ਉਸਤਾਦ ਦਾਮਨ: ਹਰ ਨਜ਼ਮ ’ਤੇ ਪੇਸ਼ੀ ਜਾਂ ਜੇਲ੍ਹ
ਡਾ. ਚੰਦਰ ਤ੍ਰਿਖਾ
ਇਹ ਦੁਨੀਆ ਮੰਡੀ ਪੈਸੇ ਦੀ
ਹਰ ਚੀਜ਼ ਵਿਕੇਂਦੀ ਭਾਅ ਸੱਜਣਾ।
ਏਥੇ ਰੋਂਦੇ ਚਿਹਰੇ ਵਿਕਦੇ ਨਹੀਂ
ਹੱਸਣੇ ਦੀ ਆਦਤ ਪਾ ਸੱਜਣਾ।
ਲਾਹੌਰ ਦੇ ਪੰਜਾਬੀ ਸ਼ਾਇਰ ਉਸਤਾਦ ਦਾਮਨ ਨੇ ਆਮ ਆਦਮੀ ਦੇ ਮਨ ਵਿੱਚ ਜੋ ਜਗ੍ਹਾ ਬਣਾਈ ਸੀ, ਉਸ ਜਿਹੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਕਈ ਦਹਾਕਿਆਂ ਤੱਕ ਇਸ ਸ਼ਾਇਰ ਦੀਆਂ ਰਚਨਾਵਾਂ ਉਸ ਦੇ ਸਮਕਾਲ ਵਿੱਚ ਗੁਣਗੁਣਾਈਆਂ ਜਾਂਦੀਆਂ ਰਹੀਆਂ।
ਲਗਭਗ ਹਰ ਨਜ਼ਮ ਨਾਲ ਥਾਣੇ ਵਿੱਚ ਪੇਸ਼ੀ ਜਾਂ ਫਿਰ ਜੇਲ੍ਹ, ਇਹੀ ਸੀ ਇਸ ਹਰਮਨ ਪਿਆਰੇ ਸ਼ਾਇਰ ਦਾ ਨਸੀਬ। ਆਪਣੇ ਸਮੇਂ ਦੇ ਇਸ ਮਹਾਨ ਸ਼ਾਇਰ ਨੂੰ ‘ਪਾਕਿਸਤਾਨ ਟਾਈਮਜ਼’ ਦੇ ਮਾਲਕ ਮੀਆਂ ਇਫ਼ਤਿਖਾਰ-ਉਦ-ਦੀਨ ਅਦਬ ਦੇ ਨਾਲ-ਨਾਲ ਸਿਆਸਤ ’ਚ ਵੀ ਲੈ ਗਏ ਸਨ। ਉਸਤਾਦ ਦਾਮਨ ਦੀ ਸ਼ੁਰੂਆਤੀ ਜ਼ਿੰਦਗੀ ਦਾ ਇੱਕ ਮੁੱਖ ਹਿੱਸਾ ਬਰਤਾਨਵੀ ਸਾਮਰਾਜ ਦੀਆਂ ਜੇਲ੍ਹਾਂ ਵਿੱਚ ਹੀ ਲੰਘਿਆ ਸੀ ਅਤੇ ਆਜ਼ਾਦ ਵਤਨ ਪਾਕਿਸਤਾਨ ਵਿੱਚ ਵੀ ਉਸ ਦਾ ਜੇਲ੍ਹਾਂ ’ਚ ਅਕਸਰ ਆਉਣ-ਜਾਣ ਬਣਿਆ ਰਿਹਾ।
ਉਸਤਾਦ ਚਿਰਾਗ਼ਦੀਨ ਦਾਮਨ ਦਾ ਜਨਮ 4 ਸਤੰਬਰ 1911 ਨੂੰ ਲਾਹੌਰ ਵਿਖੇ ਹੋਇਆ ਸੀ। ਉਹ ਪੇਸ਼ੇ ਤੋਂ ਦਰਜ਼ੀ ਸਨ। ਮੀਆਂ ਇਫ਼ਤਿਖਾਰ-ਉਦ-ਦੀਨ ਨਾਲ ਇਸੇ ਪੇਸ਼ੇ ਦੀ ਬਦੌਲਤ ਪਹਿਲੀ ਮੁਲਾਕਾਤ ਹੋਈ ਸੀ। ਉਨ੍ਹਾਂ ਨੇ ਮੀਆਂ ਚਿਰਾਗ਼ਦੀਨ ਦੀ ਸ਼ਾਇਰੀ ਬਾਰੇ ਸੁਣਿਆ ਹੋਇਆ ਸੀ। ਸੰਨ 1930 ’ਚ ਉੱਥੇ ਪੰਡਿਤ ਨਹਿਰੂ ਨੇ ਇੱਕ ਜਲਸੇ ਨੂੰ ਸੰਬੋਧਨ ਕਰਨਾ ਸੀ। ਲੋਕਾਂ ਨੂੰ ਬੰਨ੍ਹ ਕੇ ਬਿਠਾਈ ਰੱਖਣ ਲਈ ਸਟੇਜ ਚਿਰਾਗ਼ਦੀਨ ਦੇ ਹਵਾਲੇ ਕਰ ਦਿੱਤੀ ਗਈ। ਪੰਡਿਤ ਨਹਿਰੂ ਉਨ੍ਹਾਂ ਦੀ ਸ਼ਾਇਰੀ ਦੇ ਸਾਮਰਾਜ ਵਿਰੋਧੀ ਤੇਵਰ ਦੇ ਇੰਨੇ ਮੁਰੀਦ ਹੋਏ ਕਿ ਉਨ੍ਹਾਂ ਨੂੰ ‘ਪੋਇਟ ਆਫ ਫਰੀਡਮ’ ਭਾਵ ‘ਸ਼ਾਇਰ-ਏ-ਆਜ਼ਾਦੀ’ ਕਰਾਰ ਦਿੱਤਾ।
ਸੰਨ 1947 ’ਚ ਦੇਸ਼ ਵੰਡ ਵੇਲੇ ਲਾਹੌਰ ਵਿੱਚ ਵੀ ਭੜਕੀ ਦੰਗਿਆਂ ਦੀ ਅੱਗ ਵਿੱਚ ਹਜ਼ਾਰਾਂ ਪਰਿਵਾਰ ਝੁਲਸੇ ਜਿਨ੍ਹਾਂ ਵਿੱਚ ਉਸਤਾਦ ਚਿਰਾਗ਼ਦੀਨ ਦਾ ਪਰਿਵਾਰ ਵੀ ਸ਼ਾਮਿਲ ਸੀ। ਉਨ੍ਹਾਂ ਦੀ ਦੁਕਾਨ ਤੇ ਮਕਾਨ ਦੋਵੇਂ ਹੀ ਸਾੜ ਦਿੱਤੇ ਗਏ। ਬੀਵੀ ਅਤੇ ਧੀ ਵੀ ਦੰਗਿਆਂ ਵਿੱਚ ਮਾਰੀਆਂ ਗਈਆਂ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਉਦੋਂ ਉਸਤਾਦ ਦਾਮਨ ਦੰਗਈਆਂ ਦਾ ਵਿਰੋਧ ਕਰ ਰਹੇ ਸਨ ਅਤੇ ਆਪਣੇ ਕੁਝ ਗ਼ੈਰ-ਮੁਸਲਿਮ ਦੋਸਤਾਂ ਨੂੰ ਬਚਾਉਣ ਦੀ ਮੁਸ਼ੱਕਤ ਵਿੱਚ ਲੱਗੇ ਰਹੇ। ਇਹ ਵੇਖ ਕੇ ਦੰਗਈ ਭੀੜ ਨੇ ਗੁੱਸੇ ਵਿੱਚ ਉਸਤਾਦ ਦੇ ਘਰ ਨੂੰ ਵੀ ਅੱਗ ਦੇ ਸਪੁਰਦ ਕਰ ਦਿੱਤਾ।
ਇਸ ਹਾਦਸੇ ਤੋਂ ਫੌਰੀ ਬਾਅਦ ਕੁਝ ਗ਼ੈਰ-ਮੁਸਲਿਮ ਪਰਿਵਾਰਾਂ ਨੇ ਉਨ੍ਹਾਂ ਨੂੰ ਆਪਣੇ ਨਾਲ ਭਾਰਤ ਲਿਜਾਣ ਦੀ ਪੇਸ਼ਕਸ਼ ਕੀਤੀ, ਪਰ ‘ਆਪਣੀਆਂ ਜੜ੍ਹਾਂ ਨਾਲ ਬੇਪਨਾਹ ਮੁਹੱਬਤ’ ਦੇ ਨਾਂ ’ਤੇ ਚਿਰਾਗ਼ਦੀਨ ਨੇ ਲਾਹੌਰ ਵਿੱਚ ਹੀ ਟਿਕੇ ਰਹਿਣ ਨੂੰ ਤਰਜੀਹ ਦਿੱਤੀ।
ਬਾਅਦ ਵਿੱਚ ਜਿਊਂਦੇ ਜੀਅ ਆਪਣੀ ਕਲਮ ਨਾਲ ਉਹ ਸਦਾ ਤਾਨਾਸ਼ਾਹ ਹਕੂਮਤਾਂ ਖ਼ਿਲਾਫ਼ ਜੂਝਦੇ ਰਹੇ। ਇਸ ਲਈ ਬਹੁਤਾ ਸਮਾਂ ਜੇਲ੍ਹਾਂ ਵਿੱਚ ਹੀ ਬਿਤਾਉਣਾ ਪਿਆ। ਹਰ ਵਾਰ ਤਾਨਾਸ਼ਾਹ ਖ਼ਿਲਾਫ਼ ਨਜ਼ਮਾਂ ਲਿਖਣ ਅਤੇ ਸਟੇਜਾਂ ਤੋਂ ਬੋਲਣ ਦੇ ਇਲਜ਼ਾਮ ਵਿੱਚ ਹੀ ਕੈਦ ਹੁੰਦੇ। ਇਸੇ ਸਿਲਸਿਲੇ ਦੀ ਇੱਕ ਘਟਨਾ ਦੀ ਚਰਚਾ ਖ਼ਾਸ ਤੌਰ ’ਤੇ ਹੁੰਦੀ ਹੈ।
ਇੱਕ ਵਾਰ ਇੱਕ ਸਰਕਾਰੀ ਸੰਸਥਾ ਵੱਲੋਂ ਇੱਕ ਮੁਸ਼ਾਇਰਾ ਕਰਵਾਉਣਾ ਤੈਅ ਹੋਇਆ, ਜਿਸ ਵਿੱਚ ਇੱਕ ਮਿਸਰਾ ਦਿੱਤਾ ਗਿਆ ਸੀ ‘ਪਾਕਿਸਤਾਨ ’ਚ ਮੌਜਾਂ ਹੀ ਮੌਜਾਂ’।
ਉਸਤਾਦ ਨੂੰ ਵੀ ਨਜ਼ਮ ਪੜ੍ਹਨ ਦਾ ਸੱਦਾ ਮਿਲਿਆ। ਉਨ੍ਹਾਂ ਨੇ ਹਾਲੇ ਨਜ਼ਮ ਦਾ ਪਹਿਲਾ ਸ਼ਿਅਰ ਹੀ ਪੜ੍ਹਿਆ ਸੀ ਕਿ ਸਾਦੀ ਵਰਦੀ ਵਿੱਚ ਤਾਇਨਾਤ ਪੁਲੀਸ ਵਾਲਿਆਂ ਨੇ ਮੰਚ ਤੋਂ ਥੱਲੇ ਲਾਹ ਲਿਆ ਤੇ ਸਿੱਧਾ ਥਾਣੇ ਲੈ ਗਏ। ਸ਼ਿਅਰ ਇੰਜ ਸੀ:
ਪਾਕਿਸਤਾਨ ’ਚ ਮੌਜਾਂ ਈ ਮੌਜਾਂ
ਜਿੱਧਰ ਵੇਖੋ ਫ਼ੌਜਾਂ ਈ ਫ਼ੌਜਾਂ।
ਉੱਧਰ ਸ਼ੁਰੂਆਤੀ ਦੌਰ ਵਿੱਚ ਹੀ ਮੁੱਲਾਂ-ਮੁਲਾਣੇ, ਉਸਤਾਦ ਖ਼ਿਲਾਫ਼ ਫ਼ਤਵੇ ਜਾਰੀ ਕਰਨ ਲੱਗੇ। ਉਨ੍ਹਾਂ ਦੀ ਇੱਕ ਨਜ਼ਮ ’ਤੇ ਕੱਟੜਪੰਥੀਆਂ ਨੇ ਖ਼ੂਬ ਹੋ-ਹੱਲਾ ਮਚਾਇਆ। ਨਜ਼ਮ ਸੀ:
ਮੁੱਲਾ ਆਪ ਸ਼ਰਾਬ ਤੇ ਨਹੀਂ ਪੀਂਦਾ
ਪਰ ਖ਼ੂਨ ਤਾਂ ਕਿਸੇ ਦਾ ਪੀ ਸਕਦੈ
ਪੁੜ ਜਮੀਂ ਅਸਮਾਨ ਦਾ ਰਹੇ ਚਲਦਾ
ਦਾਣੇ ਵਾਂਗ ਇਨਸਾਨ ਨੂੰ ਪੀਹ ਸਕਦੈ
ਏਥੇ ਜ਼ੁਲਮ ਹੀ ਜ਼ੁਲਮ ਨੇ ਹਰ ਪਾਸੇ
ਕਿੱਥੋਂ ਤੀਕ ਕੋਈ ਲਬਾਂ ਨੂੰ ਸੀ ਸਕਦੈ।
ਉਸਤਾਦ ਦਾਮਨ ਆਪਣੇ ਹਮਵਤਨਾਂ ਵਿੱਚ ਪੂਰੇ ਉਪ-ਮਹਾਂਦੀਪ ਅੰਦਰ ਇਕਸੁਰਤਾ ਪੈਦਾ ਕਰਨ ਵਿੱਚ ਸਭ ਤੋਂ ਅੱਗੇ ਰਹੇ। ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਵੀ ਉਨ੍ਹਾਂ ਨੇ ਇੱਕ ਕਵਿਤਾ ਲਿਖੀ:
ਗੋਲੀ ਮਾਰੀ ਏ ਜਿਨ੍ਹੇ ਮਹਾਤਮਾ ਨੂੰ
ਓਹਨੇ ਜ਼ਮੀਨ ਦਾ ਗੋਲਾ ਘੁਮਾ ਦਿੱਤਾ,
ਚੀਖਾਂ ਵਿੱਚ ਆਵਾਜ਼ ਇੱਕ ਅਮਨ ਦੀ ਸੀ
ਕਿਸੇ ਜ਼ਾਲਿਮ ਨੇ ਗਲਾ ਦਬਾ ਦਿੱਤਾ।
ਇਸ ਤੋਂ ਪਹਿਲਾਂ ਵੀ ਆਜ਼ਾਦੀ ਸੰਗਰਾਮ ਦੌਰਾਨ ਕਾਂਗਰਸ ਦੀ ਹਰ ਰਾਜਨੀਤਕ ਰੈਲੀ ਵਿੱਚ ਉਸਤਾਦ ਦਾਮਨ ਨੂੰ ਮੰਚ ਦਿੱਤਾ ਗਿਆ। ਉਨ੍ਹਾਂ ਦਿਨਾਂ ਵਿੱਚ ਇਸ ਲੋਕ ਕਵੀ ਨੇ ਆਮ ਲੋਕਾਂ ਵਿੱਚ ਸਦਾ ਜੋਸ਼ ਭਰਿਆ। ਉਨ੍ਹਾਂ ਨੇ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਦੀ ਮੌਜੂਦਗੀ ਪਾਰਟੀ ਰੈਲੀ ਦੇ ਸਫ਼ਲ ਹੋਣ ਦੀ ਜ਼ਾਮਨੀ ਹੁੰਦੀ ਸੀ। ਇਸ ਤੋਂ ਬਾਅਦ ਇੱਕ ਰੈਲੀ ਵਿੱਚ ਮਹਾਤਮਾ ਗਾਂਧੀ ਦੀ ਮੌਜੂਦਗੀ ਦੇ ਬਾਵਜੂਦ ਲੋਕ ਵਾਰ-ਵਾਰ ਉਸਤਾਦ ਦਾਮਨ ਦੀ ਨਜ਼ਮ ਸੁਣਨ ਲਈ ਫ਼ਰਮਾਇਸ਼ ਕਰਨ ਲੱਗੇ। ਮਹਾਤਮਾ ਗਾਂਧੀ ਨੇ ਆਪ ਉਸਤਾਦ ਨੂੰ ਖਾਦੀ ਦੀ ਮਾਲਾ ਪਹਿਨਾਈ ਅਤੇ ਨਜ਼ਮ ਪੜ੍ਹਨਾ ਜਾਰੀ ਰੱਖਣ ਲਈ ਕਿਹਾ। ਉਹ ਮਸ਼ਹੂਰ ਨਜ਼ਮ ਇਉਂ ਸੀ:
ਬਿਹਤਰ ਮੌਤ ਆਜ਼ਾਦੀ ਦੀ ਸਮਝਦੇ ਹਾਂ
ਅਸੀਂ ਏਸ ਗ਼ੁਲਾਮੀ ਦੀ ਜ਼ਿੰਦਗੀ ਤੋਂ
ਸਾਡਾ ਵਤਨ, ਹਕੂਮਤ ਹੈ ਗ਼ੈਰ-ਵਤਨੀ
ਮਰ ਮਿਟਾਂਗੇ ਏਸ ਸ਼ਰਮਿੰਦਗੀ ਤੋਂ।
ਗੰਭੀਰ ਸ਼ਾਇਰੀ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਰਹਿਣ ਦੇ ਨਾਲ ਹੀ ਉਸਤਾਦ ਦਾਮਨ ਨੂੰ ਹਾਸਰਸ ਅਤੇ ਵਿਅੰਗ ਵਿੱਚ ਵੀ ਵਿਸ਼ੇਸ਼ ਪ੍ਰਸਿੱਧੀ ਹਾਸਲ ਸੀ।
ਬਦਲਦੀ ਹੋਈ ਸਮਾਜਿਕਤਾ ’ਤੇ ਉਸ ਦਾ ਇੱਕ ਵੱਡਾ ਵਿਅੰਗ ਸੀ:
ਇਹ ਕਾਲਜ ਏ ਕੁੜੀਆਂ ਅਤੇ ਮੁੰਡਿਆਂ ਦਾ/
ਜਾਂ ਫੈਸ਼ਨਾਂ ਦੀ ਕੋਈ ਫੈਕਟਰੀ ਏ
ਕੁੜੀ, ਮੁੰਡੇ ਦੇ ਨਾਲ ਪਈ ਇੰਝ ਤੁਰਦੀ/
ਜਿਉਂ ਅਲਜਬਰੇ ਨਾਲ ਜਿਓਮੈਟਰੀ ਏ।
ਇਉਂ ਹੀ ਇੱਕ ਹੋਰ ਘਟਨਾ ਵਾਪਰੀ ਜਿਸ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਨੂੰ ਬੇਚੈਨ ਕੀਤਾ। ਉਸਤਾਦ ਦਾਮਨ ਉਨ੍ਹਾਂ ਗੰਭੀਰ ਪਲਾਂ ਨੂੰ ਵੀ ਆਪਣੇ ਹਾਸਰਸ ਅਤੇ ਵਿਅੰਗ ਨਾਲ ਹਲਕਾ-ਫੁਲਕਾ ਰੂਪ ਦਿੰਦੇ ਸਨ। ਭੁੱਟੋ ਨੂੰ ਮੁਖਾਤਿਬ ਉਨ੍ਹਾਂ ਦੀ ਇੱਕ ਨਜ਼ਮ ਉਨ੍ਹੀਂ ਦਿਨੀਂ ਬਹੁਤ ਮਸ਼ਹੂਰ ਹੋਈ ਸੀ:
ਕੀ ਕਰੀ ਜਾਨੈ/ ਐਵੇਂ ਮਰੀ ਜਾਨੇ//
ਕੀਹਦੇ ਸ਼ਿਮਲੇ ਜਾਨੈ/ ਕੀਹਦੇ ਮਰੀ ਜਾਨੈ//
ਕੀ ਕਰੀ ਜਾਨੈ/ ਐਵੇਂ ਮਰੀ ਜਾਨੇ।
ਉਨ੍ਹਾਂ ਪੰਜਾਬੀ ਸਾਹਿਤ ਦੇ ਪ੍ਰਸਿੱਧ ਸ਼ਾਹਕਾਰ ‘ਹੀਰ’ ਨੂੰ ਵੀ ਆਪਣੇ ਅੰਦਾਜ਼ ਵਿੱਚ ਉਭਾਰਨ ਤੋਂ ਗੁਰੇਜ ਨਹੀਂ ਕੀਤਾ। ਉਸਤਾਦ ਦਾਮਨ ਦੀ ਇੱਕ ਪ੍ਰਸਿੱਧ ਨਜ਼ਮ ਸੀ- ਨੇੜੇ ਹੋ ਕੇ ਰਾਂਝਣਾ ਸੁਣੀਂ ਮੇਰੀ। ਨਜ਼ਮ ਕੁਝ ਇਉਂ ਸੀ:
ਨੇੜੇ ਹੋ ਕੇ ਰਾਂਝਣਾ ਸੁਣੀਂ ਮੇਰੀ
ਮੇਰੀ ਡੋਲੜੀ ਰੰਗਪੁਰ ਢੋ ਚੱਲੀ ਵੇ
ਡੋਲੀ ਚਲੀ ਨਹੀਂ, ਬੈਠ ਮੈਂ ਖੇੜਿਆਂ ਦੀ
ਮੈਂ ਜਿਊਂਦੀ ਜਾਗਦੀ ਜ਼ਮੀਂ ’ਚ ਸਮੋ ਚੱਲੀ ਵੇ
ਸੈਦੇ ਖੇੜੇ ਦੀ ਹਿੱਕ ’ਤੇ ਸੱਪ ਲੇਟਣ
ਵਾਲਾਂ ਲੰਮਿਆਂ ਨੂੰ ਹੱਥੋਂ ਖੋਹ ਚੱਲੀ ਵੇ।
ਇੱਕ ਸਹੇਲੀਆਂ ਤੇ ਇੱਕ ਮੱਝੀਆਂ ਨੀ
ਮੈਂ ਨਿਸ਼ਾਨੀਆਂ ਛੱਡ ਕੇ, ਦੋ ਚੱਲੀ ਵੇ।
ਉਹ ਆਪਣੇ ਮੁਲਕ ਦੀ ਅਮਰੀਕਾਪ੍ਰਸਤੀ ਅਤੇ ਅਮਰੀਕਾ ’ਤੇ ਨਿਰਭਰਤਾ ਖ਼ਿਲਾਫ਼ ਵਿਲੱਖਣ ਸੁਰ ਹੀ ਰੱਖਦੇ ਸਨ:
ਜ਼ਿੰਦਾਬਾਦ ਅਮਰੀਕਾ
ਹਰ ਮਰਜ਼ ਦਾ ਟੀਕਾ
ਜ਼ਿੰਦਾਬਾਦ ਅਮਰੀਕਾ
ਉਨ੍ਹਾਂ ਦੇ ਸ਼ਿਕਵੇ, ਸ਼ਿਕਾਇਤਾਂ ਅੱਲਾ ਮੀਆਂ ਨਾਲ ਨਿਰੰਤਰ ਹੁੰਦੀਆਂ ਰਹੀਆਂ। ਉੱਥੋਂ ਦੇ ਨਿਮਨ ਵਰਗ ਅਤੇ ਸਮਾਜਿਕ ਨਾਬਰਾਬਰੀ ’ਤੇ ਉਸਤਾਦ ਦਾਮਨ ਦੇ ਵਿਅੰਗ ਬੇਹੱਦ ਤਿੱਖੇ ਸਨ ਅਤੇ ਆਮ ਆਦਮੀ ਦੀ ਜ਼ਬਾਨ ’ਤੇ ਵੀ ਚੜ੍ਹ ਜਾਂਦੇ ਸਨ। ਅੱਲ੍ਹਾ ਨਾਲ ਸ਼ਿਕਵੇ ਦੀਆਂ ਚਾਰ ਸਤਰਾਂ ਦੇਖੋ:
ਜੇਕਰ ਸਾਹਮਣੇ ਹੋਵੇ, ਤਾਂ ਗੱਲ ਕਰੀਏ
ਖ਼ੌਰੇ ਅਰਸ਼ ’ਤੇ ਬੈਠਾ ਉਹ ਕੀ ਕਰਦਾ,
ਇਹ ਦੁਨੀਆ ਬਣਾਈ, ਘੁਮੰਡ ਏਡਾ
ਜਿੱਥੇ ਡੁੱਬ ਕੇ ਮਰਨ ਨੂੰ ਜੀਅ ਕਰਦਾ
ਇੱਕ ਅਜੀਬ ਗੱਲ ਇਹ ਸੀ ਕਿ ਉਸਤਾਦ ਦਾਮਨ ਨੇ ਆਪਣੇ ਜੀਵਨ ਕਾਲ ਵਿੱਚ ਆਪਣਾ ਕੋਈ ਵੀ ਕਾਵਿ-ਸੰਗ੍ਰਹਿ ਛਪਣ ਨਹੀਂ ਦਿੱਤਾ। ਉਨ੍ਹਾਂ ਦਾ ਕਹਿਣਾ ਸੀ,“ਕਿਤਾਬਾਂ ਵਿੱਚ ਕੈਦ ਹੋ ਗਿਆ ਤਾਂ ਆਵਾਮ ਨੂੰ ਮੁਖ਼ਾਤਿਬ ਕਿੱਦਾਂ ਹੋ ਸਕਾਂਗਾ।” ਪਰ ਬਾਅਦ ਵਿੱਚ ਉਸਤਾਦ ਦਾਮਨ ਬਾਰੇ ਥੀਸਸ ਵੀ ਲਿਖੇ ਗਏ ਅਤੇ ਕਾਲਮ ਵੀ ਪ੍ਰਕਾਸ਼ਿਤ ਹੋਏ। ਸਮੁੱਚੇ ਉਪ ਮਹਾਂਦੀਪ ਵਿੱਚ ਆਮ ਆਦਮੀ ਦੀ ਭਾਸ਼ਾ ਵਿੱਚ ਹਿੰਦੂ-ਮੁਸਲਿਮ, ਸਿੱਖ ਸਦਭਾਵਨਾ ਨੂੰ ਸਮਰਪਿਤ ਇਸ ਲੋਕ ਕਵੀ ਨੇ 3 ਦਸੰਬਰ 1984 ਨੂੰ ਲਾਹੌਰ ਵਿੱਚ ਆਖ਼ਰੀ ਸਾਹ ਲਿਆ।
ਸੰਪਰਕ: 94170-04423