ਸਾਡੇ ਸਾਰਿਆਂ ਕੋਲ ਹੈ ਅਲਾਦੀਨ ਦਾ ਚਿਰਾਗ਼
ਤੁਸੀਂ ਅਲਾਦੀਨ ਦੇ ਚਿਰਾਗ ਦੀ ਕਹਾਣੀ ਜ਼ਰੂਰ ਸੁਣੀ ਹੋਵੇਗੀ। ਇਸੇ ਤਰ੍ਹਾਂ ਅਲਿਫ਼-ਲੈਲਾ ਅਤੇ ਅਲੀਬਾਬਾ ਤੇ ਚਾਲੀ ਚੋਰਾਂ ਬਾਰੇ ਵੀ ਪੜ੍ਹਿਆ ਹੋਵੇਗਾ। ਇਨ੍ਹਾਂ ਕਹਾਣੀਆਂ ਦੀ ਸਿਰਜਣਾ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਹੋਈ। ਬਗਦਾਦ ਨੂੰ ਦੁਨੀਆ ਦੇ ਉਨ੍ਹਾਂ ਕੁਝ ਕੇਂਦਰਾਂ ਵਿੱਚੋਂ ਗਿਣਿਆ ਜਾਂਦਾ ਹੈ, ਜਿੱਥੇ ਸਭਿਆਚਾਰ ਵਿਕਸਤ ਹੋਇਆ। ਬਗਦਾਦ ਨੂੰ ਗਿਆਨ ਦਾ ਮਹਾਨ ਕੇਂਦਰ ਮੰਨਿਆ ਜਾਂਦਾ ਸੀ। ਇਸੇ ਕਰਕੇ ਗੁਰੂ ਨਾਨਕ ਦੇਵ ਵੀ ਉੱਥੇ ਗਏ ਸਨ। ਇਨ੍ਹਾਂ ਕਹਾਣੀਆਂ ਵਿੱਚ ਮਨੁੱਖੀ ਸਿਆਣਪ ਝਲਕਦੀ ਹੈ। ਇਹ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਮਨੁੱਖ ਨੂੰ ਕੁਦਰਤ ਨੇ ਅਥਾਹ ਸਿਆਣਪ ਦੀ ਬਖ਼ਸ਼ਿਸ਼ ਕੀਤੀ ਹੈ ਜਿਸ ਦੀ ਵਰਤੋਂ ਕਰਕੇ ਉਹ ਵੱਡੀ ਤੋਂ ਵੱਡੀ ਪ੍ਰਾਪਤੀ ਕਰ ਸਕਦਾ ਹੈ। ਜੇਕਰ ਮਨੁੱਖੀ ਦਿਮਾਗ਼ ਦੀ ਤਾਕਤ ਦਾ ਅੰਕੜਾ 100 ਮੰਨ ਲਿਆ ਜਾਵੇ ਤਾਂ ਆਮ ਆਦਮੀ ਇਸ ਦੀ ਸ਼ਕਤੀ ਦੀ ਮਸਾਂ 20 ਫੀਸਦ ਤੋਂ ਵੀ ਘੱਟ ਵਰਤੋਂ ਕਰਦਾ ਹੈ। ਸਾਡੇ ਦੇਸ਼ ਵਿੱਚ ਇਸ ਨੂੰ 16 ਕਲਾਂ ਆਖਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਸੋਲਾਂ ਕਲਾਂ ਸਿਰਫ਼ ਪਰਮਾਤਮਾ ਕੋਲ ਹਨ। ਇਹ ਸ਼ਕਤੀ ਰੂਪੀ ਚਿਰਾਗ਼ ਸਾਰਿਆਂ ਕੋਲ ਹੈ। ਅਸੀਂ ਇਸ ਚਿਰਾਗ਼ ਤੋਂ ਜੋ ਚਾਹੁੰਦੇ ਹਾਂ ਉਹ ਪ੍ਰਾਪਤ ਹੋ ਜਾਂਦਾ ਹੈ। ਮਿਸਾਲ ਵਜੋਂ ਜਦੋਂ ਅਸੀਂ ਸੋਚਦੇ ਹਾਂ, ਬਹੁਤ ਥੱਕ ਗਏ ਹਾਂ ਹੁਣ ਸੌਂ ਜਾਣਾ ਚਾਹੀਦਾ ਹੈ, ਨੀਂਦ ਆਉਣੀ ਸ਼ੁਰੂ ਹੋ ਜਾਵੇਗੀ। ਤੁਸੀਂ ਕੋਈ ਪ੍ਰੋਗਰਾਮ ਵੇਖਦੇ ਹੋ ਤਾਂ ਜੇਕਰ ਤੁਹਾਨੂੰ ਪਸੰਦ ਹੋਵੇਗਾ ਤਾਂ ਤੁਸੀਂ ਬਿਲਕੁਲ ਅਕੇਵਾਂ ਜਾਂ ਸੁਸਤੀ ਮਹਿਸੂਸ ਨਹੀਂ ਕਰੋਗੇ। ਜੇਕਰ ਤੁਸੀਂ ਦ੍ਰਿੜ ਇਰਾਦਾ ਬਣ ਲਿਆ ਹੈ ਕਿ ਮੈਂ ਸਾਰਾ ਕੰਮ ਖ਼ਤਮ ਕਰਕੇ ਹੀ ਸੋਵਾਂਗਾ ਤਾਂ ਨੀਂਦ ਤੁਹਾਡੇ ਨੇੜੇ ਨਹੀਂ ਢੁਕੇਗੀ। ਤੁਸੀਂ ਸਵੇਰੇ ਸੈਰ ਕਰਕੇ ਥੱਕ ਕੇ ਕਿਸੇ ਬੈਂਚ ਉੱਤੇ ਆਰਾਮ ਕਰਨ ਲਈ ਬੈਠੇ ਹੋ, ਅਚਾਨਕ ਤੁਹਾਨੂੰ ਉਥੱੇ ਤੁਹਾਡੇ ਵੱਲ ਆਉਂਦਾ ਸੱਪ ਨਜ਼ਰ ਆ ਗਿਆ ਤਾਂ ਤੁਸੀਂ ਇਕਦਮ ਭਜਣਾ ਸ਼ੁਰੂ ਕਰ ਦਿੰਦੇ ਹੋ। ਤੁਸੀਂ ਤਾਂ ਥੱਕੇ ਹੋਏ ਸੀ, ਫਿਰ ਇੰਨੀ ਤਾਕਤ ਕਿੱਥੋਂ ਆ ਗਈ। ਇਹ ਤਾਕਤ ਤੁਹਾਨੂੰ ਤੁਹਾਡੇ ਗ਼ੁਲਾਮ ਜਿੰਨ ਨੇ ਦਿੱਤੀ ਹੈ। ਜਿਹੜੇ ਛੇਤੀ ਹੀ ਢੇਰੀ ਢਾਹ ਬੈਠਦੇ ਹਨ ਉਹ ਆਪਣੀ ਤਾਕਤ ਦੀ ਗ਼ਲਤ ਵਰਤੋਂ ਕਰਦੇ ਹਨ ਜਦੋਂ ਇਹ ਆਖਦੇ ਹੋ ‘ਚੱਲੋ ਛੱਡੋ, ਇਹ ਮੇਰੇ ਵੱਸ ਦਾ ਕੰਮ ਨਹੀਂ’ ਤਾਂ ਤੁਹਾਡਾ ਜਿੰਨ ਹੁਕਮ ਮੰਨਦੇ ਹੋਏ ਤੁਹਾਨੂੰ ਨਿਢਾਲ ਕਰ ਦਿੰਦਾ ਹੈ। ਇਸ ਤਾਕਤ ਦਾ ਚਮਤਕਾਰ ਉਹ ਵਿਅਕਤੀ ਹੀ ਦੇਖਦੇ ਹਨ ਜਿਨ੍ਹਾਂ ਦੇ ਇਰਾਦੇ ਦ੍ਰਿੜ੍ਹ ਹੁੰਦੇ ਹਨ ਅਤੇ ਜੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ।
ਆਪਣੇ ਅੰਦਰ ਦੀ ਤਾਕਤ ਤੋਂ ਬਹੁਤ ਵਾਰ ਅਸੀਂ ਅਣਜਾਣ ਹੁੰਦੇ ਹਾਂ ਪਰ ਕਈ ਵਾਰ ਸਾਡੇ ਮਾਪੇ ਜਾਂ ਅਧਿਆਪਕ ਸਾਨੂੰ ਇਸ ਨਾਲ ਮਿਲਾ ਕੇ ਸਫ਼ਲਤਾ ਦੀ ਰਾਹ ’ਤੇ ਤੋਰਦੇ ਹਨ। ਮੇਰੇ ਇੱਕ ਜਾਣਕਾਰ ਦੇ ਪੁੱਤਰ ਦੇ ਇਮਤਿਹਾਨ ਵਿੱਚ 60 ਫ਼ੀਸਦ ਅੰਕ ਆਏ। ਉਸ ਨੇ ਆਪਣੇ ਪੁੱਤਰ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਸ਼ਾਬਾਸ਼, ਬਹੁਤ ਵਧੀਆ, ਇਸੇ ਤਰ੍ਹਾਂ ਥੋੜ੍ਹੀ ਹੋਰ ਮਿਹਨਤ ਕਰ ਤੇਰੇ 80 ਫ਼ੀਸਦ ਨੰਬਰ ਆ ਜਾਣਗੇ ਤੇ ਫਿਰ ਤੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਕਾਲਜ ਵਿੱਚ ਦਾਖਲਾ ਲੈ ਸਕੇਂਗਾ।’’ ਸੱਚਮੁੱਚ ਉਹ ਅਗਲੀ ਵਾਰ 80 ਫ਼ੀਸਦੀ ਅੰਕ ਲੈ ਗਿਆ ਤੇ ਆਪਣੀ ਮਰਜ਼ੀ ਦੇ ਕਾਲਜ ਵਿੱਚ ਦਾਖਲ ਹੋ ਗਿਆ। ਲੜਕੇ ਦਾ ਦੋਸਤ ਜਿਸ ਦੇ 65 ਫ਼ੀਸਦ ਅੰਕ ਆਏ ਸਨ, ਉਸ ਦੇ ਪਿਤਾ ਨੇ ਅੰਕ ਵੇਖ ਉਸ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ, ‘‘ਅਸੀਂ ਤੇਰੇ ਉੱਤੇ ਇੰਨੇ ਪੈਸੇ ਲਾਏ, ਤੂੰ ਸਿਰਫ਼ 65 ਫ਼ੀਸਦ ਨੰਬਰ ਲੈ ਕੇ ਆਇਆ ਏਂ। ਪੜ੍ਹਾਈ ਤੇਰੇ ਵੱਸ ਦੀ ਨਹੀਂ, ਇਹ ਤੈਥੋਂ ਨਹੀਂ ਹੋਣੀ। ਅਸੀਂ ਤਾਂ ਪੈਸੇ ਬਰਬਾਦ ਕਰ ਰਹੇ ਹਾਂ।’’ ਉਸ ਬੱਚੇ ਦੇ ਮਨ ਉੱਤੇ ਅਜਿਹਾ ਅਸਰ ਹੋਇਆ ਕਿ ਅਗਲੀ ਵਾਰ ਉਹ ਤੀਜੇ ਦਰਜੇ ਵਿੱਚ ਪਾਸ ਹੋਇਆ।
ਮੈਂ ਆਪਣੇ ਇੱਕ ਅਧਿਆਪਕ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਉਦੋਂ ਬਹੁਤ ਘੱਟ ਸਕੂਲ ਹੁੰਦੇ ਸਨ। ਸਕੂਲ ਵੀ ਸਰਕਾਰੀ ਹੀ ਸਨ। ਮੇਰੇ ਅਧਿਆਪਕ ਨੂੰ ਨੇੜਲੇ ਪਿੰਡ ਪੜ੍ਹਨ ਜਾਣਾ ਪੈਂਦਾ ਸੀ। ਪੰਜਵੀਂ ਤੱਕ ਠੀਕ ਰਿਹਾ ਜਦੋਂ ਹਾਈ ਸਕੂਲ ਵਿੱਚ ਗਿਆ ਤਾਂ ਬੁਰੀ ਸੰਗਤ ਵਿੱਚ ਪੈ ਗਿਆ। ਕਈ ਵਾਰ ਸਕੂਲ ਪਹੁੰਚਦਾ ਹੀ ਨਾ, ਰਾਹ ’ਚ ਖੇਡਣ ਲੱਗ ਪੈਂਦਾ, ਸਕੂਲ ਦਾ ਕੰਮ ਨਾ ਕਰਦਾ। ਉਦੋਂ ਅਧਿਆਪਕਾਂ ਕੋਲ ਸੋਟੀ ਹੁੰਦੀ ਸੀ ਤੇ ਜਿਹੜਾ ਕੰਮ ਨਾ ਕਰ ਕੇ ਆਵੇ ਉਸ ਦੀ ਸੋਟੀ ਨਾਲ ਕੁਟਾਈ ਵੀ ਹੁੰਦੀ ਸੀ। ਉਹ ਸੋਟੀਆਂ ਖਾਣ ਦਾ ਇੰਨਾ ਆਦੀ ਹੋ ਗਿਆ ਕਿ ਜਦੋਂ ਵੀ ਮਾਸਟਰ ਨੇ ਖੜ੍ਹਾ ਕੇ ਕੰਮ ਬਾਰੇ ਪੁੱਛਣਾ ਤਾਂ ਉਸ ਸੋਟੀ ਖਾਣ ਲਈ ਹੱਥ ਅੱਗੇ ਕਰ ਦੇਣੇ। ਉਹ ਸੱਤਵੀਂ ’ਚੋਂ ਫ਼ੇਲ੍ਹ ਹੋ ਗਿਆ ਤਾਂ ਉਸ ਨੇ ਆਪਣੇ ਬਾਪੂ ਨੂੰ ਆਖਿਆ, ‘‘ਮੈਂ ਹੋਰ ਨਹੀਂ ਪੜ੍ਹਨਾ, ਤੁਹਾਡੇ ਨਾਲ ਖੇਤੀ ਕਰਾਂਗਾ।’’ ਬਾਪੂ ਆਪ ਅਨਪੜ੍ਹ ਸੀ, ਉਨ੍ਹਾਂ ਦਾ ਇੱਕੋ ਇੱਕ ਪੁੱਤਰ ਸੀ ਤੇ ਉਹ ਚਾਹੁੰਦੇ ਸਨ ਕਿ ਘੱਟੋ ਘੱਟ ਅੱਠ ਜਮਾਤਾਂ ਤਾਂ ਪਾਸ ਕਰ ਲਵੇ। ਉਦੋਂ ਅੱਠਵੀਂ ਪਾਸ ਨੂੰ ਵੱਡਾ ਸਮਝਿਆ ਜਾਂਦਾ ਸੀ। ਤੁਸੀਂ ਇਹ ਲੋਕ ਕਹਾਣੀ ਤਾਂ ਜ਼ਰੂਰ ਸੁਣੀ ਹੋਵੇਗੀ, ‘ਉਸ ਨਾਲ ਕੀ ਬੋਲਣਾ ਜਿਸ ਮਿਡਲ ਪਾਸ ਨਾ ਕੀਤੀ।’ ਬਾਪੂ ਦੇ ਜ਼ੋਰ ਦੇਣ ’ਤੇ ਉਹ ਸਕੂਲ ਜਾਣ ਲਈ ਰਾਜ਼ੀ ਹੋ ਗਿਆ ਪਰ ਸ਼ਰਤ ਰੱਖ ਦਿੱਤੀ, ‘ਮੈਂ ਉਸ ਸਕੂਲ ਵਿੱਚ ਨਹੀਂ ਜਾਵਾਂਗਾ।’ ਪਿੰਡ ਨੇੜਲੇ ਇੱਕ ਹੋਰ ਮਿਡਲ ਸਕੂਲ ਵਿੱਚ ਉਸ ਨੂੰ ਦਾਖਲ ਕਰਵਾ ਦਿੱਤਾ ਗਿਆ। ਉਦੋਂ ਸਕੂਲਾਂ ਵਿੱਚ ਉਰਦੂ ਅਤੇ ਫ਼ਾਰਸੀ ਪੜ੍ਹਾਈ ਜਾਂਦੀ ਸੀ। ਫ਼ਾਰਸੀ ਦੇ ਅਧਿਆਪਕ ਨੇ ਸਬਕ ਪੜ੍ਹਾਇਆ ਤੇ ਅਗਲੇ ਦਿਨ ਯਾਦ ਕਰਕੇ ਆਉਣ ਨੂੰ ਆਖਿਆ। ਦੂਜੇ ਦਿਨ ਮੌਲਵੀ ਸਾਹਿਬ ਨੇ ਉਸ ਨੂੰ ਆਖਿਆ ਚਲ ਬਈ ਸਬਕ ਸੁਣਾ। ਇਸ ਨੇ ਦੋਵੇਂ ਹੱਥ ਅੱਗੇ ਕਰਦੇ ਹੋਇਆਂ ਉੱਤਰ ਦਿੱਤਾ, ‘‘ਜੀ ਆਉਂਦਾ ਨਹੀਂ ਹੈ।’’ ਅਧਿਆਪਕ ਨੇ ਸੋਟੀ ਮਾਰਨ ਦੀ ਥਾਂ ਆਖਿਆ, ‘‘ਗੱਲ ਸੁਣ, ਸਾਰੀ ਜਮਾਤ ਵਿੱਚੋਂ ਤੂੰ ਸਭ ਤੋਂ ਉੱਚਾ ਅਤੇ ਤਕੜਾ ਮੁੰਡਾ ਹੈਂ, ਤੇਰੇ ਲਈ ਇਹ ਸਬਕ ਯਾਦ ਕਰਨਾ ਕੀ ਮੁਸ਼ਕਿਲ ਹੈ! ਚੱਲ ਬੈਠ ਜਾ ਤੇ ਕੱਲ੍ਹ ਨੂੰ ਯਾਦ ਕਰ ਕੇ ਆਵੀਂ।’ ਮੌਲਵੀ ਜੀ ਨੇ ਅਗਲਾ ਸਬਕ ਪੜ੍ਹਾ ਦਿੱਤਾ। ਅਧਿਆਪਕ ਦੇ ਇਨ੍ਹਾਂ ਸ਼ਬਦਾਂ ਨੇ ਅੰਦਰ ਬੈਠੇ ਜਿੰਨ ਨੂੰ ਸੁਚੇਤ ਕਰ ਦਿੱਤਾ, ਘਰ ਜਾ ਕੇ ਸਬਕ ਯਾਦ ਕਰ ਲਿਆ। ਦੂਜੇ ਦਿਨ ਅਧਿਆਪਕ ਨੇ ਉਸ ਨੂੰ ਸਬਕ ਸੁਣਾਉਣ ਲਈ ਆਖਿਆ ਤੇ ਉਸ ਨੇ ਫਟਾਫ਼ਟ ਸਾਰਾ ਸਬਕ ਸੁਣਾ ਦਿੱਤਾ। ਅਧਿਆਪਕ ਨੇ ਇਹ ਨਹੀਂ ਆਖਿਆ ਕਿ ਕੱਲ੍ਹ ਵਾਲਾ ਸਬਕ ਯਾਦ ਕਰਨਾ ਸੀ ਸਗੋਂ ਆਖਣ ਲੱਗੇ, ‘‘ਸਾਬਾਸ਼! ਜੇਕਰ ਇਸੇ ਤਰ੍ਹਾਂ ਮਿਹਨਤ ਕਰੇਂਗਾ ਤਾਂ ਤੈਨੂੰ ਅੱਠਵੀਂ ਵਿੱਚੋਂ ਵਜ਼ੀਫ਼ਾ ਮਿਲ ਜਾਵੇਗਾ।’’ ਤੇ ਸਚਮੁੱਚ ਉਸ ਨੂੰ ਅੱਠਵੀਂ ਵਿੱਚੋਂ ਵਜ਼ੀਫਾ ਮਿਲ ਗਿਆ। ਉਹ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਉੱਚੇ ਅਹੁਦਿਆਂ ’ਤੇ ਰਹੇ। ਉਨ੍ਹਾਂ ਦਾ ਨਾਂ ਦੇਸ਼ ਦੇ ਹੀ ਨਹੀਂ ਸਗੋਂ ਸੰਸਾਰ ਦੇ ਚੋਟੀ ਦੇ ਖੇਤੀ ਅਰਥਸ਼ਾਸਤਰੀਆਂ ਵਿੱਚ ਲਿਆ ਜਾਂਦਾ ਹੈ।
ਤੁਸੀਂ ਉੱਘੇ ਵਿਗਿਆਨੀ ਐਡੀਸਨ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ, ਜਿਸ ਨੇ ਬਲਬ ਬਣਾ ਕੇ ਹਨੇਰੇ ਵਿੱਚ ਰੌਸ਼ਨੀ ਕੀਤੀ। ਉਸ ਨੇ ਸਭ ਤੋਂ ਵੱਧ ਵਿਗਿਆਨਕ ਖੋਜਾਂ ਕੀਤੀਆਂ ਹਨ। ਇਹ ਉਸ ਦੇ ਦ੍ਰਿੜ੍ਹ ਇਰਾਦੇ ਅਤੇ ਸਫਲਤਾ ਦੇ ਯਕੀਨ ਕਾਰਨ ਹੀ ਹੋ ਸਕਿਆ ਹੈ। ਆਖਿਆ ਜਾਂਦਾ ਹੈ ਕਿ ਬਲਬ ਬਣਾਉਣ ਸਮੇਂ ਉਹ ਕੋਈ ਇੱਕ ਹਜ਼ਾਰ ਵਾਰ ਫੇਲ੍ਹ ਹੋਇਆ ਪਰ ਉਸ ਨੇ ਇਸ ਨੂੰ ਸਫ਼ਲਤਾ ਵੱਲ ਪੁੱਟਿਆ ਇੱਕ ਹੋਰ ਕਦਮ ਆਖਿਆ। ਇਨ੍ਹਾਂ ਪ੍ਰਾਪਤੀਆਂ ਵਿੱਚ ਉਸ ਦੀ ਮਾਂ ਦੀ ਭੂਮਿਕਾ ਬਹੁਤ ਅਹਿਮ ਸੀ। ਇੱਕ ਦਿਨ ਜਦੋਂ ਸਕੂਲ ਤੋਂ ਛੁੱਟੀ ਹੋਈ ਤਾਂ ਉਸ ਦੀ ਅਧਿਆਪਕਾ ਨੇ ਐਡੀਸਨ ਨੂੰ ਉਸ ਦੀ ਮਾਂ ਦੇ ਨਾਂ ਇੱਕ ਚਿੱਠੀ ਦਿੱਤੀ। ਮਾਂ ਨੇ ਜਦੋਂ ਚਿੱਠੀ ਪੜ੍ਹੀ ਤਾਂ ਪਹਿਲਾਂ ਉਹ ਕੁਝ ਘਬਰਾ ਗਈ ਪਰ ਛੇਤੀ ਸੰਭਲ ਗਈ। ਚਿੱਠੀ ਵਿੱਚ ਲਿਖਿਆ ਸੀ, ‘‘ਤੁਹਾਡਾ ਬੱਚਾ ਮੰਦਬੁੱਧੀ ਹੈ। ਇਹ ਸਾਡੇ ਸਕੂਲ ਵਿੱਚ ਪੜ੍ਹਨ ਦੇ ਕਾਬਲ ਨਹੀਂ ਹੈ।’’ ਐਡੀਸਨ ਨੇ ਜਦੋਂ ਪੁੱਛਿਆ ਕਿ ਚਿੱਠੀ ਵਿੱਚ ਕੀ ਲਿਖਿਆ ਹੈ ਤਾਂ ਮਾਂ ਆਖਣ ਲੱਗੀ, ‘‘ਤੁਹਾਡਾ ਬੱਚਾ ਆਮ ਬੱਚਿਆਂ ਨਾਲੋਂ ਵੱਧ ਹੁਸ਼ਿਆਰ ਹੈ। ਇੱਥੇ ਕਲਾਸ ਵਿੱਚ ਤਾਂ ਉਸ ਦਾ ਸਮਾਂ ਬਰਬਾਦ ਹੀ ਹੋਵੇਗਾ ਉਸ ਨੂੰ ਘਰ ਵਿੱਚ ਪੜ੍ਹਨ ਦਿੱਤਾ ਜਾਵੇ।’’ ਮਾਂ ਦੇ ਇਨ੍ਹਾਂ ਬੋਲਾਂ ਨੇ ਬੱਚੇ ਅੰਦਰ ਸੁੱਤੇ ਪਏ ਜਿੰਨ ਨੂੰ ਜਗਾ ਦਿੱਤਾ ਤੇ ਬੱਚੇ ਨੇ ਪੂਰੀ ਲਗਨ ਨਾਲ ਪੜ੍ਹਾਈ ਕੀਤੀ ਅਤੇ ਇੰਜ ਉਹ ਦੁਨੀਆ ਦਾ ਸਭ ਤੋਂ ਪ੍ਰਸਿੱਧ ਵਿਗਿਆਨੀ ਬਣਿਆ।
ਕੁਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਤਾਕਤ ਉੱਤੇ ਭਰੋਸਾ ਨਹੀਂ ਹੁੰਦਾ ਜਾਂ ਉਹ ਆਪਣੀ ਤਾਕਤ ਤੋਂ ਅਣਜਾਣ ਹੁੰਦੇ ਹਨ ਉਹ ਹਮੇਸ਼ਾ ਸ਼ਿਕਾਇਤ ਕਰਦੇ ਹਨ ਤੇ ਦੂਜਿਆਂ ਦੀ ਸਫ਼ਲਤਾ ਨੂੰ ਦੇਖ ਝੂਰਦੇ ਹਨ। ਉਨ੍ਹਾਂ ਅੰਦਰਲਾ ਜਿੰਨ ਉਨ੍ਹਾਂ ਦੀ ਸੋਚ ਅਨੁਕੂਲ ਹੀ ਕੰਮ ਕਰਦਾ ਹੈ ਤੇ ਅਖੀਰ ਉਹ ਸਾਰੀ ਜ਼ਿੰਦਗੀ ਦੁਖੀ ਹੀ ਰਹਿੰਦੇ ਹਨ।
ਜੇਕਰ ਤੁਹਾਨੂੰ ਆਪਣੇ ਆਪ ਉੱਤੇ ਭਰੋਸਾ ਹੋਵੇ ਅਤੇ ਦ੍ਰਿੜ੍ਹ ਇਰਾਦਾ ਹੋਵੇ ਤਾਂ ਵੱਡੀ ਤੋਂ ਵੱਡੀ ਜੰਗ ਵੀ ਜਿੱਤੀ ਜਾ ਸਕਦੀ ਹੈ। ਤੁਸੀਂ ਪੋਰਸ ਅਤੇ ਸਿਕੰਦਰ ਦੀ ਕਹਾਣੀ ਜ਼ਰੂਰ ਪੜ੍ਹੀ ਹੋਵੇਗੀ ਜਿਸ ਵਿੱਚ ਸਿਕੰਦਰ ਨੂੰ ਮਹਾਨ ਤੇ ਪੋਰਸ ਨੂੰ ਹਾਰਿਆ ਹੋਇਆ ਦੱਸਿਆ ਗਿਆ ਹੈ। ਸਿਕੰਦਰ ਨੇ ਪੋਰਸ ਉੱਤੇ ਹਮਲਾ ਕੀਤਾ ਤਾਂ ਕੁਝ ਬੁੱਕਲ ਦੇ ਸੱਪ ਸਿਕੰਦਰ ਨਾਲ ਜਾ ਰਲੇ ਅਤੇ ਪੋਰਸ ਫੜਿਆ ਗਿਆ। ਸਿਕੰਦਰ ਨੇ ਜਦੋਂ ਪੋਰਸ ਨੂੰ ਪੁੱਛਿਆ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ ਤਾਂ ਉਸ ਸਿਰ ਉੱਚਾ ਕਰ ਕੇ ਆਖਿਆ ਕਿ ਮੇਰੇ ਨਾਲ ਉਹ ਹੀ ਸਲੂਕ ਕਰੋ ਜੋ ਇੱਕ ਬਾਦਸ਼ਾਹ ਦੂਜੇ ਬਾਦਸ਼ਾਹ ਨਾਲ ਕਰਦਾ ਹੈ। ਇਹ ਸੁਣ ਕੇ ਸਿਕੰਦਰ ਨੂੰ ਗੁੱਸਾ ਆ ਗਿਆ ਤੇ ਪੋਰਸ ਨੂੰ ਕੈਦ ਕਰ ਲਿਆ। ਪੋਰਸ ਨੂੰ ਭਰੋਸਾ ਸੀ ਕਿ ਉਸ ਦੇ ਵਫ਼ਾਦਾਰ ਸਾਥੀ ਜ਼ਰੂਰ ਉਸ ਨੂੰ ਕੈਦ ਵਿੱਚੋਂ ਕੱਢ ਲੈਣਗੇ, ਇੰਝ ਹੀ ਹੋਇਆ। ਉਸ ਦੇ ਵਫ਼ਾਦਾਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਰਾਤ ਦੇ ਹਨੇਰੇ ਵਿੱਚ ਪੋਰਸ ਨੂੰ ਕੈਦ ਵਿੱਚੋਂ ਕੱਢ ਲਿਆ। ਪੋਰਸ ਨੇ ਮੁੜ ਆਪਣੀ ਫ਼ੌਜ ਇਕੱਠੀ ਕੀਤੀ ਅਤੇ ਸਿਕੰਦਰ ਦੀ ਫ਼ੌਜ ਉੱਤੇ ਹਮਲੇ ਸ਼ੁਰੂ ਕਰ ਦਿੱਤੇ। ਸਿਕੰਦਰ ਦੇ ਸਿਪਾਹੀ ਜਦੋਂ ਬਿਆਸ ਦਰਿਆ ਨੂੰ ਪਾਰ ਕਰਨ ਦਾ ਯਤਨ ਕਰਦੇ ਤਾਂ ਉਨ੍ਹਾਂ ਨੂੰ ਡੋਬ ਦਿੱਤਾ ਜਾਂਦਾ। ਬਰਸਾਤ ਸ਼ੁਰੂ ਹੋ ਗਈ। ਪੋਰਸ ਦੀ ਫ਼ੌਜ ਅਤੇ ਮੱਛਰਾਂ ਨੇ ਸਿਕੰਦਰ ਦੇ ਫ਼ੌਜੀਆਂ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਉਨ੍ਹਾਂ ਨੇ ਵਾਪਸ ਜਾਣ ਦਾ ਫ਼ੈਸਲਾ ਕਰ ਲਿਆ। ਸਿਕੰਦਰ ਨੇ ਸਮਝਾਇਆ ਪਰ ਫ਼ੌਜ ਅੱਗੇ ਨਾ ਵਧੀ ਤੇ ਵਾਪਸ ਮੁੜ ਪਈ। ਸਾਰੀ ਦੁਨੀਆ ਨੂੰ ਫ਼ਤਿਹ ਕਰਨ ਲਈ ਤੁਰੇ ਸਿਕੰਦਰ ਤੋਂ ਇਹ ਨਮੋਸ਼ੀ ਝੱਲੀ ਨਾ ਗਈ ਤੇ ਉਹ ਰਾਹ ਵਿੱਚ ਹੀ ਰੱਬ ਨੂੰ ਪਿਆਰਾ ਹੋ ਗਿਆ।
ਮਹਾਰਾਜਾ ਰਣਜੀਤ ਸਿੰਘ ਸਿਰਫ਼ 12 ਸਾਲ ਦਾ ਸੀ ਜਦੋਂ ਉਹ ਆਪਣੀ ਮਿਸਲ ਦਾ ਸਰਦਾਰ ਬਣਿਆ। ਇਹ ਮਿਸਲ ਸਭ ਤੋਂ ਛੋਟੀ ਸੀ। ਅਬਦਾਲੀ ਦੇ ਪੋਤਰੇ ਨੇ ਸੋਚਿਆ ਕਿ ਹੁਣ ਮੁੜ ਹਿੰਦੋਸਤਾਨ ਨੂੰ ਲੁੱਟਣ ਦਾ ਸੁਨਹਿਰੀ ਮੌਕਾ ਹੈ, ਇਹ ਇੱਕ ਅੱਖ ਵਾਲਾ 12 ਸਾਲ ਦਾ ਲੜਕਾ ਮੇਰਾ ਕੀ ਮੁਕਾਬਲਾ ਕਰੇਗਾ। ਰਣਜੀਤ ਸਿੰਘ ਨੂੰ ਆਪਣੇ ਆਪ ’ਤੇ ਭਰੋਸਾ ਸੀ। ਚੜ੍ਹਦੀ ਕਲਾ ਵਾਲੇ ਲੀਡਰ ਦੀ ਅਗਵਾਈ ਵਿੱਚ ਹੀ ਫ਼ੌਜਾਂ ਜਿੱਤਦੀਆਂ ਹਨ। ਅਬਦਾਲੀ ਦੇ ਪੋਤਰੇ ਨੂੰ ਅਜਿਹੀ ਹਾਰ ਮਿਲੀ ਕਿ ਮੁੜ ਇਸ ਪਾਸਿਓਂ ਉਸ ਦਾ ਭਾਰਤ ਉੱਤੇ ਕਿਸੇ ਤਰ੍ਹਾਂ ਦਾ ਵੀ ਹਮਲਾ ਕਰਨ ਦਾ ਹੌਸਲਾ ਨਹੀਂ ਪਿਆ।
ਕੁਝ ਸਾਲ ਪਹਿਲਾਂ ਕੇਰਲਾ ਦੀ ਇੱਕ ਕੁੜੀ ਆਈ ਏ ਐੱਸ ਵਿੱਚ ਪਹਿਲੇ ਨੰਬਰ ਉੱਤੇ ਆਈ ਸੀ। ਆਪਣੀ ਕਹਾਣੀ ਸਣਾਉਂਦਿਆਂ ਉਸ ਨੇ ਦੱਸਿਆ, ‘‘ਮੈਂ ਬੈਂਕ ਵਿੱਚ ਨੌਕਰੀ ਕਰਦੀ ਸਾਂ ਤੇ ਮੇਰੀ ਇੱਛਾ ਆਈ ਏ ਐੱਸ ਅਫ਼ਸਰ ਬਣਨ ਦੀ ਸੀ, ਤਿਆਰੀ ਕਰਕੇ ਇਮਿਤਿਹਾਨ ਦਿੱਤਾ ਪਰ ਫੇਲ੍ਹ ਹੋ ਗਈ। ਦੂਜੇ ਸਾਲ ਫਿਰ ਇਮਤਿਹਾਨ ਦਿੱਤਾ ਪਰ ਇੰਟਰਵਿਊ ਵਿੱਚ ਰਹਿ ਗਈ ਤੇ ਮੈਂ ਮੁੜ ਕੋਸ਼ਿਸ਼ ਨਾ ਕਰਨ ਦਾ ਫ਼ੈਸਲਾ ਕਰ ਲਿਆ। ਇੱਕ ਦਿਨ ਮੈਂ ਦਫ਼ਤਰ ਤੋਂ ਘਰ ਆ ਕੇ ਬਾਹਰ ਬੈਠੀ ਚਾਹ ਪੀ ਰਹੀ ਸੀ ਕਿ ਮੈਥੋਂ ਖੰਡ ਦੇ ਕੁਝ ਕਿਣਕੇ ਹੇਠਾਂ ਡਿੱਗ ਪਏ। ਉੱਥੇ ਇੱਕ ਕੀੜੀ ਆਈ ਉਸ ਖੰਡ ਦਾ ਇੱਕ ਕਿਣਕਾ ਚੁੱਕਿਆ ਤੇ ਤੁਰ ਪਈ। ਥੋੜ੍ਹੀ ਦੂਰ ਜਾਣ ’ਤੇ ਕਿਣਕਾ ਹੇਠਾਂ ਡਿੱਗਿਆ ਪਰ ਕੀੜੀ ਨੇ ਮੁੜ ਚੁੱਕ ਲਿਆ। ਕਿਣਕਾ ਕਈ ਵਾਰ ਡਿੱਗਿਆ ਪਰ ਕੀੜੀ ਨੇ ਹਿੰਮਤ ਨਹੀਂ ਹਾਰੀ ਅਖੀਰ ਖੰਡ ਦਾ ਦਾਣਾ ਉਹ ਆਪਣੀ ਖੁੱਡ ਵਿੱਚ ਲੈ ਗਈ। ਮੇਰੇ ਅੰਦਰੋਂ ਆਵਾਜ਼ ਆਈ ਮੈਂ ਐਵੇਂ ਹੌਸਲਾ ਛੱਡ ਬੈਠੀ ਹਾਂ, ਇੱਕ ਵਾਰ ਹੋਰ ਹੋਸ਼ਿਸ਼ ਕਰਾਂਗੀ। ਮੈਂ ਪੂਰੀ ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਤਿਆਰੀ ਕੀਤੀ ਤੇ ਨਤੀਜਾ ਤੁਹਾਡੇ ਸਾਹਮਣੇ ਹੈ।’’
ਸਾਡੇ ਸਭਨਾਂ ਕੋਲ ਅਲਾਦੀਨ ਵਾਲਾ ਚਿਰਾਗ਼ ਹੈ। ਇਸ ਦੇ ਜਿੰਨ ਤੋਂ ਜੋ ਅਸੀਂ ਮੰਗਦੇ ਹਾਂ ਉਹ ਉਹੀਓ ਸਾਨੂੰ ਦੇਣ ਦਾ ਯਤਨ ਕਰਦਾ ਹੈ। ਆਪਣੀ ਅਸੀਮ ਤਾਕਤ ਉੱਤੇ ਭਰੋਸਾ ਕਰੀਏ ਅਤੇ ਦ੍ਰਿੜ੍ਹ ਇਰਾਦੇ ਨਾਲ ਯਤਨ ਕਰੀਏ ਤਾਂ ਮੰਜ਼ਿਲ ਹਮੇਸ਼ਾ ਪ੍ਰਾਪਤ ਹੁੰਦੀ ਹੈ। ਯਕੀਨ ਨਹੀਂ ਤਾਂ ਕੋਸ਼ਿਸ਼ ਕਰਕੇ ਦੇਖੋ।
