DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਤਾਂ ਧਰਮਿੰਦਰ ਦੀਆਂ

ਅੱਠਵੀਂ ਜਮਾਤ ਦੀ ਵਿਦਾਇਗੀ ਪਾਰਟੀ ਮੌਕੇ ਖਿੱਚੀ ਤਸਵੀਰ ਵਿੱਚ ਸਭ ਤੋਂ ਪਿਛਲੀ ਕਤਾਰ ਵਿੱਚ ਸੱਜਿਉਂ ਚੌਥਾ ਧਰਮਿੰਦਰ। ਇੱਕ ਵਾਰ ਬੰਬਈ (ਹੁਣ ਮੁੰਬਈ) ਦੇ ਫਿਲਮੀ ਕਲਾਕਾਰਾਂ ਦਾ ਜਹਾਜ਼ ਭਰ ਕੇ ਮੁਹਾਲੀ ਦੇ ਕ੍ਰਿਕਟ ਸਟੇਡੀਅਮ ’ਚ ਲਿਆਂਦਾ ਗਿਆ। ਦਲੀਪ ਕੁਮਾਰ, ਧਰਮਿੰਦਰ, ਅਮਰੀਸ਼...

  • fb
  • twitter
  • whatsapp
  • whatsapp
Advertisement
ਅੱਠਵੀਂ ਜਮਾਤ ਦੀ ਵਿਦਾਇਗੀ ਪਾਰਟੀ ਮੌਕੇ ਖਿੱਚੀ ਤਸਵੀਰ ਵਿੱਚ ਸਭ ਤੋਂ ਪਿਛਲੀ ਕਤਾਰ ਵਿੱਚ ਸੱਜਿਉਂ ਚੌਥਾ ਧਰਮਿੰਦਰ।
ਅੱਠਵੀਂ ਜਮਾਤ ਦੀ ਵਿਦਾਇਗੀ ਪਾਰਟੀ ਮੌਕੇ ਖਿੱਚੀ ਤਸਵੀਰ ਵਿੱਚ ਸਭ ਤੋਂ ਪਿਛਲੀ ਕਤਾਰ ਵਿੱਚ ਸੱਜਿਉਂ ਚੌਥਾ ਧਰਮਿੰਦਰ।

ਇੱਕ ਵਾਰ ਬੰਬਈ (ਹੁਣ ਮੁੰਬਈ) ਦੇ ਫਿਲਮੀ ਕਲਾਕਾਰਾਂ ਦਾ ਜਹਾਜ਼ ਭਰ ਕੇ ਮੁਹਾਲੀ ਦੇ ਕ੍ਰਿਕਟ ਸਟੇਡੀਅਮ ’ਚ ਲਿਆਂਦਾ ਗਿਆ। ਦਲੀਪ ਕੁਮਾਰ, ਧਰਮਿੰਦਰ, ਅਮਰੀਸ਼ ਪੁਰੀ, ਪ੍ਰੇਮ ਚੋਪੜਾ ਸਮੇਤ ਤੀਹ ਚਾਲੀ ਨਾਮੀ ਕਲਾਕਾਰਾਂ ਦਾ ਮੇਲਾ ਮਨਾਇਆ ਗਿਆ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਅਤੇ ਗਵਰਨਰ ਦੇ ਹੱਥੋਂ ਸਭ ਨੂੰ ਸਨਮਾਨਿਤ ਕੀਤਾ ਗਿਆ। ਉਸ ਮੇਲੇ ਵਿੱਚ ਸਾਡੇ ਵਰਗਿਆਂ ਦਾ ਵੀ ਸੂਤ ਬੈਠ ਗਿਆ। ਸਾਡੇ ਮਿੱਤਰ ਵਿਜੈ ਟੰਡਨ ਦੀ ਪੰਜਾਬੀ ਫਿਲਮ ‘ਕਚਹਿਰੀ’ ਕੌਮੀ ਇਨਾਮ ਜਿੱਤ ਗਈ ਸੀ। ਇਸ ਲਈ ਪ੍ਰੋਡਿਊਸਰ ਵਿਜੈ ਟੰਡਨ, ਡਾਇਰੈਕਟਰ ਰਵਿੰਦਰ ਪੀਪਟ, ਹੀਰੋ ਗੁਰਦਾਸ ਮਾਨ ਤੇ ਗੀਤਕਾਰ ਵਜੋਂ ਮੈਨੂੰ ਵੀ ਟਰਾਫੀਆਂ ਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ। ਉਦੋਂ ਗਾਉਣ ਵਾਲਿਆਂ ’ਚ ਜਿਹੜੇ ਕਲਾਕਾਰ ਸੱਦੇ ਗਏ, ਉਨ੍ਹਾਂ ’ਚ ਦਿੱਲੀਓਂ ਸੁਰਿੰਦਰ ਕੌਰ ਵੀ ਆਈ ਸੀ। ਉੱਥੇ ਸੁਰਿੰਦਰ ਕੌਰ ਨੂੰ ਸਮਾਂ ਹੀ ਨਾ ਮਿਲਿਆ ਕਿਉਂਕਿ ਸਨਮਾਨ ਰਸਮ ਬਹੁਤ ਲਮਕ ਗਈ। ਰਾਤ ਦੇ ਖਾਣੇ ’ਤੇ ਮਾਊਂਟਵਿਊ ਹੋਟਲ ਦੇ ਵਿਹੜੇ ’ਚ ਪ੍ਰਬੰਧਕਾਂ ਨੇ ਸੁਰਿੰਦਰ ਕੌਰ ਨੂੰ ਮਾਮੂਲੀ ਜਿਹੀ ਸਟੇਜ ਲਾ ਕੇ ਗਾਉਣ ਲਾ ਦਿੱਤਾ ਕਿਉਂਕਿ ਪੇਮੈਂਟ ਕੀਤੀ ਹੋਈ ਸੀ। ਭਰੇ ਹੋਏ ਮਨ ਨਾਲ ਸੁਰਿੰਦਰ ਕੌਰ ਨੇ ਗੀਤ ਗਾਉਂਦਿਆਂ ਕਹਿ ਦਿੱਤਾ, ‘‘ਅੱਜ ਮੈਂ ਏਸ ਖ਼ਿਆਲ ਨਾਲ ਦਿੱਲੀਓਂ ਆਈ ਸੀ ਕਿ ਮਾਂ ਸਦਕੇ ਅੱਜ ਸਾਡਾ ਧਰਮਿੰਦਰ ਵੀਰ ਬੈਠਾ ਹੋਊਗਾ ਤੇ ਉਹਦੇ ਸਾਹਮਣੇ ਗਾਉਣ ਦਾ ਸਵਾਦ ਆਊਗਾ।’’ ਪਤਾ ਨਹੀਂ ਕਿਸ ਸੱਜਣ ਨੇ ਧਰਮਿੰਦਰ ਨੂੰ ਕਮਰੇ ’ਚ ਜਾ ਕੇ ਦੱਸ ਦਿੱਤਾ। ਕਮਰੇ ਦੀ ਬਾਰੀ ਵੀ ਹੋਟਲ ਦੇ ਵਿਹੜੇ ’ਚ ਖੁੱਲ੍ਹਦੀ ਸੀ। ਉਹਨੂੰ ਵੀ ਇਹ ਗੱਲ ਸੁਣ ਗਈ। ਕੁਝ ਹੀ ਪਲਾਂ ’ਚ ਧਰਮਿੰਦਰ ਕਾਹਲ-ਕਦਮੀਂ ਵਿਹੜੇ ’ਚ ਆਇਆ। ਸੁਰਿੰਦਰ ਕੌਰ ਦੇ ਗੋਡੀਂ ਤੇ ਚਰਨੀਂ ਹੱਥ ਲਾਇਆ। ਸੌ ਰੁਪਏ ਦਾ ਨੋਟ ਅਦਬ ਨਾਲ ਦਿੱਤਾ। ਮੂਹਰੇ ਹੀ ਚੌਂਕੜੀ ਮਾਰ ਕੇ ਬੈਠ ਗਿਆ। ਮਧਾਣੀਆਂ, ਲੱਠੇ ਦੀ ਚਾਦਰ ਗੀਤਾਂ ਦੀ ਫਰਮਾਇਸ਼ ਕੀਤੀ। ਅਸੀਂ ਜੋ ਸੌ ਡੇਢ ਸੌ ਜਣੇ ਕੁਰਸੀਆਂ ’ਤੇ ਚੜ੍ਹੇ ਬੈਠੇ ਸੀ, ਦਗੜ ਦਗੜ ਕਰਦੇ ਭੱਜੇ ਤੇ ਧਰਮਿੰਦਰ ਦੇ ਦੁਆਲੇ ਚੌਂਕੜੀਆਂ ਮਾਰ ਕੇ ਬੈਠ ਗਏ। ਸੁਰਿੰਦਰ ਕੌਰ ਦੀ ਤਮੰਨਾ ਪੂਰੀ ਹੋ ਗਈ ਤੇ ਧਰਮਿੰਦਰ ਵੱਲ ਦੇਖਦਿਆਂ ਤਿੰਨ-ਚਾਰ ਗੀਤ ਮੰਤਰ-ਮੁਗਧ ਹੋ ਕੇ ਸੁਣਾਏ। ਧਰਮਿੰਦਰ ਨੇ ਇੱਕੋ ਫਿਕਰੇ ’ਚ ਕਮਾਲ ਕਰ ਦਿੱਤੀ, ਕਹਿੰਦਾ, ‘‘ਮੇਰੀ ਚਿਰਾਂ ਦੀ ਤਮੰਨਾ ਸੀ ਕਿ ਸੁਰਿੰਦਰ ਕੌਰ ਹੋਰਾਂ ਨੂੰ ਸਾਹਮਣੇ ਬੈਠ ਕੇ ਸੁਣਾਂ।’’

* * *

Advertisement

ਧਰਮਿੰਦਰ ਦੀ ਮੁੰਬਈ ਵਾਲੀ ਕੋਠੀ ’ਚ ਮੈਂ ਚਾਰ ਪੰਜ ਵਾਰ ਗਿਆ। ਅਜੀਬ ਸਬੱਬ ਬਣਿਆ। ਉਹਦੇ ਭਰਾ ਅਜੀਤ ਸਿੰਘ ਦਿਓਲ ਨੇ ਮੇਰੀ ਕਹਾਣੀ ‘ਭੂਆ ਖ਼ਤਮ ਕੌਰ’ ਮੇਰੇ ਮਿੱਤਰ ਜਗਜੀਤ ਚੂਹੜਚੱਕ ਨੂੰ ਜ਼ੁਬਾਨੀ ਸੁਣਾਈ। ਅੰਮ੍ਰਿਤਾ ਪ੍ਰੀਤਮ ਨੇ ਹਿੰਦ ਪਾਕੇਟ ਬੁੱਕਸ ਨੂੰ ਕਹਾਣੀਆਂ ਦੀ ਕਿਤਾਬ ਐਡਿਟ ਕਰਕੇ ਦਿੱਤੀ। ‘ਨਵੀਆਂ ਕਲਮਾਂ’ ਕਿਤਾਬ ਵਿੱਚ ਮੇਰੀ ਕਹਾਣੀ ਸ਼ਾਮਿਲ ਸੀ। ਜਗਜੀਤ ਨੇ ਜਦੋਂ ਦੱਸਿਆ ਕਿ ਕਹਾਣੀ ਦਾ ਲੇਖਕ ਮੇਰਾ ਮਿੱਤਰ ਹੈ ਤਾਂ ਅਜੀਤ ਸਿੰਘ ਦਿਓਲ ਨੇ ਮਿਲਣ ਦੀ ਇੱਛਾ ਪ੍ਰਗਟ ਕੀਤੀ। ਇਉਂ ਪਹਿਲੀ ਵਾਰ ਉਸ ਨੂੰ ਮਿਲਣ ਦੇ ਬਹਾਨੇ ਧਰਮਿੰਦਰ ਨੂੰ ਵੀ ਨੇੜਿਓਂ ਦੇਖ ਲਿਆ ਤੇ ਗੱਲਾਂਬਾਤਾਂ ਕੀਤੀਆਂ। ਚੰਗੀ ਤਰ੍ਹਾਂ ਚੇਤੇ ਹੈ, ਕੋਠੀ ’ਚ ਵੜਦਿਆਂ ਹੀ ਵਰਾਂਡੇ ’ਚ ਉਨ੍ਹਾਂ ਦੇ ਪਿਤਾ ਵੀਲ੍ਹਚੇਅਰ ’ਤੇ ਬੈਠੇ ਸਨ। ਲੰਮਾ ਜਿਹਾ ਡਰਾਇੰਗ ਰੂਮ ਸੀ ਜਿਵੇਂ ਰੇਲ ਗੱਡੀ ਦਾ ਡੱਬਾ ਹੁੰਦਾ ਹੈ। ਉੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਬੈਠੇ ਸਨ। ਓਲੰਪੀਅਨ ਹਾਕੀ ਖਿਡਾਰੀ ਬਲਬੀਰ ਸਿੰਘ, ਸਾਹਨੇਵਾਲ ਤੋਂ ਭੱਜ ਕੇ ਗਿਆ ਕੋਈ ਜੇਬਕਤਰਾ ਤੇ ਇੱਕ ਮਾੜਕੂ ਜਿਹਾ ਪੰਜਾਬੀ ਸ਼ਾਇਰ ਵੀ ਉੱਥੇ ਆਇਆ। ਗਿੱਲੀ ਛਤਰੀ ਖੂੰਜੇ ਰੱਖ ਕੇ ਜਦੋਂ ਉਹ ਸ਼ਾਇਰ ਬੈਠਿਆ ਤਾਂ ਅਜੀਤ ਦਿਓਲ ਨੇ ਕਿਹਾ, ‘‘ਆਓ ਆਓ ਪਰਵਾਨਾ ਸਾਹਿਬ, ਚਾਹ ਪੀਓਗੇ ਜਾਂ ਕੌਫ਼ੀ?’’ ਅੱਗੋਂ ਪਰਵਾਨੇ ਸ਼ਾਇਰ ਦੀ ਅਪਣੱਤ ਕਮਾਲ ਦੀ ਸੀ, ‘‘ਆਪਾਂ ਤਾਂ ਅਜੀਤ ਭਾ’ ਆਮਲੇਟ ਨਾਲ ਨਾਸ਼ਤਾ ਵੀ ਕਰਾਂਗੇ।’’ ਏਨੇ ਨੂੰ ਧਰਮਿੰਦਰ ਅੰਦਰ ਆਇਆ। ਇੱਕ ਇੱਕ ਨਾਲ ਹੱਥ ਮਿਲਾਇਆ ਤੇ ਜੱਫੀਆਂ ਵੀ ਪਾਈਆਂ। ਮੇਰੇ ਬਾਰੇ ਧਰਮਿੰਦਰ ਨੇ ਜੋ ਫ਼ਿਕਰਾ ਬੋਲਿਆ, ਮੇਰੀ ‘ਪ੍ਰਾਪਤੀ’ ਸੀ, ‘‘ਇਹ ਸਰਦਾਰ ਕਾਕਾ ਤਾਂ ਪਹਿਲੀ ਵਾਰ ਦੇਖਿਐ। ਸਰਦਾਰ ਮੁੰਡੇ ਏਨੇ ਸੋਹਣੇ ਸੁਨੱਖੇ ਵੀ ਹੋ ਸਕਦੇ ਐ। ਕਿਆ ਬਾਤ ਐ।’’

Advertisement

* * *

ਟ੍ਰਿਬਿਊਨ ਅਦਾਰੇ ਦੇ ਸਕੈਨਿੰਗ ਵਿਭਾਗ ’ਚ ਹੁੰਦਾ ਸੀ ਰਛਪਾਲ ਗਰਚਾ। ਗੱਲਾਂ ਗੱਲਾਂ ’ਚ ਉਹਨੇ ਦੱਸਿਆ, ‘‘ਮੇਰਾ ਤਾਇਆ ਕਿਸੇ ਵੇਲੇ ਸਾਹਨੇਵਾਲ ਸਕੂਲ ’ਚ ਧਰਮਿੰਦਰ ਦਾ ਕਲਾਸਫੈਲੋ ਰਿਹੈ।’’ ਪਤਾ ਲੱਗਾ ਕਿ ਅੱਠਵੀਂ ਜਮਾਤ ਦੀ ਅਲਵਿਦਾ ਪਾਰਟੀ ਦੀ ਗਰੁੱਪ ਫੋਟੋ ਉਹਦੇ ਪਿੰਡ ਭੱਠਾ ਧੂਆ ਅਲਮਾਰੀ ’ਚ ਪਈ ਹੈ। ਫੇਰ ਕੀ ਸੀ। ਮੈਂ ਗਰਚੇ ਨੂੰ ਭਜਾਇਆ। ਉਹਨੇ ਲਿਬੜੀ-ਤਿਬੜੀ ਤੇ ਘਸੀ ਜਿਹੀ ਗਰੁੱਪ ਫੋਟੋ ਮੈਨੂੰ ਲਿਆ ਕੇ ਦਿੱਤੀ। ਮੇਰਾ ਤਾਂ ਚਾਅ ਨਾ ਚੁੱਕਿਆ ਜਾਵੇ। ਖੜੋਤੇ ਵਿਦਿਆਰਥੀਆਂ ਦੀ ਆਖ਼ਰੀ ਲਾਈਨ ’ਚ ਸੱਜਿਓਂ ਚੌਥਾ ਧਰਮਿੰਦਰ ਦਿਖਾਈ ਦਿੱਤਾ। ਪਟੇ ਲਿਸ਼ਕਵੇਂ ਵਾਹੇ ਹੋਏ। ਪੈਂਟ ਦਾ ਬੱਕਲ ਝਲਕਾਰੇ ਮਾਰ ਰਿਹਾ ਸੀ। ਪੂਰਾ ਸ਼ੌਕੀਨ ਲੱਗਦਾ ਸੀ ਮੁੰਡਾ। ਪਰ ਸਮੁੱਚੀ ਫੋਟੋ ਮੱਧਮ ਜਿਹੀ ਸੀ। ਮੂਹਰਲੀ ਕਤਾਰ ’ਚ ਧਰਮਿੰਦਰ ਦਾ ਪਿਤਾ ਵੀ ਬੈਠਾ ਸੀ ਕੁਰਸੀ ’ਤੇ। ਉਦੋਂ ਉਹ ਸਾਹਨੇਵਾਲ ਦੇ ਸਕੂਲ ਵਿੱਚ ਅਧਿਆਪਕ ਸੀ। ਉਸ ਗਰੁੱਪ ਫੋਟੋ ਨੂੰ ਇਤਿਹਾਸਕ ਦਸਤਾਵੇਜ਼ ਸਮਝਦੇ ਹੋਏ ਸਕੈਨ ਕਰਵਾਇਆ। ‘ਪੰਜਾਬੀ ਟ੍ਰਿਬਿਊਨ’ ਦੇ ਫਿਲਮੀ ਅੰਕ ’ਚ ਲੰਮੇ ਲੇਖ ਨਾਲ ਉਹ ਫੋਟੋ ਛਾਪੀ। ਫੇਰ ਉਹ ਫੋਟੋ ਤੇ ਲੇਖ ਵਿਜੈ ਟੰਡਨ ਨੇ ਫਰੇਮ ਕਰਵਾ ਕੇ ਧਰਮਿੰਦਰ ਤੱਕ ਪੁੱਜਦਾ ਕੀਤਾ। ਉਹ ਫੋਟੋ ਦੇਖ ਕੇ ਖ਼ੁਸ਼ ਹੋਇਆ, ਭਾਵੁਕ ਹੋ ਕੇ ਅੱਖਾਂ ਭਰ ਆਇਆ। ਇੱਕ ਇੱਕ ਸਾਥੀ ਬਾਰੇ ਯਾਦਾਂ ਸਾਂਝੀਆਂ ਕਰਦਾ ਕਹਿਣ ਲੱਗਾ: ... ਅਹਿ ਮੁੰਡਾ ਮੇਰੇ ਸਿਰ ’ਚ ਬਸਤਾ ਮਾਰ ਦਿੰਦਾ ਸੀ ...ਅਹਿ ਮੁੰਡਾ ਕਲਾਸ ’ਚ ਮੈਨੂੰ ਮੂਹਰੇ ਨਹੀਂ ਸੀ ਬਹਿਣ ਦਿੰਦਾ। ਉਸ ਫਰੇਮ ਫੋਟੋ ਨੂੰ ਧਰਮਿੰਦਰ ਨੇ ਫੇਰ ਆਪਣੇ ਸੌਣ-ਕਮਰੇ ਦੀ ਕੰਧ ’ਤੇ ਸਜਾ ਲਿਆ ਸੀ।

* * *

ਸੁਪਰ ਕੈਸੇਟਸ ਟੀ. ਸੀਰੀਜ਼ ਦੇ ਮਾਲਕ ਦਰਸ਼ਨ ਕੁਮਾਰ ਤੇ ਗੁਲਸ਼ਨ ਕੁਮਾਰ ਨੇ ਜਦੋਂ ਮੈਨੂੰ ਇਕੱਤੀ ਦਸੰਬਰ ਵਾਲੇ ਨਵੇਂ ਸਾਲ ਦੇ ਪ੍ਰੋਗਰਾਮ ਬਣਾਉਣ ਦੀ ਖੁੱਲ੍ਹ ਦਿੱਤੀ ਤਾਂ ਅਸੀਂ ਪਹਿਲਾ ਪ੍ਰੋਗਰਾਮ ਬਣਾਇਆ ‘ਮੇਲਾ ਮੇਲੀਆਂ ਦਾ’। ਉਸ ਪਹਿਲੇ ਹੀ ਪ੍ਰੋਗਰਾਮ ’ਚ ਪੰਜਾਬ ਦੇ ਸੱਤ-ਅੱਠ ਨਾਮੀ ਗਾਇਕਾਂ ਸਰਦੂਲ ਸਿਕੰਦਰ, ਸੁਰਜੀਤ ਬਿੰਦਰੱਖੀਆ, ਮਨਮੋਹਨ ਵਾਰਿਸ, ਹਰਭਜਨ ਮਾਨ, ਹਰਦੀਪ, ਪਰਮਿੰਦਰ ਸੰਧੂ, ਸੁਰਜੀਤ ਖਾਨ ਤੇ ਅਮਰ ਨੂਰੀ ਦੇ ਨਾਲ ਨਾਲ ਬੰਬਈ ਦੇ ਫਿਲਮੀ ਕਲਾਕਾਰਾਂ ਦੀ ਐਕਟਿੰਗ ਕਰਵਾਈ। ਧਰਮਿੰਦਰ, ਦਿਲੀਪ ਕੁਮਾਰ, ਅਮਰੀਸ਼ ਪੁਰੀ, ਮਨੋਜ ਕੁਮਾਰ, ਮਹਿਮਾ ਚੌਧਰੀ ਤੇ ਸ਼ਾਹਰੁਖ ਖਾਨ ਦੀਆਂ ਦਿਲਚਸਪ ਟਿੱਪਣੀਆਂ ਨੇ ਚਾਰ ਚੰਦ ਲਾ ਦਿੱਤੇ। ਭਗਵੰਤ ਮਾਨ ਤੇ ਗੁਰਪ੍ਰੀਤ ਘੁੱਗੀ ਦੀਆਂ ਸਕਿੱਟਾਂ ਵੀ ਪਾਈਆਂ। ਪ੍ਰੋਗਰਾਮ ਹਿੱਟ ਤਾਂ ਕੀ ਸੁਪਰ ਹਿੱਟ, ਡੁਪਰ ਹਿੱਟ ਹੋ ਗਿਆ। ਦੱਸਣਯੋਗ ਗੱਲ ਇਹ ਹੈ ਕਿ ਧਰਮਿੰਦਰ ਉਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੈਨੂੰ ਪੇਸ਼ ਕਰਦਾ ਤੇ ਅੱਗੋਂ ਫਿਰ ਮੈਂ ਕਲਾਕਾਰਾਂ ਨੂੰ ਇੱਕ ਇੱਕ ਕਰਕੇ ਪੇਸ਼ ਕਰਦਾ ਗਿਆ। ਧਰਮਿੰਦਰ ਨੇ ਜੋ ਬੋਲਿਆ, ਸਾਂਝਾ ਕਰਨਾ ਬਣਦਾ ਹੈ: ‘‘ਮੇਲਾ ਮੇਲੀਆਂ ਦਾ ਪ੍ਰੋਗਰਾਮ ਦੇ ਮੇਲੀਓ ਤੇ ਮੇਲਣੋਂ ਜਾਣੀ ਕਿ ਮੇਲੇ ਦੇ ਸ਼ੌਕੀਓ ਤੇ ਸ਼ੌਕਣੋ, ਮੇਰੇ ਪੰਜਾਬ ਦੇ ਸੋਹਣੇ ਭੈਣੋ ਤੇ ਭਰਾਵੋ, ਤੁਹਾਡਾ ਪਿਆਰ ਤਾਂ ਹਮੇਸ਼ਾ ਮੈਨੂੰ ਮਿਲਦਾ ਰਿਹਾ ਤੇ ਮਿਲਦਾ ਰਹੇਗਾ। ਮੇਰਾ ਪਿਆਰ ਵੀ ਹਮੇਸ਼ਾ ਤੁਹਾਨੂੰ ਮਿਲਦਾ ਤੇ ਮਿਲਦਾ ਰਹੇਗਾ। ਮੈਂ ਦੁਆ ਕਰਦਾਂ, ਅਰਦਾਸ ਕਰਦਾਂ ਕਿ ਮੇਲੀਆਂ ਦੇ ਮੇਲੇ ਸਦਾ ਭਰੇ ਰਹਿਣ। ਆਪ ਕਾ ਧਰਮੇਂਦਰ... ਓ ਮਾਫ਼ ਕਰਨਾ ਜੀ ਤੁਹਾਡਾ ਪਿਆਰਾ ਵੀਰ ਧਰਮਿੰਦਰ। ... ਓਏ ਯਾਰੋ, ਇੱਕ ਗੱਲ ਤਾਂ ਮੈਂ ਕਹਿਣੀ ਭੁੱਲ ਹੀ ਗਿਆ। ਹੁਣ ਵੇਖਦੇ ਆਂ ਕਿ ਸਾਡਾ ਵੀਰ ਸ਼ਮਸ਼ੇਰ ਸੰਧੂ ਆਪਣੀ ਪਟਾਰੀ ਵਿੱਚੋਂ ਸਾਡੇ ਲਈ ਕੀ ਕੱਢਦੈ। ਕੁਝ ਨਾ ਕੁਝ ਤਾਂ ਕੱਢੂ ਜਿਵੇਂ ਹਮੇਸ਼ਾ ਕੱਢਦਾ ਆਇਆ। ਲੈ ਬਈ ਸੰਧੂ, ਦਿਖਾਦੇ ਜਲਵੇ ਫੇਰ...।’’ ਹਿੰਦੀ ਸਿਨੇਮਾ ਜਗਤ ਵਿੱਚ ਧਰਮਿੰਦਰ ਦੇ ਸੁਨੱਖੇਪਣ ਦੀ ਬਹੁਤ ਸਿਫ਼ਤ ਹੁੰਦੀ ਰਹੀ। ਉਹਦੇ ਡੌਲਿਆਂ ਦੀਆਂ ਮੱਛੀਆਂ ਤੇ ਪੱਟਾਂ ਦੀਆਂ ਘੁੱਗੀਆਂ ਦੀਆਂ ਵੀ ਖ਼ੂਬ ਗੱਲਾਂ ਚੱਲਦੀਆਂ ਰਹੀਆਂ। ਹੋਰ ਨਾਇਕ ਦਿਲੀਪ ਕੁਮਾਰ, ਰਾਜ ਕਪੂਰ, ਰਾਜਿੰਦਰ ਕੁਮਾਰ, ਦੇਵ ਆਨੰਦ, ਵਿਨੋਦ ਖੰਨਾ ਜਾਂ ਰਾਜੇਸ਼ ਖੰਨਾ ਕਲਾਕਾਰੀ ’ਚ ਤਾਂ ਬਥੇਰੇ ਬੁਲੰਦ ਸੀ ਪਰ ਸਰੀਰਕ ਤੌਰ ’ਤੇ ਧਰਮਿੰਦਰ ਵਰਗਾ ਸੁਡੌਲ ਜਿਸਮ ਕਿਸੇ ਦਾ ਵੀ ਨਹੀਂ ਸੀ। ਧਰਮਿੰਦਰ ਦੀ ਜਿਵੇਂ ਸ਼ਰਾਬ ਮਸ਼ਹੂਰ ਰਹੀ ਓਸੇ ਤਰ੍ਹਾਂ ਕਸਰਤ ਵੀ ਖ਼ੂਬ ਚਰਚਾ ’ਚ ਰਹੀ। ਉਹਨੇ ਘਰੇ ਹੀ ਜਿਮ ਬਣਾਇਆ ਹੋਇਆ ਸੀ। ਸੈਂਕੜੇ ਹਿੰਦੀ ਫਿਲਮਾਂ ’ਚ ਹੀਰੋ ਆਇਆ। ਕਿਸੇ ਨੂੰ ਉਹਦੀ ਕੋਈ ਫਿਲਮ ਪਸੰਦ ਹੈ ਤੇ ਕਿਸੇ ਨੂੰ ਕੋਈ। ਮੈਨੂੰ ਨਿੱਜੀ ਤੌਰ ’ਤੇ ਉਹਦੀਆਂ ‘ਫੂਲ ਔਰ ਪੱਥਰ’, ‘ਦਿਲ ਨੇ ਫਿਰ ਯਾਦ ਕੀਆ’ ਅਤੇ ‘ਸ਼ੋਅਲੇ’ ਜ਼ਿਆਦਾ ਪਸੰਦ ਸੀ ਜੋ ਵਾਰ ਵਾਰ ਦੇਖੀਆਂ। ਸਮੇਂ ਸਮੇਂ ਪੰਜਾਬੀ ਫਿਲਮਾਂ ਵੀ ਧਰਮਿੰਦਰ ਨੇ ਕੀਤੀਆਂ। ਪਹਿਲਾਂ ਪਹਿਲ ਇੰਦਰਜੀਤ ਹਸਨਪੁਰੀ ਦੀ ‘ਤੇਰੀ ਮੇਰੀ ਇੱਕ ਜਿੰਦੜੀ’ ਫਿਲਮ ’ਚ ਮਹਿਮਾਨ ਕਲਾਕਾਰ ਬਣਿਆ ਤੇ ਰਿਕਸ਼ਾ-ਚਾਲਕ ਦਾ ਰੋਲ ਕੀਤਾ। ‘ਕਣਕਾਂ ਦੇ ਓਹਲੇ’ ਤੇ ਬਿੱਲ ਸਿਕੰਦ ਦੀ ‘ਅੰਬਰੀ’ ’ਚ ਰੋਲ ਕੀਤਾ। ਸਮੀਪ ਕੰਗ ਤੇ ਗਿੱਪੀ ਗਰੇਵਾਲ ਹੋਰਾਂ ਨੇ ਵੀ ਕੁਝ ਸਾਲ ਹੋਏ ਉਹਨੂੰ ਲੈ ਕੇ ਪੰਜਾਬੀ ਫਿਲਮ ਬਣਾਈ। ‘ਪੁੱਤ ਜੱਟਾਂ ਦੇ’ ਫਿਲਮ ਵਿੱਚ ਤਾਂ ਧਰਮਿੰਦਰ ਨੇ ਬਹੁਤ ਭਾਰ ਚੁੱਕਿਆ ਤੇ ਸ਼ਤਰੂਘਨ ਸਿਨਹਾ ਨੇ ਵੀ ਕਾਫ਼ੀ ਵਜ਼ਨ ਉਠਾਇਆ। ਇਸ ਫਿਲਮ ’ਚ ਧਰਮਿੰਦਰ ਤੇ ਸ਼ਤਰੂਘਨ ਨੂੰ ਲਿਆਉਣ ਦਾ ਸਿਹਰਾ ਹੀਰੋ ਬਲਦੇਵ ਖੋਸਾ ਦੇ ਸਿਰ ਬੱਝਦਾ ਸੀ।

* * *

ਸੁਰਜੀਤ ਬਿੰਦਰੱਖੀਏ ਦੀ ਗਾਇਕ ਵਜੋਂ ਪ੍ਰਮੋਸ਼ਨ ਲਈ ਮੈਂ ਕਦੇ ਉਸ ਨੂੰ ਕੁਲਦੀਪ ਮਾਣਕ ਨਾਲ ਗਵਾਇਆ, ਕਦੇ ਸੁਰਿੰਦਰ ਛਿੰਦੇ ਨਾਲ, ਕਦੇ ਦਿਲਸ਼ਾਦ ਅਖ਼ਤਰ ਨਾਲ। ਸੱਤ-ਅੱਠ ਫਿਲਮਾਂ ’ਚ ਉਹਦੇ ਅਖਾੜੇ ਫਿਲਮਾਏ। ਇੱਕ ਵਾਰ ਸਕੀਮ ਬਣੀ ਕਿ ਧਰਮਿੰਦਰ ਤੋਂ ਬਿੰਦਰੱਖੀਏ ਦੀ ਕੈਸੇਟ ’ਚ ਕੁਮੈਂਟਰੀ ਕਰਵਾਈ ਜਾਏ। ਕੈਸੇਟ ਸੀ ‘ਤੇਰਾ ਵਿਕਦਾ ਜੈ ਕੁਰੇ ਪਾਣੀ’। ਭਾਵੇਂ ਗੀਤ ਵੀ ਹਿੱਟ ਹੋ ਗਏ ਸੀ ਪਰ ਧਰਮਿੰਦਰ ਦੀ ਕੁਮੈਂਟਰੀ ਨੇ ਵੀ ਖ਼ੂਬ ਧਿਆਨ ਖਿੱਚਿਆ। ਉਹ ਬੋਲ ਸਾਂਝੇ ਕਰਨੇ ਬਣਦੇ ਹਨ: ‘‘ਮੈਂ ਧਰਮਿੰਦਰ, ਤੁਹਾਡਾ ਵੀਰ, ਤੁਹਾਡਾ ਦੋਸਤ, ਤੁਹਾਡਾ ਬੇਟਾ, ਤੁਹਾਡਾ ਭਰਾ ਬੋਲ ਰਿਹਾਂ। ਕੁਝ ਕਹਿਣ ਤੋਂ ਪਹਿਲਾਂ ਮੈਂ ਆਪਣੇ ਛੋਟੇ ਵੀਰਾਂ ਨੂੰ ਰੱਜ ਕੇ, ਘੁੱਟ ਕੇ, ਜੱਫੀ ਪਾ ਕੇ ਪਿਆਰ ਦਿੰਨਾ। ਛੋਟੀਆਂ ਭੈਣਾਂ ਦੇ ਸਿਰ ’ਤੇ ਹੱਥ ਰੱਖ ਕੇ ਆਸ਼ੀਰਵਾਦ ਦਿੰਨਾ ਤੇ ਵੱਡੇ ਵੀਰਾਂ, ਬਜ਼ੁਰਗਾਂ ਨੂੰ ਹੱਥ ਜੋੜ ਕੇ ਮੱਥਾ ਟੇਕਦਾਂ। ਅੱਜ ਮੈਂ ਸੁਰਜੀਤ ਬਿੰਦਰੱਖੀਏ ਦੇ ਬਾਰੇ ਕਹਿਣ ਲੱਗਿਆਂ। ਸੁਰਜੀਤ ਜਦੋਂ ਢੋਲ ਦੀ ਥਾਪ ’ਤੇ ਗਾਉਂਦੈ, ਗੱਭਰੂਆਂ ਤੇ ਮੁਟਿਆਰਾਂ ਦਾ ਮੱਲੋਮੱਲੀ ਨੱਚਣ ਨੂੰ ਜੀਅ ਕਰਦੈ। ਬਿੰਦਰੱਖੀਆ ਜਦੋਂ ਦਿਲ ’ਚੋਂ, ਛਾਤੀ ਦਾ ਜ਼ੋਰ ਲਗਾ ਕੇ ਲੰਮੀ ਹੇਕ ਕੱਢਦੈ ਤੇ ਨਸ਼ਾ ਹੀ ਚੜ੍ਹ ਜਾਂਦੈ। ਬਿੰਦਰੱਖੀਏ ਦੀ ਹੇਕ ਸਾਹਨੇਵਾਲ ਤੋਂ ਸੁਣਨੀ ਸ਼ੁਰੂ ਕਰੀਏ ਤਾਂ ਮੇਰਾ ਖ਼ਿਆਲ ਐ ਲੁਧਿਆਣੇ ਤੱਕ ਨਹੀਂ ਮੁੱਕਦੀ। ਇਸ ਲਈ ਇਸ ਆਪਣੇ ਛੋਟੇ ਵੀਰ ’ਤੇ ਜਿੰਨਾ ਮਾਣ ਕੀਤਾ ਜਾਏ ਘੱਟ ਐ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾਂ ਕਿ ਸ਼ਮਸ਼ੇਰ ਸੰਧੂ ਦੇ ਲਿਖੇ ਗੀਤ ਤੇ ਅਤੁਲ ਸ਼ਰਮਾ ਦੇ ਸੰਗੀਤ ’ਚ ਪਰੋਏ ਗੀਤਾਂ ਦੀ ਇਹ ਨਵੀਂ ਕੈਸੇਟ ਇੱਕ ਮੀਲ-ਪੱਥਰ ਸਾਬਤ ਹੋਏ। ਤੁਹਾਨੂੰ ਸਭ ਨੂੰ ਬਹੁਤ ਬਹੁਤ ਪਿਆਰ। ਬਿੰਦਰੱਖੀਏ ਦੀ ਕੈਸੇਟ ਸੁਣਨ ਤੋਂ ਬਾਅਦ ਤੁਹਾਡੇ ਦਿਲੋਂ ਆਵਾਜ਼ ਨਿਕਲੇ ਤਾਂ ਸ਼ਮਸ਼ੇਰ ਸੰਧੂ ਨੂੰ, ਬਿੰਦਰੱਖੀਏ ਨੂੰ ਤੇ ਅਤੁਲ ਸ਼ਰਮਾ ਨੂੰ ਇੱਕ ਇੱਕ ਚਿੱਠੀ ਜ਼ਰੂਰ ਪਾਇਓ। ਜਿਊਂਦੇ ਰਹੋ। ਖ਼ੁਸ਼ ਰਹੋ। ਤੁਹਾਡਾ ਵੀਰ ਧਰਮਿੰਦਰ।’’

* * *

ਧਰਮਿੰਦਰ ਦੇ ਯਾਰਾਂ ਦੋਸਤਾਂ ਦੀ ਸੂਚੀ ਬਹੁਤ ਲੰਮੀ ਸੀ। ਫਾਈਟ ਡਾਇਰੈਕਟਰ ਮੋਹਨ ਬੱਗੜ, ਪਹਿਲਵਾਨ ਗੁਰਬਚਨ ਗੁਰਦਾਸਪੁਰੀਆ, ਬਲਦੇਵ ਖੋਸਾ, ਬੂਟਾ ਸਿੰਘ ਸ਼ਾਦ, ਅਵਤਾਰ ਗਿੱਲ, ਰਵਿੰਦਰ ਪੀਪਟ, ਵਿਜੈ ਟੰਡਨ, ਅਮਰੀਕ ਗਿੱਲ ਤੇ ਹੋਰ ਵੀ ਬਹੁਤ। ਖੋਸੇ ਨਾਲ ਤਾਂ ਮਖੌਲਬਾਜ਼ੀ ਤੇ ਹਾਸਾ-ਖੇਡਾ ਵੀ ਬਹੁਤ ਕਰਦਾ ਹੁੰਦਾ ਸੀ। ਉਸ ਨੂੰ ਸੈਂਕੜੇ ਚੁਟਕਲੇ ਯਾਦ ਸਨ। ਚਟਖਾਰੇ ਲਾ ਕੇ ਤੇ ਐਕਟਿੰਗ ਕਰਕੇ ਸੁਣਾਉਂਦਾ ਹੁੰਦਾ ਸੀ।

* * *

ਹੇਮਾ ਮਾਲਿਨੀ ਨਾਲ ਜਦੋਂ ਅਜੇ ਇਸ਼ਕ ਜੱਗ-ਜ਼ਾਹਿਰ ਨਹੀਂ ਸੀ ਹੋਇਆ ਤਾਂ ਅੰਗਰੇਜ਼ੀ ਹਫ਼ਤਾਵਾਰੀ ‘ਬਲਿਟਜ਼’ ਦੇ ਰਿਪੋਰਟਰ ਨੇ ਖ਼ਬਰ ਛਾਪ ਦਿੱਤੀ ਕਿ ਇਹ ਵਿਆਹ ਕਰਵਾਉਣਗੇ। ਧਰਮਿੰਦਰ ਨੇ ਗੁੱਸਾ ਕੀਤਾ। ਰਿਪੋਰਟਰ ਨੂੰ ਸੱਦ ਕੇ ਘਸੁੰਨ-ਮੁੱਕੀ ਕੀਤਾ ਕਿ ਤੂੰ ਝੂਠੀ ਖ਼ਬਰ ਕਿਉਂ ਲਾਈ। ਉਂਜ, ਬਾਅਦ ’ਚ ਹਫ਼ਤਾਵਾਰੀ ‘ਧਰਮਯੁੱਗ’ ਦੀ ਇੱਕ ਇੰਟਰਵਿਊ ’ਚ ਧਰਮਿੰਦਰ ਕਹਿਣ ਲੱਗਾ, ‘‘ਪੱਤਰਕਾਰੋ, ਤੁਸੀਂ ਤਾਂ ਓਹੀਓ ਖ਼ਬਰਾਂ ਛਾਪਦੇ ਓ ਜਿੰਨੀਆਂ ਕੁ ਦੀ ਕਨਸੋਅ ਪੈਂਦੀ ਆ। ਸਾਡੀ ਫਿਲਮ ਇੰਡਸਟਰੀ ’ਚ ਤਾਂ ਕਿਤੇ ਵੱਧ ਘਟਨਾਵਾਂ, ਇਸ਼ਕ ਮੁਸ਼ਕ ਵਾਪਰਦੇ ਨੇ ਜਿਨ੍ਹਾਂ ਦੀ ਤੁਹਾਨੂੰ ਭਿਣਕ ਹੀ ਨਹੀਂ ਪੈਂਦੀ।’’

* * *

ਧਰਮਿੰਦਰ ਦਾ ਜੱਦੀ ਪਿੰਡ ਸੀ ਡਾਂਗੋ। ਉੱਥੇ ਕੁਝ ਏਕੜ ਜ਼ਮੀਨ ਵੀ ਸੀ, ਜੋ ਸੁਣਨ ’ਚ ਆਇਆ ਕਿ ਸਕਿਆਂ-ਸਬੰਧੀਆਂ ਨੂੰ ਦੇ ਦਿੱਤੀ ਸੀ। ਧਰਮਿੰਦਰ ਦਾ ਜਨਮ ਪਿੰਡ ਨਸਰਾਲੀ ਵਿੱਚ ਹੋਇਆ। ਉਦੋਂ ਉਸੇ ਪਿੰਡ ਇਸ ਦਾ ਪਿਤਾ ਸਕੂਲ ’ਚ ਪੜ੍ਹਾਉਂਦਾ ਸੀ। ਉੱਥੇ ਬਚਪਨ ਦੇ ਦੋ ਕੁ ਸਾਲ ਬਿਤਾਏ। ਬਹੁਤ ਸਮਾਂ ਸਾਹਨੇਵਾਲ ਰਹੇ ਕਿਉਂਕਿ ਪਿਤਾ ਉੱਥੋਂ ਦੇ ਸਕੂਲ ਵਿੱਚ ਅਧਿਆਪਕ ਰਿਹਾ। ਫਿਰ ਬਦਲੀ ਤਾਂ ਲਲਤੋਂ ਸਕੂਲ ਦੀ ਵੀ ਹੋ ਗਈ ਸੀ ਪਰ ਪਰਿਵਾਰ ਦੀ ਰਿਹਾਇਸ਼ ਸਾਹਨੇਵਾਲ ਹੀ ਰਹੀ। ਧਰਮਿੰਦਰ ਦਾ ਸਹੁਰਾ ਪਿੰਡ ਜਾਂ ਕਹਿ ਲਓ ਪ੍ਰਕਾਸ਼ ਕੌਰ ਦਾ ਪੇਕਾ ਪਿੰਡ ਬਨਭੌਰਾ ਸੀ। ਪ੍ਰਕਾਸ਼ ਕੌਰ ਦਾ ਗੋਤ ਸੋਹੀ ਹੈ। ਗੁੱਡੂ ਧਨੋਆ ਜੋ ਧਾਂਦਰੇ ਦਾ ਹੈ, ਧਰਮਿੰਦਰ ਦੇ ਮਾਮੇ ਦਾ ਮੁੰਡਾ ਸੀ। ਪੰਜਾਬੀ ਫਿਲਮ ਅਦਾਕਾਰ ਵਰਿੰਦਰ ਦਾ ਅਸਲੀ ਨਾਂ ਸੁਭਾਸ਼ ਸੀ ਤੇ ਸਭ ਭਾਸ਼ੀ ਭਾਸ਼ੀ ਕਹਿੰਦੇ ਸੀ। ਉਹ ਧਰਮਿੰਦਰ ਦੀ ਭੂਆ ਦਾ ਮੁੰਡਾ ਸੀ। ਉਸ ਪਰਿਵਾਰ ਦਾ ਫਗਵਾੜੇ ਨੇੜੇ ਪਿੰਡ ਸੀ ਤੇ ਫੇਰ ਸ਼ਹਿਰ ’ਚ ਬਾਂਸਾਂ ਵਾਲੇ ਬਜ਼ਾਰ ’ਚ ਰਿਹਾਇਸ਼ ਕਰ ਲਈ ਸੀ।

* * *

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਧਰਮਿੰਦਰ ਨੇ ਖ਼ੂਬ ਨਾਂ ਉੱਚਾ ਕੀਤਾ। ਆਮ ਜਿਹੇ ਸਾਧਾਰਨ ਜਿਹੇ ਪਰਿਵਾਰ ’ਚੋਂ ਉੱਠ ਕੇ ਹਿੰਦੀ ਫਿਲਮ ਜਗਤ ਵਿੱਚ ਵੱਡਾ ਕਲਾਕਾਰ ਬਣਨਾ ਮਾਅਨੇ ਰੱਖਦਾ ਹੈ। ਪੰਜਾਬੀਆਂ ਦੇ ਹਰਮਨ ਪਿਆਰੇ ਕਲਾਕਾਰ ਧਰਮਿੰਦਰ ਦੀਆਂ ਜਦੋਂ ਤੱਕ ਦੁਨੀਆ ਹੈ, ਬਾਤਾਂ ਪੈਂਦੀਆਂ ਰਹਿਣਗੀਆਂ।

Advertisement
×