ਕੈਨਵਸ ’ਤੇ ਝੁਕਿਆ ਕਵੀ
ਸਦਾ ਸਫ਼ਰ ’ਤੇ ਰਿਹਾ ਨਿਆਰਾ ਸ਼ਾਇਰ-ਚਿੱਤਰਕਾਰ ਦੇਵ ਆਪਣੇ ਪਿੱਛੇ ਨਿਵੇਕਲੇਪਣ ਦੀਆਂ ਪੈੜਾਂ ਛੱਡ ਗਿਆ ਹੈ। ਉਹ ਪੰਜਾਬ ਤੇ ਪੰਜਾਬੀਆਂ ਲਈ ਸ਼ਾਇਰ ਸੀ ਅਤੇ ਪੱਛਮ ਲਈ ਨਿਰੋਲ ਚਿੱਤਰਕਾਰ। ਉਹਦੀਆਂ ਕਵਿਤਾਵਾਂ ਚਿੱਤਰਾਂ ਵਰਗੀਆਂ ਅਤੇ ਚਿੱਤਰ ਕਵਿਤਾ ਜਾਪਦੇ। ਕਲਪਨਾ ਕਰਨੀ ਹੋਵੇ ਤਾਂ ਜ਼ਿਹਨ...
ਸਦਾ ਸਫ਼ਰ ’ਤੇ ਰਿਹਾ ਨਿਆਰਾ ਸ਼ਾਇਰ-ਚਿੱਤਰਕਾਰ ਦੇਵ ਆਪਣੇ ਪਿੱਛੇ ਨਿਵੇਕਲੇਪਣ ਦੀਆਂ ਪੈੜਾਂ ਛੱਡ ਗਿਆ ਹੈ। ਉਹ ਪੰਜਾਬ ਤੇ ਪੰਜਾਬੀਆਂ ਲਈ ਸ਼ਾਇਰ ਸੀ ਅਤੇ ਪੱਛਮ ਲਈ ਨਿਰੋਲ ਚਿੱਤਰਕਾਰ। ਉਹਦੀਆਂ ਕਵਿਤਾਵਾਂ ਚਿੱਤਰਾਂ ਵਰਗੀਆਂ ਅਤੇ ਚਿੱਤਰ ਕਵਿਤਾ ਜਾਪਦੇ। ਕਲਪਨਾ ਕਰਨੀ ਹੋਵੇ ਤਾਂ ਜ਼ਿਹਨ ਵਿੱਚ ਜੋ ਚਿੱਤਰ ਉੱਭਰਦਾ ਹੈ, ਉਹ ਇੱਦਾਂ ਦਾ ਲੱਗਦਾ ਹੈ: ਧਰਤੀ ਉੱਤੇ ਰੰਗ ਅਤੇ ਅੱਖਰ ਬਹੁਤ ਸੰਜਮ, ਸਬਰ ਤੇ ਸਲੀਕੇ ਨਾਲ ਵਿਛਾਏ ਹੋਏ ਹਨ। ਚਿੱਤਰ ਦੀ ਸਿਰਜਣਾ ਵੇਲੇ ਉਹ ਕੈਨਵਸ ਨੂੰ ਹੇਠਾਂ ਵਿਛਾ ਲੈਂਦਾ ਸੀ ਅਤੇ ਫਿਰ ਗੋਡਿਆਂ ਭਾਰ ਹੋ ਕੇ ਰੰਗਾਂ ਨੂੰ ਸੁਰ ਕਰਨ ਲੱਗ ਪੈਂਦਾ। ਇਉਂ ਬੁਰਸ਼ ਨੂੰ ਚਿੰਬੜੇ ਰੰਗਾਂ ਅੰਦਰ ਉਹਦੇ ਮੱਥੇ ’ਤੇ ਸਿੰਮਿਆ ਪਸੀਨਾ ਜ਼ਰੂਰ ਸ਼ਾਮਲ ਹੋ ਜਾਂਦਾ ਹੋਵੇਗਾ; ਸ਼ਾਇਦ ਇਸੇ ਕਰ ਕੇ ਉਹਦੇ ਚਿੱਤਰਾਂ ਦੀ ਸੰਘਣੀ ਜ਼ਮੀਨ ਕਿਸੇ ਬਗੀਚੀ ਵਾਂਗ ਮਹਿਕਦੀ/ਟਹਿਕਦੀ ਜਾਪਦੀ ਹੈ। ਕਾਗ਼ਜ਼ ’ਤੇ ਕਵਿਤਾ ਸਿਰਜਣ ਵੇਲੇ ਵੀ ਉਹਦਾ ਇਹੀ ਅਮਲ ਹੁੰਦਾ ਸੀ। ਕਾਗ਼ਜ਼ ਅਤੇ ਕੈਨਵਸ ’ਤੇ ਝੁਕੇ ਕਵੀ-ਚਿੱਤਰਕਾਰ ਦਾ ਇਹ ਬਿੰਬ ਉਹਦੀਆਂ ਕਵਿਤਾਵਾਂ ਤੇ ਚਿੱਤਰਾਂ ਵਿੱਚ ਬਹੁਤ ਸੂਖ਼ਮਤਾ ਤੇ ਸ਼ਿੱਦਤ ਨਾਲ ਹਾਜ਼ਰ-ਨਾਜ਼ਰ ਹੈ।
ਸ਼ਬਦਾਂ ਤੇ ਰੰਗਾਂ ਦੇ ਇਸ ਅਮੁੱਕ ਸਫ਼ਰ ਨੂੰ ਆਖ਼ਰਕਾਰ ਵਿਰਾਮ ਲੱਗਣਾ ਸੀ; ਸੋ ਸਵਿੱਟਜ਼ਰਲੈਂਡ ਵਿਚਲੇ ਉਹਦੇ ਛੋਟੇ ਜਿਹੇ ਪਿੰਡ ਰੂਬੀਗਨ ਤੋਂ ਬਹੁਤ ਉਦਾਸ ਖ਼ਬਰ ਤੁਰ ਪਈ, ਐਨ ਉਸੇ ਤਰ੍ਹਾਂ ਜਿਵੇਂ ਦੇਵ ਆਪਣੇ ਹਰ ਸਫ਼ਰ ’ਤੇ ਖ਼ਾਮੋਸ਼ ਤੁਰਦਾ ਸੀ; ਇਸ ਖ਼ਾਮੋਸ਼ੀ ਅੰਦਰ ਭਾਵੇਂ ਬੜਾ ਤਾਣ ਹੁੰਦਾ ਸੀ। ਤਾਣ ਤੋਂ ਬਗੈਰ ਸਫ਼ਰ ਉਹਦੇ ਸ਼ਬਦਕੋਸ਼ ਵਿੱਚ ਨਹੀਂ ਸੀ। ਕਵਿਤਾ ਵਿੱਚ ਲਿਖੀ ਆਪਣੀ ਸਵੈ-ਜੀਵਨੀ ‘ਤਿਕੋਨਾ ਸਫ਼ਰ’ ਦੀ ਸਮਾਪਤੀ ਉਹਨੇ ਇਉਂ ਕੀਤੀ ਹੈ:
‘ਅੰਦਰਲੀਆਂ ਹਨੇਰੀਆਂ ਸੁਰੰਗਾਂ ਅੰਦਰ ਤੁਰਦੇ ਰਹਿਣਾ,
ਪਰਛਾਵਿਆਂ ਨਾਲ ਦਸਤਪੰਜਾ ਲੈਣ ਦਾ ਨਾਂ ਹੀ ਸਿਰਜਣਾ ਹੈ।’
ਦੇਵ ਅਸਲ ਵਿੱਚ ਹਨੇਰੀਆਂ ਸੁਰੰਗਾਂ ਅੰਦਰ ਆਪਣੇ ਆਪ ਨੂੰ ਲੱਭਦਾ ਫਿਰਦਾ ਸੀ, ਉਹਦੀ ਪਿਆਸ ਅਮੁੱਕ ਸੀ ਪਰ ਪਰਵਾਜ਼ ਵੀ ਓਨੀ ਅਸੀਮ ਸੀ। ਉਹਨੇ ਰਵਾਇਤਾਂ ਤੋੜੀਆਂ, ਫਿਰ ਆਪਣੀ ਮਰਜ਼ੀ ਦੀਆਂ ਸਿਰਜੀਆਂ ਵੀ। ਹਾਂ, ਪਿਛਲੇ ਕੁਝ ਸਾਲਾਂ ਤੋਂ ਇਕੱਲਤਾ ਦੀ ਉਦਾਸੀ ਲਗਾਤਾਰ ਘੇਰਾ ਘੱਤ ਰਹੀ ਸੀ। ਸ਼ਾਇਦ ਇਸੇ ਕਰ ਕੇ ਉਹਦਾ ਸਪੈਨਿਸ਼ ਵਿੱਚ ਕਵਿਤਾਵਾਂ ਰਚਣ ਦੀ ਰੀਝ ਵਾਲਾ ਸਫ਼ਰ ਅਧੂਰਾ ਰਹਿ ਗਿਆ। ਉਹਦਾ ਦਿਲ ਸੀ ਕਿ ਪੱਛਮੀ ਕਲਾ ਜਗਤ ਦੇ ਅੰਬਰ ’ਤੇ ਛਾਏ ਰੰਗਾਂ ਵਾਂਗ ਉਹ ਕੋਰੇ ਕਾਗ਼ਜ਼ ਉੱਤੇ ਸਪੈਨਿਸ਼ ਕਵਿਤਾ ਲਿਖੇ ਪਰ ਉਮਰ ਦੇ ਇਸ ਪੜਾਅ ’ਤੇ ਪਹਿਲਾਂ ਵਾਲਾ ਤਾਣ ਵੀ ਤਾਂ ਨਹੀਂ ਸੀ; ਪਹਿਲੇ ਮੂੰਹਜ਼ੋਰ ਤਾਣ ਦੀਆਂ ਤਣਾਂ ਢਿੱਲੀਆਂ ਪੈ ਰਹੀਆਂ ਹੋਣਗੀਆਂ। ਇਸੇ ਤਰ੍ਹਾਂ ਦੀ ਕੋਈ ਮਨੋ-ਅਵਸਥਾ ਹੋਵੇਗੀ ਜਦੋਂ ਕਾਗ਼ਜ਼ ਉੱਤੇ ਇਹ ਸ਼ਬਦ ਆਣ ਬੈਠੇ ਹੋਣਗੇ: ਪੰਜਾਬ, ਮੈਂ ਤੇਰਾ ਹਾਰਿਆ ਹੋਇਆ ਜੈਕਾਰਾ ਹਾਂ। ਉਹ ਵੀ ਦਿਨ ਸਨ ਜਦੋਂ ਕਵੀ ਨੇ ਸਫ਼ਰ ਦੌਰਾਨ ਉਲਾਂਘਾਂ ਭਰਦੇ ਪੈਰਾਂ ਨੂੰ ਦੀਵਿਆਂ ਦੀ ਤਸ਼ਬੀਹ ਦਿੱਤੀ ਸੀ। ਉਦੋਂ ਉਹ ਭਰੇ ਮੱਥੇ ਅਤੇ ਖਾਲੀ ਹੱਥਾਂ ਨਾਲ ਤੁਰਿਆ ਸੀ। ਮੁਹੱਬਤਾਂ ਦੇ ਕਾਫ਼ਲੇ ਨਾਲੋ-ਨਾਲ ਚੱਲੇ। ਮੱਥੇ ਅੰਦਰ ਤੜਫ਼ਦੇ ਆਪਣੇ ਹਿੱਸੇ ਦੇ ਇਹ ਸ਼ਬਦ ਤੇ ਰੰਗ, ਅਣਗਿਣਤ ਕਾਗ਼ਜ਼ਾਂ ਤੇ ਕੈਨਵਸਾਂ ਉੱਤੇ ਸਜਾ ਕੇ ਉਹ ਬਹੁਤ ਖ਼ਾਮੋਸ਼ੀ ਨਾਲ ਆਪਣੇ ਸਫ਼ਰ ਅੱਗੇ ‘ਡੰਡੀ’ ਲਾ ਗਿਆ। ‘ਤਿਕੋਨਾ ਸਫ਼ਰ’ ਵਿੱਚ ਸ਼ਾਇਰ ਲਿਖਦਾ ਹੈ: ਫੇਫੜਿਆਂ ’ਚ ਹੌਂਕ ਰਹੇ ਵਾਵਰੋਲੇ/ ਅਗਨੀ ਪਹਿਨ ਕੇ/ ‘ਬਾਹਰ’ ਆਉਣ ਲਈ ਛਟਪਟਾ ਰਹੇ ਨੇ।’ ... ਹੁਣ ਸਭ ਸ਼ਾਂਤ ਹੈ ... ਉਹਦੀ ਕਵਿਤਾ, ਕਲਾ ਤੇ ਸੁਭਾਅ ਵਾਂਗ ਐਨ ਸ਼ਾਂਤ...।

