ਮਨੁੱਖ ਮਾੜੀਆਂ ਗੱਲਾਂ ਛੇਤੀ ਕਿਉਂ ਸਿੱਖਦਾ ਹੈ?
ਪ੍ਰਸਿੱਧ ਕਥਾਵਾਚਕ ਭਾਈ ਸੰਤ ਸਿੰਘ ਮਸਕੀਨ ਜੀ ਦਾ ਕਹਿਣਾ ਸੀ ਕਿ ਇਸ ਗੱਲ ਉੱਤੇ ਡੂੰਘਾਈ ਨਾਲ ਵਿਚਾਰ ਹੋਣਾ ਚਾਹੀਦਾ ਹੈ ਕਿ ਦੁਨੀਆ ’ਚ ਅੱਜ ਤੱਕ ਮਾੜੀਆਂ ਗੱਲਾਂ ਸਿੱਖਣ ਦੀ ਕੋਈ ਪੁਸਤਕ ਨਹੀਂ ਬਣੀ, ਚੰਗੀਆਂ ਗੱਲਾਂ ਸਿਖਾਉਣ ਵਾਲੀਆਂ ਅਨੇਕਾਂ ਪੁਸਤਕਾਂ ਮਿਲ...
ਪ੍ਰਸਿੱਧ ਕਥਾਵਾਚਕ ਭਾਈ ਸੰਤ ਸਿੰਘ ਮਸਕੀਨ ਜੀ ਦਾ ਕਹਿਣਾ ਸੀ ਕਿ ਇਸ ਗੱਲ ਉੱਤੇ ਡੂੰਘਾਈ ਨਾਲ ਵਿਚਾਰ ਹੋਣਾ ਚਾਹੀਦਾ ਹੈ ਕਿ ਦੁਨੀਆ ’ਚ ਅੱਜ ਤੱਕ ਮਾੜੀਆਂ ਗੱਲਾਂ ਸਿੱਖਣ ਦੀ ਕੋਈ ਪੁਸਤਕ ਨਹੀਂ ਬਣੀ, ਚੰਗੀਆਂ ਗੱਲਾਂ ਸਿਖਾਉਣ ਵਾਲੀਆਂ ਅਨੇਕਾਂ ਪੁਸਤਕਾਂ ਮਿਲ ਜਾਂਦੀਆਂ ਹਨ, ਹਰ ਧਰਮ ਦੇ ਪੈਰੋਕਾਰ, ਕਥਾਵਾਚਕ, ਟੈਲੀਵਿਜ਼ਨ ਚੈਨਲਾਂ ਉੱਤੇ ਪ੍ਰਸਾਰਿਤ ਹੋਣ ਵਾਲੇ ਪ੍ਰਵਚਨ ਅਤੇ ਹੋਰ ਗਿਆਨੀ ਧਿਆਨੀ ਚੰਗੀਆਂ ਗੱਲਾਂ ਸਿੱਖਣ ਦਾ ਸੁਨੇਹਾ ਦਿੰਦੇ ਹਨ ਪਰ ਫੇਰ ਵੀ ਸੰਸਾਰ ’ਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਮਾੜੀਆਂ ਗੱਲਾਂ ਬਹੁਤ ਛੇਤੀ ਸਿੱਖਦੇ ਹਨ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਮਨੁੱਖ ਸਵਰਗ-ਨਰਕ, ਚੰਗੇ ਮਾੜੇ ਕਰਮ ਤੇ ਪਾਪ-ਪੁੰਨ ਦੇ ਫ਼ਰਕ ਨੂੰ ਚੰਗੀ ਤਰ੍ਹਾਂ ਸਮਝਦਾ ਹੋਇਆ ਵੀ ਚੰਗੀਆਂ ਗੱਲਾਂ ਦੇ ਮੁਕਾਬਲੇ ਮਾੜੀਆਂ ਗੱਲਾਂ ਛੇਤੀ ਸਿੱਖਦਾ ਹੈ। ਦਰਅਸਲ, ਮਨੁੱਖ ਨੂੰ ਚੰਗੀਆਂ ਗੱਲਾਂ ਪੜ੍ਹਨ ਦਾ ਲਾਭ ਉਦੋਂ ਹੀ ਹੋ ਸਕਦਾ ਹੈ ਜੇਕਰ ਉਹ ਮਾੜੀਆਂ ਗੱਲਾਂ ਦੇ ਪ੍ਰਭਾਵ ਸਮਝਣ ਦਾ ਅਹਿਦ ਕਰੇ। ਮਨੁੱਖ ਦੀ ਜੀਵਨ ਜਾਚ ਵਿੱਚੋਂ ਉਸ ਦਾ ਅਕਸ ਝਲਕਦਾ ਹੈ ਤੇ ਜੇਕਰ ਉਸ ਦਾ ਜੀਵਨ ਮਾੜੇ ਕੰਮਾਂ ਨਾਲ ਭਰਿਆ ਹੋਵੇਗਾ ਤਾਂ ਉਸ ਦਾ ਅਕਸ ਵੀ ਉਹੀ ਪ੍ਰਭਾਵ ਕਬੂਲੇਗਾ। ਕੋਸ਼ਿਸ਼ ਕੀਤੀ ਜਾਵੇ ਕਿ ਲੋਕ ਤੁਹਾਡੇ ਬਾਰੇ ਮਾੜੀ ਰਾਏ ਬਣਾਉਣ ਤੋਂ ਪਹਿਲਾਂ ਸੌ ਵਾਰ ਸੋਚਣ। ਹਰ ਵਿਅਕਤੀ ਇਸ ਗੱਲ ਦੀ ਉਮੀਦ ਕਰਦਾ ਹੈ ਕਿ ਲੋਕ ਉਸ ਦੀ ਪ੍ਰਸ਼ੰਸਾ ਕਰਨ ਤੇ ਉਸ ਨੂੰ ਸਨਮਾਨ ਦੇਣ ਪਰ ਉਸ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸਨਮਾਨ ਚੰਗੇ ਕੰਮ ਕਰਨ ਵਾਲਿਆਂ ਦਾ ਹੀ ਹੁੰਦਾ ਹੈ। ਦਾਨਵੀਰ ਕਰਨ ਅਤੇ ਦੁਰਯੋਧਨ ਦੇ ਚਰਿੱਤਰ ਦਾ ਫ਼ਰਕ ਇਸ ਗੱਲ ਦਾ ਸੁਨੇਹਾ ਦਿੰਦਾ ਹੈ ਕਿ ਮਾੜੀਆਂ ਗੱਲਾਂ ਮਨੁੱਖ ਨੂੰ ਸ਼ਲਾਘਾ ਅਤੇ ਸਨਮਾਨ ਤੋਂ ਦੂਰ ਰੱਖਦੀਆਂ ਹਨ।
ਸੁਕਰਾਤ ਨੂੰ ਉਸ ਦੀ ਮਾਨਵਵਾਦੀ ਸੋਚ ਕਾਰਨ ਹੀ ਇਤਿਹਾਸ ਵਿੱਚ ਇੱਕ ਯੁੱਗਪੁਰਸ਼ ਵਜੋਂ ਸਨਮਾਨ ਪ੍ਰਾਪਤ ਹੋਇਆ ਹੈ। ਮਾੜੀਆਂ ਗੱਲਾਂ ਤੋਂ ਦੂਰ ਰਹਿਣ ਲਈ ਮਨੁੱਖ ਨੂੰ ਜ਼ਿੰਦਗੀ ਜਿਊਣ ਦੇ ਅਰਥ ਸਮਝਣੇ ਪੈਣਗੇ, ਮਨ ਉੱਤੇ ਇਹ ਪਾਬੰਦੀ ਲਗਾਉਣੀ ਪਵੇਗੀ ਕਿ ਉਹ ਵਿਕਾਰਾਂ ਦੇ ਜਾਲ ’ਚ ਨਾ ਫਸੇ। ਵਿਵੇਕ, ਸਬਰ ਸੰਤੋਖ, ਆਤਮ ਵਿਸ਼ਲੇਸ਼ਣ, ਤਿਆਗ, ਸਪੱਸ਼ਟਤਾ ਅਤੇ ਸਰਲਤਾ ਦੇ ਅੰਗਸੰਗ ਰਹਿਣਾ ਪਵੇਗਾ। ਚੰਗੀਆਂ ਅਤੇ ਮਾੜੀਆਂ ਗੱਲਾਂ ’ਚ ਫ਼ਰਕ ਸਮਝ ਲੈਣਾ ਵੀ ਮਨੁੱਖੀ ਸੁਭਾਅ ਦੀ ਖ਼ੂਬਸੂਰਤੀ ਹੈ ਤੇ ਉਸ ਦਾ ਇਹੋ ਸੁਭਾਅ ਉਸ ਨੂੰ ਮਾੜੀਆਂ ਗੱਲਾਂ ਤੋਂ ਦੂਰ ਰੱਖਣ ਦਾ ਰਾਹ ਵੀ ਦਿਖਾਲਦਾ ਹੈ। ਚੰਗੀਆਂ ਗੱਲਾਂ ਦੂਜਿਆਂ ਦੇ ਮਨਾਂ ’ਚ ਵਸਣ ਲਈ ਮਨੁੱਖ ਦੀ ਇੱਕ ਤਾਕਤ ਹੁੰਦੀ ਹੈ। ਮਨੁੱਖ ਇਹ ਜਾਣਦਾ ਹੋਇਆ ਵੀ ਕਿ ਮਾੜੀਆਂ ਗੱਲਾਂ ਉਸ ਦੀ ਸ਼ਖ਼ਸੀਅਤ ਲਈ ਨੁਕਸਾਨਦੇਹ ਹਨ ਪਰ ਫਿਰ ਵੀ ਉਹ ਮਾੜੀਆਂ ਗੱਲਾਂ ਦਾ ਸ਼ਿਕਾਰ ਹੋ ਜਾਂਦਾ ਹੈ। ਮਨੁੱਖ ਜਦੋਂ ਦੂਜਿਆਂ ਦੀ ਆਲੋਚਨਾ ਜਾਂ ਨਿੰਦਾ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਸਮਝਦਾਰ ਇਨਸਾਨ ਸਮਝਦਾ ਹੈ ਪਰ ਜਦੋਂ ਦੂਜਾ ਕੋਈ ਉਸ ਦੇ ਔਗੁਣਾਂ ਬਾਰੇ ਦੱਸੇ ਤਾਂ ਉਹ ਖ਼ੁਦ ਆਪੇ ਤੋਂ ਬਾਹਰ ਹੋ ਜਾਂਦਾ ਹੈ।
ਇੱਕ ਅਧਿਕਾਰੀ ਨੇ ਆਪਣੇ ਦਫ਼ਤਰ ਦੇ ਬਾਹਰ ਇਹ ਲਿਖਵਾ ਕੇ ਲਗਵਾਇਆ ਕਿ ਮੇਰੇ ਦਫ਼ਤਰ ਦੀਆਂ ਮਾੜੀਆਂ ਗੱਲਾਂ ਲਿਖ ਕੇ ਦਫ਼ਤਰ ਦੇ ਬਾਹਰ ਲੱਗੇ ਡੱਬੇ ’ਚ ਪਾ ਦਿਓ ਤਾਂ ਕਿ ਮੈਂ ਉਨ੍ਹਾਂ ਕਮੀਆਂ ਨੂੰ ਦੂਰ ਕਰਕੇ ਲੋਕਾਂ ਦੇ ਕੰਮ ਕਰ ਸਕਾਂ ਪਰ ਸਾਡਾ ਉਤਸ਼ਾਹ ਵਧਾਉਣ ਵਾਲੀਆਂ ਚੰਗੀਆਂ ਗੱਲਾਂ ਦਾ ਜ਼ਿਕਰ ਵੀ ਜ਼ਰੂਰ ਕਰਨਾ। ਅਧਿਕਾਰੀ ਨੂੰ ਉਸ ਡੱਬੇ ਵਿੱਚੋਂ ਸਿਰਫ਼ ਆਲੋਚਨਾ ਹੀ ਲੱਭੀ, ਕਿਸੇ ਵੱਲੋਂ ਕੀਤੀ ਕੋਈ ਤਾਰੀਫ਼ ਨਹੀਂ ਮਿਲੀ। ਅਦਾਲਤਾਂ, ਥਾਣਿਆਂ ਤੇ ਪੰਚਾਇਤਾਂ ਦੀ ਲੋੜ ਇਸੇ ਲਈ ਪਈ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਬੁਰੀਆਂ ਗੱਲਾਂ ਸਿੱਖਣ ਦੀ ਆਦਤ ਪੈ ਚੁੱਕੀ ਹੈ। ਇੱਕ ਪਿੰਡ ਦੇ ਬਜ਼ੁਰਗਾਂ ਨੇ ਨਵੇਂ ਬਣੇ ਸਰਪੰਚ ਨੂੰ ਕਿਹਾ, ‘‘ਸਰਪੰਚ ਜੀ, ਪਿੰਡ ਵਿੱਚ ਇੱਕ ਬਿਰਧ ਆਸ਼ਰਮ ਬਣਾ ਦਿਓ ਤਾਂ ਕਿ ਅਸੀਂ ਆਪਣੇ ਘਰਾਂ ਦੇ ਨੇੜੇ ਹੀ ਆਪਣਾ ਬੁਢਾਪਾ ਕੱਟਣ ਜੋਗੇ ਹੋ ਜਾਈਏ।’’ ਸਾਰੇ ਧਾਰਮਿਕ ਗ੍ਰੰਥ ਨਿੰਦਾ ਚੁਗਲੀ, ਬੇਈਮਾਨੀ ਕਰਨ, ਹੇਰਾਫੇਰੀ ਕਰਨ, ਪਾਪ ਕਰਨ, ਹੰਕਾਰ ਕਰਨ, ਦੂਜਿਆਂ ਦਾ ਹੱਕ ਮਾਰਨ, ਲੋਭ ਕਰਨ, ਕਿਸੇ ਦੀ ਆਤਮਾ ਨੂੰ ਦੁਖੀ ਕਰਨ ਨੂੰ ਬੁਰੀਆਂ ਗੱਲਾਂ ਮੰਨਦੇ ਹਨ ਪਰ ਇਹ ਮਾੜੀਆਂ ਗੱਲਾਂ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਹਨ। ਇੱਕ ਕਥਾਵਾਚਕ ਕਥਾ ਸੁਣਨ ਆਉਣ ਵਾਲੇ ਲੋਕਾਂ ਨੂੰ ਇਹ ਕਹਿ ਬੈਠਿਆ ਕਿ ਕਥਾ ਸੁਣਨ ਉਹੀ ਲੋਕ ਆਇਆ ਕਰਨ, ਜਿਨ੍ਹਾਂ ਨੇ ਚੰਗੀਆਂ ਗੱਲਾਂ ਉੱਤੇ ਅਮਲ ਵੀ ਕਰਨਾ ਹੈ। ਬਹੁਤ ਸਾਰੇ ਲੋਕਾਂ ਨੇ ਉਸ ਕਥਾਵਾਚਕ ਨੂੰ ਚੰਗਾ ਕਹਿਣ ਦੀ ਥਾਂ ਉਸ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ।
ਸੰਪਰਕ: 98726-27136

