ਸੁਰਖੀਆਂ ਵਿੱਚ ਉਦੋਂ ਆਈ ਜਦੋਂ ਉਸ ਨੇ 2010 ਵਿੱਚ ਇੰਗਲੈਂਡ ਖ਼ਿਲਾਫ਼ ਟੀ-20 ਮੈਚ ਵਿੱਚ 33 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਖ਼ਿਲਾਫ਼ ਇਕ ਮੈਚ ਵਿੱਚ 84 ਦੌੜਾਂ ਦੀ ਪਾਰੀ ਨੇ ਹਰਮਨ ਦੇ ਆਤਮ-ਵਿਸ਼ਵਾਸ ਵਿੱਚ ਬਹੁਤ ਵਾਧਾ ਕੀਤਾ। 2012 ਵਿੱਚ ਉਹ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਕ੍ਰਿਕਟਰ ਬਣੀ। 23 ਵਰ੍ਹਿਆਂ ਦੀ ਛੋਟੀ ਉਮਰੇ ਉਸ ਨੇ ਟੀ-20 ਏਸ਼ੀਆ ਕੱਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਦਿਆਂ ਭਾਰਤ ਨੂੰ ਏਸ਼ੀਆ ਚੈਂਪੀਅਨ ਬਣਾਇਆ। 2013 ਵਿੱਚ ਹਰਮਨਪ੍ਰੀਤ ਨੇ ਇੰਗਲੈਂਡ ਖ਼ਿਲਾਫ਼ ਨਾਬਾਦ 107 ਦੌੜਾਂ ਦੀ ਪਾਰੀ ਖੇਡ ਕੇ ਆਪਣਾ ਪਹਿਲਾ ਕੌਮਾਂਤਰੀ ਇਕ ਰੋਜ਼ਾ ਸੈਂਕੜਾ ਬਣਾਇਆ। ਟੈਸਟ ਕ੍ਰਿਕਟ ਦਾ ਆਗਾਜ਼ ਹਰਮਨ ਨੇ 2014 ਵਿੱਚ ਕੀਤਾ। ਉਦੋਂ ਤੱਕ ਸਿਰਫ ਬੱਲੇਬਾਜ਼ ਵਜੋਂ ਜਾਣੀ ਜਾਂਦੀ ਹਰਮਨਪ੍ਰੀਤ 2015 ਵਿੱਚ ਹਰਫਨਮੌਲਾ ਖਿਡਾਰਨ ਬਣ ਕੇ ਉਭਰੀ ਜਦੋਂ ਉਸ ਨੇ ਮੈਸੂਰ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇ ਸੈਮੀ ਫਾਈਨਲ ਵਿੱਚ ਸਪਿੰਨ ਗੇਂਦਬਾਜ਼ੀ ਕਰਦਿਆਂ 9 ਵਿਕਟਾਂ ਵੀ ਝਟਕੀਆਂ।
ਸਾਲ 2016 ਵਿੱਚ ਕ੍ਰਿਕਟ ਦੀ ਦੁਨੀਆ ਵਿੱਚ ਉਦੋਂ ਹਰਮਨ ਹਰਮਨ ਹੋ ਗਈ ਜਦੋਂ ਆਸਟਰੇਲੀਆ ਦੌਰੇ ’ਤੇ ਉਸ ਦਾ ਬੱਲਾ ਖੂਬ ਬੋਲਿਆ। ਹਰਮਨ ਨੇ ਮਹਿਜ਼ 31 ਗੇਦਾਂ ’ਤੇ 46 ਦੌੜਾਂ ਦੀ ਧੂੰਆਂਧਾਰ ਪਾਰੀ ਖੇਡੀ। ਇਸ ਪਾਰੀ ਸਦਕਾ ਭਾਰਤ ਨੇ ਟੀ-20 ਕ੍ਰਿਕਟ ਦੇ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕੀਤਾ। ਹਰਮਨ ਦੀ ਬਦਲੌਤ ਹੀ ਭਾਰਤ ਨੇ ਉਹ ਲੜੀ ਜਿੱਤੀ। ਸਾਲ 2016 ਵਿੱਚ ਹੀ ਟੀ-20 ਵਿਸ਼ਵ ਕੱਪ ਦੇ ਚਾਰ ਮੈਚਾਂ ਵਿੱਚ ਹਰਮਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 89 ਦੌੜਾਂ ਬਣਾਈਆਂ ਅਤੇ 7 ਵਿਕਟਾਂ ਹਾਸਲ ਕੀਤੀਆਂ। ਸਾਲ 2017 ਵਿੱਚ ਵਿਸ਼ਵ ਕੱਪ ਵਿੱਚ ਹਰਮਨ ਵੱਲੋਂ ਦਿਖਾਈ ਵਧੀਆ ਖੇਡ ਨੇ ਉਸ ਦੀ ਗੁੱਡੀ ਸਿਖਰਾਂ ’ਤੇ ਚੜ੍ਹਾ ਦਿੱਤੀ। ਹਰਮਨਪ੍ਰੀਤ ਨੇ ਕੁੱਲ 359 ਦੌੜਾਂ ਬਣਾ ਕੇ ਦੁਨੀਆ ਦੇ ਚੋਟੀ ਦੇ ਬੱਲੇਬਾਜ਼ਾਂ ਵਿੱਚ ਆਪਣਾ ਨਾਂ ਸ਼ਾਮਲ ਕਰਵਾਇਆ। ਗੇਂਦਬਾਜ਼ੀ ਕਰਦਿਆਂ ਵੀ ਉਸ ਨੇ 5 ਵਿਕਟਾਂ ਝਟਕੀਆਂ। ਸੈਮੀ ਫਾਈਨਲ ਵਿੱਚ ਆਸਟਰੇਲੀਆ ਟੀਮ ਖ਼ਿਲਾਫ਼ 20 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 115 ਗੇਂਦਾਂ ਉਤੇ ਨਾਬਾਦ 171 ਦੌੜਾਂ ਦੀ ਪਾਰੀ ਖੇਡੀ। ਫ਼ਾਈਨਲ ਵਿੱਚ ਹਰਮਨ ਦੇ 51 ਦੇ ਨਿੱਜੀ ਸਕੋਰ ’ਤੇ ਆਊਟ ਹੁੰਦਿਆਂ ਹੀ ਭਾਰਤੀ ਮਹਿਲਾ ਟੀਮ ਵੀ ਉਵੇਂ ਢਹਿ-ਢੇਰੀ ਹੋ ਗਈ ਜਿਵੇਂ ਭਾਰਤੀ ਪੁਰਸ਼ ਟੀਮ ਸਚਿਨ ਤੇਂਦੁਲਕਰ ਦੇ ਆਊਟ ਹੁੰਦਿਆਂ ਸਾਈਕਲ ਸਟੈਂਡ ਦੇ ਸਾਈਕਲਾਂ ਵਾਂਗ ਡਿੱਗ ਪੈਂਦੀ ਸੀ। ਭਾਰਤ ਮਹਿਜ਼ 9 ਦੌੜਾਂ ਉਤੇ ਫਾਈਨਲ ਹਾਰਿਆ। ਫੇਰ ਵੀ ਵਾਪਸੀ ਉਤੇ ਹਰਮਨ ਦਾ ਸ਼ਾਨਦਾਰ ਸਵਾਗਤ ਹੋਇਆ।
ਸਾਲ 2017 ਵਿੱਚ ਉਸ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਆ ਗਿਆ। ਸਾਲ 2018 ਵਿੱਚ ਵੈਸਟ ਇੰਡੀਜ਼ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਹਰਮਨ ਦੀ ਕਪਤਾਨੀ ਹੇਠ ਉਤਰੀ। ਹਰਮਨ ਨੇ ਪਹਿਲੇ ਹੀ ਮੈਚ ਵਿੱਚ ਕਪਤਾਨੀ ਪਾਰੀ ਖੇਡਦਿਆਂ ਨਿਊਜ਼ੀਲੈਂਡ ਖ਼ਿਲਾਫ਼ ਸੈਂਕੜਾ ਜੜ ਦਿੱਤਾ। ਕਿਸੇ ਵੀ ਭਾਰਤੀ ਮਹਿਲਾ ਕ੍ਰਿਕਟਰ ਵੱਲੋਂ ਟੀ-20 ਕੌਮਾਂਤਰੀ ਮੁਕਾਬਲਿਆਂ ਵਿੱਚ ਇਹ ਪਹਿਲਾ ਸੈਂਕੜਾ ਸੀ। ਉਸ ਨੇ 51 ਗੇਂਦਾਂ ਵਿੱਚ 103 ਦੀ ਪਾਰੀ ਖੇਡੀ। ਸਾਲ 2020 ਵਿੱਚ ਹਰਮਨ ਦੀ ਕਪਤਾਨੀ ਵਿੱਚ ਭਾਰਤੀ ਟੀਮ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜੀ ਅਤੇ ਉਪ ਜੇਤੂ ਰਹੀ। 2022 ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਭਾਰਤ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਪਹਿਲੀ ਭਾਰਤੀ ਮਹਿਲਾ ਪ੍ਰੀਮੀਅਰ ਲੀਗ ਵਿੱਚ ਹਰਮਨ ਦੀ ਕਪਤਾਨੀ ਹੇਠ ਮੁੰਬਈ ਇੰਡੀਅਨਜ਼ ਨੇ ਖਿਤਾਬ ਜਿੱਤਿਆ। 2023 ਵਿੱਚ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਿਆ।
ਪੰਜਾਬ ਪੁਲੀਸ ਵਿੱਚ ਡੀ.ਐੱਸ.ਪੀ. ਵਜੋਂ ਸੇਵਾਵਾਂ ਨਿਭਾਅ ਰਹੀ ਹਰਮਨ ਨੇ ਆਪਣੇ ਖੇਡ ਕਰੀਅਰ ਵਿੱਚ 6 ਟੈਸਟ, 161 ਇਕ ਰੋਜ਼ਾ ਤੇ 182 ਟੀ-20 ਮੈਚ ਖੇਡੇ ਹਨ। ਇਕ ਰੋਜ਼ਾ ਕ੍ਰਿਕਟ ਵਿੱਚ 4409 ਦੌੜਾਂ ਬਣਾਈਆਂ ਹਨ ਜਿਸ ਵਿੱਚ 7 ਸੈਂਕੜੇ ਤੇ 22 ਅਰਧ ਸੈਂਕੜੇ ਸ਼ਾਮਲ ਹਨ। ਟੀ-20 ਵਿੱਚ ਉਸ ਨੇ 3654 ਦੌੜਾਂ ਬਣਾਈਆਂ ਹਨ। ਇਕ ਸੈਂਕੜਾ ਤੇ 14 ਅਰਧ ਸੈਂਕੜੇ ਲਗਾਏ ਹਨ। ਗੇਂਦਬਾਜ਼ੀ ਕਰਦਿਆਂ ਇਕ ਰੋਜ਼ਾ ਕ੍ਰਿਕਟ ਵਿੱਚ 31, ਟੀ-20 ਵਿੱਚ 32 ਤੇ ਟੈਸਟ ਵਿੱਚ 12 ਵਿਕਟਾਂ ਹਾਸਲ ਕੀਤੀਆਂ।
ਸੰਪਰਕ: 97800-36216
