ਨੌਵੇਂ ਪਾਤਸ਼ਾਹ ਦੀ ਸ਼ਹੀਦੀ: ਕਲਯੁਗ ਦਾ ਸਭ ਤੋਂ ਵੱਡਾ ਸਾਕਾ
ਗੁਰੂ ਤੇਗ ਬਹਾਦਰ ਜੀ ਦਾ ਚਿੱਤਰ। - ਬ੍ਰਹਮਜੋਤ ਅਸੀਂ ਸਾਰੇ ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਹੀ ਕਾਰਨ ਸੀ: ਔਰੰਗਜ਼ੇਬ ਵੱਲੋਂ ਹਿੰਦੂਆਂ ’ਤੇ ਕੀਤੇ ਜਾ ਰਹੇ ਤਸ਼ੱਦਦ ਦਾ ਵਿਰੋਧ। ਔਰੰਗਜ਼ੇਬ...
ਅਸੀਂ ਸਾਰੇ ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਹੀ ਕਾਰਨ ਸੀ: ਔਰੰਗਜ਼ੇਬ ਵੱਲੋਂ ਹਿੰਦੂਆਂ ’ਤੇ ਕੀਤੇ ਜਾ ਰਹੇ ਤਸ਼ੱਦਦ ਦਾ ਵਿਰੋਧ। ਔਰੰਗਜ਼ੇਬ ਨੇ ਆਪਣੇ ਪਿਤਾ ਦੀ ਛਾਤੀ ’ਤੇ ਪੈਰ ਰੱਖ ਕੇ ਤੇ ਆਪਣੇ ਭਰਾਵਾਂ ਦਾ ਕਤਲ ਕਰ ਕੇ ਤਖ਼ਤ ’ਤੇ ਕਬਜ਼ਾ ਕੀਤਾ ਸੀ। ਉਸ ਨੇ ਆਪਣੇ ਪਿਤਾ ਨੂੰ ਜ਼ਹਿਰ ਦੇ ਕੇ ਮਰਵਾਉਣ ਦੇ ਹੁਕਮ ਦਿੱਤੇ, ਇੱਕ ਇੱਕ ਕਰ ਕੇ ਆਪਣੇ ਭੈਣ-ਭਰਾ ਮਾਰ ਮੁਕਾਏ ਤੇ ਆਪਣੀਆਂ ਸੰਤਾਨਾਂ ਨੂੰ ਵੀ ਨਾ ਬਖ਼ਸ਼ਿਆ।
ਜਦੋਂ ਉਸ ਨੂੰ ਪਤਾ ਲੱਗਿਆ ਕਿ ਬ੍ਰਾਹਮਣ ਪਾਠਸ਼ਾਲਾਵਾਂ ਬਣਾ ਕੇ ਵਿੱਦਿਆ ਦੇ ਰਹੇ ਹਨ ਤੇ ਉੱਥੇ ਹਿੰਦੂ ਤੇ ਮੁਸਲਮਾਨ ਵਿਦਿਆਰਥੀ ਪੜ੍ਹਨ ਆਉਂਦੇ ਹਨ ਤਾਂ ਉਸ ਨੇ ਇਹ ਪੜ੍ਹਾਈ-ਲਿਖਾਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਮੰਦਿਰਾਂ ਨੂੰ ਢਾਹ ਕੇ ਉਨ੍ਹਾਂ ਦੀ ਥਾਂ ਮਸੀਤਾਂ ਬਣਵਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਉੱਚ ਅਹੁਦਿਆਂ ’ਤੇ ਤਾਇਨਾਤ ਹਿੰਦੂਆਂ ਨੂੰ ਹਟਾ ਕੇ ਮੁਸਲਮਾਨਾਂ ਨੂੰ ਬਿਠਾਇਆ। ਉਸ ਦਾ ਉਦੇਸ਼ ਸੀ ਕਿ ਹਿੰਦੋਸਤਾਨ ਵਿੱਚ ਸਿਰਫ਼ ਇਸਲਾਮ ਧਰਮ ਰਹੇ। ਨੌਕਰੀ ਤੋਂ ਬਰਖ਼ਾਸਤ ਕੀਤੇ ਕੁਝ ਹਿੰਦੂਆਂ ਨੇ ਇਸਲਾਮ ਕਬੂਲ ਲਿਆ ਤੇ ਜਿਨ੍ਹਾਂ ਨਾ ਕਬੂਲਿਆ ਉਨ੍ਹਾਂ ਨੂੰ ਜੇਲ੍ਹਾਂ ’ਚ ਡੱਕ ਦਿੱਤਾ ਗਿਆ। ਉਹ ਕਸ਼ਮੀਰੀ ਪੰਡਿਤਾਂ ਦੇ ਗਿਆਨ ਨੂੰ ਇਸਲਾਮ ਦੇ ਪ੍ਰਚਾਰ ਲਈ ਵਰਤਣਾ ਚਾਹੁੰਦਾ ਸੀ। ਇਸ ਲਈ ਉਸ ਨੇ ਕਸ਼ਮੀਰੀ ਪੰਡਿਤਾਂ ਸਾਹਮਣੇ ਦੋ ਰਾਹ ਛੱਡੇ ਸਨ- ਪਹਿਲਾ ਇਸਲਾਮ ਕਬੂਲਣਾ ਤੇ ਦੂਜਾ ਮੌਤ। ਕਸ਼ਮੀਰੀ ਪੰਡਿਤ ਔਰੰਗਜ਼ੇਬ ਦੇ ਅੱਤਿਆਚਾਰ ਤੋਂ ਤੰਗ ਆ ਕੇ ਅਮਰਨਾਥ ਮੰਦਿਰ ਗਏ। ਇਸ ਗੁਫ਼ਾ ਵਿੱਚ ਪੰਡਿਤ ਕਿਰਪਾ ਰਾਮ ਜੀ ਸਨ। ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਇਹ ਪੰਡਿਤ ਆਨੰਦਪੁਰ ਸਾਹਿਬ ਪਹੁੰਚੇ। ਉਸ ਵੇਲੇ ਗੁਰੂ ਤੇਗ ਬਹਾਦਰ ਜੀ ਦੀਵਾਨ ਲਗਾ ਕੇ ਬੈਠੇ ਸਨ ਅਤੇ ਬਾਲ ਗੋਬਿੰਦ ਰਾਏ, ਜੋ ਉਸ ਵੇਲੇ ਨੌਂ ਸਾਲ ਦੇ ਸਨ, ਵੀ ਗੁਰੂ ਸਾਹਿਬ ਦੇ ਨਾਲ ਉੱਥੇ ਬੈਠੇ ਸਨ। ਪੰਡਿਤਾਂ ਨੇ ਫਰਿਆਦ ਕੀਤੀ ਤੇ ਦੱਸਿਆ ਕਿ ਜੇਕਰ ਗੁਰੂ ਜੀ ਨੇ ਉਨ੍ਹਾਂ ਦੀ ਮਦਦ ਨਾ ਕੀਤੀ ਤਾਂ ਕੋਈ ਹਿੰਦੂ ਜੀਵਤ ਨਹੀਂ ਬਚੇਗਾ।
ਪੰਡਿਤ ਕਿਰਪਾ ਰਾਮ ਉਹੀ ਹਨ, ਜਿਨ੍ਹਾਂ ਮਾਤਾ ਗੁਜਰੀ ਜੀ ਦੇ ਕਸ਼ਮੀਰ ਵਿੱਚ ਰਹਿੰਦਿਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਿਆ ਦਿੱਤੀ ਸੀ। ਇਹੀ ਪੰਡਿਤ ਕਿਰਪਾ ਰਾਮ ਜੀ ਬਾਅਦ ਵਿੱਚ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ। ਪੰਡਿਤਾਂ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਨਿਸ਼ਚਾ ਕਰ ਲਿਆ ਕਿ ਆਪਣਾ ਸੀਸ ਦੇ ਕੇ ਜ਼ਾਲਮ ਨੂੰ ਸਬਕ ਸਿਖਾਉਣਾ ਹੀ ਪਏਗਾ।
ਗੁਰੂ ਸਾਹਿਬ ਨੇ ਪੰਡਿਤਾਂ ਨੂੰ ਆਖਿਆ, ‘‘ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਉਹ ਗੁਰੂ ਤੇਗ ਬਹਾਦਰ ਨੂੰ ਇਸਲਾਮ ਕਬੂਲ ਕਰਵਾ ਲੈਂਦਾ ਹੈ ਤਾਂ ਅਸੀਂ ਸਾਰੇ ਵੀ ਇਸਲਾਮ ਕਬੂਲ ਕਰ ਲਵਾਂਗੇ।’’ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਫ਼ਰਮਾਨ ਨੂੰ ਹੱਸ ਕੇ ਕਬੂਲ ਕੀਤਾ।
ਗੁਰੂ ਸਾਹਿਬ ਨੇ ਬਾਲ ਗੋਬਿੰਦ ਰਾਏ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਤੇ ਆਪ ਕਮਰ ਕੱਸ ਲਈ। ਉਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਪਹਿਨੇ ਤੇ ਬਾਲ ਗੋਬਿੰਦ ਰਾਏ ਜੀ ਨੂੰ ਘੁੱਟ ਕੇ ਜੱਫੀ ਪਾਈ। ਮਾਤਾ ਨਾਨਕੀ ਜੀ ਦੀ ਚਿੰਤਾ ਵੇਖ ਗੁਰੂ ਸਾਹਿਬ ਨੇ ਸਾਰੇ ਪਰਿਵਾਰ ਨੂੰ ਨਿਰਮੋਹ ਕਰਨ ਲਈ ਉਪਦੇਸ਼ ਦਿੱਤਾ ਕਿ ਸੰਸਾਰ ਵਿੱਚ ਸਰੀਰਾਂ ਦੇ ਸਬੰਧ ਅਸਥਾਈ ਹਨ, ਜਿਵੇਂ ਨਦੀ ਦੇ ਪਰਵਾਹ ਨਾਲ ਤਿਣਕੇ ਮਿਲ ਕੇ ਵਿਛੜ ਜਾਂਦੇ ਹਨ ਜਾਂ ਰਾਤ ਨੂੰ ਰੁੱਖ ਹੇਠ ਪੰਛੀ ਇਕੱਠੇ ਹੋ ਕੇ ਸਵੇਰੇ ਵਿਛੜ ਜਾਂਦੇ ਹਨ, ਉਸੇ ਤਰ੍ਹਾਂ ਸਬੰਧਾਂ ਦਾ ਮਿਲਣਾ ਤੇ ਵਿਛੋੜਾ ਹੁੰਦਾ ਹੈ:
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ।।
ਇਸ ਮਗਰੋਂ ਗੁਰੂ ਸਾਹਿਬ ਪੰਜ ਸਿੰਘਾਂ- ਭਾਈ ਊਦਾ ਸਿੰਘ, ਭਾਈ ਗੁਰਦਿੱਤਾ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਨਾਲ ਲੈ ਕੇ ਦਿੱਲੀ ਵੱਲ ਰਵਾਨਾ ਹੋ ਗਏ। ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ ਸਾਹਿਬ ਆਏ। ਉੱਥੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਫਿਰ ਰਸਤੇ ਵਿੱਚ ਪਟਿਆਲਾ, ਸਰਹਿੰਦ, ਖਟਕੜ, ਜੀਂਦ, ਲਖਨ ਮਾਜਰਾ ਅਤੇ ਰੋਹਤਕ ਹੁੰਦੇ ਹੋਏ ਤੇ ਆਪਣੇ ਪਿਆਰਿਆਂ ਨੂੰ ਦਰਸ਼ਨ ਦਿੰਦੇ ਹੋਏ ਆਗਰਾ ਪਹੁੰਚੇ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵੱਡੀ ਗਿਣਤੀ ਮੁਗ਼ਲ ਫ਼ੌਜ ਦੀ ਨਿਗਰਾਨੀ ਹੇਠ ਉਨ੍ਹਾਂ ਨੂੰ ਚਾਂਦਨੀ ਚੌਕ ਲਿਆਂਦਾ ਗਿਆ। ਇੱਥੇ ਉਨ੍ਹਾਂ ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਸਮੇਤ ਇੱਕ ਬਹੁਤ ਪੁਰਾਣੀ, ਡਰਾਉਣੀ ਤੇ ਢੱਠੀ ਹਵੇਲੀ ਵਿੱਚ ਰੱਖਿਆ ਗਿਆ। ਆਪ ਜੀ ਨੂੰ ਪਿੰਜਰੇ ਵਿੱਚ ਰੱਖਿਆ ਗਿਆ, ਜਿਸ ਵਿੱਚ ਸਿੱਧੇ ਖੜ੍ਹਾ ਹੋਣਾ ਵੀ ਮੁਸ਼ਕਲ ਸੀ।
ਭਾਈ ਮਤੀ ਦਾਸ ਜੀ ਗੁਰੂ ਸਾਹਿਬ ਦੇ ਦੀਵਾਨ ਤੇ ਭਾਈ ਸਤੀ ਦਾਸ ਜੀ ਲਿਖਾਰੀ ਸਨ, ਦੋਵੇਂ ਭਰਾ ਸਨ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ ਦਾ ਹੁਕਮ ਸੁਣਾਇਆ ਗਿਆ। ਜੱਲਾਦਾਂ ਨੇ ਭਾਈ ਸਾਹਿਬ ਦੀ ਆਖ਼ਰੀ ਇੱਛਾ ਪੁੱਛੀ ਤਾਂ ਉਨ੍ਹਾਂ ਨੇ ਕਿਹਾ, “ਜਦੋਂ ਮੈਨੂੰ ਚੀਰਿਆ ਜਾਵੇ, ਮੇਰਾ ਮੁਖ ਗੁਰੂ ਤੇਗ ਬਹਾਦਰ ਸਾਹਿਬ ਵੱਲ ਹੋਵੇ।” ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਸਾੜਨ ਦਾ ਹੁਕਮ ਦਿੱਤਾ ਗਿਆ। ਆਪ ਵੀ ਹੱਸ-ਹੱਸ ਸ਼ਹੀਦੀ ਪਾ ਕੇ ਸਿੱਖ ਇਤਿਹਾਸ ਵਿੱਚ ਨਵੇਂ ਪੂਰਨੇ ਪਾ ਗਏ।
ਭਾਈ ਦਿਆਲਾ ਜੀ ਤੇ ਭਾਈ ਮਣੀ ਸਿੰਘ ਜੀ (ਭਾਈ ਮਣੀ ਸਿੰਘ ਜੀ-ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਵਿੱਚ ਦਮਦਮਾ ਸਾਹਿਬ ਵਿਖੇ ਗੁਰਬਾਣੀ ਲਿਖਣ ਅਤੇ ਸੰਪਾਦਨ ਕਰਨ ਦੀ ਪਵਿੱਤਰ ਸੇਵਾ ਸੌਂਪੀ, ਸਿੱਖ ਧਰਮ ਦੇ ਗ੍ਰੰਥ ਨੂੰ ਸੰਭਾਲਣ ਵਿੱਚ ਕੇਂਦਰੀ ਭੂਮਿਕਾ ਨਿਭਾਈ।) ਸਕੇ ਭਰਾ ਸਨ। ਗੁਰੂ ਤੇਗ਼ ਬਹਾਦਰ ਜੀ ਦੇ ਇਤਨੇ ਪਿਆਰੇ ਸਨ ਕਿ ਗੁਰੂ ਜੀ ਉਨ੍ਹਾਂ ਨੂੰ ‘ਭਾਈ ਜੀ’ ਕਹਿ ਕੇ ਬੁਲਾਉਂਦੇ ਸਨ। ਇੱਕ ਹੁਕਮਨਾਮੇ ਵਿੱਚ ਤਾਂ ਇਹ ਵੀ ਦਰਜ ਹੈ ਕਿ ਭਾਈ ਦਿਆਲਾ ਜੀ ਦਾ ਆਖਿਆ, ਗੁਰੂ ਜੀ ਦਾ ਆਖਿਆ ਹੀ ਹੈ।
ਭਾਈ ਦਿਆਲਾ ਜੀ ਨੇ ਅਰਦਾਸ ਕਰਦੇ ਕਿਹਾ, “ਹੇ ਗੁਰੂ ਅਰਜਨ ਜੀ! ਅੱਗੇ ਤੁਸੀਂ ਇੱਕ ਵਾਰੀ ਚੰਦੂ ਦੀ ਦੇਗ ਵਿੱਚ ਉਬਲੇ ਸੀ, ਹੁਣ ਔਰੰਗਜ਼ੇਬ ਦੀ ਦੇਗ ਵਿੱਚ ਆ ਕੇ ਉਬਲਦੇ ਸਿੱਖ ਦੀ ਲਾਜ ਰੱਖੋ।”
ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਤੋਂ ਬਾਅਦ ਕਾਜ਼ੀ ਨੇ ਸੋਚਿਆ ਸ਼ਾਇਦ ਗੁਰੂ ਸਾਹਿਬ ਡੋਲ ਜਾਣ। ਇਸ ਲਈ ਕਾਜ਼ੀ ਨੇ ਗੁਰੂ ਸਾਹਿਬ ਅੱਗੇ ਤਿੰਨ ਸੁਝਾਅ ਰੱਖੇ- ਭਾਵੇਂ ਤੁਸੀਂ ਕਲਮਾ ਪੜ੍ਹ ਲਓ, ਜਾਂ ਕੋਈ ਕਰਾਮਾਤ ਦਿਖਾਓ ਜਾਂ ਫਿਰ ਮੌਤ ਨੂੰ ਪਰਵਾਨ ਕਰੋ।
ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ‘‘ਧਰਮ ਤਿਆਗਣ ਦਾ ਤਾਂ ਸਵਾਲ ਹੀ ਨਹੀਂ। ਕਰਾਮਾਤ ਤਾਂ ਕਹਿਰ ਦਾ ਦੂਜਾ ਨਾਮ ਹੈ ਤੇ ਵਾਹਿਗੁਰੂ ਦੇ ਪ੍ਰੇਮੀ ਕਦੇ ਕਹਿਰ ਨਹੀਂ ਕਰਦੇ। ਇਸ ਲਈ ਸਾਨੂੰ ਪਹਿਲੀਆਂ ਦੋ ਗੱਲਾਂ ਪਰਵਾਨ ਨਹੀਂ। ਸ਼ਹੀਦੀ ਸਾਨੂੰ ਮਨਜ਼ੂਰ ਹੈ।’’
ਕਾਜ਼ੀ ਨੇ ਫ਼ਤਵਾ ਸੁਣਾ ਦਿੱਤਾ ਅਤੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਹੁਕਮ ਦੇ ਦਿੱਤਾ। ਸ਼ਹਿਰ ਵਿੱਚ ਢਿੰਡੋਰਾ ਪਿਟਵਾ ਦਿੱਤਾ ਗਿਆ ਕਿ ਇਸ ਦਿਨ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਜਾਵੇਗਾ। ਜੱਲਾਦ ਨੇ ਆਪਣੀ ਤਲਵਾਰ ਤਿੱਖੀ ਕਰ ਲਈ ਅਤੇ ਇੱਕ ਨਵਾਂ ਚਬੂਤਰਾ ਤਿਆਰ ਕੀਤਾ ਗਿਆ। ਉਹ ਕਾਲਾ ਦਿਨ ਆ ਪਹੁੰਚਿਆ। ਦੁਪਹਿਰ ਢਲਣ ਦੇ ਨਾਲ ਗੁਰੂ ਸਾਹਿਬ ਨੂੰ ਕੋਤਵਾਲੀ ਤੋਂ ਬਾਹਰ ਲਿਆਂਦਾ ਗਿਆ। ਗੁਰੂ ਸਾਹਿਬ ਨੇ ਖੂਹ ਤੋਂ ਇਸ਼ਨਾਨ ਕੀਤਾ। ਇਹ ਖੂਹ ਅੱਜ ਵੀ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਵਿੱਚ ਮੌਜੂਦ ਹੈ।
ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਉੱਥੇ ਭਾਈ ਜੈਤਾ ਜੀ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਬਹੁਤ ਹੀ ਚਤੁਰਾਈ ਨਾਲ ਤਿਆਰ ਬੈਠੇ ਸਨ ਕਿ ਗੁਰੂ ਸਾਹਿਬ ਦੇ ਪਵਿੱਤਰ ਸਰੀਰ ਨੂੰ ਸੰਭਾਲ ਕੇ ਲੈ ਜਾਣਾ ਹੈ। ਕਾਜ਼ੀ ਨੇ ਮੁੜ ਗੁਰੂ ਸਾਹਿਬ ਅੱਗੇ ਉਹੀ ਤਿੰਨ ਸ਼ਰਤਾਂ ਰੱਖੀਆਂ। ਗੁਰੂ ਤੇਗ ਬਹਾਦਰ ਜੀ ਨੇ ਸ਼ਾਂਤ ਮਨ ਨਾਲ ਉੱਤਰ ਦਿੱਤਾ ਕਿ ਧਰਮ ਤੋਂ ਡੋਲਣਾ ਪਰਵਾਨ ਨਹੀਂ, ਸ਼ਹੀਦ ਹੋਣਾ ਕਬੂਲ ਹੈ।
ਇਹ ਸੁਣਦਿਆਂ ਹੀ ਜੱਲਾਦ ਨੇ ਤਲਵਾਰ ਚਲਾਈ ਅਤੇ ਗੁਰੂ ਸਾਹਿਬ ਨੂੰ ਹਿੰਦੂ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸ਼ਹੀਦ ਕਰ ਦਿੱਤਾ। ਜਿਉਂ ਹੀ ਸ਼ਹੀਦੀ ਦਾ ਸਾਕਾ ਵਾਪਰਿਆ, ਤੁਰੰਤ ਭਿਆਨਕ ਗ਼ੁਬਾਰ ਅਤੇ ਤੂਫ਼ਾਨ ਉੱਠਿਆ। ਲੋਕਾਂ ਨੂੰ ਕੁਝ ਵੀ ਸਮਝ ਨਾ ਆਇਆ। ਹਰ ਪਾਸੇ ਹਾਹਾਕਾਰ ਮਚ ਗਈ। ਲੋਕ ਇੱਕ-ਦੂਜੇ ਉੱਤੇ ਡਿੱਗਣ ਲੱਗੇ, ਪਹਿਰੇਦਾਰ ਅਤੇ ਸਿਪਾਹੀ ਡਰ ਕੇ ਅੰਦਰ ਲੁਕ ਗਏ। ਐਸਾ ਤੂਫ਼ਾਨ ਸੀ ਕਿ ਦਿੱਲੀ ਆਪ ਹਿਲਦੀ ਹੋਈ ਜਾਪਦੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਵਿੱਚ:
ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ।।
ਇਸ ਹੜਬੜਾਹਟ ਵਿੱਚ ਭਾਈ ਜੈਤਾ ਜੀ ਨੇ ਵੱਡੇ ਜਿਗਰੇ ਨਾਲ ਗੁਰੂ ਸਾਹਿਬ ਦਾ ਸੀਸ ਸੰਭਾਲਿਆ ਅਤੇ ਆਨੰਦਪੁਰ ਸਾਹਿਬ ਵੱਲ ਤੁਰ ਪਏ। ਉਸੇ ਸਮੇਂ ਭਾਈ ਲੱਖੀ ਸ਼ਾਹ ਵਣਜਾਰਾ ਜੀ ਗੁਰੂ ਸਾਹਿਬ ਦਾ ਧੜ ਆਪਣੇ ਘਰ ਲੈ ਗਏ ਤੇ ਸਸਕਾਰ ਕਰਨ ਲਈ ਉਨ੍ਹਾਂ ਆਪਣੇ ਘਰ ਨੂੰ ਅੱਗ ਲਾ ਦਿੱਤੀ। ਉਹ ਥਾਂ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ। ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ। ਉੱਥੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਏ ਜੀ ਅਤੇ ਹੋਰ ਸੰਗਤ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਲਬ ਵਿੱਚ ਖੜ੍ਹੇ ਸਨ।
ਮਾਤਾ ਗੁਜਰੀ ਜੀ ਨੇ ਗੁਰੂ ਸਾਹਿਬ ਦਾ ਸੀਸ ਦੇਖ ਕੇ ਅਰਦਾਸ ਕੀਤੀ, “ਤੁਹਾਡਾ ਫਰਜ਼ ਤਾਂ ਨਿਭ ਗਿਆ, ਹੁਣ ਮੈਨੂੰ ਮੇਰਾ ਨਿਭਾਉਣ ਦੀ ਤਾਕਤ ਮਿਲੇ।” ਫਿਰ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦੀ ਸ਼ਹੀਦੀ ਦੇ ਪਲ-ਪਲ ਦਾ ਵੇਰਵਾ ਸੁਣਾਇਆ। ਹਿੰਮਤ, ਵਿਸ਼ਵਾਸ ਅਤੇ ਬਲੀਦਾਨ ਦਾ ਉਹ ਦਰਸ਼ਨ ਜਿਹੜਾ ਸਾਰੀ ਸੰਗਤ ਦੀਆਂ ਅੱਖਾਂ ਨੂੰ ਨਮ ਕਰ ਗਿਆ ਪਰ ਦਿਲਾਂ ਵਿੱਚ ਅਡੋਲ ਸ਼ਾਨ ਤੇ ਗੌਰਵ ਭਰ ਗਿਆ। ਸ਼ਹੀਦੀ ਤੋਂ ਬਾਅਦ ਬਾਲ ਗੋਬਿੰਦ ਰਾਏ ਜੀ ਨੇ ਭਾਈ ਜੈਤਾ ਜੀ ਨੂੰ ਪੁੱਛਿਆ, “ਸ਼ਹੀਦੀ ਵੇਲੇ ਸਾਡੇ ਆਪਣੇ ਕਿੰਨੇ ਲੋਕ ਮੌਜੂਦ ਸਨ?” ਭਾਈ ਜੈਤਾ ਜੀ ਨੇ ਦਰਦ ਭਰੇ ਸੁਰ ਵਿੱਚ ਉੱਤਰ ਦਿੱਤਾ, “ਲੋਕ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਨ, ਪਰ ਆਪਣੇ ਕੌਣ ਸਨ, ਇਹ ਪਛਾਣਨਾ ਬਹੁਤ ਔਖਾ ਸੀ।”
ਇਹ ਸੁਣ ਕੇ ਗੁਰੂ ਗੋਬਿੰਦ ਜੀ ਨੇ ਅਡੋਲ ਆਵਾਜ਼ ਵਿੱਚ ਕਿਹਾ, “ਮੈਂ ਐਸਾ ਖਾਲਸਾ ਤਿਆਰ ਕਰਾਂਗਾ ਜੋ ਲੱਖਾਂ ਵਿੱਚ ਖਲੋਤਾ ਵੀ ਪਛਾਣਿਆ ਜਾਵੇ।” ਇਸ ਤਰ੍ਹਾਂ ਖਾਲਸਾ ਪੰਥ ਦੀ ਨੀਂਹ, ਜੋ ਬਾਅਦ ਵਿੱਚ 13 ਅਪਰੈਲ 1699 ਨੂੰ ਖਾਲਸਾ ਸਾਜਨਾ ਦੇ ਰੂਪ ਵਿੱਚ ਪ੍ਰਗਟ ਹੋਈ, ਦੀ ਸ਼ੁਰੂਆਤ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨਾਲ ਹੀ ਹੋ ਗਈ ਸੀ। ਗੁਰੂ ਗੋਬਿੰਦ ਰਾਏ ਜੀ ਨੇ ਪਿਆਰ ਨਾਲ ਭਾਈ ਜੈਤਾ ਜੀ ਨੂੰ ਗਲੇ ਨਾਲ ਲਾਇਆ ਤੇ ਆਖਿਆ, “ਰੰਘਰੇਟੇ ਗੁਰੂ ਕੇ ਬੇਟੇ।”
ਵਰਣਨਯੋਗ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ’ਤੇ ਹੋ ਰਹੇ ਜ਼ੁਲਮ ਦਾ ਵਿਰੋਧ ਕਰਦੇ ਹੋਏ ਅਤੇ ਉਨ੍ਹਾਂ ਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਦਿਵਾਉਣ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਫੁਰਮਾਇਆ ਹੈ: “ਜੇ ਪਾਪ ਕਰਨਾ ਜ਼ੁਲਮ ਹੈ ਤਾਂ ਪਾਪ ਸਹਿਣਾ ਉਸ ਤੋਂ ਵੀ ਵੱਡਾ ਜ਼ੁਲਮ ਹੈ।”
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆਪਣੇ ਆਪ ਵਿੱਚ ਇੱਕ ਨਿਵੇਕਲਾ, ਅਲੌਕਿਕ ਅਤੇ ਅਨੋਖਾ ਸਾਕਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਕੇ ਨੂੰ ਕਲ
ਯੁਗ ਦਾ ਸਭ ਤੋਂ ਵੱਡਾ ਸਾਕਾ ਆਖਿਆ ਹੈ।
ਸੰਪਰਕ: 93161-61636

