DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਸ਼ੀਏ ’ਤੇ ਧੱਕੀ ਜ਼ਿੰਦਗੀ ਦਾ ਸੰਘਰਸ਼ ਸਾਹਿਤ ਦੀ ਤਾਕਤ: ਬਾਨੂ ਮੁਸ਼ਤਾਕ

ਕ੍ਰਿਸ਼ਨ ਕੁਮਾਰ ਰੱਤੂ ਭਾਰਤੀ ਮੂਲ ਦੀ ਕੰਨੜ ਭਾਸ਼ਾ ਦੀ ਲੇਖਿਕਾ ਬਾਨੂ ਮੁਸ਼ਤਾਕ ਨੂੰ ਇਸ ਵਰ੍ਹੇ ਦੇ ਵੱਕਾਰੀ ਬੁੱਕਰ ਪੁਰਸਕਾਰ ਲਈ ਚੁਣਿਆ ਗਿਆ ਹੈ। ‘ਹਾਰਟ ਲੈਂਪ’ ਉਸ ਦੀਆਂ ਲੀਕ ਤੋਂ ਹਟਵੀਆਂ ਬਾਰ੍ਹਾਂ ਜਜ਼ਬਾਤੀ ਕਹਾਣੀਆਂ ਦਾ ਸੰਗ੍ਰਹਿ ਹੈ। ਪੁਰਸਕਾਰ ਦੇ ਜਿਊਰੀ ਮੈਂਬਰਾਂ...

  • fb
  • twitter
  • whatsapp
  • whatsapp
Advertisement

ਕ੍ਰਿਸ਼ਨ ਕੁਮਾਰ ਰੱਤੂ

ਭਾਰਤੀ ਮੂਲ ਦੀ ਕੰਨੜ ਭਾਸ਼ਾ ਦੀ ਲੇਖਿਕਾ ਬਾਨੂ ਮੁਸ਼ਤਾਕ ਨੂੰ ਇਸ ਵਰ੍ਹੇ ਦੇ ਵੱਕਾਰੀ ਬੁੱਕਰ ਪੁਰਸਕਾਰ ਲਈ ਚੁਣਿਆ ਗਿਆ ਹੈ। ‘ਹਾਰਟ ਲੈਂਪ’ ਉਸ ਦੀਆਂ ਲੀਕ ਤੋਂ ਹਟਵੀਆਂ ਬਾਰ੍ਹਾਂ ਜਜ਼ਬਾਤੀ ਕਹਾਣੀਆਂ ਦਾ ਸੰਗ੍ਰਹਿ ਹੈ। ਪੁਰਸਕਾਰ ਦੇ ਜਿਊਰੀ ਮੈਂਬਰਾਂ ਨੇ ਇਨ੍ਹਾਂ ਨੂੰ ਸਮਾਜਿਕ ਤਾਣੇ-ਬਾਣੇ ਦੀਆਂ ਅਦਭੁੱਤ ਕਹਾਣੀਆਂ ਅਤੇ ਨਵੇਂ ਭਾਰਤ ਵਿੱਚ ਮੁਸਲਿਮ ਔਰਤਾਂ ਦੀਆਂ ਮੁਸ਼ਕਿਲਾਂ ਦੇ ਦੌਰ ਦੀ ਬਾਨੂ ਵੱਲੋਂ ਕੀਤੀ ਪੇਸ਼ਕਾਰੀ ਨੂੰ ਵੱਖਰੀ ਦੱਸਿਆ ਹੈ।

Advertisement

‘ਹਾਰਟ ਲੈਂਪ’ ਬਾਨੂ ਮੁਸ਼ਤਾਕ ਦੀਆਂ 1990 ਤੋਂ 2023 ਦਰਮਿਆਨ ਲਿਖੀਆਂ ਹੋਈਆਂ ਕਹਾਣੀਆਂ ਦੀ ਕਿਤਾਬ ਹੈ। ਇਸ ਬਾਰੇ ਉਸ ਨੇ ਕਿਹਾ ਕਿ ਇਹ ਹਾਸ਼ੀਏ ਤੋਂ ਬਾਹਰ ਮੇਰੀਆਂ ਕਹਾਣੀਆਂ ਦੀ ਆਵਾਜ਼ ਹੈ ਜਿਸ ਵਿੱਚ ਭਾਰਤ ਦੇ ਮੁਸਲਿਮ ਖ਼ਾਸਕਰ ਦੱਖਣੀ ਭਾਰਤ ’ਚ ਕੰਨੜ ਸਮਾਜ ਦੀ ਧਾਰਮਿਕ ਸੰਕੀਰਣਤਾ ਅਤੇ ਪਿੱਤਰਸੱਤਾ ਦੀਆਂ ਚੁਣੌਤੀਆਂ ਦੇ ਵਿਦਰੋਹ ਦੀ ਆਪ ਬੀਤੀ ਹੈ।

Advertisement

ਬਾਨੂ ਮੁਸ਼ਤਾਕ ਦੀ ਇਸ ਕਿਤਾਬ ਦੀਆਂ ਕਹਾਣੀਆਂ ਪੜ੍ਹਦਿਆਂ ਉਸ ਦੇ ਇੱਕ ਵੱਡੇ ਲੇਖਕ ਹੋਣ ਅਤੇ ਬਹੁ-ਆਯਾਮੀ ਮਨ ਦੀ ਗਹਿਰਾਈ ਦਾ ਪਤਾ ਲੱਗਦਾ ਹੈ। ਬਾਨੂ ਮੁਸ਼ਤਾਕ ਨੇ ਹਾਸ਼ੀਏ ’ਤੇ ਧੱਕੀਆਂ ਹੋਈਆਂ ਜ਼ਿੰਦਗੀਆਂ ਦੇ ਸੰਘਰਸ਼ ਨੂੰ ਸੰਜੀਦਾ ਤੇ ਵਿਲੱਖਣ ਢੰਗ ਨਾਲ ਪੇਸ਼ ਕਰਕੇ ਸਾਹਿਤ ਨੂੰ ਉਸ ਦੀ ਖ਼ਾਮੋਸ਼ ਤਾਕਤ ਕਿਹਾ ਹੈ।‌

ਬਾਨੂ ਮੁਸ਼ਤਾਕ ਕਰਨਾਟਕ ਦੇ ਛੋਟੇ ਜਿਹੇ ਕਸਬੇ ਦੇ ਸਾਧਾਰਨ ਮੁਸਲਿਮ ਬੱਚਿਆਂ ਦੀ ਤਰ੍ਹਾਂ ਪੜ੍ਹੀ। ਉਹ ਆਪ ਕਹਿੰਦੀ ਹੈ, ‘‘ਵਿਆਹ ਤੋਂ ਬਾਅਦ ਜਦੋਂ ਇਕਦਮ ਮੈਨੂੰ ਬੁਰਕਾ ਪਹਿਨਣ ਲਈ ਕਿਹਾ ਗਿਆ ਤਾਂ ਮੇਰਾ ਜੀਵਨ ਬਿਲਕੁਲ ਬਦਲ ਗਿਆ ਪਰ ਮੈਂ ਕਾਲਜ ਜਾਣ ਦੇ ਇਸ ਦੌਰ ਵਿੱਚ ਆਪਣੀ ਪਛਾਣ ਬਣਾਉਣ ਵਾਸਤੇ ਚੁਣੌਤੀ ਭਰੇ ਪਲਾਂ ਨੂੰ ਗੁਜ਼ਾਰਿਆ। ਸ਼ਾਇਦ ਇਹ ਮੈਨੂੰ ਪ੍ਰੇਮ ਵਿਆਹ ਕਰਨ ਦੀ ਸਜ਼ਾ ਹੋਵੇ।’’

ਬਾਨੂ ਮੁਸ਼ਤਾਕ ਭਾਰਤੀ ਭਾਸ਼ਾਵਾਂ, ਖ਼ਾਸਕਰ ਹਿੰਦੀ ਵਿੱਚ ਅਜੇ ਵੀ ਕੰਨੜ ਭਾਸ਼ਾ ਦੇ ਹੋਰ ਗਿਆਨਪੀਠ ਜੇਤੂ ਅਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਲੇਖਕਾਂ ਜਿੰਨੀ ਪ੍ਰਸਿੱਧ ਨਹੀਂ, ਪਰ ਉਸ ਨੇ ਆਪਣੇ ਜੀਵਨ, ਪ੍ਰੇਮ ਵਿਆਹ, ਬੁਰਕਾ ਪਹਿਨਣ ਤੇ ਰਵਾਇਤੀ ਮੁਸਲਿਮ ਜ਼ਿੰਦਗੀ ਬਾਰੇ ਖੁੱਲ੍ਹ ਕੇ ਲਿਖਿਆ ਤੇ ਹਾਲਾਤ ਨਾਲ ਵਿਦਰੋਹ ਕੀਤਾ।

ਉਸ ਦੀਆਂ ਸਾਰੀਆਂ ਕਹਾਣੀਆਂ ਦਾ ਸੱਚ ਇਹ ਹੈ ਕਿ ਉਹ ਸਾਰੀਆਂ ਔਰਤਾਂ ਦੇ ਕਿਰਦਾਰ ਅਤੇ ਵਿਦਰੋਹ ਦੇ ਜਜ਼ਬੇ ਨੂੰ ਸਾਹਮਣੇ ਰੱਖਦੀਆਂ ਹਨ। ਦੂਜੀਆਂ ਤੇ ਮੁਸਲਿਮ ਔਰਤਾਂ ਦੀ ਜ਼ਿੰਦਗੀ ਵਿੱਚ ਇਹ ਹੀ ਇੱਕ ਵੱਡਾ ਫ਼ਰਕ ਹੈ।‌ ਉਹ ਕਰਨਾਟਕ ਦੀਆਂ ਔਰਤਾਂ ਦੇ ਬੰਡਾਇਆ ਅੰਦੋਲਨ ਨਾਲ ਵੀ ਜੁੜੀ ਰਹੀ। ਫਿਰ ਉਸ ਨੇ ਇੱਕ ਦਹਾਕਾ ਪੱਤਰਕਾਰ ਵਜੋਂ ਕੰਮ ਕਰਨ ਮਗਰੋਂ ਵਕਾਲਤ ਦਾ ਕਿੱਤਾ ਅਪਣਾਇਆ।

ਅੱਜ ਉਸ ਦੇ ਰਚਨਾ ਸੰਸਾਰ ਵਿੱਚ ਛੇ ਕਹਾਣੀ ਸੰਗ੍ਰਹਿ, ਇੱਕ ਨਿਬੰਧ ਸੰਗ੍ਰਹਿ ਤੇ ਇੱਕ ਨਾਵਲ ਸ਼ਾਮਿਲ ਹਨ।‌ ਮੁਸਲਿਮ ਔਰਤਾਂ ਦੇ ਵੱਖਰੇ ਨਜ਼ਰੀਏ ਦੀ ਪੇਸ਼ਕਾਰੀ ਨੇ ਉਸ ਨੂੰ ਕੰਨੜ ਸਾਹਿਤ ਦੇ ਉਸ ਕੇਂਦਰ ਵਿੱਚ ਸਥਾਪਿਤ ਕੀਤਾ ਜਿੱਥੇ ਔਰਤਾਂ ਦੇ ਹੱਕਾਂ ਦੀ ਪੈਰਵੀ ਦੱਬਵੀਂ ਆਵਾਜ਼ ਵਿੱਚ ਕੀਤੀ ਜਾਂਦੀ ਸੀ। ਉਸ ਨੇ ਆਪਣੀ ਤਿੱਖੀ ਵਿਅੰਗਾਤਮਕ ਲੇਖਣੀ ਨਾਲ ਮੁਸਲਮਾਨ ਔਰਤਾਂ ਪ੍ਰਤੀ ਨਫ਼ਰਤ ਨੂੰ ਵੀ ਕੇਂਦਰ ਵਿੱਚ ਰੱਖਿਆ। ਇਹ ਉਹ ਦਿਨ ਸਨ ਜਦੋਂ ਕੱਟੜਵਾਦੀਆਂ ਨੇ ਉਸ ਬਾਰੇ ਫ਼ਤਵਾ ਵੀ ਜਾਰੀ ਕੀਤਾ ਤੇ ਉਸ ’ਤੇ ਹਮਲੇ ਵੀ ਕੀਤੇ ਗਏ।

ਅੰਗਰੇਜ਼ੀ ਰਸਾਲੇ ‘ਵੀਕ’ ਵਿੱਚ ਛਪੀ ਇੱਕ ਇੰਟਰਵਿਊ ’ਚ ਉਹ ਦੱਸਦੀ ਹੈ ਕਿ ਮੈਂ ਹਮੇਸ਼ਾ ਅੰਨ੍ਹੀ ਸ਼ਰਧਾ ਵਾਲੀਆਂ ਧਾਰਮਿਕ ਵਿਆਖਿਆਵਾਂ ਨੂੰ ਚੁਣੌਤੀ ਦਿੱਤੀ ਹੈ ਤੇ ਇਹ ਮੁੱਦੇ ਮੇਰੇ ਲੇਖਣੀ ਦੇ ਕੇਂਦਰ ਵਿੱਚ ਰਹੇ ਹਨ। ਅੱਜ ਸਮਾਜ ਬਹੁਤ ਬਦਲ ਗਿਆ ਹੈ, ਪਰ ਮੁੱਦੇ ਹਾਲੇ ਵੀ ਉਹੀ ਹਨ। ਭਾਵੇਂ ਸਮਾਜ ਦਾ ਸੰਦਰਭ ਤੇ ਮੁੱਦੇ ਬਦਲ ਗਏ ਹਨ ਪਰ ਔਰਤਾਂ ਅਤੇ ਹਾਸ਼ੀਏ ’ਤੇ ਧੱਕੇ ਸਮੂਹਾਂ ਦਾ ਬੁਨਿਆਦੀ ਸੰਘਰਸ਼ ਅਜੇ ਵੀ ਜਾਰੀ ਹੈ। ਬਾਨੂ ਮੁਸ਼ਤਾਕ ਦੀਆਂ ਕਈ ਰਚਨਾਵਾਂ ਦੇ ਅੰਗਰੇਜ਼ੀ ਅਨੁਵਾਦ ਹੋਏ ਹਨ। ਉਸ ਦੀ ਅਨੁਵਾਦਤ ਪੁਸਤਕ ‘ਹਸੀਨਾ ਐਂਡ ਅਦਰ ਸਟੋਰੀਜ਼’ ਨੂੰ ਪੈੱਨ ਟਰਾਂਸਲੇਸ਼ਨ ਅਵਾਰਡ ਮਿਲ ਚੁੱਕਿਆ ਹੈ, ਪਰ ਬੁੱਕਰ ਪੁਰਸਕਾਰ ਮਿਲਣ ਨਾਲ ਉਹ ਦੁਨੀਆ ਦੇ ਸਾਹਿਤ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਗਈ ਹੈ ਜਿਸ ਸਦਕਾ ਦੱਖਣੀ ਏਸ਼ੀਆ ਤੇ ਖ਼ਾਸਕਰ ਭਾਰਤ ਵਰਗੇ ਦੇਸ਼ ਵਿੱਚ ਘੱਟਗਿਣਤੀਆਂ ਤੇ ਉਹ ਵੀ ਮੁਸਲਿਮ ਮਹਿਲਾਵਾਂ ਬਾਰੇ ਲਿਖੇ ਹੋਏ ਨੂੰ ਪੂਰੀ ਦੁਨੀਆ ਵਿੱਚ ਜਾਣਿਆ ਗਿਆ ਹੈ। ਇਹ ਬਾਨੂ ਮੁਸ਼ਤਾਕ ਦੀ ਵੱਡੀ ਪ੍ਰਾਪਤੀ ਹੈ।‌ ਬਾਨੂ ਮੁਸ਼ਤਾਕ ਦੀ ਪੁਸਤਕ ‘ਹਾਰਟ ਲੈਂਪ’ ਦਾ ਅਨੁਵਾਦ ਦੀਪਾ ਭਾਸਤੀ ਨੇ ਕੀਤਾ ਹੈ। ਇਸ ਨੇ ਇਸ ਵਰ੍ਹੇ ਅਨੁਵਾਦਿਤ ਗਲਪ ਲਈ ਕੌਮਾਂਤਰੀ ਬੁੱਕਰ ਪੁਰਸਕਾਰ ਜਿੱਤਿਆ ਹੈ, ਜੋ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਛੋਟੀ ਕਹਾਣੀ ਸੰਗ੍ਰਹਿ ਬਣ ਗਿਆ ਹੈ। ਇਹ ਕਹਾਣੀਆਂ ਮੂਲ ਰੂਪ ਵਿੱਚ ਕੰਨੜ ਵਿੱਚ ਲਿਖੀਆਂ ਗਈਆਂ ਹਨ, ਜੋ ਦੱਖਣੀ ਭਾਰਤ ਦੇ ਕਰਨਾਟਕ ਰਾਜ ਦੀ ਸਰਕਾਰੀ ਭਾਸ਼ਾ ਹੈ।

ਜਿਊਰੀ ਮੈਂਬਰ ਮੈਕਸ ਪੋਰਟਰ ਨੇ ਇਸ ਨੂੰ ‘ਅੰਗਰੇਜ਼ੀ ਪਾਠਕਾਂ ਲਈ ਸੱਚਮੁੱਚ ਕੁਝ ਨਵਾਂ: ਸੁੰਦਰ, ਵਿਅਸਤ, ਜੀਵਨ-ਪੁਸ਼ਟੀ ਕਰਨ ਵਾਲੀਆਂ ਕਹਾਣੀਆਂ ਦਾ ਇੱਕ ਬੁਨਿਆਦੀ ਅਨੁਵਾਦਤ ਕਾਰਜ’ ਦੱਸਿਆ ਹੈ। ਹਾਰਟ ਲੈਂਪ ਦੀਆਂ ਬਾਰ੍ਹਾਂ ਕਹਾਣੀਆਂ ’ਚ ਦੱਖਣੀ ਭਾਰਤ ਦੇ ਪੁਰਖ-ਪ੍ਰਧਾਨ ਭਾਈਚਾਰਿਆਂ ਵਿੱਚ ਔਰਤਾਂ ਦੇ ਜੀਵਨ ਦਾ ਬੇਹੱਦ ਭਾਵੁਕ ਵਰਣਨ ਹੈ ਜਿਸ ਦਾ ਅਨੁਵਾਦ ਭਾਸਤੀ ਦੁਆਰਾ ਕੀਤਾ ਗਿਆ ਸੀ, ਜੋ ਇਹ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਅਨੁਵਾਦਕ ਹੈ। ਉਸ ਨੇ ਮੁਸ਼ਤਾਕ ਦੁਆਰਾ 30 ਸਾਲਾਂ ਦੇ ਸਮੇਂ ਵਿੱਚ ਲਿਖੇ ਛੇ ਸੰਗ੍ਰਹਿਆਂ ਦੀਆਂ ਲਗਭਗ 50 ਕਹਾਣੀਆਂ ਵਿੱਚੋਂ ਇਨ੍ਹਾਂ ਨੂੰ ਚੁਣਿਆ ਹੈ।

ਪੁਰਸਕਾਰ ਪ੍ਰਾਪਤ ਕਰਦੇ ਹੋਏ ਮੁਸ਼ਤਾਕ ਨੇ ਕਿਹਾ ਕਿ ਇਹ ਜਿੱਤ ਨਿੱਜੀ ਪ੍ਰਾਪਤੀ ਤੋਂ ਵੱਧ ਹੈ। ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਅਸੀਂ ਵਿਅਕਤੀਗਤ ਤੌਰ ’ਤੇ ਅਤੇ ਇੱਕ ਵਿਸ਼ਵਵਿਆਪੀ ਭਾਈਚਾਰੇ ਵਜੋਂ ਉਦੋਂ ਹੀ ਤਰੱਕੀ ਕਰ ਸਕਦੇ ਹਾਂ ਜਦੋਂ ਅਸੀਂ ਵਿਭਿੰਨਤਾ ਨੂੰ ਅਪਣਾਉਂਦੇ ਹਾਂ, ਆਪਣੇ ਅਲੱਗ ਹੋਣ ਦਾ ਜਸ਼ਨ ਮਨਾਉਂਦੇ ਹਾਂ ਅਤੇ ਇੱਕ ਦੂਜੇ ਨੂੰ ਉੱਚਾ ਚੁੱਕਦੇ ਹਾਂ। ਅੱਜ ਇੱਕ ਅਜਿਹੀ ਦੁਨੀਆ, ਜੋ ਅਕਸਰ ਸਾਨੂੰ ਵੰਡਣ ਦੀ ਕੋਸ਼ਿਸ਼ ਕਰਦੀ ਹੈ, ਵਿੱਚ ਸਾਹਿਤ ਆਖ਼ਰੀ ਪਵਿੱਤਰ ਪੜਾਅ ਹੈ ਜਿੱਥੇ ਅਸੀਂ ਇੱਕ ਦੂਜੇ ਦੇ ਮਨਾਂ ਵਿੱਚ ਰਹਿ ਸਕਦੇ ਹਾਂ ਪਰ ਬੁਨਿਆਦੀ ਸੰਘਰਸ਼ ਅਜੇ ਵੀ ਜਾਰੀ ਹੈ।

ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਕਮੇਟੀ ਨੂੰ ਦਿੱਤੀ ਇੰਟਰਵਿਊ ਵਿੱਚ ਮੁਸ਼ਤਾਕ ਨੂੰ ਉਸ ਦੀਆਂ ਕਹਾਣੀਆਂ ਦੀ ਪ੍ਰੇਰਨਾ ਅਤੇ ਲਿਖਣ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਮੇਰੀਆਂ ਕਹਾਣੀਆਂ ਔਰਤਾਂ ਦੀਆਂ ਕਹਾਣੀਆਂ ਹਨ। ਧਰਮ, ਸਮਾਜ ਅਤੇ ਰਾਜਨੀਤੀ ਕਿਵੇਂ ਮੰਗ ਕਰਦੇ ਹਨ ਕਿ ਸਾਰੀਆਂ ਔਰਤਾਂ ਬਿਨਾਂ ਕਿਸੇ ਸਵਾਲ ਦੇ ਉਨ੍ਹਾਂ ਦੇ ਹੁਕਮਾਂ ਨੂੰ ਚੁੱਪਚਾਪ ਸਵੀਕਾਰ ਕਰਨ ਅਤੇ ਅਜਿਹਾ ਕਰਕੇ, ਉਹ ਉਨ੍ਹਾਂ ਨੂੰ ਮਨੁੱਖੀ ਬੇਰਹਿਮੀ ਦਾ ਸ਼ਿਕਾਰ ਬਣਾਉਂਦੇ ਹਨ। ਮੀਡੀਆ ਵਿੱਚ ਰੋਜ਼ਾਨਾ ਦੀਆਂ ਖ਼ਬਰਾਂ ਅਤੇ ਮੇਰੇ ਆਪਣੇ ਤਜਰਬਿਆਂ ਨੇ ਮੈਨੂੰ ਇਹ ਕਹਾਣੀਆਂ ਲਿਖਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਔਰਤਾਂ ਦੇ ਦਰਦ, ਦੁੱਖ ਅਤੇ ਬੇਵੱਸ ਜ਼ਿੰਦਗੀ ਨੂੰ ਦੇਖ ਕੇ ਮੇਰੇ ਅੰਦਰ ਇੱਕ ਅਜੀਬ ਜਿਹੀ ਭਾਵਨਾ ਪੈਦਾ ਹੁੰਦੀ ਹੈ ਅਤੇ ਇਸ ਦੇ ਜਵਾਬ ਵਿੱਚ ਮੈਂ ਲਿਖਣ ਲਈ ਮਜਬੂਰ ਹੋ ਜਾਂਦੀ ਹਾਂ। ਮੈਂ ਬਹੁਤ ਜ਼ਿਆਦਾ ਖੋਜ ਵਿੱਚ ਵਿਸ਼ਵਾਸ ਨਹੀਂ ਰੱਖਦੀ। ਮੇਰਾ ਦਿਲ ਹੀ ਮੇਰਾ ਖੋਜ ਖੇਤਰ ਹੈ। ਕੋਈ ਵੀ ਘਟਨਾ ਮੈਨੂੰ ਜਿੰਨੀ ਵੀ ਤੀਬਰਤਾ ਨਾਲ ਪ੍ਰਭਾਵਿਤ ਕਰਦੀ ਹੈ, ਮੈਂ ਉਸ ਨੂੰ ਆਪਣੀਆਂ ਕਹਾਣੀਆਂ ਵਿੱਚ ਓਨੀ ਹੀ ਸ਼ਿੱਦਤ ਨਾਲ ਦਰਜ ਕਰਦੀ ਹਾਂ।’’

ਬਾਨੂ ਮੁਸ਼ਤਾਕ ਨੂੰ ਸਾਹਿਤ ਦਾ ਇਹ ਪੁਰਸਕਾਰ ਅਸਲ ਵਿੱਚ ਹਾਸ਼ੀਏ ’ਤੇ ਧੱਕੇ ਲੋਕਾਂ, ਖ਼ਾਸਕਰ ਦੱਖਣੀ ਭਾਰਤ ਵਿੱਚ ਮੁਸਲਿਮ ਸਮਾਜ ਦੀਆਂ ਔਰਤਾਂ ਦੀ ਕਹਾਣੀ ਤੇ ਹਾਲਾਤ ਨੂੰ ਵੱਖਰੀ ਤਰ੍ਹਾਂ ਸਥਾਪਿਤ ਕਰਦਾ ਹੈ ਜਿਸਦੀ ਆਪਣੀ ਪਛਾਣ ਹੈ।

ਭਾਰਤੀ ਸਾਹਿਤ ਵਿੱਚ ਅਜੇ ਵੀ ਬਾਨੂ ਮਸ਼ਤਾਕ ਦੀਆਂ ਲਿਖਤਾਂ ਦਾ ਕੋਈ ਜ਼ਿਆਦਾ ਜ਼ਿਕਰ ਨਹੀਂ ਹੋਇਆ ਹੈ। ਅਜਿਹਾ ਹੁਣ ਪਹਿਲੀ ਵਾਰ ਹੋਵੇਗਾ ਕਿ ਕੰਨੜ ਸਾਹਿਤ ਨੂੰ ਇਸ ਵਾਰ ਬੁੱਕਰ ਨਾਲ ਕੰਨੜ ਦੇ ਘੱਟਗਿਣਤੀ ਤਬਕੇ ਦੀਆਂ ਸਮੱਸਿਆਵਾਂ ਅੰਤਰਰਾਸ਼ਟਰੀ ਦ੍ਰਿਸ਼ ’ਤੇ ਆ ਗਈਆਂ ਹਨ, ਜਿਸ ਨਾਲ ਸਾਹਿਤ ਦੀ ਇੱਕ ਨਵੀਂ ਸੀਮਾਵਾਂ ਤੋਂ ਪਾਰ ਪਛਾਣ ਦੀ ਨਵੀਂ ਪਛਾਣ ਦੇਖੀ ਜਾ ਸਕਦੀ ਹੈ।

* ਲੇਖਕ ਉੱਘਾ ਬ੍ਰਾਡਕਾਸਟਰ ਤੇ ਮੀਡੀਆ ਵਿਸ਼ਲੇਸ਼ਕ ਹੈ।

Advertisement
×