ਸਾਇੰਸ ਅਤੇ ਟੈਕਨੋਲੋਜੀ ਦਾ ਜਾਦੂ
ਸਾਇੰਸ ਅਤੇ ਟੈਕਨੋਲੋਜੀ ਨੇ ਇਨਸਾਨੀ ਇਤਿਹਾਸ ਵਿੱਚ ਅਜਿਹੇ ਅਣਗਿਣਤ ਚਮਤਕਾਰ ਕੀਤੇ ਹਨ ਜੋ ਨਾ ਸਿਰਫ਼ ਜੀਵਨ ਨੂੰ ਸੁਖਾਲਾ ਬਣਾਉਂਦੇ ਹਨ ਸਗੋਂ ਕਈ ਵਾਰ ਸਾਨੂੰ ਅਚੰਭੇ ਵਿੱਚ ਵੀ ਪਾ ਦਿੰਦੇ ਹਨ। ਜੇ ਸੋਚਿਆ ਜਾਵੇ, ਜਦੋਂ ਕਿਸੇ ਨੇ ਪਹਿਲੀ ਵਾਰ ਰੇਡੀਓ ਤੋਂ ਆਵਾਜ਼ ਸੁਣੀ ਹੋਵੇਗੀ ਤਾਂ ਉਸ ਲਈ ਉਹ ਪਲ ਕਿੰਨਾ ਅਜੀਬ ਅਤੇ ਰੌਂਗਟੇ ਖੜ੍ਹੇ ਕਰਨ ਵਾਲਾ ਹੋਇਆ ਹੋਵੇਗਾ, ਸ਼ਾਇਦ ਕਿਸੇ ਦੇ ਮਨ ਵਿੱਚ ਭੂਤ-ਪ੍ਰੇਤਾਂ ਦੀਆਂ ਕਹਾਣੀਆਂ ਵੀ ਉੱਠੀਆਂ ਹੋਣੀਆਂ। ਬਿਜਲੀ ਦਾ ਬਲਬ ਜਗਣਾ ਜਾਂ ਪਹਿਲੀ ਵਾਰ ਪੱਖਾ ਘੁੰਮਦਾ ਵੇਖਣ ਵਾਲੇ ਲਈ ਇਹ ਸਭ ਕਿਸੇ ਜਾਦੂ ਤੋਂ ਘੱਟ ਨਹੀਂ ਸੀ। ਪਰ ਸਾਇੰਸ ਇੱਥੇ ਹੀ ਨਹੀਂ ਰੁਕੀ ਤੇ ਅਗਾਂਹ ਵਧਦੀ ਅਤੇ ਆਪਣੀਆਂ ਨਵੀਆਂ ਨਵੀਆਂ ਕਾਢਾਂ ਨਾਲ ਲੋਕਾਂ ਨੂੰ ਹੌਲੀ-ਹੌਲੀ ਪਰ ਪੱਕੇ ਤਰੀਕੇ ਨਾਲ ਬਦਲਦੀ ਰਹੀ।
ਮੈਨੂੰ ਇਸ ਟੈਕਨੋਲੋਜੀ ਦੇ ‘ਜਾਦੂ’ ਨਾਲ ਆਪਣੀਆਂ ਕੁਝ ਪਹਿਲੀਆਂ ਮੁਲਾਕਾਤਾਂ ਅੱਜ ਵੀ ਯਾਦ ਹਨ। ਇਹ ਗੱਲ 1993 ਦੀ ਹੈ ਜਦੋਂ ਇੱਕ ਦਿਨ ਲੌਂਗੋਵਾਲ ਇੰਜਨੀਅਰਿੰਗ ਕਾਲਜ ਵਿੱਚ ਪੜ੍ਹਾਈ ਦੌਰਾਨ, ਮੈਂ ਆਪਣੇ ਹੋਸਟਲ ਦੇ ਸਾਥੀ ਨਾਲ ਉਸ ਦੇ ਸੰਗਰੂਰ ਵਾਲੇ ਘਰ ਗਿਆ। ਬੜਾ ਵੱਡਾ ਅਤੇ ਸ਼ਾਨਦਾਰ ਘਰ, ਸੁੰਦਰ ਸਜਾਵਟ ਤੇ ਉਸ ਵਿੱਚ ਲੱਗਾ ਸਾਊਂਡ ਸਿਸਟਮ ਦੇਖ ਅਤੇ ਸੁਣ ਕੇ ਮੈਂ ਹੈਰਾਨ ਰਹਿ ਗਿਆ। ਸ਼ਾਮ ਨੂੰ ਅੰਕਲ ਜੀ ਨੇ ਹੱਥ ਨਾਲ ਤਾੜੀ ਮਾਰੀ ਤਾਂ ਲਾਈਟ ਜਗ ਗਈ, ਫਿਰ ਤਾੜੀ ਮਾਰੀ ਤਾਂ ਬੁਝ ਗਈ, ਉਸ ਵੇਲੇ ਮੈਨੂੰ ਇਹ ਜਾਦੂ ਹੀ ਲੱਗਿਆ। ਫਿਰ 1997 ਵਿੱਚ ਹੋਸਟਲ
ਵਿੱਚ ਰਹਿੰਦੇ ਆਪਣੇ ਦੋਸਤ ਦੇ ਮੋਬਾਈਲ ਫੋਨ ਰਾਹੀਂ ਪਹਿਲੀ ਵਾਰ ਬਿਨਾਂ ਤਾਰ ਦੇ ਯੰਤਰ ’ਤੇ ਆਵਾਜ਼ ਸੁਣਨਾ ਮੇਰੇ ਲਈ ਇੱਕ ਅਣਸੁਣੀ ਤੇ ਅਣਵੇਖੀ ਦੁਨੀਆ ਖੁੱਲ੍ਹਣ ਵਾਂਗ ਸੀ।
ਸਾਇੰਸ-ਟੈਕਨੋਲੋਜੀ ਦੇ ਜਾਦੂ ਦਾ ਸਿਲਸਲਾ ਇਸ ਤਰ੍ਹਾਂ ਹੀ ਚਲਦਾ ਰਿਹਾ। ਜਦੋਂ 2007 ਵਿੱਚ ਮੈਂ ਬਰੈਂਪਟਨ (ਕੈਨੇਡਾ) ਵਿੱਚ ਰਹਿੰਦੇ ਹੋਏ ਇੱਕ ਹੋਰ ਅਨੁਭਵ ਕੀਤਾ। ਮੈਂ ਬੇਸਮੈਂਟ ਵਿੱਚ ਰਹਿੰਦਾ ਸੀ ਤੇ ਜਦੋਂ ਵੀ ਦੇਰ ਰਾਤ ਉੱਥੇ ਜਾਂਦਾ, ਲਾਈਟ ਆਪਣੇ ਆਪ ਜਗ ਜਾਂਦੀ। ਪਹਿਲਾਂ ਤਾਂ ਮੈਂ ਸੋਚਦਾ ਸੀ ਕਿ ਘਰ ਦੇ ਮਾਲਕ ਨੂੰ ਪਤਾ ਲੱਗ ਗਿਆ ਹੈ ਕਿ ਮੈਂ ਆ ਗਿਆ ਹਾਂ ਤੇ ਉਹ ਲਾਈਟ ਜਗਾ ਦਿੰਦੇ ਹਨ। ਬਾਅਦ ਵਿੱਚ ਪਤਾ ਲੱਗਾ ਕਿ ਇਹ ਬਲਬ ਮੋਸ਼ਨ ਸੈਂਸਰ ਵਾਲਾ ਸੀ, ਜੋ ਕੋਈ ਵੀ ਹਿਲਦੀ-ਜੁਲਦੀ ਚੀਜ਼ ਉਸ ਦੀ ਰੇਂਜ ਵਿੱਚ ਆਵੇ ਤਾਂ ਲਾਈਟ ਜਗਦੀ ਤੇ ਕੁਝ ਸਮੇਂ ਬਾਅਦ ਬੁਝ ਜਾਂਦੀ ਸੀ। ਅੱਜ ਦੇ ਸਮੇਂ, ਇਹੋ ਜਿਹੇ ਮੋਸ਼ਨ ਜਾਂ ਡੇਅ-ਨਾਈਟ ਸੈਂਸਰ ਸਿਰਫ਼ ਦੋ-ਢਾਈ ਸੌ ਰੁਪਏ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ। ਇਹ ਸੋਚ ਕੇ ਹੀ ਹੈਰਾਨੀ ਹੁੰਦੀ ਹੈ ਕਿ ਜੋ ਚੀਜ਼ ਕਦੇ ਮਹਿੰਗੀ ਤੇ ਵਿਲੱਖਣ ਲੱਗਦੀ ਸੀ, ਉਹ ਅੱਜ ਘਰ-ਘਰ ਪਹੁੰਚ ਚੁੱਕੀ ਹੈ। ਇੱਕ ਹੋਰ ਦਿਲਚਸਪ ਘਟਨਾ ਮੇਰੇ ਘਰ ਵਿੱਚ ਕੰਮ ਕਰਨ ਵਾਲੇ ਬੰਦੇ ਨਾਲ ਜੁੜੀ ਹੈ। ਉਸ ਨੇ ਨਵਾਂ ਮੋਬਾਈਲ ਲਿਆ, ਜੋ ਗ਼ਲਤੀ ਨਾਲ ਵਾਈਬ੍ਰੇਸ਼ਨ ਮੋਡ ’ਤੇ ਲੱਗ ਗਿਆ। ਜਦੋਂ ਉਸ ਨੂੰ ਕਾਲ ਆਈ ਤੇ ਮੋਬਾਈਲ ਹਿਲਿਆ, ਉਹ ਡਰ ਗਿਆ ਤੇ ਸੋਚਣ ਲੱਗਾ ਕਿ ਇਸ ਵਿੱਚ ਕੋਈ ਭੂਤ ਆ ਗਿਆ ਹੈ। ਉਸ ਨੇ ਡਰਦੇ ਨੇ ਫੋਨ ਨੂੰ ਦੂਰ ਸੁੱਟ ਦਿੱਤਾ! ਇਹ ਯਾਦ ਦਿਵਾਉਂਦੀ ਹੈ ਕਿ ਅਸੀਂ ਅਕਸਰ ਟੈਕਨੋਲੋਜੀ ਵਰਤਦੇ ਹਾਂ ਪਰ ਉਸ ਦੀ ਸਮਝ ਹੌਲੀ-ਹੌਲੀ ਹੀ ਆਉਂਦੀ ਹੈ। ਇਸ ਲਈ, ਟੈਕਨੋਲੋਜੀ ਵਰਤਣ ਦੇ ਨਾਲ-ਨਾਲ ਉਸ ਨੂੰ ਸਮਝਣਾ ਵੀ ਜ਼ਰੂਰੀ ਹੈ। ਅੱਜ ਦੇ ਸਮੇਂ ਵਿੱਚ ਨਵੀਆਂ ਖੋਜਾਂ ਨੇ ਅਚੰਭਿਆਂ ਦਾ ਮਿਆਰ ਹੋਰ ਵੀ ਉੱਚਾ ਕਰ ਦਿੱਤਾ ਹੈ। ਜਿਵੇਂ ਮੋਬਾਈਲ ਦੀ ਆਵਾਜ਼ ਕਾਲਾਂ ਤੋਂ ਵੀਡੀਓ ਕਾਲਾਂ ਤੱਕ ਦਾ ਸਫ਼ਰ ਵੀ ਕਿਸੇ ਜਾਦੂ ਤੋਂ ਘੱਟ ਨਹੀਂ ਸੀ। ਸੋਚੋ, ਤੁਸੀਂ ਕਾਰ ਵਿੱਚ ਬੈਠੇ ਹੋ ਅਤੇ ਕੋਈ ਡਰਾਈਵਰ ਨਹੀਂ ਅਤੇ ਕਾਰ ਆਪਣੇ ਆਪ ਚੱਲ ਰਹੀ ਹੈ ਜਾਂ ਫਿਰ ਹੋਲੋਗ੍ਰਾਮ ਪ੍ਰਾਜੈਕਸ਼ਨ, ਜਿੱਥੇ ਤਸਵੀਰ ਹਕੀਕਤ ਵਰਗੀ ਦਿਸਦੀ ਹੈ। ਹੁਣ ਤਾਂ ਘਰਾਂ ਵਿੱਚ ਲਾਈਟਾਂ, ਪੱਖੇ ਤੇ ਹੋਰ ਸਾਜ਼ੋ-ਸਾਮਾਨ ਮੋਬਾਈਲ ਐਪ ਨਾਲ ਚਲਾਉਣ ਦਾ ਜ਼ਮਾਨਾ ਆ ਗਿਆ ਹੈ। ਇਸ ਨੂੰ ਅਸੀਂ ਆਈ.ਓ.ਟੀ. (Internet of Things) ਕਹਿੰਦੇ ਹਾਂ। ਇੰਟਰਨੈੱਟ ਰਾਹੀਂ, ਤੁਸੀਂ ਦੇਸ਼-ਵਿਦੇਸ਼ ਕਿਤੇ ਵੀ ਬੈਠੇ ਘਰ ਦੀਆਂ ਲਾਈਟਾਂ ਆਨ-ਆਫ ਕਰ ਸਕਦੇ ਹੋ। ਇਸੇ ਤਰ੍ਹਾਂ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਘਰ ਦੇ ਅੰਦਰ-ਬਾਹਰ ਦੀ ਲਾਈਵ ਫੁਟੇਜ ਮੋਬਾਈਲ ’ਤੇ ਦੇਖਣਾ- ਇਹ ਸਭ ਦਸ-ਪੰਦਰਾਂ ਸਾਲ ਪਹਿਲਾਂ ਵੀ ਕਿਸੇ ਸੁਪਨੇ ਵਰਗਾ ਸੀ।
ਸਾਇੰਸ-ਟੈਕਨੋਲੋਜੀ ਦੇ ਇਸ ਜਾਦੂ ਨਾਲ ਇੱਕ ਚਿਤਾਵਨੀ ਵੀ ਜੁੜੀ ਹੈ। ਬਹੁਤ ਵਾਰ ਲੋਕ ਇਸ ਨੂੰ ਸਮਝਣ ਦੀ ਥਾਂ ਅੰਧ-ਵਿਸ਼ਵਾਸਾਂ ਵਿੱਚ ਫਸ ਜਾਂਦੇ ਹਨ। ਸਾਡੇ ਦੇਸ਼ ਵਿੱਚ ਕਈ ਠੱਗ ‘ਸੰਤ’ ਜਾਂ ‘ਮਹਾਤਮਾ’ ਬਣ ਕੇ ਨਵੀਂ ਟੈਕਨੋਲੋਜੀ ਦੇ ਜਾਦੂਈ ਪ੍ਰਭਾਵ ਨੂੰ ਵਰਤ ਕੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾ ਦਿੰਦੇ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਜਾਣਕਾਰੀ ਹਾਸਲ ਕਰਕੇ, ਸਮਝਦਾਰੀ ਨਾਲ ਫ਼ੈਸਲੇ ਕਰੀਏ ਅਤੇ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਵੀ ਇਸ ਤਰ੍ਹਾਂ ਦੇ ਠੱਗਾਂ ਤੋਂ ਬਚਾਈਏ।
ਭਵਿੱਖ ਵਿੱਚ ਕੀ ਨਵਾਂ ਆਵੇਗਾ- ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਹੋ ਸਕਦਾ ਹੈ ਕੱਲ੍ਹ ਨੂੰ ਅਜਿਹੀਆਂ ਤਕਨੀਕਾਂ ਸਾਡੇ ਸਾਹਮਣੇ ਹੋਣ ਜੋ ਅੱਜ ਸਿਰਫ਼ ਕਲਪਨਾ ਹਨ। ਸ਼ਾਇਦ ਘਰ ਦੇ ਕੰਮ ਪੂਰੀ ਤਰ੍ਹਾਂ ਰੋਬੋਟ ਕਰ ਰਹੇ ਹੋਣ, ਡਾਕਟਰ ਬਿਨਾਂ ਹਸਪਤਾਲ ਆਏ ਘਰ ’ਤੇ ਹੀ ਵਰਚੁਅਲ ਸਰਜਰੀ ਕਰ ਸਕਣ, ਜਾਂ ਸਿੱਖਿਆ ਦੇ ਮੈਦਾਨ ਵਿੱਚ ਅਜਿਹੇ ਵਰਚੁਅਲ ਅਧਿਆਪਕ ਹੋਣ ਜੋ ਹਰ ਵਿਦਿਆਰਥੀ ਦੇ ਸਵਾਲ ਨੂੰ ਤੁਰੰਤ ਤੇ ਵਿਅਕਤੀਗਤ ਤਰੀਕੇ ਨਾਲ ਜਵਾਬ ਦੇ ਸਕਣ। ਇਸ ਸਭ ਦੇ ਬਾਵਜੂੁਦ ਇੱਕ ਗੱਲ ਪੱਕੀ ਹੈ- ਕੋਈ ਵੀ ਨਵੀਂ ਟੈਕਨੋਲੋਜੀ ਸਿਰਫ਼ ਉਦੋਂ ਹੀ ਫ਼ਾਇਦੇਮੰਦ ਹੈ ਜਦੋਂ ਅਸੀਂ ਇਸ ਦੀ ਵਰਤੋਂ ਸਮਝਦਾਰੀ, ਸੁਰੱਖਿਆ ਅਤੇ ਜ਼ਿੰਮੇਵਾਰੀ ਨਾਲ ਕਰੀਏ। ਸਾਇੰਸ ਅਤੇ ਟੈਕਨੋਲੋਜੀ ਇਨਸਾਨ ਲਈ ਹਨ, ਪਰ ਇਨਸਾਨੀਅਤ ਲਈ ਸਭ ਤੋਂ ਵੱਡੀ ਸਿਆਣਪ ਇਹ ਹੈ ਕਿ ਅਸੀਂ ਇਸ ‘ਜਾਦੂ’ ਨੂੰ ਆਪਣੀ ਅਕਲ ਦੇ ਸਾਥੀ ਵਜੋਂ ਵਰਤੀਏ, ਨਾ ਕਿ ਅੰਧ-ਵਿਸ਼ਵਾਸ ਦੇ ਸਾਧਨ ਵਜੋਂ।
* ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ, ਪੰਜਾਬੀ ਯੂਨੀਵਰਸਿਟੀ।
ਸੰਪਰਕ: 98142-05475
