ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬੀਆਂ ਦਾ ਬਦਲ ਰਿਹਾ ਸਰੂਪ

ਵਰਤਮਾਨ ਸਮੇਂ ਵਿਸ਼ਵੀਕਰਨ ਅਜਿਹੇ ਵਰਤਾਰੇ ਵਜੋਂ ਸਥਾਪਿਤ ਹੋ ਚੁੱਕਾ ਹੈ ਜਿਸ ਤੋਂ ਨਿਰਲੇਪ ਰਹਿ ਕੇ ਜੀਵਨ ਜਿਊਣਾ ਨਾਮੁਮਕਿਨ ਤਾਂ ਨਹੀਂ ਪਰ ਬੇਹੱਦ ਮੁਸ਼ਕਿਲ ਜ਼ਰੂਰ ਹੈ। ਵਿਸ਼ਵੀਕਰਨ ਦੇ ਵਰਤਾਰੇ ਕਰਕੇ ਵਿਸ਼ਵ ਇੱਕ ਗਲੋਬਲ ਪਿੰਡ ਵਜੋਂ ਸਥਾਪਿਤ ਹੋ ਚੁੱਕਾ ਹੈ। ਅਤਿਅੰਤ ਵਿਕਸਿਤ...
Advertisement

ਵਰਤਮਾਨ ਸਮੇਂ ਵਿਸ਼ਵੀਕਰਨ ਅਜਿਹੇ ਵਰਤਾਰੇ ਵਜੋਂ ਸਥਾਪਿਤ ਹੋ ਚੁੱਕਾ ਹੈ ਜਿਸ ਤੋਂ ਨਿਰਲੇਪ ਰਹਿ ਕੇ ਜੀਵਨ ਜਿਊਣਾ ਨਾਮੁਮਕਿਨ ਤਾਂ ਨਹੀਂ ਪਰ ਬੇਹੱਦ ਮੁਸ਼ਕਿਲ ਜ਼ਰੂਰ ਹੈ। ਵਿਸ਼ਵੀਕਰਨ ਦੇ ਵਰਤਾਰੇ ਕਰਕੇ ਵਿਸ਼ਵ ਇੱਕ ਗਲੋਬਲ ਪਿੰਡ ਵਜੋਂ ਸਥਾਪਿਤ ਹੋ ਚੁੱਕਾ ਹੈ। ਅਤਿਅੰਤ ਵਿਕਸਿਤ ਹੋ ਚੁੱਕੀ ਸੂਚਨਾ ਤਕਨਾਲੋਜੀ, ਹੱਦ ਮੁਕਤ ਵਪਾਰ ਅਤੇ ਬਹੁ-ਰਾਸ਼ਟਰੀ ਕੰਪਨੀਆਂ ਦੀ ਹੋਂਦ ਕਾਰਨ ਸੰਸਾਰ ਦੀਆਂ ਭੂਗੋਲਿਕ ਹੱਦਾਂ ਬੇਮਾਅਨੀਆਂ ਹੋ ਗਈਆਂ ਹਨ ਅਤੇ ਇਹ ਹੱਦ ਮੁਕਤ ਹੋ ਕੇ ਇੱਕ ਵਿਸ਼ਵੀ ਪਿੰਡ ਵਜੋਂ ਸਥਾਪਿਤ ਹੋ ਗਿਆ ਹੈ। ਵਿਸ਼ਵੀਕਰਨ ਦੇ ਸਿੱਟੇ ਵਜੋਂ ਇੱਕ ਅਜਿਹੇ ਮਾਇਆਵੀ ਸੰਸਾਰ ਦੀ ਸਿਰਜਣਾ ਹੋਈ ਹੈ ਜੋ ਹਕੀਕਤਾਂ ਤੋਂ ਦੂਰ ਅਜਿਹਾ ਸੁਪਨ ਸੰਸਾਰ ਸਿਰਜਦਾ ਹੈ ਜਿਸ ਵਿੱਚ ਰੰਗ-ਬਿਰੰਗੀਆਂ ਵਸਤਾਂ ਦੀ ਬਹੁਤਾਤ ਅਤੇ ਸਹੂਲਤਾਂ ਨਾਲ ਲੈਸ ਜ਼ਿੰਦਗੀ ਤਾਂ ਹੈ ਪ੍ਰੰਤੂ ਇਸ ਵਿੱਚ ਮਾਨਸਿਕ ਸਕੂਨ ਦੀ ਅਣਹੋਂਦ ਹੈ । ਪਦਾਰਥਾਂ ਨੂੰ ਇਕੱਤਰ ਕਰਨ ਦੀ ਅਮੁੱਕ ਦੌੜ ਅਤੇ ਇਕੱਠੇ ਹੋਏ ਪਦਾਰਥਾਂ ਨੂੰ ਆਪਣੇ ਕਬਜ਼ੇ ਹੇਠ ਰੱਖਣ ਦਾ ਸੰਘਰਸ਼ ਵਿਸ਼ਵੀਕਰਨ ਦੇ ਵਰਤਾਰੇ ਵਿੱਚ ਵਿਚਰ ਰਹੇ ਮਨੁੱਖ ਦੀ ਹੋਣੀ ਹੈ।

ਵਿਸ਼ਵੀਕਰਨ ਅਜੋਕੇ ਸਮੇਂ ਦਾ ਅਜਿਹਾ ਮਹੱਤਵਪੂਰਨ ਵਰਤਾਰਾ ਹੈ ਜਿਸ ਦੇ ਪ੍ਰਭਾਵ ਨੂੰ ਵਰਤਮਾਨ ਵਿੱਚ ਵਿਚਰ ਰਿਹਾ ਵਿਅਕਤੀ ਚਾਹੁੰਦੇ ਹੋਏ ਵੀ ਆਪਣੀ ਜ਼ਿੰਦਗੀ ਵਿੱਚੋਂ ਮਨਫ਼ੀ ਨਹੀਂ ਕਰ ਸਕਦਾ। ਇਸ ਵਰਤਾਰੇ ਦਾ ਮੁੱਖ ਸਰੋਕਾਰ ਭਾਵੇਂ ਆਰਥਿਕਤਾ ਨਾਲ ਹੈ ਪਰੰਤੂ ਇਸ ਨੇ ਜੀਵਨ ਦੇ ਹੋਰ ਅਹਿਮ ਪੱਖਾਂ ਨੂੰ ਵੀ ਵੱਡੀ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ। ਵਰਤਮਾਨ ਸਮੇਂ ਆਰਥਿਕਤਾ ਦਾ ਪਹਿਲੂ ਜੀਵਨ ਦੇ ਹੋਰਨਾਂ ਪੱਖਾਂ ਨੂੰ ਪ੍ਰਭਾਵਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਜਿਸ ਕਿਸਮ ਦੀ ਕਿਸੇ ਵਿਅਕਤੀ ਅਤੇ ਸਮਾਜ ਦੀ ਆਰਥਿਕਤਾ ਹੋਵੇਗੀ ਉਹੋ ਜਿਹਾ ਹੀ ਉਸ ਵਿਅਕਤੀ ਅਤੇ ਸਮਾਜ ਦਾ ਜੀਵਨ ਪੱਧਰ ਹੋਵੇਗਾ। ਵਿਸ਼ਵੀਕਰਨ ਦੇ ਸਿੱਟੇ ਵਜੋਂ ਇੱਕ ਅਜਿਹਾ ਸਭਿਆਚਾਰ ਵਿਕਸਿਤ ਹੋਇਆ ਹੈ ਜਿਸ ਨੂੰ ਉਪਭੋਗੀ ਅਥਵਾ ਖ਼ਪਤ ਸੱਭਿਆਚਾਰ ਦਾ ਨਾਂ ਦਿੱਤਾ ਜਾ ਸਕਦਾ ਹੈ। ਵਿਸ਼ਵੀਕਰਨ ਦੇ ਵਰਤਾਰੇ ਵਜੋਂ ਵਸਤਾਂ ਦੀ ਭਰਮਾਰ ਹੋ ਗਈ ਹੈ। ਮਾਨਵੀ ਸਰੋਕਾਰਾਂ ਦੀ ਅਣਹੋਂਦ ਵਿੱਚ ਨਿੱਜਵਾਦ ਮਾਨਵੀ ਸੋਚ ਉੱਪਰ ਭਾਰੂ ਹੋ ਗਿਆ ਹੈ। ਪੰਜਾਬੀ ਸਭਿਆਚਾਰ ਜਿਸ ਵਿੱਚ ਮਾਨਵੀ ਸਰੋਕਾਰਾਂ, ਨੈਤਿਕ ਕਦਰਾਂ-ਕੀਮਤਾਂ ਦਾ ਵਿਸ਼ੇਸ਼ ਸਥਾਨ ਸੀ ਨੂੰ ਵਿਸ਼ਵੀਕਰਨ ਦੇ ਸਿੱਟੇ ਵਜੋਂ ਵਿਕਸਿਤ ਹੁੰਦੇ ਉਪਭੋਗੀ ਸੱਭਿਆਚਾਰ ਨੇ ਤਕੜੀ ਢਾਹ ਲਾਈ ਹੈ। ਵਿਸ਼ਵੀਕਰਨ ਦੇ ਵਰਤਾਰੇ ਦੇ ਪ੍ਰਚੱਲਿਤ ਹੋਣ ਦੇ ਸਿੱਟੇ ਵਜੋਂ ਪੰਜਾਬੀ ਸਭਿਆਚਾਰ ਉੱਪਰ ਅਨੇਕਾਂ ਪ੍ਰਤੀਕੂਲ ਪ੍ਰਭਾਵ ਪਏ ਹਨ। ਇਹਨਾਂ ਪ੍ਰਭਾਵਾਂ ਦੇ ਨਾਲ ਪੰਜਾਬੀ ਸਭਿਆਚਾਰ ਵਿੱਚ ਰੂਪਾਂਤਰਣ ਦਾ ਅਮਲ ਬੜੀ ਤੇਜ਼ੀ ਨਾਲ ਵਾਪਰਿਆ ਹੈ। ਪੰਜਾਬੀ ਸਭਿਆਚਾਰ ਵਿੱਚ ਰੂਪਾਂਤਰਣ ਦਾ ਇਹ ਅਮਲ ਇੰਨਾ ਵਿਆਪਕ ਅਤੇ ਡੂੰਘਾ ਹੈ ਕਿ ਸਾਡੇ ਪਹਿਰਾਵੇ, ਬੋਲੀ, ਸਾਹਿਤ, ਜੀਵਨ, ਕੀਮਤਾਂ, ਵਿਹਾਰਕ ਪੈਟਰਨ ਇਥੋਂ ਤੱਕ ਕਿ ਰਿਸ਼ਤੇ ਵੀ ਬਦਲ ਗਏ ਹਨ। ਇਹਨਾਂ ਪ੍ਰਭਾਵਾਂ ਦੇ ਕਾਰਨ ਪਰੰਪਰਾਗਤ ਪੰਜਾਬੀ ਵਿਅਕਤੀ ਦੇ ਸਰੂਪ ਵਿੱਚ ਬਦਲਾਓ ਆਇਆ ਹੈ। ਨਵੇਂ ਵਿਕਸਿਤ ਹੋਏ ਉਪਭੋਗੀ ਅਤੇ ਖ਼ਪਤ ਸੱਭਿਆਚਾਰ ਦੇ ਸਿੱਟੇ ਵਜੋਂ ਪੰਜਾਬੀ ਮਨੁੱਖ ਵਿੱਚ ਆਈਆਂ ਅਨੇਕਾਂ ਤਬਦੀਲੀਆਂ ਸਾਹਮਣੇ ਆਉਂਦੀਆਂ ਹਨ।

Advertisement

ਵਿਸ਼ਵੀਕਰਨ ਨੇ ਪੰਜਾਬੀ ਜੀਵਨ ਨੂੰ ਗਹਿਰੇ ਰੂਪ ਵਿੱਚ ਪ੍ਰਭਾਵਿਤ ਕੀਤਾ ਹੈ। ਇਸ ਦੇ ਪੰਜਾਬੀ ਜੀਵਨ ਵਿਹਾਰ ਉੱਪਰ ਪਏ ਪ੍ਰਭਾਵ ਵਿਅਕਤੀ ਦੀ ਸੋਚ ਅਤੇ ਉਸ ਦੇ ਵਿਹਾਰ ਨੂੰ ਵੀ ਪ੍ਰਭਾਵਿਤ ਕਰਦੇ ਹਨ। ਵਿਸ਼ਵੀਕਰਨ ਦੇ ਪ੍ਰਭਾਵਾਂ ਅਧੀਨ ਪੰਜਾਬੀ ਬੰਦੇ ਦੀ ਸੋਚ ਵਿੱਚ ਵੀ ਅਹਿਮ ਤਬਦੀਲੀਆਂ ਆਈਆਂ ਹਨ ਭਾਵੇਂ ਕਿ ਦਿੱਖ ਦੀ ਪੱਧਰ ’ਤੇ ਪੰਜਾਬੀ ਬੰਦੇ ਦੀ ਸੋਚ ਵਿਸ਼ਾਲ ਅਤੇ ਅਖੌਤੀ ਵਿਕਸਿਤ ਹੋਈ ਦਿਖਾਈ ਦਿੰਦੀ ਹੈ। ਭਾਵੇਂ ਕਿ ਅਜੋਕੇ ਪੰਜਾਬੀ ਮਨੁੱਖ ਦੀ ਵਿਗਿਆਨਿਕ ਦ੍ਰਿਸ਼ਟੀ ਵਧੀ ਹੈ ਪ੍ਰੰਤੂ ਇਸ ਦੇ ਨਾਲ ਹੀ ਪਦਾਰਥਵਾਦੀ ਸੋਚ ਵੀ ਪਨਪੀ ਹੈ। ਇਸ ਦੇ ਸਿੱਟੇ ਵਜੋਂ ਮਾਨਸਿਕ ਸਕੂਨ ਖਤਮ ਹੋਇਆ ਹੈ ਅਤੇ ਮਾਨਸਿਕ ਪਰੇਸ਼ਾਨੀਆਂ ਕਾਰਨ ਦਬਾਓ ਵੀ ਵਧਿਆ ਹੈ। ਇੱਕ ਪਾਸੇ ਮਨੁੱਖ ਨੇ ਵਿਆਪਕ ਮਸ਼ੀਨੀ ਯੰਤਰ ਸਿਰਜ ਕੇ ਜੀਵਨ ਦੀ ਵਿਕਾਸ ਗਤੀ ਨੂੰ ਬਹੁਤ ਤੀਬਰ ਕੀਤਾ ਹੈ ਪ੍ਰੰਤੂ ਦੂਜੇ ਪਾਸੇ ਉਹ ਆਪ ਇਸ ਅਸਾਵੇਂ ਤੇਜ਼ ਵਿਕਾਸ ਕਾਰਨ ਖਿੰਡਦਾ ਜਾ ਰਿਹਾ ਹੈ ਅਤੇ ਨਿਰੋਲ ਪੈਸਾ ਕੇਂਦਰਿਤ ਵਿਵਸਥਾ ਸਿਰਜਦਾ ਹੋਇਆ ਵਿਅਕਤੀਵਾਦੀ ਰੁਚੀਆਂ ਦਾ ਸ਼ਿਕਾਰ ਬਣਦਾ ਜਾ ਰਿਹਾ ਹੈ। ਪ੍ਰੰਤੂ ਉਹ ਇਸ ਨੂੰ ਮਾਣ ਨਾਲ ਆਧੁਨਿਕਤਾ ਅਤੇ ਅਤਿ-ਆਧੁਨਿਕਤਾ ਦਾ ਨਾਂ ਦਿੰਦਾ ਹੈ। ਜਦੋਂ ਅਤਿ ਦੀ ਆਧੁਨਿਕਤਾ ਨੂੰ ਵਿਹਾਰ ਦੀ ਪੱਧਰ ਉੱਪਰ ਵੇਖਿਆ ਜਾਂਦਾ ਹੈ ਤਾਂ ਭੱਜ-ਦੌੜ ਭਰੀ ਜੀਵਨ ਸ਼ੈਲੀ ਅਤੇ ਇਸ ਦੇ ਕਾਰਨ ਉਪਜੀਆਂ ਬਿਮਾਰੀਆਂ, ਗਿਜ਼ਮੋ ਸਭਿਆਚਾਰ ਵਿੱਚ ਹੋਇਆ ਵਾਧਾ ਅਤੇ ਇਸ ਦੇ ਸਿੱਟੇ ਵਜੋਂ ਪ੍ਰਦੂਸ਼ਿਤ ਹੋਇਆ ਸਮਾਜਿਕ ਪ੍ਰਬੰਧ ਅਤੇ ਵਾਤਾਵਰਨ ਵਿਸ਼ਵੀਕਰਨ ਦੇ ਮਾਰੂ ਪ੍ਰਭਾਵਾਂ ਨੂੰ ਪ੍ਰਗਟਾਉਂਦਾ ਹੈ।

ਜੇਕਰ ਪੰਜਾਬੀ ਮਨੁੱਖ ਦੇ ਪਰੰਪਰਾਗਤ ਸਰੂਪ ਬਾਰੇ ਜਾਣਨਾ ਹੋਵੇ ਤਾਂ ਪੰਜਾਬੀ ਸਾਹਿਤ, ਪੰਜਾਬੀ ਲੋਕ- ਸਾਹਿਤ ਅਤੇ ਪੰਜਾਬੀ ਚੇਤਨਾ ਵਿੱਚ ਵਸੇ ਨਾਇਕਾਂ ਨੂੰ ਸਨਮੁੱਖ ਰੱਖਿਆ ਜਾ ਸਕਦਾ ਹੈ। ਪੰਜਾਬੀ ਮਨੁੱਖ ਮੱਧਕਾਲ ਦੀ ਪ੍ਰਧਾਨ ਚੇਤਨਾ-ਵਿਧੀ ਦਾ ਅਨੁਸਾਰੀ ਹੋ ਕੇ ਧਾਰਮਿਕ ਕਿਸਮ ਦਾ ਮਨੁੱਖ ਤਾਂ ਬਣਦਾ ਹੈ ਪਰ ਉਸ ਵਿੱਚ ਸੰਪਰਦਾਇਕਤਾ ਦੀ ਭਾਵਨਾ ਨਹੀਂ ਆਉਂਦੀ। ਸੂਫ਼ੀ ਕਾਵਿ ਜਿਸ ਨੇ ਪੰਜਾਬੀ ਮਾਨਸਿਕਤਾ ਉੱਪਰ ਗਹਿਰਾ ਪ੍ਰਭਾਵ ਪਾਇਆ ਦੇ ਪ੍ਰਤੀਨਿਧ ਪਾਤਰ ਸ਼ੇਖ ਫਰੀਦ ਦੀ ਪੰਜਾਬੀ ਲੋਕਾਂ ਵਿੱਚ ਲੋਕਪ੍ਰਿਅਤਾ, ਅਧਿਆਤਮਕਤਾ ਦੇ ਨਾਲ ਨਾਲ ਉਹਨਾਂ ਨੂੰ ਵਿਹਾਰਿਕ ਜੀਵਨ ਵਿੱਚ ਸਬਰ-ਸੰਤੋਖ ਦੇ ਧਾਰਨੀ ਬਣਾਉਣ ਦਾ ਕਾਰਜ ਕਰਦੀ ਹੈ। ਜਦੋਂ ਇੱਕ ਸਮੇਂ ਅਤਿ ਦੀ ਧਾਰਮਿਕਤਾ ਅਕੇਵੇਂ ਵਿੱਚ ਤਬਦੀਲ ਹੋ ਜਾਂਦੀ ਹੈ ਤਾਂ ਕਿੱਸਾ ਕਾਵਿ ਦੇ ਨਾਇਕ ਪੰਜਾਬੀ ਲੋਕਾਂ, ਖ਼ਾਸ ਕਰ ਨੌਜਵਾਨਾਂ ਦੇ ਆਦਰਸ਼ ਹੋ ਨਿੱਬੜਦੇ ਹਨ ਜੋ ਆਪਣੇ ਇਸ਼ਕ ਖ਼ਾਤਿਰ ਤਮਾਮ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇਸ਼ਕ ਆਦਰਸ਼ ਨੂੰ ਕਾਇਮ ਰੱਖਣ ਹਿਤ ਆਪਣੇ ਜੀਵਨ ਨੂੰ ਕੁਰਬਾਨ ਤੱਕ ਕਰ ਦਿੰਦੇ ਹਨ। ਇਸ ਦੇ ਨਾਲ ਹੀ ਕਿੱਸਾ ਕਾਵਿ ਵਿੱਚ ਪ੍ਰਸਤੁਤ ਹੁੰਦੇ ਸੂਰਮੇ ਅਤੇ ਡਾਕੂ ਜੋ ਭਾਵੇਂ ਹਕੂਮਤਾਂ ਦੀ ਨਜ਼ਰ ਵਿੱਚ ਬਾਗੀ ਅਤੇ ਦੇਸ਼ਧ੍ਰੋਹੀ ਸਨ ਪਰ ਸਥਾਪਿਤ ਰਾਜਨੀਤਕ ਵਿਵਸਥਾ ਤੋਂ ਨਾਬਰੀ ਦੇ ਕਾਰਨ ਅਤੇ ਮਾਨਵੀ ਸਰੋਕਾਰਾਂ ਪ੍ਰਤੀ ਆਪਣੀ ਪਹੁੰਚ ਕਾਰਨ ਉਹ ਜਨਮਾਨਸ ਦੇ ਨਾਇਕਾਂ ਵਜੋਂ ਉਭਰਦੇ ਹਨ। ਇਹਨਾਂ ਨਾਇਕਾਂ ਦੁਆਰਾ ਸਥਾਪਿਤ ਕੀਤੇ ਆਦਰਸ਼ ਪੰਜਾਬੀ ਬੰਦੇ ਲਈ ਖਿੱਚ ਦਾ ਕਾਰਨ ਬਣਦੇ ਹਨ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਆਤਮਸਾਤ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਦੇਸ਼ ਭਗਤੀ ਦਾ ਜਜ਼ਬਾ ਵੀ ਪੰਜਾਬੀ ਮਾਨਸਿਕਤਾ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਪੰਜਾਬ ਦੇ ਇੱਕ ਸਰਹੱਦੀ ਪ੍ਰਾਂਤ ਹੋਣ ਕਾਰਨ ਇਸ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਰਿਹਾ ਹੈ। ਜਦੋਂ ਵੀ ਕੋਈ ਹਮਲਾਵਰ ਭਾਰਤ ਉੱਪਰ ਹਮਲਾ ਕਰਦਾ ਤਾਂ ਪੰਜਾਬ ਦੇ ਲੋਕਾਂ ਨੂੰ ਉਸ ਨਾਲ ਟੱਕਰ ਲੈਣੀ ਹੀ ਪੈਂਦੀ ਸੀ। ਆਪਣੀ ਧਰਤੀ ਨੂੰ ਹਮਲਾਵਰਾਂ ਦੇ ਹੱਲੇ ਤੋਂ ਵਾਰ-ਵਾਰ ਬਚਾਉਣ ਦੇ ਸੰਘਰਸ਼ ਕਾਰਨ ਪੰਜਾਬੀ ਲੋਕਾਂ ਵਿੱਚ ਦੇਸ਼-ਭਗਤੀ ਦਾ ਜਜ਼ਬਾ ਬੇਹੱਦ ਮਜ਼ਬੂਤੀ ਨਾਲ ਭਰਿਆ ਹੋਇਆ ਹੈ। ਸੁਤੰਤਰਤਾ ਸੰਗਰਾਮ ਸਮੇਂ ਪੰਜਾਬੀ ਦੇਸ਼ ਭਗਤ ਸ਼ਹੀਦਾਂ ਦੀ ਪਹਿਲੀ ਕਤਾਰ ਵਿੱਚ ਆਉਂਦੇ ਹਨ। ਪੰਜਾਬੀ ਲੋਕਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਵਰਗੇ ਦੇਸ਼ ਭਗਤ ਯੋਧੇ ਪੂਜਣਯੋਗ ਦਰਜਾ ਰੱਖਦੇ ਹਨ। ਇਸ ਸਭ ਦੇ ਸਮਾਨਾਂਤਰ ਪੰਜਾਬੀ ਲੋਕਧਾਰਾ ਵਿੱਚ ਪੇਸ਼ ਨਾਇਕ, ਜੋ ਸਦਾਚਾਰਕ ਗੁਣਾਂ ਦਾ ਧਾਰਨੀ ਹੋਣ ਦੇ ਨਾਲ ਨਾਲ ਇੱਕ ਹਿੰਮਤੀ, ਸੁਲਝੇ ਅਤੇ ਸਿਆਣਪ ਭਰਪੂਰ ਨਾਇਕ ਵਜੋਂ ਪੇਸ਼ ਹੁੰਦਾ ਹੈ, ਵੀ ਪੰਜਾਬੀ ਬੰਦੇ ਦੇ ਸੁਭਾਅ ਅਤੇ ਸ਼ਖ਼ਸੀਅਤ ਨੂੰ ਗਹਿਰੇ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ। ਇਹਨਾਂ ਸਾਰੇ ਤੱਤਾਂ ਦੇ ਸਮਾਵੇਸ਼ ਵਜੋਂ ਪਰੰਪਰਾਗਤ ਪੰਜਾਬੀ ਵਿਅਕਤੀ ਦਾ ਸਰੂਪ ਦ੍ਰਿਸ਼ਟਮਾਨ ਹੁੰਦਾ ਹੈ। ਪਰੰਪਰਾਗਤ ਪੰਜਾਬੀ ਮਨੁੱਖ ਦਾ ਇਹ ਸਰੂਪ ਸਦੀਆਂ ਤੋਂ ਸਮਾਜਿਕ, ਸਭਿਆਚਾਰਕ, ਧਾਰਮਿਕ, ਰਾਜਨੀਤਕ, ਸਾਹਿਤਕ ਤਬਦੀਲੀਆਂ ਕਾਰਨ ਵਾਪਰਦੇ ਪਰਿਵਰਤਨਾਂ ਨਾਲ ਪਰਿਵਰਤਿਤ ਹੁੰਦਾ ਆਇਆ ਹੈ।

ਜਦੋਂ ਵਿਸ਼ਵੀਕਰਨ ਦੇ ਵਰਤਾਰੇ ਦੇ ਪ੍ਰਭਾਵ ਅਧੀਨ ਵਰਤਮਾਨ ਸਥਿਤੀਆਂ ਵਿੱਚ ਪੰਜਾਬੀ ਬੰਦੇ ਦਾ ਸਰੂਪ ਦੇਖਿਆ ਜਾਂਦਾ ਹੈ ਤਾਂ ਇਹ ਪਰੰਪਰਾਗਤ ਪੰਜਾਬੀ ਵਿਅਕਤੀ ਦੇ ਸਰੂਪ ਨਾਲੋਂ ਬਦਲੇ ਹੋਏ ਰੂਪ ਵਿੱਚ ਪੇਸ਼ ਹੁੰਦਾ ਹੈ। ਸਬਰ-ਸੰਤੋਖ ਅਤੇ ਮਾਨਵੀ ਸਰੋਕਾਰਾਂ ਨਾਲ ਭਰਪੂਰ ਪੰਜਾਬੀ ਸਭਿਆਚਾਰ ਵਿਸ਼ਵੀਕਰਨ ਦੇ ਸਿੱਟੇ ਵਜੋਂ ਵਿਕਸਿਤ ਹੋਏ ਪਦਾਰਥਵਾਦੀ, ਭੌਤਿਕਵਾਦੀ ਨਿੱਜਵਾਦੀ ਅਤੇ ਮਾਨਵੀ ਸਰੋਕਾਰਾਂ ਤੋਂ ਵਿਹੂਣੇ ਖ਼ਪਤ ਸਭਿਆਚਾਰ ਦੀਆਂ ਜ਼ਰਬਾਂ ਸਹਿੰਦਾ ਹੈ। ਇਸ ਦੇ ਸਿੱਟੇ ਵਜੋਂ ਪੰਜਾਬੀ ਬੰਦੇ ਵਿੱਚ ਵੀ ਅਨੇਕਾਂ ਤਬਦੀਲੀਆਂ ਆਉਂਦੀਆਂ ਹਨ ਅਤੇ ਇਹ ਆਪਣੇ ਪਰੰਪਰਾਗਤ ਸਰੂਪ ਨਾਲੋਂ ਵੱਖਰਾ ਪ੍ਰਤੀਤ ਹੁੰਦਾ ਹੈ। ਭਾਵੇਂ ਕਿ ਪਰੰਪਰਾਗਤ ਪੰਜਾਬੀ ਬੰਦੇ ਵਾਲੇ ਕਈ ਲੱਛਣ ਵਿਸ਼ਵੀਕਰਨ ਦੇ ਸਿੱਟੇ ਵਜੋਂ ਵਿਕਸਿਤ ਹੋਏ ਉਪਭੋਗੀ ਸਭਿਆਚਾਰ ਵਿੱਚ ਵਿਚਰਦੇ ਪੰਜਾਬੀ ਬੰਦੇ ਵਿੱਚੋਂ ਮਿਲ ਜਾਂਦੇ ਹਨ। ਪ੍ਰੰਤੂ ਇਹਨਾਂ ਵਿੱਚ ਹਕੀਕਤ ਨਾਲੋਂ ਬਨਾਵਟੀਪਨ ਦੀ ਪ੍ਰਵਿਰਤੀ ਵਧੇਰੇ ਕਾਰਜਸ਼ੀਲ ਹੈ। ਵਿਸ਼ਵੀਕਰਨ ਵਿੱਚ ਕਿਸੇ ਵੀ ਤਬਦੀਲੀ ਨੂੰ ਲਿਆਉਣ ਹਿੱਤ ਜਾਂ ਕੋਈ ਬਿੰਬ ਸਿਰਜਣ ਹਿੱਤ ਮੀਡੀਆ ਨੂੰ ਪ੍ਰਮੁੱਖ ਤੌਰ ’ਤੇ ਵਰਤਿਆ ਜਾਂਦਾ ਹੈ। ਨਵ-ਪੂੰਜੀਵਾਦੀ ਸ਼ਕਤੀਆਂ ਦਾ ਹਥਿਆਰ ਮੀਡੀਆ ਵੀ ਪੰਜਾਬੀ ਵਿਅਕਤੀ ਦਾ ਅਜਿਹਾ ਨਕਾਰਾਤਮਕ ਬਿੰਬ ਸਿਰਜਦਾ ਹੈ ਜੋ ਪਰੰਪਰਾਗਤ ਪੰਜਾਬੀ ਮਨੁੱਖ ਤੋਂ ਬਿਲਕੁਲ ਉਲਟ ਹੈ। ਪੰਜਾਬੀ ਬੰਦੇ ਦਾ ਮੀਡੀਆ ਬਿੰਬ ਬੌਧਿਕ ਤੌਰ ਤੇ ਅਵਿਕਸਤ ਅਤੇ ਹੱਸਣ, ਨੱਚਣ ਵਾਲੇ ਜੋਕਰਨੁਮਾ ਵਿਅਕਤੀ ਦਾ ਹੈ ਜੋ ਨਾ ਕਦੇ ਚਿੰਤਤ ਹੁੰਦਾ ਹੈ ਅਤੇ ਨਾ ਹੀ ਕਦੇ ਚਿੰਤਨ ਕਰਦਾ ਹੈ। ਪੰਜਾਬੀ ਬੰਦੇ ਦਾ ਅਜਿਹਾ ਅਕਸ ਭਾਵੇਂ ਕਿਸੇ ਸੋਚੀ ਸਮਝੀ ਸਾਜਿਸ਼ ਅਧੀਨ ਬਣਾਇਆ ਜਾ ਰਿਹਾ ਹੈ ਅਤੇ ਇਸ ਨੂੰ ਸਮੂਹ ਪੰਜਾਬੀਆਂ ਉੱਪਰ ਲਾਗੂ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਫਿਰ ਵੀ ਵਰਤਮਾਨ ਸਮੇਂ ਬਹੁਗਿਣਤੀ ਪੰਜਾਬੀਆਂ ਦੇ ਵਿਹਾਰ ਵਿੱਚੋਂ ਇਸ ਦੀ ਝਲਕ ਵੇਖੀ ਜਾ ਸਕਦੀ ਹੈ।

ਪੰਜਾਬੀ ਸਭਿਆਚਾਰ ਉੱਪਰ ਗੁਰਬਾਣੀ ਅਥਵਾ ਗੁਰਮਤਿ ਚਿੰਤਨ ਦਾ ਖਾਸਾ ਪ੍ਰਭਾਵ ਰਿਹਾ ਹੈ। ਗੁਰਮਤ ਚਿੰਤਨ ਕੇਵਲ ਇੱਕ ਆਦਰਸ਼ਕ ਵਿਚਾਰਧਾਰਾ ਹੀ ਨਹੀਂ ਸਗੋਂ ਇੱਕ ਵਿਹਾਰਕ ਫ਼ਲਸਫਾ ਵੀ ਹੈ ਜਿਸ ਨੂੰ ਆਪਣੇ ਜੀਵਨ ਢੰਗ ਉੱਪਰ ਲਾਗੂ ਕੀਤਾ ਜਾ ਸਕਦਾ ਹੈ। ਗੁਰਬਾਣੀ ਵਿੱਚ ਇੱਕ ਆਦਰਸ਼ਕ ਮਨੁੱਖ ਲਈ ਗੁਰਮੁਖ ਦਾ ਸੰਕਲਪ ਪੇਸ਼ ਕੀਤਾ ਗਿਆ ਹੈ। ਗੁਰਮੁਖ ਬੁਰਾਈ ਤੋਂ ਰਹਿਤ ਅਜਿਹੇ ਆਦਰਸ਼ਕ ਗੁਣਾਂ ਦਾ ਧਾਰਨੀ ਵਿਅਕਤੀ ਹੈ ਜੋ ਚੰਗੇ ਗੁਣਾਂ ਨੂੰ ਆਪਣੀ ਜੀਵਨ-ਸ਼ੈਲੀ ਦਾ ਅੰਗ ਬਣਾਉਂਦਾ ਹੈ। ਅਜਿਹੇ ਗੁਣਾਂ ਦੇ ਧਾਰਨੀ ਗੁਰਮੁਖ ਵਿਅਕਤੀ ਜਦੋਂ ਸਮੂਹਿਕ ਰੂਪ ਵਿੱਚ ਇਕੱਠੇ ਹੋ ਜਾਂਦੇ ਹਨ ਤਾਂ ਅਜਿਹੇ ਸਮਾਜ ਦਾ ਨਿਰਮਾਣ ਹੁੰਦਾ ਹੈ ਜੋ ਗੁਰਬਾਣੀ ਅਨੁਸਾਰ ‘ਬੇਗਮਪੁਰਾ’ ਹੁੰਦਾ ਹੈ, ਕਿਉਂਕਿ ਗੁਰਮਤਿ ਚਿੰਤਨ ਦੀ ਕਰਮਭੂਮੀ ਦਾ ਖੇਤਰ ਵਧੇਰੇ ਪੰਜਾਬ ਕੇਂਦਰਿਤ ਹੀ ਰਿਹਾ ਹੈ, ਇਸ ਲਈ ਇਥੋਂ ਦੇ ਵਸਨੀਕਾਂ ਉੱਪਰ ਇਸ ਦਾ ਕਾਫੀ ਪ੍ਰਭਾਵ ਰਿਹਾ ਹੈ। ਪਰੰਪਰਾਗਤ ਪੰਜਾਬੀ ਵਿਅਕਤੀ ਵਿੱਚ ਬਹੁਤ ਸਾਰੇ ਅਜਿਹੇ ਗੁਣ ਹਨ ਜੋ ਗੁਰਮਤਿ ਚਿੰਤਨ ਦੇ ਪਏ ਪ੍ਰਭਾਵਾਂ ਦੀ ਦੇਣ ਹਨ। ਪੰਜਾਬੀ ਬੰਦੇ ਕੋਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਗੁਰਮੁਖ ਵਿਅਕਤੀ ਦੇ ਸਾਰੇ ਗੁਣਾਂ ਨੂੰ ਧਾਰਨ ਕਰੇ ਪ੍ਰੰਤੂ ਅਜੋਕੇ ਦੌਰ ਵਿੱਚ ਜਦੋਂ ਵਿਸ਼ਵੀਕਰਨ ਦਾ ਵਰਤਾਰਾ ਤੀਬਰ ਗਤੀ ਨਾਲ ਪੰਜਾਬੀ ਮਨੁੱਖ ਦੀ ਸਮੁੱਚੀ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰ ਰਿਹਾ ਹੈ ਤਾਂ ਅਜਿਹੇ ਵਿੱਚ ਗੁਰਮਤਿ ਚਿੰਤਨ ਵਾਲੀ ਅਮੀਰ ਪਰੰਪਰਾ ਨੂੰ ਵਿਸਾਰ ਕੇ ਉਸ ਵਿੱਚ ਸਿਰਜੇ ਆਦਰਸ਼ਕ ਗੁਰਮੁਖ ਮਨੁੱਖ ਅਤੇ ਉਸਦੀ ਗੁਰਮਤਿ ਦੀ ਧਾਰਨੀ ਆਦਰਸ਼ਕ ਜੀਵਨ-ਸ਼ੈਲੀ ਨੂੰ ਛੱਡ ਕੇ ਪੰਜਾਬੀ ਮਨੁੱਖ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਸਿਰਜੀ ਗਈ ਪੱਛਮੀ ਪ੍ਰਭਾਵਾਂ ਵਾਲੀ ਜੀਵਨ-ਸ਼ੈਲੀ ਦਾ ਧਾਰਨੀ ਬਣ ਰਿਹਾ ਹੈ। ਵਰਤਮਾਨ ਸਮੇਂ ਪੰਜਾਬੀ ਬੰਦੇ ਵਿੱਚ ਉੱਚ ਦਰਜੇ ਦੀ ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਨਿੱਜਵਾਦ ਵਿੱਚ ਤਬਦੀਲ ਹੋ ਗਈ ਹੈ। ਉਸ ਵਿਚਲੀ ਸਬਰ, ਸੰਤੋਖ ਦੀ ਪ੍ਰਵਿਰਤੀ ਪਦਾਰਥਕ ਵਸਤਾਂ ਦੀ ਅੰਨ੍ਹੀ ਅਤੇ ਅਮੁੱਕ ਦੌੜ ਵਿੱਚ ਪਰਿਵਰਤਿਤ ਹੋ ਗਈ ਹੈ। ਇਸ ਸਮੁੱਚੀ ਤਬਦੀਲੀ ਦਾ ਸਿੱਟਾ ਇਹ ਨਿਕਲਿਆ ਹੈ ਕਿ ਪਰੰਪਰਾਗਤ ਪੰਜਾਬੀ ਮਨੁੱਖ ਇਕ ਉੱਤਰ- ਆਧੁਨਿਕਤਾਵਾਦੀ ਬੰਦੇ ਵਿੱਚ ਬਦਲ ਗਿਆ ਹੈ। ਭਾਵੇਂ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ ਅਤੇ ਸਮੇਂ ਨਾਲ ਇਸ ਵਰਤਾਰੇ ਨੇ ਵਾਪਰਨਾ ਹੀ ਹੈ ਪ੍ਰੰਤੂ ਜੇਕਰ ਇਸ ਤਬਦੀਲੀ ਦੀ ਦਿਸ਼ਾ ਸਕਾਰਾਤਮਕ ਦੀ ਜਗ੍ਹਾ ਨਕਾਰਾਤਮਕ ਪ੍ਰਵਿਰਤੀਆਂ ਵੱਲ ਜਾਂਦੀ ਹੋਵੇ ਤਾਂ ਅਜਿਹੇ ਪਰਿਵਰਤਨਾਂ ਨੂੰ ਸਵੀਕਾਰ ਕਰਨ ਉੱਪਰ ਪ੍ਰਸ਼ਨ-ਚਿੰਨ੍ਹ ਲੱਗਣੇ ਸੁਭਾਵਿਕ ਹਨ। ਪ੍ਰੰਤੂ ਵਿਸ਼ਵੀਕਰਨ ਦਾ ਵਰਤਾਰਾ ਆਪਣੇ ਸਾਰੇ ਸਾਧਨਾਂ ਅਤੇ ਵਿਸ਼ੇਸ਼ ਤੌਰ ’ਤੇ ਮੀਡੀਆ ਰਾਹੀਂ ਅਜਿਹਾ ਭਰਮਜਾਲ ਸਿਰਜਦਾ ਹੈ ਕਿ ਪਰੰਪਰਾਗਤ ਪੰਜਾਬੀ ਬੰਦੇ ਨੂੰ ਆਪਣੀ ਅਮੀਰ ਅਤੇ ਸਕਾਰਾਤਮਕ ਗੁਣਾਂ ਨਾਲ ਭਰਪੂਰ ਪਰੰਪਰਾ ਨੂੰ ਛੱਡਣ ਲੱਗਿਆਂ ਅਤੇ ਇਸ ਦੀ ਜਗ੍ਹਾ ਨਕਾਰਾਤਮਕ ਭਾਂਤ ਦੇ ਨਵੇਂ ਰੁਝਾਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲੱਗਿਆਂ ਕੋਈ ਅਹਿਸਾਸ ਨਹੀਂ ਹੁੰਦਾ। ਇਸ ਦੇ ਫ਼ਲਸਰੂਪ ਉਹ ਵਿਸ਼ਵੀਕਰਨ ਦੁਆਰਾ ਸਿਰਜੇ ਭਰਮਜਾਲ ਵਿੱਚ ਲਗਾਤਾਰ ਫਸਦਾ ਚਲਿਆ ਜਾਂਦਾ ਹੈ।

ਪੰਜਾਬੀ ਬੰਦੇ ਦੀਆਂ ਵਿਸ਼ੇਸ਼ਤਾਵਾਂ ਵਿੱਚ ਉਸ ਦਾ ਹਿੰਮਤੀ ਹੋਣਾ, ਹਰੇਕ ਮੁਸ਼ਕਲ ਉੱਪਰ ਕਾਬੂ ਪਾਉਣ ਦੀ ਸਮਰੱਥਾ ਰੱਖਣਾ, ਸਿਆਣਪ ਅਤੇ ਪ੍ਰਤੀਕੂਲ ਸਥਿਤੀਆਂ ਨੂੰ ਆਪਣੇ ਅਨੁਕੂਲ ਢਾਲਣ ਦੀ ਯੋਗਤਾ ਅਤੇ ਸਕਾਰਾਤਮਕ ਨਜ਼ਰੀਆ ਰੱਖਣਾ ਸ਼ਾਮਿਲ ਹੈ। ਪੰਜਾਬੀ ਲੋਕਧਾਰਾ ਅਤੇ ਇਸ ਦੇ ਤਹਿਤ ਆਉਂਦੇ ਲੋਕ ਸਾਹਿਤ ਵਿੱਚ ਪ੍ਰਸਤੁਤ ਹੁੰਦੇ ਨਾਇਕਾਂ ਵਿੱਚੋਂ ਇਹ ਗੁਣ ਆਸਾਨੀ ਨਾਲ ਮਿਲ ਜਾਂਦੇ ਹਨ । ਜਦੋਂ ਬਚਪਨ ਵਿੱਚ ਇੱਕ ਪੰਜਾਬੀ ਬੱਚਾ ਇਹ ਲੋਕ-ਕਹਾਣੀਆਂ, ਲੋਕ-ਕਾਵਿ ਆਦਿ ਸੁਣਦਾ ਸੀ ਤਾਂ ਉਸ ਦੀ ਸ਼ਖ਼ਸੀਅਤ ਵਿੱਚ ਇਹ ਗੁਣ ਸਹਿਜ, ਸੁਭਾਵਿਕ ਪ੍ਰਵੇਸ਼ ਕਰ ਜਾਂਦੇ ਸਨ। ਇਸ ਦੇ ਸਿੱਟੇ ਵਜੋਂ ਸਿਰਜਿਤ ਹੁੰਦਾ ਪੰਜਾਬੀ ਮਨੁੱਖ ਉਪਰੋਕਤ ਸਦਗੁਣਾਂ ਦਾ ਧਾਰਨੀ ਬਣਦਾ ਸੀ। ਪ੍ਰੰਤੂ ਵਿਸ਼ਵੀਕਰਨ ਦੇ ਸਿੱਟੇ ਵਜੋਂ ਬਦਲੇ ਹਾਲਾਤ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਬਦਲੇ ਢੰਗ-ਤਰੀਕਿਆਂ ਕਾਰਨ ਵਿਸ਼ਵੀਕਰਨ ਦੇ ਯੁੱਗ ਵਿੱਚ ਵਿਚਰਦੇ ਪੰਜਾਬੀ ਬੰਦੇ ਵਿੱਚੋਂ ਇਹਨਾਂ ਗੁਣਾਂ ਦੀ ਆਸ ਰੱਖਣੀ ਗ਼ੈਰ-ਯਥਾਰਥਕ ਲੱਗਦੀ ਹੈ।

ਵਰਤਮਾਨ ਸਮੇਂ ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਉਹਨਾਂ ਦੀ ਮਾਨਸਿਕਤਾ ਦਾ ਇੱਕ ਅੰਗ ਬਣ ਚੁੱਕਾ ਹੈ। ਅਜੋਕੇ ਦੌਰ ਵਿੱਚ ਵਿਦੇਸ਼ ਜਾਣ ਦੀ ਦੌੜ ਵਿੱਚ ਪੜ੍ਹਿਆਂ- ਲਿਖਿਆਂ ਤੋਂ ਇਲਾਵਾ ਅੱਧ-ਪੜ੍ਹੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹਨ। ਇਸ ਦੇ ਆਰਥਿਕ ਅਤੇ ਰਾਜਨੀਤਿਕ ਕਾਰਨਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਕਾਰਨ ਹਨ। ਭਾਵੇਂ ਕਿ ਪਰਵਾਸ ਕਰਨਾ ਮਨੁੱਖ ਦੀ ਬਿਰਤੀ ਰਹੀ ਹੈ ਅਤੇ ਪਰੰਪਰਾਗਤ ਪੰਜਾਬੀ ਮਨੁੱਖ ਵੀ ਪਰਵਾਸ ਕਰਦਾ ਰਿਹਾ ਹੈ ਪ੍ਰੰਤੂ ਪੰਜਾਬੀ ਬੰਦਾ ਮੁੜ ਘਰ ਵਾਪਸੀ ਦੀ ਇੱਛਾ ਰੱਖ ਕੇ ਹੀ ਪਰਵਾਸ ਕਰਦਾ ਸੀ। ਪੰਜਾਬੀ ਲੋਕ ਸਾਹਿਤ ਵਿੱਚ ਪੇਸ਼ ਵਿਅਕਤੀ ਚਾਹੇ ਉਹ ਸੈਨਿਕ ਹੋਵੇ ਜਾਂ ਵਪਾਰੀ ਉਹ ਪ੍ਰਦੇਸ ਤਾਂ ਜਾਂਦਾ ਹੈ ਪ੍ਰੰਤੂ ਕਮਾਈ ਕਰਨ ਉਪਰੰਤ ਉਸ ਦਾ ਮੁੱਖ ਮਨੋਰਥ ਵਾਪਸ ਆਪਣੇ ਦੇਸ਼ ਪਰਤਣਾ ਹੀ ਹੁੰਦਾ ਸੀ। ਇਸ ਦੀ ਸਭ ਤੋਂ ਵੱਡੀ ਉਦਾਹਰਨ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਸਰਗਰਮ ਹਿੱਸਾ ਲੈਣ ਵਾਲੇ ਗਦਰੀ ਯੋਧੇ ਹਨ। ਉਹ ਭਾਵੇਂ ਵਿਦੇਸ਼ਾਂ ਵਿੱਚ ਵਸੇ ਹੋਏ ਸਨ ਪ੍ਰੰਤੂ ਦੇਸ਼ ਭਗਤੀ ਦੇ ਜਜ਼ਬੇ ਅਧੀਨ ਉਹ ਆਪਣੇ ਵਤਨ ਪਰਤਦੇ ਹਨ ਅਤੇ ਦੇਸ਼ ਵਿੱਚੋਂ ਅੰਗਰੇਜ਼ਾਂ ਨੂੰ ਕੱਢਣ ਅਤੇ ਇਸ ਨੂੰ ਆਜ਼ਾਦ ਕਰਵਾਉਣ ਦੀ ਖਾਹਿਸ਼ ਅਧੀਨ ਉਹ ਵਤਨ ਪਰਤ ਕੇ ਆਪਣੀ ਜਾਨ ਵੀ ਕੁਰਬਾਨ ਕਰ ਦਿੰਦੇ ਹਨ। ਇਸ ਸੰਬੰਧ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਨੂੰ ਵੇਖਿਆ ਜਾ ਸਕਦਾ ਹੈ। ਉਹ ਆਪਣੇ ਦੇਸ਼-ਭਗਤੀ ਦੇ ਜਜ਼ਬੇ ਤਹਿਤ ਇੱਕ ਰੋਲ ਮਾਡਲ ਦੇ ਤੌਰ ’ਤੇ ਉਭਰਦਾ ਹੈ। ਉਸ ਤੋਂ ਪ੍ਰੇਰਨਾ ਲੈ ਕੇ ਹੀ ਭਗਤ ਸਿੰਘ ਵਰਗੇ ਯੋਧਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਦਾ ਸੰਚਾਰ ਹੁੰਦਾ ਹੈ। ਆਦਰਸ਼ਕ ਗੁਣਾਂ ਦਾ ਧਾਰਨੀ ਅਤੇ ਦੇਸ਼-ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਪੰਜਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰਨਾਂ ਗਦਰੀ ਯੋਧਿਆਂ ਵਾਂਗ ਆਪਣੇ ਵਤਨ ਦੀ ਖਾਤਿਰ ਵਿਦੇਸ਼ ਦੀਆਂ ਸੁੱਖ ਸਹੂਲਤਾਂ ਦਾ ਤਿਆਗ ਕਰਕੇ ਇੱਕ ਗ਼ੁਲਾਮ ਮੁਲਕ ਵਿੱਚ ਜੋ ਉਹਨਾਂ ਦੀ ਮਾਤਭੂਮੀ ਹੈ, ਵਿੱਚ ਆ ਜਾਂਦੇ ਹਨ ਅਤੇ ਇਸ ਨੂੰ ਆਜ਼ਾਦ ਕਰਵਾਉਣ ਦੇ ਸੰਘਰਸ਼ ਵਿੱਚ ਕੁੱਦ ਪੈਂਦੇ ਹਨ। ਉਹਨਾਂ ਨੂੰ ਇੱਕ ਵੱਡੀ ਪੂੰਜੀਵਾਦੀ ਸ਼ਕਤੀ ਖਿਲਾਫ ਸੰਘਰਸ਼ ਕਰਨਾ ਪੈਂਦਾ ਹੈ, ਜਿਸ ਕੋਲ ਸੱਤਾ, ਧਨ ਅਤੇ ਇਸ ਨੂੰ ਮਨਮਾਨੇ ਢੰਗ ਨਾਲ ਵਰਤਣ ਦੀ ਬੇਹਿਸਾਬ ਸ਼ਕਤੀ ਵੀ ਹੈ। ਵਰਤਮਾਨ ਸਮੇਂ ਪੰਜਾਬ/ਭਾਰਤ ਵੀ ਭਾਵੇਂ ਕਹਿਣ ਨੂੰ ਆਜ਼ਾਦ ਹੈ ਪ੍ਰੰਤੂ ਹਕੀਕਤ ਵਿੱਚ ਇਹ ਪੂੰਜੀਵਾਦੀ ਸ਼ਕਤੀਆਂ ਦੀ ਗ਼ੁਲਾਮੀ ਅਧੀਨ ਹੈ। ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਬੰਦੇ ਲਈ ਸੋਚ ਦੀ ਗ਼ੁਲਾਮੀ ਹੈ, ਜੋ ਉਸ ਅੱਗੇ ਮੀਡੀਆ ਦੁਆਰਾ ਪਰੋਸੀ ਜਾਂਦੀ ਹੈ। ਬੇਰੁਜ਼ਗਾਰੀ ਦੀ ਗ਼ੁਲਾਮੀ ਹੈ ਜੋ ਉਸ ਨੂੰ ਸਮੇਂ ਦੀਆਂ ਸਰਕਾਰਾਂ ਅਨੇਕਾਂ ਬਹਾਨੇ ਬਣਾ ਕੇ ਦਿੰਦੀਆਂ ਹਨ ਅਤੇ ਸਭ ਤੋਂ ਵੱਧ ਵਰਤਮਾਨ ਸਮੇਂ ਨਸ਼ੇ ਦੀ ਗ਼ੁਲਾਮੀ ਹੈ, ਜੋ ਸੱਤਾਤੰਤਰ, ਪੁਲੀਸਤੰਤਰ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਵਿਅਕਤੀ ਉਸ ਨੂੰ ਦਿੰਦੇ ਹਨ। ਪ੍ਰੰਤੂ ਪੰਜਾਬੀ ਵਿਅਕਤੀ ਇਸ ਸਭ ਨਾਲ ਲੜਨ, ਜੂਝਣ ਦੀ ਥਾਂ ਭਾਂਜਵਾਦੀ ਰੁਚੀਆਂ ਤਹਿਤ ਜਲਦੀ ਤੋਂ ਜਲਦੀ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਦੀ ਪ੍ਰਵਾਹ ਕੀਤੇ ਬਿਨਾਂ ਵਰਤ ਕੇ ਵਿਦੇਸ਼ ਜਾਣ ਵੱਲ ਰੁਚਿਤ ਹੈ। ਪੰਜਾਬੀ ਬੰਦੇ ਦੀ ਇਹ ਹੋਣੀ ਬਣ ਚੁੱਕੀ ਹੈ ਅਤੇ ਇਹ ਸਭ ਵਿਸ਼ਵੀਕਰਨ ਦੇ ਪੰਜਾਬੀ ਸਮਾਜ ਅਤੇ ਸਭਿਆਚਾਰ ਉੱਪਰ ਪਏ ਪ੍ਰਤੀਕੂਲ ਪ੍ਰਭਾਵਾਂ ਦਾ ਹੀ ਪ੍ਰਤੀਫਲ ਹੈ।

ਵਿਸ਼ਵੀਕਰਨ ਦੇ ਵਰਤਾਰੇ ਦਾ ਇੱਕ ਅਹਿਮ ਪੱਖ ਵਿਖਾਵਾ ਕਰਨਾ ਹੈ। ਵਰਤਮਾਨ ਸਮੇਂ ਸੂਚਨਾ ਤਕਨਾਲੋਜੀ ਦਾ ਯੁੱਗ ਹੈ ਇਸ ਦੌਰ ਵਿੱਚ ਵਿਖਾਵੇ ਦੀ ਪ੍ਰਵਿਰਤੀ ਜ਼ੋਰ ਫੜਦੀ ਜਾ ਰਹੀ ਹੈ। ਸੂਚਨਾ ਤਕਨਾਲੋਜੀ ਦੇ ਵਿਕਾਸ ਦੇ ਸਿੱਟੇ ਵਜੋਂ ਵਿਕਸਿਤ ਹੋਏ ਸੰਚਾਰ ਸਾਧਨ ਵਿਸ਼ੇਸ਼ ਤੌਰ ’ਤੇ ਸੋਸ਼ਲ ਮੀਡੀਆ ਫ਼ੇਸਬੁੱਕ, ਇੰਸਟਾਗ੍ਰਮ ਨੇ ਬੰਦੇ ਦੀ ਨਿੱਜਤਾ ਨੂੰ ਚੋਖੀ ਢਾਹ ਲਾਈ ਹੈ। ਵਰਤਮਾਨ ਸਮੇਂ ਪੰਜਾਬੀ ਬੰਦਾ ਆਪਣੀ ਨਿੱਜੀ ਜ਼ਿੰਦਗੀ ਦੇ ਕਈ ਪਲਾਂ ਮੌਕਿਆਂ ਨੂੰ ਸੋਸ਼ਲ ਮੀਡੀਆ ਉੱਪਰ ਸਾਂਝੇ ਕਰਦਾ ਹੈ। ਇਸ ਨਾਲ ਉਸ ਦਾ ਨਿੱਜੀ ਜੀਵਨ ਨਿੱਜੀ ਨਾ ਰਹਿ ਕੇ ਜਨਤਕ ਹੋ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਪੰਜਾਬੀ ਬੰਦੇ ਦੇ ਅਵਚੇਤਨ ਵਿੱਚ ਵਸੀ ਲੋਕ ਸਿਆਣਪ ‘ਵਾਰਿਸ ਸ਼ਾਹ ਲੁਕਾਈਏ ਜਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜ’ ਜੋ ਪੰਜਾਬੀ ਬੰਦੇ ਦੇ ਜੀਵਨ ਵਿਹਾਰ ਦੀ ਅੱਕਾਸੀ ਕਰਦੀ ਹੈ ਗ਼ਲਤ ਹੋਈ ਪ੍ਰਤੀਤ ਹੁੰਦੀ ਹੈ। ਪ੍ਰੰਤੂ ਵਿਸ਼ਵੀਕਰਨ ਦਾ ਵਰਤਾਰਾ ਇੱਕ ਬਨਾਵਟੀ ਮਨੁੱਖ ਪੈਦਾ ਕਰ ਰਿਹਾ ਹੈ। ਅਜੋਕੇ ਦੌਰ ਵਿੱਚ ਪੰਜਾਬੀ ਬੰਦੇ ਦੀ ਵਿਡੰਬਨਾ ਇਹ ਹੈ ਕਿ ਉਹ ਵਿਸ਼ਵੀਕਰਨ ਦੇ ਸਿੱਟੇ ਵਜੋਂ ਪੈਦਾ ਸਭਿਆਚਾਰ ਵਿੱਚ ਇੱਕ ਸਭਿਅਕ ਮਨੁੱਖ ਬਣ ਕੇ ਰਹਿਣ ਦੀ ਦੌੜ ਕਾਰਨ ਸੰਚਾਰ ਸਾਧਨਾਂ, ਵਿਸ਼ੇਸ਼ ਤੌਰ ’ਤੇ ਸੋਸ਼ਲ ਮੀਡੀਆ ਉੱਪਰ ਤਾਂ ਆਪਣੀ ਨਿੱਜੀ ਜ਼ਿੰਦਗੀ ਦੇ ਕੁਝ ਪਲਾਂ ਨੂੰ ਪ੍ਰਸਤੁਤ ਤਾਂ ਕਰਦਾ ਹੈ ਪਰੰਤੂ ਆਪਣੀ ਮਾਨਸਿਕਤਾ ਨੂੰ ਅਤਿ ਦੀ ਆਧੁਨਿਕਤਾ ਅਨੁਸਾਰ ਢਾਲ ਨਾ ਸਕਣ ਕਾਰਨ ਉਹ ਬਹੁਤ ਕੁਝ ਲੁਕਾ ਲੈਂਦਾ ਹੈ। ਅਜਿਹੇ ਵਿੱਚ ਵਿਸ਼ਵੀਕਰਨ ਦੇ ਸਿੱਟੇ ਵਜੋਂ ਪੈਦਾ ਹੋਇਆ ਸਭਿਆਚਾਰ ਦਾ ਉਪਭੋਗੀ ਪੰਜਾਬੀ ਵਿਅਕਤੀ ਤਾਂ ਪੇਸ਼ ਹੋ ਜਾਂਦਾ ਹੈ ਪ੍ਰੰਤੂ ਪਰੰਪਰਾਗਤ ਪੰਜਾਬੀ ਵਿਅਕਤੀ ਆਪਣੀਆਂ ਰਵਾਇਤਾਂ ਕਦਰਾਂ-ਕੀਮਤਾਂ ਦੇ ਭਾਰੂ ਹੋਣ ਕਾਰਨ ਜਾਂ ਖ਼ਪਤ ਸਭਿਆਚਾਰ ਨਾਲ ਬਰ ਨਾ ਮੇਚ ਸਕਣ ਕਾਰਨ ਉਹਲੇ ਵਿੱਚ ਰਹਿ ਜਾਂਦਾ ਹੈ। ਇਸ ਲਈ ਭਾਵੇਂ ਅਜੋਕਾ ਪੰਜਾਬੀ ਮਨੁੱਖ ਸੰਚਾਰ ਸਾਧਨਾਂ ਅਥਵਾ ਆਪਣੇ ਜੀਵਨ ਵਿਹਾਰ ਵਿੱਚ ਇੱਕ ਖ਼ਪਤਵਾਦੀ ਉਪਭੋਗੀ ਮਨੁੱਖ ਦੇ ਤੌਰ ’ਤੇ ਪੇਸ਼ ਹੁੰਦਾ ਦਿਖਾਈ ਦਿੰਦਾ ਹੈ। ਪ੍ਰੰਤੂ ਇਹ ਕੇਵਲ ਉਸਦੀ ਉੱਪਰਲੀ ਪਰਤ ਹੈ। ਇਸ ਪਰਤ ਅਥਵਾ ਮਖੌਟੇ ਨੂੰ ਉਸ ਨੂੰ ਮਜ਼ਬੂਰੀ ਵੱਸ ਚੜ੍ਹਾਉਣਾ ਪੈਂਦਾ ਹੈ ਕਿਉਂਕਿ ਕਈ ਵਾਰ ਉਸ ਦੀ ਇਹ ਲੋੜ ਬਣ ਜਾਂਦੀ ਹੈ। ਸਾਹਮਣੇ ਦਿਸਦੇ ਉਪਭੋਗੀ ਖ਼ਪਤਵਾਦੀ ਮਨੁੱਖ ਦੇ ਪਿੱਛੇ ਪਰੰਪਰਾਗਤ ਰਵਾਇਤਾਂ, ਜੋ ਉਸ ਦੇ ਅਵਚੇਤਨ ਦਾ ਅੰਗ ਹਨ ਪਈਆਂ ਹੁੰਦੀਆਂ ਹਨ। ਪਰੰਪਰਾਗਤ ਪੰਜਾਬੀ ਬੰਦਾ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਇਹਨਾਂ ਨੂੰ ਛੱਡਣਾ ਨਹੀਂ ਚਾਹੁੰਦਾ ਅਤੇ ਜ਼ਿਆਦਾਤਰ ਨੂੰ ਕੁਝ ਸਮਝੌਤਿਆਂ ਸਹਿਤ ਨਿਭਾਉਣਾ ਵੀ ਚਾਹੁੰਦਾ ਹੈ। ਇਸ ਦੇ ਸਿੱਟੇ ਵਜੋਂ ਪੰਜਾਬੀ ਮਨੁੱਖ ਲਈ ਸਥਿਤੀ ਦਵੰਦਾਤਮਕ ਬਣ ਜਾਂਦੀ ਹੈ ਅਤੇ ਉਹ ਇਸ ਵਿੱਚ ਫਸਿਆ ਪੇਸ਼ ਹੁੰਦਾ ਹੈ।

ਜਦੋਂ ਵਿਸ਼ਵੀਕਰਨ ਦੇ ਇਸ ਵਰਤਾਰੇ ਵਿੱਚ ਪੰਜਾਬੀ ਬੰਦੇ ਦੇ ਸਰੂਪ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਾਡੇ ਸਨਮੁੱਖ ਅਜਿਹਾ ਪੰਜਾਬੀ ਮਨੁੱਖ ਪੇਸ਼ ਹੁੰਦਾ ਹੈ ਜੋ ਵਿਸ਼ਵੀਕਰਨ ਦੁਆਰਾ ਉਪਭੋਗੀ ਸਭਿਆਚਾਰ ਵਿੱਚ ਪਲਿਆ, ਉਹੋ ਜਿਹੀ ਸੋਚ ਦਾ ਧਾਰਨੀ ਅਤੇ ਆਪਣੀਆਂ ਅਮੀਰ ਪਰੰਪਰਾਵਾਂ ਤੋਂ ਬੇਨਿਆਜ਼ ਪੱਛਮੀ ਰੰਗ ਵਿੱਚ ਰੰਗਿਆ ਹੁੰਦਾ ਹੈ। ਭਾਵੇਂ ਕਿ ਵਿਸ਼ਵੀਕਰਨ ਦੇ ਵਰਤਾਰੇ ਨਾਲ ਪਰੰਪਰਾਗਤ ਪੰਜਾਬੀ ਬੰਦੇ ਵਿੱਚ ਬੜੀਆਂ ਤਬਦੀਲੀਆਂ ਆਈਆਂ ਹਨ ਅਤੇ ਇਹਨਾਂ ਦੇ ਸਿੱਟੇ ਵਜੋਂ ਵਿਸ਼ਵੀਕਰਨ ਦੇ ਵਰਤਾਰੇ ਵਿੱਚੋਂ ਉਪਭੋਗੀ ਖ਼ਪਤਵਾਦੀ ਪ੍ਰਵਿਰਤੀ ਦਾ ਪੰਜਾਬੀ ਵਿਅਕਤੀ ਪੈਦਾ ਹੋਇਆ ਹੈ ਪ੍ਰੰਤੂ ਇੱਥੇ ਇਹ ਤੱਥ ਵੀ ਯਾਦ ਰੱਖਣਯੋਗ ਹੈ ਕਿ ਪੰਜਾਬੀ ਬੰਦਾ ਪੂਰਨ ਰੂਪ ਵਿੱਚ ਆਪਣੀਆਂ ਪਰੰਪਰਾਵਾਂ ਨੂੰ ਆਪਣੇ ਵਿਰਸੇ ਨੂੰ ਭੁੱਲ ਨਹੀਂ ਸਕਿਆ। ਉਹ ਸਮੇਂ ਦੀ ਮੰਗ ਅਨੁਸਾਰ ਵਿਸ਼ਵੀਕਰਨ ਦੇ ਵਰਤਾਰੇ ਨਾਲ ਚੱਲਦਾ ਤਾਂ ਹੈ ਪਰੰਤੂ ਸਮਾਨਾਂਤਰ ਹੀ ਆਪਣੀਆਂ ਪਰੰਪਰਾਵਾਂ ਨੂੰ ਵੀ ਕਾਇਮ ਰੱਖਣਾ ਚਾਹੁੰਦਾ ਹੈ। ਉਸ ਦਾ ਇਹਨਾਂ ਦੋਵਾਂ ਚੀਜ਼ਾਂ ਨੂੰ ਇਕੱਠਿਆਂ ਰੱਖ ਕੇ ਚੱਲਣਾ ਇੱਕ ਦਵੰਦ ਭਰੀ ਸਥਿਤੀ ਦਾ ਨਿਰਮਾਣ ਕਰਦਾ ਹੈ। ਅਜੋਕੇ ਦੌਰ ਦਾ ਪੰਜਾਬੀ ਬੰਦਾ ਇਹਨਾਂ ਦਵੰਦਾਂ ਵਿੱਚ ਫਸਿਆ ਹੋਇਆ ਅਜਿਹਾ ਜੀਵਨ ਜਿਊਂ ਰਿਹਾ ਹੈ ਜਿਸ ਵਿੱਚ ਉਸ ਦੇ ਸਾਹਮਣੇ ਅੰਤਰ ਵਿਰੋਧ ਹਨ। ਉਹ ਆਪਣੀਆਂ ਪਰੰਪਰਾਵਾਂ ਨੂੰ ਵਿਸਾਰਨਾ ਨਹੀਂ ਚਾਹੁੰਦਾ ਪ੍ਰੰਤੂ ਬਦਲੀਆਂ ਸਥਿਤੀਆਂ ਵਿੱਚ ਉਸ ਨੂੰ ਨਵੀਆਂ ਕਦਰਾਂ-ਕੀਮਤਾਂ ਨਾਲ ਜੁੜਨਾ ਪੈਂਦਾ ਹੈ। ਅਜਿਹੇ ਵਿੱਚ ਉਸ ਦੇ ਸਾਹਮਣੇ ਇੱਕ ਦਵੰਦ ਭਰੀ ਸਥਿਤੀ ਪੈਦਾ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਅਜੋਕੇ ਦੌਰ ਦਾ ਪੰਜਾਬੀ ਵਿਅਕਤੀ ਅੰਤਰ ਵਿਰੋਧਾਂ ਨਾਲ ਭਰਿਆ ਪਿਆ ਹੈ। ਉਸ ਨੂੰ ਬਦਲੀਆਂ ਸਥਿਤੀਆਂ ਵਿੱਚ ਨਵੀਆਂ ਤਬਦੀਲੀਆਂ ਨੂੰ ਸਵੀਕਾਰ ਕਰਨਾ ਪੈਂਦਾ ਹੈ। ਪ੍ਰੰਤੂ ਉਸ ਲਈ ਸਥਿਤੀ ਉਸ ਸਮੇਂ ਗੁੰਝਲਦਾਰ ਅਤੇ ਉਲਝਣ ਭਰੀ ਹੋ ਜਾਂਦੀ ਹੈ ਜਦੋਂ ਪਰੰਪਰਾਗਤ ਕੀਮਤਾਂ ਅਤੇ ਨਵੀਆਂ ਪੈਦਾ ਹੋ ਰਹੀਆਂ ਕਦਰਾਂ-ਕੀਮਤਾਂ ਵਿੱਚ ਟਕਰਾਓ ਉਤਪੰਨ ਹੋ ਜਾਂਦਾ ਹੈ। ਅਜਿਹੇ ਮੌਕੇ ਪੰਜਾਬੀ ਵਿਅਕਤੀ ਦਾ ਸਭਿਆਚਾਰਕ ਅਵਚੇਤਨ ਭਾਰੂ ਹੋ ਜਾਂਦਾ ਹੈ ਅਤੇ ਉਹ ਖ਼ਪਤ ਸਭਿਆਚਾਰ ਦੀਆਂ ਨਵੀਆਂ ਕਦਰਾਂ-ਕੀਮਤਾਂ, ਰਵਾਇਤਾਂ ਨੂੰ ਧਾਰਨ ਕਰਨ ਤੋਂ ਇਨਕਾਰੀ ਹੋ ਜਾਂਦਾ ਹੈ। ਪ੍ਰੰਤੂ ਕਈ ਵਾਰ ਸਥਿਤੀਆਂ ਉਸ ਉੱਪਰ ਇੰਨੀਆਂ ਭਾਰੂ ਅਥਵਾ ਦਬਾਉ ਪੂਰਨ ਹੋ ਜਾਂਦੀਆਂ ਹਨ ਕਿ ਉਸ ਨੂੰ ਨਾ ਚਾਹੁੰਦੇ ਹੋਏ ਵੀ ਆਪਣੇ ਸਭਿਆਚਾਰਕ ਅਵਚੇਤਨ ਨੂੰ ਦਬਾਉਣਾ ਪੈਂਦਾ ਹੈ ਅਤੇ ਨਵੀਆਂ ਸਥਾਪਿਤ ਹੋ ਰਹੀਆਂ ਕੀਮਤਾਂ ਨੂੰ ਸਵੀਕਾਰ ਕਰਨਾ ਪੈਂਦਾ ਹੈ।

ਇਸ ਤਰ੍ਹਾਂ ਇਹ ਤੱਥ ਦ੍ਰਿਸ਼ਟਮਾਨ ਹੁੰਦਾ ਹੈ ਕਿ ਵਰਤਮਾਨ ਸਮੇਂ ਪੰਜਾਬੀ ਬੰਦਾ ਇੱਕ ਦਵੰਦ ਵਿੱਚੋਂ ਗੁਜ਼ਰਦਾ ਪ੍ਰਤੀਤ ਹੁੰਦਾ ਹੈ। ਉਹ ਸਮੇਂ ਦੇ ਹਾਣ ਦਾ ਬਣ ਕੇ ਰਹਿਣਾ ਚਾਹੁੰਦਾ ਹੈ ਇਸ ਲਈ ਉਹ ਵਿਸ਼ਵੀਕਰਨ ਦੁਆਰਾ ਪੈਦਾ ਖ਼ਪਤਵਾਦੀ ਸਭਿਆਚਾਰ ਵੱਲੋਂ ਪੈਦਾ ਕੀਤੀਆਂ ਵਸਤਾਂ, ਕਦਰਾਂ- ਕੀਮਤਾਂ ਨੂੰ ਅਪਣਾਉਂਦਾ ਹੈ। ਪ੍ਰੰਤੂ ਇਸਦੇ ਨਾਲ ਹੀ ਉਸਦੇ ਅਵਚੇਤਨ ਵਿੱਚ ਪਰੰਪਰਾਗਤ ਪੰਜਾਬੀ ਵਿਅਕਤੀ ਵੀ ਪਿਆ ਹੁੰਦਾ ਹੈ ਜੋ ਉਸ ਦੀਆਂ ਅਮੀਰ ਪਰੰਪਰਾਵਾਂ ਉੱਪਰ ਮਾਣ ਕਰਨ ਵਾਲਾ ਹੁੰਦਾ ਹੈ। ਉਸ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਇਹਨਾਂ ਨੂੰ ਕਾਇਮ ਅਥਵਾ ਬਰਕਰਾਰ ਰੱਖ ਸਕੇ। ਜਦੋਂ ਇਸ ਦੇ ਸਿੱਟੇ ਵਜੋਂ ਦਵੰਦ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਹ ਸਮਝੌਤਾਵਾਦੀ ਬਣ ਜਾਂਦਾ ਹੈ। ਅਜਿਹੇ ਸਮਝੌਤਿਆਂ ਵਿੱਚ ਅਕਸਰ ਉਪਭੋਗੀ ਖ਼ਪਤਵਾਦੀ ਸਭਿਆਚਾਰ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਢਾਹ ਲਾਉਂਦਾ ਹੈ। ਇਹੀ ਕਾਰਨ ਹੈ ਕਿ ਸਮਝੌਤਾ ਕਰਦਾ ਕਰਦਾ ਪਰੰਪਰਾਗਤ ਪੰਜਾਬੀ ਵਿਅਕਤੀ ਇੱਕ ਉਪਭੋਗੀ ਖ਼ਪਤਵਾਦੀ ਮਨੁੱਖ ਬਣਨ ਦੇ ਰਾਹ ਉੱਪਰ ਤੁਰਦਾ ਪ੍ਰਤੀਤ ਹੁੰਦਾ ਹੈ। ਇਸ ਸਥਿਤੀ ਵਿੱਚ ਪੰਜਾਬੀ ਵਿਅਕਤੀ ਦੀ ਦਵੰਦਾਤਮਕ ਸ਼ਖ਼ਸੀਅਤ ਪ੍ਰਸਤੁਤ ਹੁੰਦੀ ਹੈ।

ਸੰਪਰਕ: 81464-84447

Advertisement
Show comments