ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਾਰਦਾਤ ਨੰਗੇ ਪਹਾੜ ਦੀ

ਜਸਬੀਰ ਭੁੱਲਰ ਪਥੌਰਾਗੜ੍ਹ ਵਿੱਚ ਮੇਰਾ ਕਮਰਾ ਪੱਥਰ ਦਾ ਵੀ ਹੋ ਸਕਦਾ ਸੀ, ਪਰ ਪਹਾੜ ਦੀ ਢਲਾਣ ਉੱਤੇ ਬਣਿਆ ਉਹ ਕਮਰਾ ਲੱਕੜ ਦਾ ਸੀ। ਮੈਂ ਉਸ ਕਮਰੇ ਵਿੱਚ ਕਦੀ ਕੋਈ ਤੀਲ੍ਹੀ ਨਹੀਂ ਸੀ ਬਾਲ਼ੀ। ਵਾਦੀ ਵੱਲ ਖੁੱਲ੍ਹਦੀ ਖਿੜਕੀ ਦੇ ਨਾਲ ਮੇਰਾ...
Advertisement

ਜਸਬੀਰ ਭੁੱਲਰ

ਪਥੌਰਾਗੜ੍ਹ ਵਿੱਚ ਮੇਰਾ ਕਮਰਾ ਪੱਥਰ ਦਾ ਵੀ ਹੋ ਸਕਦਾ ਸੀ, ਪਰ ਪਹਾੜ ਦੀ ਢਲਾਣ ਉੱਤੇ ਬਣਿਆ ਉਹ ਕਮਰਾ ਲੱਕੜ ਦਾ ਸੀ। ਮੈਂ ਉਸ ਕਮਰੇ ਵਿੱਚ ਕਦੀ ਕੋਈ ਤੀਲ੍ਹੀ ਨਹੀਂ ਸੀ ਬਾਲ਼ੀ।

Advertisement

ਵਾਦੀ ਵੱਲ ਖੁੱਲ੍ਹਦੀ ਖਿੜਕੀ ਦੇ ਨਾਲ ਮੇਰਾ ਬਿਸਤਰਾ ਸੀ। ਬਿਸਤਰੇ ਵਿੱਚ ਅੱਧ-ਲੇਟਿਆ ਮੈਂ ਸੋਚਦਾ ਸਾਂ, ਅੱਧ-ਲੇਟਿਆ ਪੜ੍ਹਦਾ ਸਾਂ ਤੇ ਅੱਧ-ਲੇਟਿਆ ਹੀ ਲਿਖਦਾ ਸਾਂ। ਖਿੜਕੀ ਤੋਂ ਬਾਹਰ ਵਾਦੀ ਵਿੱਚ ਸ਼ਾਮ ਵੇਲੇ ਬੱਦਲ ਇਕੱਠੇ ਹੋ ਜਾਂਦੇ ਸਨ। ਇਨ੍ਹਾਂ ਬੱਦਲਾਂ ਵਿੱਚ ਵਿੰਗ-ਤੜਿੰਗੀ ਲੀਕ ਵਰਗੀ ਅੱਥਰੀ ਨਦੀ ਵੀ ਲੁਕ ਜਾਂਦੀ ਸੀ। ਪੌੜੀਆਂ ਵਰਗੇ ਖੇਤ ਵੀ ਦਿਸਣੋਂ ਬੰਦ ਹੋ ਜਾਂਦੇ ਸਨ। ਬੱਦਲਾਂ ਨਾਲ ਲੁਕਣ-ਮੀਟ ਖੇਡਦੀਆਂ ਪੰਚ-ਚੂਲੀ ਦੀਆਂ ਬਰਫ਼ ਲੱਦੀਆਂ ਚੋਟੀਆਂ ਅਜਿਹੇ ਵੇਲੇ ਬੜੇ ਰੰਗ ਬਦਲਦੀਆਂ ਸਨ। ਡੁੱਬਦੇ ਸੂਰਜ ਦੀਆਂ ਆਖ਼ਰੀ ਕਿਰਨਾਂ ਵਿੱਚ ਬਰਫ਼ ਦਾ ਚਿਹਰਾ ਗੁਲਾਬੀ ਹੋ ਜਾਂਦਾ ਸੀ ਤੇ ਸੂਰਜ ਦੇ ਅੱਖਾਂ ਮੀਟਦਿਆਂ ਹੀ ਬਰਫ਼ ਨੀਲੀ ਪੈ ਜਾਂਦੀ ਸੀ।

ਬਿਸਤਰੇ ਦੇ ਨਾਲ ਲਗਦੇ ਮੇਜ਼ ਉੱਤੇ ਖਿਲਾਰਾ ਪਿਆ ਰਹਿੰਦਾ ਸੀ। ਕਿਤਾਬਾਂ, ਉੱਘੜ-ਦੁੱਘੜੇ ਪਏ ਰਸਾਲੇ, ਫਾਈਲਾਂ, ਕੁਝ ਲਿਖੇ-ਅਣਲਿਖੇ ਕਾਗਜ਼ ਅਤੇ ...। ਮੇਰਾ ਬੈਟਮੈਨ ਸ਼ੁਰੂ ਸ਼ੁਰੂ ਵਿੱਚ ਮੇਜ਼ ਨੂੰ ਸਲੀਕੇ ਨਾਲ ਰੱਖਣ ਦਾ ਯਤਨ ਕਰਦਾ ਰਿਹਾ ਸੀ ਤੇ ਫਿਰ ਉਸ ਨੇ ਹਾਰ ਮੰਨ ਲਈ ਸੀ।

ਹਨੇਰਾ ਹੋ ਜਾਣ ਪਿੱਛੋਂ ਮੈਂ ਖਿੜਕੀ ਅੱਗੇ ਮੋਟਾ ਪਰਦਾ ਤਾਣ ਕੇ ਰਜਾਈ ਆਪਣੇ ਦੁਆਲੇ ਘੁੱਟ ਲੈਂਦਾ ਸੀ। ਠੰਢ ਨਾਲ ਝੁਣਝੁਣੀ ਜਿਹੀ ਆਉਂਦੀ ਸੀ। ਮੈਂ ਮੱਥੇ ਉੱਤੇ ਵਿਕਸ ਮਲ ਕੇ ਕਹਾਣੀਆਂ ਵੱਲ ਅਹੁਲਦਾ ਸਾਂ, ਕੁਝ ਲਿਖਣ ਦਾ ਯਤਨ ਕਰਦਾ ਸਾਂ।

ਸ਼ਾਮ ਦੀ ਰਿਪੋਰਟ ਦੇਣ ਲਈ ਹੌਲਦਾਰ ਮੇਜਰ ਬੂਹੇ ਉੱਤੇ ਦਸਤਕ ਆਣ ਦਿੰਦਾ ਸੀ। ਅੰਦਰ ਆ ਕੇ ਫ਼ੌਜੀ ਸਲਿਊਟ ਦਿੰਦਾ ਸੀ, ਫੇਰ ਦੱਸਦਾ ਸੀ, ‘‘ਸਰ, ਸਭ ਠੀਕ ਹੈ।’’

ਮੈਂ ਜਾਣਦਾ ਸਾਂ, ਕੁਝ ਵੀ ਠੀਕ ਨਹੀਂ। ਮੇਰਾ ਸਿਰਜਿਆ ਸੰਸਾਰ ਉਹਦੇ ਦਖ਼ਲ ਨਾਲ ਤਹਿਸ-ਨਹਿਸ ਹੋ ਜਾਂਦਾ ਸੀ। ਲਿਖੀ ਜਾ ਰਹੀ ਕਹਾਣੀ ਦੇ ਕੋਲ ਸਰਕ ਆਏ ਪਾਤਰ ਤ੍ਰਭਕ ਕੇ ਕਿੱਧਰੇ ਛਿਪਨ ਹੋ ਜਾਂਦੇ ਸਨ। ਜੰਗ ਨੂੰ ਗਏ ਸਿਪਾਹੀ ਵਾਂਗ ਉਹ ਕਈ ਵਾਰ ਵਾਪਸ ਵੀ ਨਹੀਂ ਸਨ ਆਉਂਦੇ।

ਮੇਰੀਆਂ ਨਜ਼ਰਾਂ ਦੇ ਸਾਹਮਣੇ ਵਾਲੀ ਕੰਧ ਉੱਤੇ ਬੀ. ਪ੍ਰਭਾ ਦੀ ਇੱਕ ਪੇਂਟਿੰਗ ਦੀ ਨਕਲ ਟੰਗੀ ਹੋਈ ਸੀ। ਉਸ ਪੇਂਟਿੰਗ ਵਿੱਚ ਔਰਤ ਦਾ ਤਰਲੇ ਵਰਗਾ ਪੱਸਰਿਆ ਹੋਇਆ ਹੱਥ ਸੀ ਤੇ ਚਿਹਰੇ ਉੱਤੇ ਭੁੱਖ ਦਾ ਦਰਦ। ਉਸ ਪੇਂਟਿੰਗ ਦੇ ਨੇੜੇ ਹੀ ਮੇਰੀ ਵਰਦੀ ਲਟਕੀ ਹੋਈ ਹੁੰਦੀ ਸੀ। ਮੈਨੂੰ ਬੈਟਮੈਨ ਉੱਤੇ ਗੁੱਸਾ ਆ ਜਾਂਦਾ ਸੀ, ਵਰਦੀ ਕਿੰਨੀ ਗ਼ਲਤ ਥਾਂ ਉੱਤੇ ਟੰਗੀ ਹੋਈ ਸੀ।

ਹੌਲਦਾਰ ਮੇਜਰ ਦੇ ਜਾਣ ਪਿੱਛੋਂ ਮੈਂ ਅਕਸਰ ਨਾਲ ਦੇ ਕਮਰੇ ਵਾਲੇ ਡਾਕਟਰ ਕੋਲ ਚਲਿਆ ਜਾਂਦਾ ਸਾਂ। ਮੈਂ ਉੱਠਣ ਲਗਦਾ ਸਾਂ ਤਾਂ ਉਹ ਅਕਸਰ ਰੋਕ ਲੈਂਦਾ ਸੀ, ‘‘ਬੈਠ, ਤੈਨੂੰ ਕੋਈ ਨਵੀਂ ਚੀਜ਼ ਸੁਣਾਉਂਦਾ ਹਾਂ।’’

ਉਹ ਟੇਪ ਰਿਕਾਰਡਰ ਉੱਤੇ ‘ਸਾਊਂਡ ਆਫ ਸੈਕਸ’ ਦਾ ਨਵਾਂ ਖਰੀਦਿਆ ਕੈਸੇਟ ਚੜ੍ਹਾ ਦਿੰਦਾ ਸੀ, ‘‘ਪਤੈ, ਬੜੀ ਮੁਸ਼ਕਿਲ ਨਾਲ ਬਲੈਕ ਵਿੱਚ ਮਿਲਿਆ ਹੈ।’’

ਮੇਰੀ ਫੇਰੀ ਵੇਲੇ ਡਾਕਟਰ ਦੇ ‘ਮੁਸ਼ਕਿਲ ਨਾਲ ਮਿਲੇ’ ਕੈਸੇਟ ਲਗਭਗ ਇੱਕੋ ਭਾਂਤ ਦੇ ਹੀ ਹੁੰਦੇ ਸਨ।

ਆਵਾਜ਼ਾਂ ਨੰਗੀਆਂ ਹੋ ਕੇ ਕਮਰੇ ਵਿੱਚ ਪੱਸਰ ਜਾਂਦੀਆਂ ਸਨ। ਡਾਕਟਰ ਮੇਰੇ ਵੱਲ ਵੇਖ ਕੇ, ਖੁੱਲ੍ਹ ਕੇ ਹੱਸਦਾ ਸੀ। ਉਹ ਆਵਾਜ਼ਾਂ ਮੇਰੇ ਕਮਰੇ ਤੱਕ ਵੀ ਪਹੁੰਚਦੀਆਂ ਸਨ। ਉੱਥੇ ਕਿਤਾਬਾਂ ਸ਼ਰਮਸਾਰ ਹੋ ਕੇ ਇੱਕ-ਦੂਜੇ ਵਿੱਚ ਮੂੰਹ ਲੁਕਾ ਲੈਂਦੀਆਂ ਸਨ।

ਮੈਂ ਡਾਕਟਰ ਦੇ ਕਮਰੇ ਵਿੱਚ ਨਾ ਵੀ ਜਾਵਾਂ ਤਾਂ ਵੀ ਉਹ ਆਵਾਜ਼ਾਂ ਲੱਕੜ ਦੀ ਕੰਧ ਵਿੱਚੋਂ ਦੀ ਰਾਹ ਲੱਭ ਕੇ ਮੇਰੇ ਕਮਰੇ ਵਿੱਚ ਆ ਜਾਂਦੀਆਂ ਸਨ।

ਉਸ ਵੇਲੇ ਮੈਂ ਆਰਜ਼ੀ ਤੌਰ ’ਤੇ ਬਾਰਡਰ ਰੋਡਜ਼ ਵਾਲਿਆਂ ਨਾਲ ਤਾਇਨਾਤ ਸਾਂ।

ਪੋਸਟਿੰਗ ਦੇ ਕੁਝ ਮਹੀਨਿਆਂ ਪਿੱਛੋਂ ਮੈਨੂੰ ਕੁਝ ਪਰ੍ਹਾਂ ਵੱਖਰਾ ਕੁਆਰਟਰ ਮਿਲ ਗਿਆ। ਮੈਨੂੰ ਡਾਕਟਰ ਤੋਂ ਵੀ ਨਿਜਾਤ ਮਿਲ ਗਈ।

* * *

ਉਹ ਪਹਾੜ ਰੁੱਖਾਂ ਤੋਂ ਲਗਭਗ ਵਿਰਵਾ ਸੀ। ਉਸ ਪਹਾੜ ਨੂੰ ਮੈਂ ਨੰਗਾ ਪਹਾੜ ਆਖਦਾ ਸਾਂ। ਉਸ ਦੇ ਸਿਖ਼ਰ ਉੱਤੇ ਅੰਗਰੇਜ਼ਾਂ ਵੇਲੇ ਦਾ ਸਕੂਲ ਅਤੇ ਗਿਰਜਾ ਸੀ।

ਉਸ ਤੋਂ ਹੇਠਾਂ ਪੌੜੀਆਂ-ਨੁਮਾ ਖੇਤ ਸਨ। ਖੇਤਾਂ ਦੀਆਂ ਉਹ ਪੌੜੀਆਂ ਮੇਰੀ ਯੂਨਿਟ ਤੱਕ ਆਉਂਦੀਆਂ ਸਨ। ਉਸ ਪਹਾੜ ਦੀ ਵੱਖੀ ਵਾਲੇ ਪਾਸੇ ਟਾਵੇਂ-ਟੱਲੇ ਘਰਾਂ ਦੀ ਆਬਾਦੀ ਸੀ। ਯੂਨਿਟ ਦੁਆਲੇ ਕੰਡਿਆਲੀਆਂ ਤਾਰਾਂ ਦੀ ਵਾੜ ਸੀ। ਉਹ ਵਲਗਣ ਬਹੁਤ ਉੱਚੀ ਸੀ। ਉਹ ਵਾੜ ਟੱਪ ਕੇ ਬੰਦੇ ਅੰਦਰ ਨਹੀਂ ਸਨ ਆ ਸਕਦੇ। ਤਾਰਾਂ ਦੇ ਵਿੱਚੋਂ ਦੀ ਕਈ ਵਾਰ ਕੁੱਤੇ ਯੂਨਿਟ ਵਿੱਚ ਆ ਜਾਂਦੇ ਸਨ। ਪਹਾੜ ਮੇਰੀ ਯੂਨਿਟ ਤੱਕ ਆ ਕੇ ਮੁੱਕਦਾ ਨਹੀਂ ਸੀ, ਪਹਾੜੀ ਨਦੀ ਤੱਕ ਪਹੁੰਚਦਾ ਸੀ। ਉਹ ਨਦੀ ਨਿੱਕੇ ਬਾਲ ਦੀ ਵਾਹੀ ਹੋਈ ਲੀਕ ਵਾਂਗੂੰ ਸੀ। ਉਹ ਦਿਨ ਵੇਲੇ ਬੜੀ ਚੁੱਪ ਪ੍ਰਤੀਤ ਹੁੰਦੀ ਸੀ, ਪਰ ਰਾਤ ਵੇਲੇ ਨਦੀ ਦਾ ਪੱਥਰਾਂ ਨਾਲ ਖਹਿਣ ਦਾ ਕੰਨ ਪਾੜਵਾਂ ਰੌਲਾ ਬਾਰਡਰ ਰੋਡਜ਼ ਦੇ ਕੁਆਰਟਰਾਂ ਤੱਕ ਵੀ ਪਹੁੰਚਦਾ ਸੀ।

ਫੈਮਿਲੀ ਕੁਆਰਟਰ ਮਿਲਣ ਪਿੱਛੋਂ ਬੀਵੀ ਉੱਥੇ ਆ ਕੇ ਰਹਿਣ ਲੱਗ ਪਈ ਸੀ। ਉਹਨੇ ਪਹਿਲੋਂ ਕਦੀ ਪਹਾੜ ਨਹੀਂ ਸਨ ਵੇਖੇ। ਉਸ ਨੂੰ ਲੱਗਦਾ ਸੀ, ਨੰਗਾ ਪਹਾੜ ਢਿੱਗਾਂ ਬਣ ਕੇ ਟੁੱਟੂ ਤੇ ਬਾਰਡਰ ਰੋਡਜ਼ ਦੇ ਕੁਆਰਟਰਾਂ ਨੂੰ ਵੀ ਧੱਕ ਕੇ ਆਪਣੇ ਨਾਲ ਨਦੀ ਤੱਕ ਲੈ ਜਾਊ।

ਬੀਵੀ ਅਮਰਇੰਦਰ ਦਾ ਡਰ ਪਥੌਰਾਗੜ੍ਹ ਤੋਂ ਕੁਝ ਮੀਲ ਦੂਰ ਸੱਚ ਹੋ ਨਿਬੜਿਆ ਸੀ। ਧਾਰਚੂਲਾ ਦਾ ਇੱਕ ਪਿੰਡ ਪਹਾੜ ਦੀ ਢਲਾਨ ਉੱਤੇ ਵਸਿਆ ਹੋਇਆ ਸੀ। ਝੱਖੜ ਦੀ ਇੱਕ ਰਾਤੇ ਪਹਾੜ ਟੁੱਟਿਆ ਤੇ ਗਾਰ ਵਾਂਗੂੰ ਹੇਠਾਂ ਨੂੰ ਵਹਿ ਤੁਰਿਆ ਤੇ ਉਸ ਪਿੰਡ ਸਮੇਤ ਨਦੀ ਵਿੱਚ ਗਰਕ ਗਿਆ। ਪਿੰਡ ਦੀ ਹੋਂਦ ਮੁੱਕ ਗਈ।

ਨੰਗਾ ਪਹਾੜ ਸਦੀਆਂ ਤੋਂ ਅਡਿੱਗ ਖੜ੍ਹਾ ਸੀ।

ਮੇਰੇ ਕੁਆਰਟਰ ਤੋਂ ਯੂਨਿਟ ਮਸਾਂ ਦੋ ਕੁ ਸੌ ਗਜ਼ ਦੂਰ ਸੀ। ਕਈ ਵਾਰ ਮੈਂ ਦਫ਼ਤਰ ਵਿੱਚੋਂ ਉੱਠ ਕੇ ਚਾਹ ਦੇ ਕੱਪ ਲਈ ਘਰ ਪਹੁੰਚ ਜਾਂਦਾ ਸਾਂ। ਇੱਕ ਸਵੇਰ ਮੈਂ ਚਾਹ ਲਈ ਘਰ ਗਿਆ ਤਾਂ ਬੀਵੀ ਨੇ ਦੱਸਿਆ, ‘‘ਨੰਗੇ ਪਹਾੜ ਦੇ ਇੱਕ ਖੇਤ ਵਿੱਚ ਕੋਈ ਕਿਸੇ ਔਰਤ ਨੂੰ ਮਾਰ ਕੇ ਸੁੱਟ ਗਿਆ ਏ।’’

ਇਹ ਖ਼ਬਰ ਬੀਵੀ ਨੂੰ ਕੰਮ ਵਾਲੀ ਬਾਈ ਨੇ ਦੱਸੀ ਸੀ।

ਮੈਂ ਖ਼ਬਰ ਹੱਸ ਕੇ ਟਾਲ ਦਿੱਤੀ। ਫੇਰ ਸੁਣਿਆ, ਆਵਾਰਾ ਕੁੱਤੇ ਉਸ ਲਾਸ਼ ਨੂੰ ਚੂੰਡਣ ਲੱਗ ਪਏ ਸਨ। ਅਗਲੇ ਦਿਨੀਂ ਇੱਲਾਂ ਅਤੇ ਕਾਂ ਵੀ ਮੰਡਰਾਉਂਦੇ ਹੋਏ ਦਿਸਣ ਲੱਗ ਪਏ।

ਫੇਰ ਉਸ ਪਹਾੜ ਉੱਤੇ ਗਿਰਝਾਂ ਵੀ ਪਹੁੰਚ ਗਈਆਂ।

ਉਹ ਖ਼ਬਰ ਕੰਡਿਆਲੀਆਂ ਤਾਰਾਂ ਤੋਂ ਦੂਸਰੇ ਪਾਸੇ ਸੀ, ਇਸ ਲਈ ਦੂਰ ਜਾਪਦੀ ਸੀ।

ਇੱਕ ਦਿਨ ਉਹ ਖ਼ਬਰ ਸੱਚੀ ਹੋਣ ਦਾ ਸਬੂਤ ਲੈ ਕੇ ਤਾਰਾਂ ਟੱਪ ਆਈ।

ਇੱਕ ਸਵੇਰ ਯੂਨਿਟ ਦਾ ਸਫ਼ਾਈ ਵਾਲਾ ਝਾੜੂ ਫੇਰ ਰਿਹਾ ਸੀ। ਉਹਨੇ ਕੁੱਤਿਆਂ ਨੂੰ ਖੋਹਾ-ਖਿੰਝੀ ਕਰਦਿਆਂ ਵੇਖਿਆ। ਉਹਨੇ ਝਾੜੂ ਉਲਾਰ ਕੇ ਕੁੱਤਿਆਂ ਨੂੰ ਸ਼ਿਸ਼ਕਾਰ ਦਿੱਤਾ। ਸਫ਼ਾਈ ਵਾਲੇ ਨੇ ਹੈਰਾਨ ਹੋ ਕੇ ਵੇਖਿਆ, ਉੱਥੇ ਚਗਲੀ-ਚਿੱਥੀ ਬਾਂਹ ਪਈ ਸੀ। ਉਸ ਬਾਂਹ ਦੇ ਗੁੱਟ ਨਾਲ ਕੁਝ ਚੂੜੀਆਂ ਅਟਕੀਆਂ ਹੋਈਆਂ ਸਨ। ਉਹ ਬਾਂਹ ਆਵਾਰਾ ਕੁੱਤਿਆਂ ਦਾ ਭੋਜਨ ਸੀ ਤੇ ਉਹ ਕੁੱਤੇ ਭੋਜਨ ਲਈ ਲੜ ਰਹੇ ਸਨ। ਮੈਨੂੰ ਉਧਰ ਦੀ ਲੰਘਦੇ ਨੂੰ ਵੇਖ ਕੇ ਸਫ਼ਾਈ ਵਾਲਾ ਮੇਰੇ ਵੱਲ ਅਹੁਲਿਆ, ਘਬਰਾਇਆ ਹੋਇਆ ਬੋਲਿਆ, ‘‘ਸਰ, ਕੁੱਤੇ ਲਾਸ਼ ਦੀ ਬਾਂਹ ਯੂਨਿਟ ਵਿੱਚ ਲੈ ਆਏ ਨੇ।’’

ਇਸ ਬਾਰੇ ਪੁਲੀਸ ਨੂੰ ਸੂਚਨਾ ਦੇਣੀ ਚਾਹੀਦੀ ਸੀ। ਕੰਪਨੀ ਦੇ ਕਮਾਨ ਅਫਸਰ ਨੇ ਦੋ ਟੁਕ ਫ਼ੈਸਲਾ ਕੀਤਾ ਕਿ ਇਸ ਬਾਰੇ ਚੁੱਪ ਵੱਟ ਲਈ ਜਾਵੇ।

ਸਫ਼ਾਈ ਵਾਲੇ ਨੇ ਉਹ ਬਾਂਹ ਕੂੜੇ ਵਾਲੇ ਟੋਏ ਵਿੱਚ ਸੁੱਟ ਕੇ ਉੱਤੇ ਮਿੱਟੀ ਪਾ ਦਿੱਤੀ।

ਪਹਾੜ ਉੱਤੇ ਲਾਸ਼ ਪਈ ਹੋਣ ਬਾਰੇ ਪੂਰੇ ਪਥੌਰਾਗੜ੍ਹ ਨੂੰ ਪਤਾ ਸੀ, ਸਿਰਫ਼ ਪੁਲੀਸ ਨੂੰ ਪਤਾ ਨਹੀਂ ਸੀ।

ਇੱਕ ਸਵੇਰ ਦੇ ਸੂਰਜ ਨੇ ਧਾਰਚੂਲਾ ਨੂੰ ਜਾਣ ਵਾਲੀ ਸੜਕ ਉੱਤੇ ਇੱਕ ਲੱਤ ਪਈ ਹੋਈ ਵੇਖੀ। ਉਹ ਲੱਤ ਜਨੌਰਾਂ ਤੇ ਗਿਰਝਾਂ ਦੀ ਖਾਧੀ ਹੋਈ ਸੀ। ਲੱਤ ਉੱਤੇ ਮਾਸ ਬੱਸ ਨਾਮ ਮਾਤਰ ਹੀ ਸੀ। ਆਵਾਰਾ ਕੁੱਤੇ ਉਸ ਲੱਤ ਨੂੰ ਨੰਗੇ ਪਹਾੜ ਉੱਤੋਂ ਧੂਹ ਕੇ ਸੜਕ ਤੱਕ ਲੈ ਆਏ ਸਨ।

ਪੁਲੀਸ ਅਚਨਚੇਤੀ ਜਾਗ ਪਈ।

ਉਸ ਲਾਵਾਰਸ ਲਾਸ਼ ਦੇ ਓਹਲੇ ਸਮਾਂ ਸੀ। ਸਮੇਂ ਦੇ ਉਨ੍ਹਾਂ ਵਰਕਿਆਂ ਉੱਤੇ ਉਸ ਔਰਤ ਦੀ ਕਹਾਣੀ ਲਿਖੀ ਹੋਈ ਸੀ। ਉਹ ਕਹਾਣੀ ਮੈਂ ਪੜ੍ਹਨਾ ਚਾਹੁੰਦਾ ਸਾਂ। ਉਹ ਘਟਨਾ ਸ਼ੀਸ਼ਾ ਸੀ ਲੋਕਾਂ ਦੀ ਸੰਵੇਦਨਹੀਣਤਾ ਦਾ। ਉਸ ਸ਼ੀਸ਼ੇ ਵਿੱਚੋਂ ਮੈਨੂੰ ਮਨੁੱਖਤਾ ਦਾ ਘਾਣ ਵੀ ਦਿਸਣ ਲੱਗ ਪਿਆ ਸੀ ਤੇ ਮਨੁੱਖ ਵਜੋਂ ਉਹਦੇ ਕਿਰਦਾਰ ਦੀ ਮੌਤ ਵੀ।

* * *

ਅਸੀਂ ਦੋਵੇਂ ਜੀਅ ਸਾਲਾਨਾ ਛੁੱਟੀਆਂ ਕੱਟਣ ਚਲੇ ਗਏ।

ਛੁੱਟੀਆਂ ਮੁਕਾ ਕੇ ਮੈਂ ਮੁੜ ਆਇਆ ਤੇ ਅਮਰਇੰਦਰ ਉੱਥੇ ਰਹਿ ਪਈ। ਮੇਰੀ ਗ਼ੈਰਹਾਜ਼ਰੀ ਵਿੱਚ ਪਲਟੂਨ ਨੂੰ ਟਨਕਪੁਰ ਜਾਣ ਦਾ ਹੁਕਮ ਮਿਲਿਆ ਸੀ ਤੇ ਉਸ ਹੁਕਮ ਦੀ ਤਾਮੀਲ ਵੀ ਹੋ ਚੁੱਕੀ ਸੀ।

ਟਨਕਪੁਰ ਪਹਾੜਾਂ ਦੇ ਪੈਰਾਂ ਵਿੱਚ ਵੱਸਿਆ ਹੋਇਆ ਸੀ। ਬਰੇਲੀ ਤੋਂ ਆਉਂਦੀ ਸੜਕ ਟਨਕਪੁਰ ਦੇ ਵਿੱਚੋਂ ਦੀ ਹੋ ਕੇ ਪਥੌਰਾਗੜ੍ਹ ਜਾਂਦੀ ਸੀ। ਮੇਰੀ ਛੁੱਟੀ ਦੌਰਾਨ ਯੂਨਿਟ ਦੇ ਇੱਕ ਟਰੱਕ ਦਾ ਹਾਦਸਾ ਵਾਪਰਿਆ ਸੀ। ਉਸ ਸਿਲਸਿਲੇ ਵਿੱਚ ਇੱਕ ਪੁਲੀਸ ਇੰਸਪੈਕਟਰ ਪੁੱਛਗਿੱਛ ਕਰਨ ਲਈ ਆਇਆ। ਜਦੋਂ ਨੰਗੇ ਪਹਾੜ ਵਾਲਾ ਹਾਦਸਾ ਵਾਪਰਿਆ, ਉਹ ਇੰਸਪੈਕਟਰ ਪਥੌਰਾਗੜ੍ਹ ਥਾਣੇ ਦਾ ਐੱਸਐੱਚਓ ਸੀ। ਮੇਰੇ ਪੁੱਛਣ ਉੱਤੇ ਉਸ ਦੱਸਿਆ ਸੀ ਕਿ ਨੰਗੇ ਪਹਾੜ ਦੇ ਖੇਤਾਂ ਵਿੱਚ ਪਈ ਹੋਈ ਉਹ ਲਾਸ਼ ਥੱਲ ਪਿੰਡ ਦੀ ਇੱਕ ਜੁਆਨ ਅਧਿਆਪਕਾ ਦੀ ਸੀ। ਉਹਦੇ ਗਰਭ ਠਹਿਰ ਗਿਆ ਸੀ। ਉਹ ਆਪਣੇ ਪ੍ਰੇਮੀ ਕੋਲ ਗਰਭਪਾਤ ਕਰਵਾਉਣ ਆਈ ਸੀ। ਅਣਜਾਣ ਦਾਈ ਦੀ ਗ਼ਲਤੀ ਦਾ ਖ਼ਮਿਆਜ਼ਾ ਉਸ ਪ੍ਰੇਮਿਕਾ ਨੂੰ ਭੁਗਤਣਾ ਪੈ ਗਿਆ। ਘਬਰਾਏ ਹੋਏ ਪ੍ਰੇਮੀ ਨੇ ਹੀ ਉਹ ਲਾਸ਼ ਰਾਤ ਬਰਾਤੇ ਖੇਤ ਵਿੱਚ ਸੁੱਟ ਦਿੱਤੀ ਸੀ।

ਨੰਗੇ ਪਹਾੜ ਦੀ ਮੌਤ ਮੇਰੇ ਨਾਵਲ ਦਾ ਬੀਜ ਸੀ, ਪਰ ਮੈਨੂੰ ਪਤਾ ਨਹੀਂ ਸੀ।

ਉਹ ਬੀਜ ਝੱਟਪੱਟ ਪੁੰਗਰਿਆ ਨਹੀਂ ਸੀ, ਕਈ ਵਰ੍ਹੇ ਮਨ ਦੀ ਮਿੱਟੀ ਵਿੱਚ ਦੱਬਿਆ ਪਿਆ ਰਿਹਾ ਸੀ।

ਉਹ ਵਰ੍ਹੇ ਅਣਲਿਖੇ ਨਾਵਲ ਦੀ ਚੁੱਪ ਦੇ ਨਹੀਂ ਸਨ। ਉਸ ਵਾਰਦਾਤ ਨੂੰ ਅਰਥ ਮਿਲਦੇ ਰਹੇ ਸਨ ਜਿਵੇਂ ਉੱਗਣ ਵਾਲੇ ਬੀਜ ਨੂੰ ਖ਼ਾਦ ਮਿਲਦੀ ਹੈ। ਇਸ ਅਮਲ ਵਿੱਚ ਮੇਰਾ ਜ਼ਿਹਨ ਲੋਕਾਂ ਦੀ ਸੰਵੇਦਨਹੀਣਤਾ ਨੂੰ ਵੇਖਣ ਲੱਗ ਪਿਆ। ਨੰਗੇ ਪਹਾੜ ਦੀ ਮੌਤ ਮਨੁੱਖਤਾ ਅਤੇ ਨੈਤਿਕ ਮੁੱਲਾਂ ਦੇ ਪਤਨ ਦੀ ਵਾਰਦਾਤ ਹੋ ਗਈ ਸੀ।

ਜਦੋਂ ਮੇਰੀਆਂ ਨੀਂਦਾਂ ਬੇਆਰਾਮ ਹੋਣ ਲੱਗ ਪਈਆਂ ਤਾਂ ਮੈਂ ਜਾਣ ਲਿਆ, ਇਹੀ ਉਹ ਵੇਲਾ ਸੀ ਜਦੋਂ ਮੈਂ ਉਸ ਔਰਤ ਨੂੰ ਜਿਊਂਦਿਆਂ ਕਰਨਾ ਸੀ, 1978 ਦੇ ਉਸ ਸਮੇਂ ਨੂੰ ਆਪਣੇ ਨਾਵਲ ਵਿੱਚ ਸਾਹ ਦੇਣੇ ਸਨ।

ਮੈਂ ਅੱਧੀ ਰਾਤ ਵੇਲੇ ਉੱਠ ਕੇ ਬੈਠ ਗਿਆ ਸਾਂ। ਮੈਂ ਕੋਰੇ ਕਾਗਜ਼ ਉੱਤੇ ਨਾਵਲ ਦਾ ਨਾਂ ਲਿਖਿਆ ਸੀ:

ਨੰਗੇ ਪਹਾੜ ਦੀ ਮੌਤ

ਨਾਵਲ ਦਾ ਬਿਰਤਾਂਤ ਪੂਰਾ ਹਕੀਕਤ ਸੀ। ਇੱਕ ਸੱਚ ਇਹ ਵੀ ਹੈ ਕਿ ਕਈ ਵਾਰ ਜਿਊਂਦੇ-ਜਾਗਦੇ ਪਾਤਰਾਂ ਨੂੰ ਢੱਕਣ ਦੀ ਲੋੜ ਵੀ ਹੁੰਦੀ ਹੈ, ਪ੍ਰਤੀਕਾਂ ਨਾਲ, ਕਲਪਨਾ ਨਾਲ ਤੇ ਬਹੁਤ ਵਾਰ ਅੰਦਾਜ਼-ਏ-ਬਿਆਨ ਨਾਲ। ‘ਨੰਗੇ ਪਹਾੜ ਦੀ ਮੌਤ’ ਨਾਵਲ ਦੀ ਘਟਨਾ 1978 ਵਿੱਚ ਵਾਪਰੀ ਸੀ, ਪਰ ਉਸ ਨਾਵਲ ਦੇ ਜਨਮ ਅਤੇ ਕਿਤਾਬ ਹੋਣ ਦਾ ਵਰ੍ਹਾ 1991 ਦਾ ਸੀ।

Advertisement