DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੈਪੁਰ ਦੇ ਸਾਹਿਤਕ ਮੇਲੇ ਦੀ ਚਮਕ ਦਮਕ

ਕ੍ਰਿਸ਼ਨ ਕੁਮਾਰ ਰੱਤੂ ਕੀ ਅੱਜ ਸਾਹਿਤ ਹੁਣ ਸੱਚਮੁੱਚ ਹਾਸ਼ੀਏ ’ਤੇ ਚਲਾ ਗਿਆ ਹੈ? ਕੀ ਹੁਣ ਸੱਚਮੁੱਚ ਸਾਹਿਤ ਤੇ ਕਿਤਾਬਾਂ ਦੀ ਨਵੀਂ ਦੁਨੀਆ ਲਈ ਜ਼ਿੰਦਗੀ ’ਚ ਜਗ੍ਹਾ ਬਿਲਕੁਲ ਘਟਦੀ ਜਾ ਰਹੀ ਹੈ? ਇਹ ਸਾਰੇ ਸਵਾਲ 30 ਜਨਵਰੀ ਤੋਂ ਤਿੰਨ ਫਰਵਰੀ ਤੱਕ...
  • fb
  • twitter
  • whatsapp
  • whatsapp
featured-img featured-img
ਜੈਪੁਰ ਮੇਲੇ ’ਚ ਆਪਣੇ ਸਹੁਰੇ ਅਤੇ ਇਨਫੋਸਿਸ ਦੇ ਬਾਨੀ ਨਰਾਇਣ ਮੂਰਤੀ ਨਾਲ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਤੇ ਐਨ ਸੱਜੇ ਸੰਬੋਧਨ ਕਰਦੇ ਹੋਏ ਜਾਵੇਦ ਅਖ਼ਤਰ। ਫੋਟੋਆਂ: ਲੇਖਕ
Advertisement

ਕ੍ਰਿਸ਼ਨ ਕੁਮਾਰ ਰੱਤੂ

ਕੀ ਅੱਜ ਸਾਹਿਤ ਹੁਣ ਸੱਚਮੁੱਚ ਹਾਸ਼ੀਏ ’ਤੇ ਚਲਾ ਗਿਆ ਹੈ? ਕੀ ਹੁਣ ਸੱਚਮੁੱਚ ਸਾਹਿਤ ਤੇ ਕਿਤਾਬਾਂ ਦੀ ਨਵੀਂ ਦੁਨੀਆ ਲਈ ਜ਼ਿੰਦਗੀ ’ਚ ਜਗ੍ਹਾ ਬਿਲਕੁਲ ਘਟਦੀ ਜਾ ਰਹੀ ਹੈ? ਇਹ ਸਾਰੇ ਸਵਾਲ 30 ਜਨਵਰੀ ਤੋਂ ਤਿੰਨ ਫਰਵਰੀ ਤੱਕ ਚੱਲੇ ਜੇਐੱਲਐੱਫ ਇੰਟਰਨੈਸ਼ਨਲ ਦੇ ਨਾਂ ਨਾਲ ਜਾਣੇ ਜਾਂਦੇ ਕੌਮਾਂਤਰੀ ਪੱਧਰ ਦੇ ਜੈਪੁਰ ਲਿਟਰੇਚਰ ਫੈਸਟੀਵਲ ਵਿੱਚ ਉੱਭਰੇ ਦਿਸੇ।

Advertisement

ਕਿਤਾਬਾਂ ਤੇ ਲੇਖਕਾਂ ਦੇ ਇਸ ਮੇਲੇ ਵਿੱਚ ਉਹ ਸਭ ਕੁਝ ਹਾਜ਼ਰ ਹੈ, ਜੋ ਸਾਹਿਤ ਦੀ ਦੁਨੀਆ ਤੋਂ ਥੋੜ੍ਹਾ ਵੱਖਰਾ ਅਤੇ ਵਿਸ਼ਵ ਬਾਜ਼ਾਰ ਦਾ ਭੁਲੇਖਾ ਜ਼ਿਆਦਾ ਪਾਉਂਦਾ ਹੈ। ਅਸਲ ਵਿੱਚ ਹੁਣ ਇਹ ਕਿਤਾਬਾਂ ਦਾ ਮੇਲਾ ਲੇਖਕਾਂ, ਅਨੁਵਾਦਕਾਂ ਤੇ ਪੱਤਰਕਾਰਾਂ ਦੇ ਨਾਲ ਨਾਲ ਬਲੌਗਰ, ਫੋਟੋਗ੍ਰਾਫਰ, ਸੋਸ਼ਲ ਮੀਡੀਆ ਇਨਫਲੂਐਂਸਰ, ਸੈਲਫੀ ਪ੍ਰੋਡਕਸ਼ਨ, ਫੂਡ ਫੈਸ਼ਨ ਯੋਗਾ ਅਤੇ ਫੈਸਟੀਵਲ ਦੀ ਫੈਸਟਿਵ ਵਾਈਬ ਨਾਲ ਗੁਲਜ਼ਾਰ ਹੋ ਗਿਆ ਹੈ।

ਜੈਪੁਰ ਦੇ ਕਲਾਰਕ ਆਮੇਰ ਹੋਟਲ ਵਿੱਚ ਹਰ ਵਰ੍ਹੇ ਹੋਣ ਵਾਲਾ ਸਾਹਿਤ ਤੇ ਕਿਤਾਬਾਂ ਦਾ ਇਹ 18ਵਾਂ ਮੇਲਾ ਹੈ। ਇਸ ਵਿੱਚ 31 ਦੇਸ਼ਾਂ ਦੀਆਂ ਸਾਹਿਤਕ ਹਸਤੀਆਂ- ਲੇਖਕ, ਪੱਤਰਕਾਰ ਅਤੇ ਪ੍ਰਕਾਸ਼ਕ - ਸ਼ਾਮਲ ਹੋਈਆਂ। ਇਸ ਮੇਲੇ ਵਿੱਚ ਹੁਣ ਕਰੋੜਾਂ ਦਾ ਵਪਾਰ ਹੁੰਦਾ ਹੈ। ਇਹ ਦੁਨੀਆ ਭਰ ਵਿੱਚ ਜੈਪੁਰ ਦੀ ਪਛਾਣ ਬਣ ਚੁੱਕਾ ਹੈ।

ਸਾਹਿਤ ਦੇ ਇਸ ਮੇਲੇ ਵਿੱਚ ਦੁਨੀਆ ਭਰ ਦੇ ਨੋਬੇਲ ਪੁਰਸਕਾਰ ਜੇਤੂਆਂ ਤੋਂ ਲੈ ਕੇ ਫਿਲਮ ਅਦਾਕਾਰ, ਕ੍ਰਿਕਟਰ, ਗਾਇਕ, ਸੰਗੀਤਕਾਰ ਤੇ ਹੋਰਾਂ ਦੇ ਨਾਲ ਭਾਰਤੀ ਵਿਧਾਵਾਂ ਦੇ ਲੇਖਕ ਘੱਟ ਤੇ ਅੰਗਰੇਜ਼ੀ ਅਤੇ ਦੂਸਰੀਆਂ ਜ਼ਬਾਨਾਂ ਦੇ ਲੇਖਕ ਜ਼ਿਆਦਾ ਦਿਖਾਈ ਦਿੰਦੇ ਹਨ। ਇਸ ਦੇ ਕਈ ਸੈਸ਼ਨਾਂ ਵਿੱਚ ਬੇਹੱਦ ਦਿਲਚਸਪ ਗੱਲਾਂ ਤੇ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ।

ਸਾਲ 2025 ਦੇ ਇਸ ਸਾਹਿਤ ਮੇਲੇ ਵਿੱਚ ‘ਰੈਸਿਪੀ ਆਫ ਦਲਿਤ ਕਿਚਨ’ ਵਰਗੀਆਂ ਕਿਤਾਬਾਂ ’ਤੇ ਸ਼ਾਹੂ ਪਟੋਲੇ ਬੋਲਦਾ ਹੋਇਆ ਦਿਸਿਆ। ਧਰੁਵੀਕ੍ਰਿਤ ਦੁਨੀਆ ਵਿੱਚ ਭਾਰਤੀ ਯੋਗਦਾਨ ਦੇ ਨਾਲ ਪੋਲੋ ਦਾ ਜੈਪੁਰੀ ਤੜਕਾ ਵੀ ਦਿਖਾਈ ਦਿੱਤਾ। ਹੁਣ ਇਹ ਸਵਾਲ ਤੁਹਾਡੇ ’ਤੇ ਛੱਡਿਆ ਜਾ ਸਕਦਾ ਹੈ ਕਿ ਤੁਸੀਂ ਅਜਿਹੇ ਮੇਲੇ ਨੂੰ ਕਿਸ ਤਰ੍ਹਾਂ ਦਾ ਨਾਮ ਦਿਉਗੇ। ਜੈਪੁਰ ਵਿਖੇ ਇਸ ਸਾਹਿਤ ਮੇਲੇ ਵਿੱਚ ਪ੍ਰਸਿੱਧ ਸ਼ਾਇਰ ਜਾਵੇਦ ਅਖਤਰ ਅਤੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਹਾਜ਼ਰੀ ਲੁਆਈ। ਇਸ ਦੇ ਨਾਲ ਹੀ ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਆਪਣੀ ਕਿਤਾਬ ਲੋਕ ਅਰਪਣ ਕੀਤੀ। ਇੱਥੇ ਨੋਬੇਲ ਜੇਤੂ ਅਭਿਜੀਤ ਬੈਨਰਜੀ ਦੇ ਨਾਲ ਐਮ ਕੇ ਰੈਣਾ, ਸੁਧਾ ਮੂਰਤੀ ਅਤੇ ‘ਨਿਊ ਸਾਇੰਸ ਆਫ ਏਜਿੰਗ’ ਕਿਤਾਬ ਦੇ ਲੇਖਕ ਤੇ ਨੋਬੇਲ ਪੁਰਸਕਾਰ ਜੇਤੂ ਵੈਂਕੀ ਰਾਮਾਕ੍ਰਿਸ਼ਨਨ ਨੇ ਸੰਵਾਦ ਰਚਾਇਆ।

ਅਸਲ ਵਿੱਚ ਇਨ੍ਹਾਂ ਸਾਹਿਤਕ ਮੇਲਿਆਂ ਵਿੱਚ ਹੁਣ ਕਰੋੜਾਂ ਰੁਪਏ ਦਾ ਵਪਾਰ ਤੇ ਸਪਾਂਸਰ ਹੋਣ ਨਾਲ ਖਪਤਕਾਰ ਸੱਭਿਆਚਾਰ ਅਤੇ ਵਿਸ਼ਵ ਬਾਜ਼ਾਰ ਵਿੱਚ ਕਿਤਾਬਾਂ ਦੀ ਨਵੀਂ ਦੁਨੀਆ ਦਾ ਚਿਹਰਾ ਵੇਖਿਆ ਜਾ ਸਕਦਾ ਹੈ। ਮਿਸਾਲ ਵਜੋਂ, ਜੇ ਕਿਤਾਬ ‘ਦਲਿਤ ਰੈਸਿਪੀ’ ਦੀ ਗੱਲ ਕਰੀਏ ਤਾਂ ਦਲਿਤਾਂ ਦੇ ਭੋਜਨ ਬਾਰੇ ਕਿਤਾਬ ਲਿਖਣ ਵਾਲੇ ਪਟੋਲੇ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਤਰ੍ਹਾਂ ਅਦਾਕਾਰ ਤੇ ਫਿਲਮਸਾਜ਼ ਐਮ ਕੇ ਰੈਣਾ ਨੇ ਕਸ਼ਮੀਰ ਬਾਰੇ ਬਣੀਆਂ ਫਿਲਮਾਂ ਬਾਰੇ ਕਿਹਾ ਕਿ ਇਹ ਅਸਲ ਕਸ਼ਮੀਰ ਨਹੀਂ ਦਿਖਾਉਂਦੀਆਂ ਅਤੇ ਉਹ ਇੱਕ ਸੈਸ਼ਨ ਵਿੱਚੋਂ ਉੱਠ ਕੇ ਚਲਾ ਗਿਆ।

ਇੱਥੇ ਹੀ ਭਾਰਤੀ ਭਾਸ਼ਾਵਾਂ ਤੇ ਬੱਚਿਆਂ ਦੀ ਭਾਸ਼ਾ ਬਾਰੇ ਗੱਲ ਕਰਦਿਆਂ ਜਾਵੇਦ ਅਖ਼ਤਰ ਵਰਗੇ ਸ਼ਾਇਰ ਨੇ ਇਹ ਵੀ ਕਿਹਾ ਕਿ ਕਵੀ ਕਵੀ ਹੁੰਦਾ ਹੈ ਅਤੇ ਕਵਿਤਾ ਕਵਿਤਾ ਰਹਿੰਦੀ ਹੈ। ਕਵਿਤਾ ਤੇ ਕਵੀ ਦੋਵੇਂ ਉਸ ਸੱਚ ਦੇ ਪ੍ਰਤੀਕਾਤਮਕ ਚਿਹਰੇ ਹਨ, ਇਸ ਵਿੱਚ ਝੂਠ ਦੀ ਕੋਈ ਜਗ੍ਹਾ ਨਹੀਂ ਹੈ।

ਅਖ਼ਤਰ ਅਨੁਸਾਰ ਅੱਜ ਦੇ ਬੱਚੇ ਅਰਥਾਤ ਨਵੀਂ ਪੀੜ੍ਹੀ ਆਪਣੀ ਭਾਸ਼ਾ ਤੋਂ ਦੂਰ ਹੋ ਰਹੇ ਹਨ ਅਤੇ ਇਹ ਸਾਰਾ ਸੋਸ਼ਲ ਮੀਡੀਆ ਦਾ ਵੀ ਅਸਰ ਹੈ। ਉਧਰ, ਗਾਇਕ ਕੈਲਾਸ਼ ਖੇਰ ਦੀ ਲਿਖੀ ਪਹਿਲੀ ਕਿਤਾਬ ‘ਤੇਰੀ ਦੀਵਾਨੀ- ਸ਼ਬਦੋਂ ਕੇ ਪਾਰ’ ਰਿਲੀਜ਼ ਕੀਤੀ ਗਈ।

ਇਸ ਮੌਕੇ ਸੁਧਾ ਮੂਰਤੀ ਵੀ ਆਪਣੀ ਕਿਤਾਬ ਦਾ ਪ੍ਰਚਾਰ ਪਸਾਰ ਕਰਦੇ ਹੋਏ ਦਿਸੇ। ਵੈਂਕੀ ਰਾਮਾਕ੍ਰਿਸ਼ਨਨ ਦਾ ਇਹ ਕਹਿਣਾ ਬੇਹੱਦ ਦਿਲਚਸਪ ਲੱਗਿਆ ਕਿ ਆਉਣ ਵਾਲਾ ਸਮਾਂ ਭਾਰਤ ਅਤੇ ਭਾਰਤ ਦੇ ਲੋਕਾਂ ਦੀ ਕਾਬਲੀਅਤ ਦਾ ਸਮਾਂ ਹੈ।

ਦੁਨੀਆ ਨੂੰ ਸਾਹਿਤ ਰਾਹੀਂ ਜਾਣਨ ਦਾ ਤਰੀਕਾ ਕੀ ਹੋ ਸਕਦਾ ਹੈ। ਦੁਨੀਆ ਨੂੰ ਆਪਣੇ ਨਜ਼ਰੀਏ ਨਾਲ ਕਿਵੇਂ ਦੇਖਿਆ ਜਾ ਸਕਦਾ ਹੈ। ਇਹ ਜੇ ਲੋਕਾਂ ਨੂੰ ਸਮਝ ਆ ਜਾਏ ਤਾਂ ਇਹ ਰਾਜਨੀਤੀ ਦਾ ਹਿੱਸਾ ਹੋ ਜਾਂਦਾ ਹੈ। ਸਾਬਕਾ ਸਫ਼ੀਰਾਂ ਦੀ ਇਜ਼ਰਾਈਲ-ਫ਼ਲਸਤੀਨ ਜੰਗ ਤੇ ਗਾਜ਼ਾ ਬਾਰੇ ਗੱਲਬਾਤ ਵੀ ਸਰੋਤਿਆਂ ਨੂੰ ਸੁਣਨ ਨੂੰ ਮਿਲੀ। ਕਿਤਾਬ ‘ਦਿ ਵਰਲਡ ਆਫਟਰ ਗਾਜ਼ਾ’ ਬਾਰੇ ਨਵਤੇਜ ਸਰਨਾ ਅਤੇ ਪੰਕਜ ਮਿਸ਼ਰਾ ਦੇ ਨਾਲ ਲਿੰਡਸੇ ਹਿਲਸਮ ਦੇ ਸੈਸ਼ਨ ਨੂੰ ਬੇਹੱਦ ਹੁੰਗਾਰਾ ਮਿਲਿਆ। ਕਿਤਾਬਾਂ ਦੇ ਕੌਮਾਂਤਰੀ ਪ੍ਰਕਾਸ਼ਕਾਂ ਨੇ ਵੀ ਇਸ ਮੇਲੇ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਨੇ ਭਾਰਤੀ ਪ੍ਰਕਾਸ਼ਕਾਂ ਨਾਲ ਮਿਲ ਕੇ ਕਾਪੀਰਾਈਟ ਤੇ ਅਨੁਵਾਦਿਤ ਕਿਤਾਬਾਂ ਦੀ ਗੱਲ ਕੀਤੀ। ਇਸ ਸਦਕਾ ਅਨੁਵਾਦ ਅਤੇ ਕਾਪੀਰਾਈਟ ਸਮਝੌਤੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਮੇਲੇ ਵਿੱਚੋਂ ਸਾਹਿਤ ਗਾਇਬ ਹੋ ਰਿਹਾ ਹੈ। ਦੁਨੀਆ ਭਰ ਦੀਆਂ ਦੂਜੀਆਂ ਗੱਲਾਂ ਅਤੇ ਚਮਕ ਦਮਕ ਕਾਰਨ ਅਜਿਹਾ ਮਾਹੌਲ ਬਣਿਆ ਜੋ ਹੁਣ ਸਾਹਿਤ ਦੀ ਸਪੇਸ ਨੂੰ ਗਲੈਮਰ ਦਾ ਤੜਕਾ ਸਾਬਿਤ ਹੋ ਰਿਹਾ ਹੈ। ਇਹ ਸਪਸ਼ਟ ਹੋ ਗਿਆ ਹੈ ਕਿ ਕੋਈ ਸੈਲੇਬ੍ਰਿਟੀ ਇੱਕ ਕਿਤਾਬ ਲਿਖ ਕੇ ਲੇਖਕ ਬਣ ਸਕਦਾ ਹੈ ਤੇ ਕਿਸੇ ਕੌਮਾਂਤਰੀ ਸਾਹਿਤਕ ਮੇਲੇ ’ਚ ਹਿੱਸਾ ਲੈ ਸਕਦਾ ਹੈ। ਸੱਚ ਇਹ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਤੇ ਮਹਿੰਗਾ ਮੇਲਾ ਹੈ ਜਿਸ ਵਿੱਚ ਲੱਖਾਂ ਲੋਕ ਆ ਕੇ ਇਹ ਜਲਵਾ ਦੇਖਦੇ ਹਨ।‌

* ਲੇਖਕ ਉੱਘਾ ਬ੍ਰਾਡਕਾਸਟਰ ਅਤੇ ਦੂਰਦਰਸ਼ਨ ਦਾ ਸਾਬਕਾ ਉਪ ਮਹਾਨਿਰਦੇਸ਼ਕ ਹੈ।

ਸੰਪਰਕ: 94787-30156

Advertisement
×