DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਹਾਣੀ ਪੰਜਾਬ ਦੀ ...

ਪੰਜਾਬ ਨਾਂ ਅੰਦਰ ਹੀ ਇੱਕ ਅਜੀਬ ਜਿਹੀ ਖਿੱਚ ਅਤੇ ਸੁਗੰਧ ਹੈ। ਇਸ ਧਰਤੀ ਵਿੱਚੋਂ ਸਦੀਆਂ ਪੁਰਾਣੀਆਂ ਕਹਾਣੀਆਂ ਅਤੇ ਸੱਭਿਆਚਾਰ ਦੀ ਮਹਿਕ ਆਉਂਦੀ ਹੈ, ਜੋ ਆਪਣੀ ਵਿਰਾਸਤ ਅਤੇ ਤਬਦੀਲੀਆਂ ਦੇ ਸੰਘਰਸ਼ ਵਿੱਚ ਸਾਹ ਲੈ ਰਹੀ ਹੈ। ਪੰਜਾਬ ਦੀ ਇਹ ਕਹਾਣੀ ਸਮਿਆਂ...

  • fb
  • twitter
  • whatsapp
  • whatsapp
Advertisement

ਪੰਜਾਬ ਨਾਂ ਅੰਦਰ ਹੀ ਇੱਕ ਅਜੀਬ ਜਿਹੀ ਖਿੱਚ ਅਤੇ ਸੁਗੰਧ ਹੈ। ਇਸ ਧਰਤੀ ਵਿੱਚੋਂ ਸਦੀਆਂ ਪੁਰਾਣੀਆਂ ਕਹਾਣੀਆਂ ਅਤੇ ਸੱਭਿਆਚਾਰ ਦੀ ਮਹਿਕ ਆਉਂਦੀ ਹੈ, ਜੋ ਆਪਣੀ ਵਿਰਾਸਤ ਅਤੇ ਤਬਦੀਲੀਆਂ ਦੇ ਸੰਘਰਸ਼ ਵਿੱਚ ਸਾਹ ਲੈ ਰਹੀ ਹੈ। ਪੰਜਾਬ ਦੀ ਇਹ ਕਹਾਣੀ ਸਮਿਆਂ ਤੋਂ ਵੱਧ ਪੁਰਾਣੀ ਹੈ, ਜਿਸ ਦੀਆਂ ਜੜ੍ਹਾਂ ਇਤਿਹਾਸ ਦੀਆਂ ਗਹਿਰਾਈਆਂ ਵਿੱਚ ਪਹੁੰਚਦੀਆਂ ਹਨ। ਅੱਜ ਇਹ ਧਰਤੀ ਆਪਣੇ ਹੀ ਅੰਦਰੂਨੀ ਅਤੇ ਬਾਹਰੀ ਸੰਘਰਸ਼ਾਂ ਵਿੱਚ ਉਲਝੀ ਹੋਈ ਜਾਪਦੀ ਹੈ। ਪੰਜਾਬ ਇੱਕ ਪਾਸੇ ਆਪਣੀ ਸੁਨਹਿਰੀ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਹੈ ਅਤੇ ਦੂਜੇ ਪਾਸੇ ਆਧੁਨਿਕਤਾ, ਨਸ਼ਿਆਂ, ਸਮਾਜਿਕ ਵੰਡੀਆਂ ਅਤੇ ਵਾਤਾਵਰਣ ਦੀ ਤਬਾਹੀ ਦੇ ਚੱਕਰਵਿਊਹ ਵਿੱਚ ਫਸਿਆ ਹੋਇਆ ਹੈ।

ਪੰਜਾਬ ਦੀ ਧਰਤੀ ਨੂੰ ਸਦਾ ਹੀ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਇਹ ਉਹ ਧਰਤੀ ਸੀ ਜਿੱਥੇ ਹਰੀ ਕ੍ਰਾਂਤੀ ਨੇ ਨਾ ਸਿਰਫ਼ ਪੰਜਾਬ ਨੂੰ ਸਗੋਂ ਪੂਰੇ ਦੇਸ਼ ਨੂੰ ਅੰਨ ਦਾ ਭੰਡਾਰ ਬਣਾਇਆ। ਖੇਤਾਂ ਵਿੱਚ ਸੋਨੇ ਵਰਗੀਆਂ ਫ਼ਸਲਾਂ ਲਹਿਰਾਉਂਦੀਆਂ ਸਨ ਅਤੇ ਪੰਜ ਨਦੀਆਂ ਦੇ ਪਾਣੀ ਨੇ ਇਸ ਮਿੱਟੀ ਨੂੰ ਹਰਿਆ-ਭਰਿਆ ਰੱਖਿਆ।, ਪਰ ਅੱਜ ਸਥਿਤੀ ਬਦਲ ਗਈ ਹੈ। ਸੂਰਜ ਦੀ ਅੱਗ ਵਰਗੀ ਤਪਸ਼, ਸੁੱਕ ਰਹੇ ਰੁੱਖ ਅਤੇ ਖ਼ਤਮ ਹੁੰਦੇ ਪਾਣੀ ਦੇ ਸੋਮੇ ਪੰਜਾਬ ਦੀ ਉਸ ਪੁਰਾਣੀ ਰੌਣਕ ਨੂੰ ਫਿੱਕਾ ਕਰ ਰਹੇ ਹਨ। ਹਰੀ ਕ੍ਰਾਂਤੀ ਨੇ ਪੰਜਾਬ ਨੂੰ ਅੰਨ ਦੀ ਭਰਮਾਰ ਦਿੱਤੀ, ਪਰ ਇਸ ਦੇ ਨਾਲ ਹੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਖੋਰਾ ਲਾਇਆ। ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅਤਿ ਦੀ ਵਰਤੋਂ ਨੇ ਮਿੱਟੀ ਨੂੰ ਜ਼ਹਿਰੀਲਾ ਕਰ ਦਿੱਤਾ ਅਤੇ ਪਾਣੀ ਦੀ ਘਾਟ ਨੇ ਕਿਸਾਨਾਂ ਦੀਆਂ ਮੁਸੀਬਤਾਂ ਵਿੱਚ ਵਾਧਾ ਕੀਤਾ। ਅੱਜ ਪੰਜਾਬ ਦੇ ਖੇਤਾਂ ਵਿੱਚ ਸਿਰਫ਼ ਫ਼ਸਲਾਂ ਨਹੀਂ ਸਗੋਂ ਕਰਜ਼ੇ ਅਤੇ ਨਿਰਾਸ਼ਾ ਦੀਆਂ ਕਹਾਣੀਆਂ ਵੀ ਉੱਗਦੀਆਂ ਹਨ।

Advertisement

ਇਸ ਸਭ ਦੇ ਦਰਮਿਆਨ ਸਮਾਜਿਕ ਤਾਣਾ-ਬਾਣਾ ਵੀ ਖਿੰਡਦਾ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਕਦੇ ਮਿਹਨਤ ਅਤੇ ਜੋਸ਼ ਦਾ ਪ੍ਰਤੀਕ ਸੀ, ਪਰ ਅੱਜ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਹੈ। ਨਸ਼ਿਆਂ ਨੇ ਨੌਜਵਾਨਾਂ ਦੀ ਸਿਆਣਪ ਨੂੰ ਖੋਹ ਲਿਆ ਹੈ ਅਤੇ ਪਿੰਡਾਂ ਦੀਆਂ ਗਲੀਆਂ ਵਿੱਚ ਹੁਣ ਉਹ ਖ਼ੁਸ਼ੀ ਤੇ ਰੌਣਕ ਨਹੀਂ ਰਹੀ, ਜੋ ਕਦੇ ਸਾਂਝੀਆਂ ਮਹਿਫ਼ਿਲਾਂ ਅਤੇ ਸੱਥਾਂ ਦੀ ਚਰਚਾ ਵਿੱਚ ਦਿਸਦੀ ਸੀ। ਮੋਬਾਈਲ ਦੀ ਦੁਨੀਆ ਨੇ ਮਨੁੱਖੀ ਸਬੰਧਾਂ ਨੂੰ ਵੀ ਬਦਲ ਦਿੱਤਾ ਹੈ। ਅੱਜ ਦੀਆਂ ਮਹਿਫ਼ਿਲਾਂ ਸਕਰੀਨਾਂ ਦੀ ਨਕਲੀ ਚਮਕ ਵਿੱਚ ਗੁਆਚ ਗਈਆਂ ਹਨ ਅਤੇ ਸੱਥਾਂ ’ਚ ਬੈਠ ਕੇ ਗੱਲਾਂ-ਬਾਤਾਂ ਕਰਨ ਦੀ ਪਰੰਪਰਾ ਲਗਭਗ ਖ਼ਤਮ ਹੋ ਚੁੱਕੀ ਹੈ। ਪੰਜਾਬ ਦੀ ਸਾਂਝ ਅੱਜ ਸੁਆਰਥ ਅਤੇ ਵੰਡੀਆਂ ਦੀ ਭੇਟ ਚੜ੍ਹ ਗਈ ਹੈ। ਸਭ ਤੋਂ ਵੱਡੀ ਤ੍ਰਾਸਦੀ ਸ਼ਾਇਦ ਇਹ ਹੈ ਕਿ ਇਸ ਦੀ ਨੌਜਵਾਨ ਪੀੜ੍ਹੀ ਅੱਜ ਨਸ਼ਿਆਂ ਦੀ ਦਲਦਲ ਵਿੱਚ ਫਸ ਗਈ ਹੈ। ਜਿਨ੍ਹਾਂ ਦੇ ਹੱਥਾਂ ਵਿੱਚ ਪੰਜਾਬ ਦਾ ਭਵਿੱਖ ਹੋਣਾ ਚਾਹੀਦਾ ਸੀ, ਉਹ ਨੌਜਵਾਨ ਅੱਜ ਆਪਣੀ ਜ਼ਿੰਦਗੀ ਨੂੰ ਹੀ ਗੁਆ ਰਹੇ ਹਨ। ਨਸ਼ਿਆਂ ਦੀ ਲਤ ਨੇ ਨਾ ਸਿਰਫ਼ ਨੌਜਵਾਨਾਂ ਦੀ ਸਿਹਤ ਅਤੇ ਸਿਆਣਪ ਨੂੰ ਖ਼ਤਮ ਕੀਤਾ ਸਗੋਂ ਪਰਿਵਾਰਾਂ ਨੂੰ ਵੀ ਤੋੜ ਦਿੱਤਾ ਹੈ। ਮਾਪਿਆਂ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਦੇ ਭਵਿੱਖ ਲਈ ਸਮਰਪਿਤ ਕਰ ਦਿੱਤੀ, ਪਰ ਅੱਜ ਬਿਰਧ ਆਸ਼ਰਮਾਂ ਵਿੱਚ ਰੁਲਦੇ ਹੋਏ ਆਪਣੇ ਖ਼ੂਨ ਨੂੰ ਚਿੱਟਾ ਹੁੰਦਾ ਵੇਖ ਰਹੇ ਹਨ। ਇਹ ਸਥਿਤੀ ਨਾ ਸਿਰਫ਼ ਦੁਖਦਾਈ ਹੈ ਸਗੋਂ ਪੰਜਾਬ ਦੇ ਸਮਾਜਿਕ ਢਾਂਚੇ ਨੂੰ ਵੀ ਖੋਰਾ ਲਾ ਰਹੀ ਹੈ।

Advertisement

ਪੰਜਾਬ ਦੀ ਇਹ ਤਬਦੀਲੀ ਸਿਰਫ਼ ਸਮਾਜਿਕ ਜਾਂ ਆਰਥਿਕ ਪੱਧਰ ’ਤੇ ਹੀ ਨਹੀਂ ਸਗੋਂ ਸਭਿਆਚਾਰਕ ਪੱਧਰ ’ਤੇ ਵੀ ਸਪੱਸ਼ਟ ਹੈ। ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਬੱਚੇ ਮਿੱਟੀ ਵਿੱਚ ਖੇਡਦੇ ਹੋਏ ਵੱਡੇ ਹੁੰਦੇ ਸਨ। ਉਹ ਖੇਡਾਂ ਸਰੀਰਕ ਅਤੇ ਮਾਨਸਿਕ ਵਿਕਾਸ ਦਾ ਸਾਧਨ ਸਨ ਜਦੋਂਕਿ ਅੱਜ ਮੋਬਾਈਲ ਗੇਮਾਂ ਉਨ੍ਹਾਂ ਦੀ ਥਾਂ ਲੈ ਚੁੱਕੀਆਂ ਹਨ। ਸਾਂਝੇ ਚੁੱਲ੍ਹੇ ਪਰਿਵਾਰਾਂ ਅਤੇ ਗੁਆਂਢੀਆਂ ਨੂੰ ਜੋੜਦੇ ਸਨ। ਇਹ ਅੱਜ ਸਿਰਫ਼ ਯਾਦਾਂ ਵਿੱਚ ਹੀ ਬਚੇ ਹਨ। ਇਸ ਤਰ੍ਹਾਂ ਦੀ ਸੱਭਿਆਚਾਰਕ ਤਬਦੀਲੀ ਨੇ ਪੰਜਾਬ ਦੀ ਆਤਮਾ ਨੂੰ ਝੰਜੋੜਿਆ ਹੈ।

ਇਸ ਸਾਰੀ ਸਥਿਤੀ ਦਾ ਇੱਕ ਵੱਡਾ ਕਾਰਨ ਸਮਾਜ ਵਿੱਚ ਵਧਦੀ ਨਾਬਰਾਬਰੀ ਅਤੇ ਸਿਆਸੀ ਅਸਥਿਰਤਾ ਵੀ ਹੈ। ਦੇਸ਼ ਦੀ ਵੰਡ ਨੇ ਪੰਜਾਬ ਦੀ ਧਰਤੀ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਸਨ, ਜੋ ਆਪ ਅੱਜ ਆਰਥਿਕ ਤੰਗੀ ਅਤੇ ਸਰਕਾਰੀ ਨੀਤੀਆਂ ਦੀ ਮਾਰ ਹੇਠ ਦਬ ਗਏ ਹਨ। ਸਰਕਾਰੀ ਯੋਜਨਾਵਾਂ ਅਤੇ ਸਹਾਇਤਾ ਪ੍ਰਣਾਲੀਆਂ, ਜੋ ਕਿਸਾਨਾਂ ਦੀ ਮਦਦ ਲਈ ਬਣਾਈਆਂ ਗਈਆਂ ਸਨ, ਅਕਸਰ ਸਵਾਰਥੀ ਹੱਥਾਂ ਵਿੱਚ ਚਲੀਆਂ ਜਾਂਦੀਆਂ ਹਨ। ਇਸ ਦਾ ਨਤੀਜਾ ਇਹ ਹੈ ਕਿ ਪੰਜਾਬ ਦੀ ਕਿਸਾਨੀ ਅੱਜ ਸੰਕਟ ਵਿੱਚ ਹੈ।

ਵਾਤਾਵਰਣ ਦੀ ਤਬਾਹੀ ਵੀ ਪੰਜਾਬ ਦੀ ਇੱਕ ਵੱਡੀ ਸਮੱਸਿਆ ਹੈ। ਸੂਰਜ ਦੀ ਵਧਦੀ ਤਪਸ਼ ਅਤੇ ਸੁੱਕ ਰਹੇ ਰੁੱਖ ਪੰਜਾਬ ਦੇ ਵਾਤਾਵਰਣ ਦੀ ਬਦਲਦੀ ਤਸਵੀਰ ਦੇ ਸੰਕੇਤ ਹਨ। ਪੰਜ ਦਰਿਆਵਾਂ ਦੀ ਧਰਤੀ ਵਿੱਚ ਪਾਣੀ ਦੀ ਘਾਟ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ, ਪਰ ਅੱਜ ਇਹ ਤਲਖ਼ ਹਕੀਕਤ ਬਣ ਗਈ ਹੈ। ਨਦੀਆਂ ਦੇ ਪਾਣੀ ਦੀ ਵੰਡ ਅਤੇ ਧਰਤੀ ਹੇਠਲੇ ਪਾਣੀ ਦੀ ਬੇਹਿਸਾਬੀ ਵਰਤੋਂ ਨੇ ਪੰਜਾਬ ਨੂੰ ਸੋਕੇ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਇਸ ਨੇ ਨਾ ਸਿਰਫ਼ ਖੇਤੀਬਾੜੀ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਪੰਜਾਬੀਆਂ ਦੀ ਸਿਹਤ ’ਤੇ ਵੀ ਬੁਰਾ ਅਸਰ ਪਾਇਆ ਹੈ। ਪੰਜਾਬ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਘਟਦੀ ਜਾ ਰਹੀ ਹੈ ਅਤੇ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ।

ਇਸ ਸਭ ਦੇ ਬਾਵਜੂਦ ਪੰਜਾਬ ਦੀ ਆਤਮਾ ਅਜੇ ਵੀ ਜਿਊਂਦੀ ਹੈ। ਇਸ ਧਰਤੀ ਦੇ ਲੋਕਾਂ ਵਿੱਚ ਅਜੇ ਵੀ ਉਹ ਜਜ਼ਬਾ ਹੈ, ਜੋ ਸਮੱਸਿਆਵਾਂ ਨਾਲ ਲੜਨ ਦੀ ਹਿੰਮਤ ਰੱਖਦਾ ਹੈ। ਪੰਜਾਬ ਦੇ ਲੋਕਾਂ ਨੇ ਸਦੀਆਂ ਤੋਂ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ ਅਤੇ ਅੱਜ ਵੀ ਉਹ ਆਪਣੀ ਖੁਸ਼ਹਾਲੀ ਵਾਪਸ ਪ੍ਰਾਪਤ ਕਰਨ ਦੀ ਲੜਾਈ ਲੜ ਰਹੇ ਹਨ। ਸਮਾਜਿਕ ਸੰਗਠਨ ਅਤੇ ਨੌਜਵਾਨਾਂ ਦੀ ਜਾਗਰੂਕਤਾ ਸਦਕਾ ਸੁਧਾਰ ਦੀਆਂ ਕੋਸ਼ਿਸ਼ਾਂ ਇਸ ਦੀ ਮਿਸਾਲ ਹਨ। ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮਾਂ, ਵਾਤਾਵਰਣ ਸੁਰੱਖਿਆ ਲਈ ਬੂਟੇ ਲਗਾਉਣ ਦੀਆਂ ਮੁਹਿੰਮਾਂ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਾਰਨ ਲਈ ਯਤਨ ਪੰਜਾਬ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਦੀ ਦਿਸ਼ਾ ਵਿੱਚ ਕਦਮ ਹਨ। ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਬਣਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ। ਸਰਕਾਰ, ਸਮਾਜ ਅਤੇ ਵਿਅਕਤੀਗਤ ਪੱਧਰ ’ਤੇ ਸੁਧਾਰਾਂ ਦੀ ਜ਼ਰੂਰਤ ਹੈ। ਸਿੱਖਿਆ ਅਤੇ ਜਾਗਰੂਕਤਾ ਨੂੰ ਵਧਾਉਣਾ, ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ, ਵਾਤਾਵਰਣ ਸੁਰੱਖਿਆ ਅਤੇ ਖੇਤੀਬਾੜੀ ਦੀਆਂ ਉੱਤਮ ਤਕਨੀਕਾਂ ਨੂੰ ਅਪਣਾਉਣਾ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੋ ਸਕਦੇ ਹਨ। ਪੰਜਾਬੀਆਂ ਨੂੰ ਆਪਣੀ ਸੁਨਹਿਰੀ ਵਿਰਾਸਤ ਨੂੰ ਯਾਦ ਰੱਖਦੇ ਹੋਏ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਅੱਗੇ ਵਧਣਾ ਹੋਵੇਗਾ।

ਦਰਅਸਲ, ਪੰਜਾਬ ਦੀ ਕਹਾਣੀ ਸਿਰਫ਼ ਨਿਰਾਸ਼ਾ ਜਾਂ ਤਬਾਹੀ ਦੀ ਨਹੀਂ ਸਗੋਂ ਸੰਘਰਸ਼ ਅਤੇ ਉਮੀਦ ਦੀ ਵੀ ਹੈ। ਪੰਜਾਬ ਦੀ ਧਰਤੀ ਸਦੀਆਂ ਤੋਂ ਅਨੇਕਾਂ ਸੱਭਿਆਚਾਰਾਂ, ਇਤਿਹਾਸ ਅਤੇ ਜਜ਼ਬਿਆਂ ਦਾ ਸੰਗਮ ਸਥਾਨ ਰਹੀ ਹੈ। ਇਹ ਅੱਜ ਵੀ ਆਪਣੀ ਖੁਸ਼ਹਾਲੀ ਮੁੜ ਪ੍ਰਾਪਤ ਕਰ ਸਕਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਧਰਤੀ ਦੀ ਸੁਨਹਿਰੀ ਵਿਰਾਸਤ ਨੂੰ ਸੰਭਾਲਣ ਅਤੇ ਇਸ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਕੰਮ ਕਰਨਾ ਹੋਵੇਗਾ।

ਸੰਪਰਕ: 70098-07121

Advertisement
×