ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਪੈਨਿਸ਼ ਬੈਂਕ ਵੈਨਕੂਵਰ ਦੀ ਸੈਰ

ਸਪੈਨਿਸ਼ ਬੈਂਕ ਦੇ ਪਾਰ ਦਿਸਦੀਆਂ ਇਮਾਰਤਾਂ। ਹਫ਼ਤੇ ਦਾ ਆਖਰੀ ਦਿਨ ਸੀ। ਬੱਚਿਆਂ ਨੂੰ ਛੁੱਟੀ ਸੀ, ਇਸ ਲਈ ਉਨ੍ਹਾਂ ਪਹਿਲਾਂ ਹੀ ਵੈਨਕੂਵਰ ਜਾ ਕੇ ਘੁੰਮਣ ਦੀ ਯੋਜਨਾ ਬਣਾ ਲਈ ਸੀ। ਵੈਨਕੂਵਰ ਵਿੱਚ ਕੌਮਾਂਤਰੀ ਹਵਾਈ ਅੱਡਾ ਹੈ। ਉਸ ਦਿਨ ਸੂਰਜ ਸਵੇਰੇ 5.39...
ਵੈਨਕੂਵਰ ਵਿੱਚ ‘ਸਪੈਨਿਸ਼ ਬੈਂਕ’ ਸਮੁੰਦਰੀ ਕੰਢੇ ਦੀ ਇੱਕ ਝਲਕ।
Advertisement
ਸਪੈਨਿਸ਼ ਬੈਂਕ ਦੇ ਪਾਰ ਦਿਸਦੀਆਂ ਇਮਾਰਤਾਂ।

ਹਫ਼ਤੇ ਦਾ ਆਖਰੀ ਦਿਨ ਸੀ। ਬੱਚਿਆਂ ਨੂੰ ਛੁੱਟੀ ਸੀ, ਇਸ ਲਈ ਉਨ੍ਹਾਂ ਪਹਿਲਾਂ ਹੀ ਵੈਨਕੂਵਰ ਜਾ ਕੇ ਘੁੰਮਣ ਦੀ ਯੋਜਨਾ ਬਣਾ ਲਈ ਸੀ। ਵੈਨਕੂਵਰ ਵਿੱਚ ਕੌਮਾਂਤਰੀ ਹਵਾਈ ਅੱਡਾ ਹੈ। ਉਸ ਦਿਨ ਸੂਰਜ ਸਵੇਰੇ 5.39 ਵਜੇ ਚੜ੍ਹਨਾ ਸੀ ਅਤੇ ਸ਼ਾਮ 8.58 ’ਤੇ ਛਿਪਣਾ ਸੀ। ਅਸੀਂ ਸਵੇਰੇ 11 ਕੁ ਵਜੇ ਤਿਆਰ ਹੋ ਕੇ ਸਰ੍ਹੀ ਤੋਂ ਵੈਨਕੂਵਰ ਲਈ ਰਵਾਨਾ ਹੋ ਗਏ। ਵੈਸੇ ਤਾਂ ਇਹ ਸਾਰਾ ਦੇਸ਼ ਹੀ ਹਰਿਆ-ਭਰਿਆ ਤੇ ਸਾਫ-ਸੁਥਰਾ ਹੈ, ਇਥੇ ਕੁਦਰਤ ਦੀ ਬਖਸ਼ਿਸ਼ ਹੈ। ਜੇਕਰ ਕਿਸੇ ਕੋਲ ਸਮਾਂ ਹੋਵੇ ਤਾਂ ਉਹ ਪੂਰੀ ਜ਼ਿੰਦਗੀ ਹੀ ਇਨ੍ਹਾਂ ਨਜ਼ਾਰਿਆਂ ਦਾ ਆਨੰਦ ਮਾਣ ਸਕਦਾ ਹੈ।

ਸਭ ਤੋਂ ਪਹਿਲਾਂ ਅਸੀਂ ਮੈਕਗਲੈਨ ਆਰਥਰ ਵੈਨਕੂਵਰ ਗਏ। ਇਸ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਦਾ ਹੈ। ਇਥੇ ਵੱਖ-ਵੱਖ ਕੰਪਨੀਆਂ ਆਰਿੱਟ ਜੀਆ, ਬੌਸ, ਕੋਚ, ਜਿਮੀ ਚੂ, ਕੇਟ ਸਪੇਡ ਨਿਊਯਾਰਕ, ਮਾਈਕਲ ਕੋਰਜ਼, ਟੋਰੀ ਬਰਚ, ਮਾਰਕ ਜਾਕੋਬਜ, ਪੋਲੋ ਰਾਲਫ਼ ਲੌਰੇਨ ਤੇ ਐਡੀਡਾਸ ਦੇ ਸਟੋਰ ਹਨ। ਇਥੇ ਰੈਸਟੋਰੈਂਟ ਬੀਬੋ ਪੀਜੀਰੀਆ, ਕੈਫੀ ਆਰਟੀ ਗਿਆਨੋ, ਕਸਟੀਲਾ ਚੀਜ਼ ਕੇਕ, ਚਾ ਹਾਊਸ, ਫੂਡ ਫੂਲ ਈਟਰੀ, ਹਿਊਗੋਜ਼ ਬੌਸ, ਟੈਕੋਸ, ਜਾਪਾਡੌਗ, ਨੈਪਚੂਨ ਨੂਡਲ ਹਾਊਸ, ਸਟਾਰ ਬੱਕਸ ਹਨ। ਇਥੇ ਮਰਦਾਂ, ਔਰਤਾਂ ਤੇ ਬੱਚਿਆਂ ਵਾਸਤੇ ਵੱਖ-ਵੱਖ ਸਟੋਰ ਹਨ ਜਿਥੇ ਵੱਡੀਆਂ ਛੋਟਾਂ ਨਾਲ ਬਰਾਂਡਾਂ ਦਾ ਸਾਮਾਨ ਵੇਚਿਆ ਜਾਂਦਾ ਹੈ।

Advertisement

ਇਥੇ ਵੱਖ-ਵੱਖ ਸ਼ੋਅਰੂਮਾਂ ਵਿੱਚ ਘੁੰਮਦਿਆਂ ਤੇ ਸ਼ਾਪਿੰਗ ਕਰਦਿਆਂ ਸਾਡੇ ਕਈ ਘੰਟੇ ਲੰਘ ਗਏ। ਖਰੀਦਦਾਰੀ ਕਰਦਿਆਂ ਭੁੱਖ ਲੱਗ ਆਈ ਤਾਂ ਅਸੀਂ ਇੱਕ ਕੈਫੇ ਵਿੱਚ ਖਾਣਾ ਖਾ ਕੇ ਬਾਹਰ ਨਿਕਲ ਆਏ। ਮੈਕਗਲੈਨ ਆਰਥਰ ਵੈਨਕੂਵਰ ਦੇ ਬਿਲਕੁਲ ਸਾਹਮਣੇ ਹਵਾਈ ਅੱਡਾ ਸੀ ਅਤੇ ਇਸ ਦੇ ਬਾਹਰਵਾਰ ਇੱਕ ਸੜਕ ਹਵਾਈ ਅੱਡੇ ਦੇ ਨਾਲ-ਨਾਲ ਜਾ ਰਹੀ ਸੀ, ਜਿਥੇ ਅੱਗੇ ਜਾ ਕੇ ਬਹੁਤ ਸਾਰੇ ਵਾਹਨ ਖੜ੍ਹੇ ਸਨ। ਅਸੀਂ ਵੀ ਉਸ ਥਾਂ ਗੱਡੀ ਖੜ੍ਹਾ ਲਈ ਅਤੇ ਬਾਹਰ ਆ ਗਏ। ਹਵਾਈ ਅੱਡੇ ਦੀ ਚਾਰਦੀਵਾਰੀ ਦੀ ਫੈਂਸਿੰਗ ਕਰੀਬ 15 ਫੁੱਟ ਉੱਚੀ ਸੀ। ਇਸ ਥਾਂ ਤੋਂ ਖੜ੍ਹ ਕੇ ਹਵਾਈ ਅੱਡੇ ਦੇ ਅੰਦਰ ਉਤਰਦੇ ਜਹਾਜ਼ ਬਹੁਤ ਨੇੜੇ ਲੰਘ ਰਹੇ ਸਨ। ਇਹ ਸੁੰਦਰ ਨਜ਼ਾਰਾ ਦੇਖ ਕੇ ਮਨ ਬਾਗੋ-ਬਾਗ ਹੋ ਗਿਆ। ਇਹ ਨਜ਼ਾਰਾ ਜਹਾਜ਼ ਵਿੱਚ ਬੈਠ ਕੇ ਨਹੀਂ ਸਗੋਂ ਉਤਰਦੇ ਜਹਾਜ਼ ਦੇ ਨੇੜੇ ਖੜ੍ਹ ਕੇ ਹੀ ਦਿਖਦਾ ਹੈ। ਹਵਾਈ ਅੱਡੇ ਅਤੇ ਸਮੁੰਦਰ ਦੇ ਕਿਨਾਰੇ ਵਿਚਕਾਰ ਸੜਕ ਦੇ ਸਮੁੰਦਰ ਵਾਲੇ ਪਾਸੇ ਵੀ ਪੰਜ ਕੁ ਫੁੱਟ ਦਾ ਜੰਗਲਾ ਸੀ। ਇੱਥੇ ਹਰ ਪਾਸੇ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧ ਕੀਤਾ ਹੋਇਆ ਸੀ। ਇਥੋਂ ਫਿਰ ਅਸੀਂ ਸਮੁੰਦਰ ਦੇ ਕਿਨਾਰੇ ‘ਸਪੈਨਿਸ਼ ਬੈਂਕ ਵੈਨਕੂਵਰ’ ਵੱਲ ਚੱਲ ਪਏ।

ਇਹ ਸਾਰਾ ਸ਼ਹਿਰ ਹੀ ਬਹੁਤ ਖੂਬਸੂਰਤ ਸੀ। ਅਸੀਂ ਸਮੁੰਦਰ ਦੇ ਕਿਨਾਰੇ ਪਹੁੰਚ ਕੇ ਗੱਡੀ ਪਾਰਕ ਕੀਤੀ। ਇੱਥੇ ਥਾਂ-ਥਾਂ ’ਤੇ ਆਨਲਾਈਨ ਪਾਰਕਿੰਗ ਪਰਚੀ ਪ੍ਰਾਪਤ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ। ਅਸੀਂ ਆਪਣੀ ਗੱਡੀ ਵਿੱਚੋਂ ਆਪਣੀ ਚਟਾਈ ਤੇ ਚਾਦਰ ਕੱਢੀ ਅਤੇ ਸਮੁੰਦਰ ਕੰਢੇ ਵਿਛਾ ਕੇ ਬੈਠ ਗਏ। ਅਸੀਂ ਇੱਕ ਵੱਡੀ ਛਤਰੀ ਉਪਰ ਤਾਣ ਲਈ ਤੇ ਇੱਕ ਕੁਰਸੀ ਬਾਹਰ ਕੱਢ ਕੇ ਰੱਖ ਲਈ। ਇੱਥੇ ਸਮੁੰਦਰ ਕਿਨਾਰੇ ਦਰੱਖ਼ਤਾਂ ਦੇ ਬਹੁਤ ਸਾਰੇ ਤਣੇ ਇੱਕ ਲੜੀ ਵਿੱਚ ਰੱਖੇ ਹੋਏ ਸਨ। ਬਹੁਤ ਸਾਰੇ ਸੈਲਾਨੀ ਇਨ੍ਹਾਂ ਤਣਿਆਂ ਦੇ ਉੱਪਰ ਬੈਠ ਕੇ ਧੁੱਪ ਦਾ ਆਨੰਦ ਮਾਣ ਰਹੇ ਸਨ। ਸਮੁੰਦਰ ਕੰਢੇ ਸਾਫ-ਸੁਥਰੀ ਸੁੱਕੀ ਰੇਤ ਦਾ ਮੈਦਾਨ ਸੀ ਤੇ ਇਥੋਂ ਸਮੁੰਦਰ ਦਾ ਪਾਣੀ ਕਾਫੀ ਹਟਵਾਂ ਸੀ। ਅੱਜ ਸਮੁੰਦਰ ਬਿਲਕੁਲ ਸ਼ਾਂਤ ਸੀ। ਇਥੋਂ ਦਾ ਮੰਜ਼ਰ ਬਹੁਤ ਸੁਹਾਵਣਾ ਸੀ। ਇਥੇ ਕਈ ਬੱਚੇ ਨੈੱਟ ਲਾ ਕੇ ਵਾਲੀਬਾਲ, ਫੁਟਬਾਲ, ਬੈਡਮਿੰਟਨ, ਕ੍ਰਿਕਟ ਆਦਿ ਖੇਡ ਰਹੇ ਸਨ। ਛੋਟੇ ਬੱਚੇ ਆਪਣੀਆਂ ਹੋਰ ਖੇਡਾਂ ’ਚ ਮਸਤ ਸਨ। ਸਾਈਕਲ ਦੇ ਸ਼ੌਕੀਨ ਨੌਜਵਾਨ, ਸਾਈਕਲ ਚਲਾ ਰਹੇ ਸਨ। ਹਰ ਕੋਈ ਆਪਣੀ ਮਰਜ਼ੀ ਅਨੁਸਾਰ ਮਸਤੀ ਕਰ ਰਿਹਾ ਸੀ। ਕੋਈ ਥੱਲੇ ਬੈਠਾ, ਕੋਈ ਕੁਰਸੀ ’ਤੇ, ਕੋਈ ਧੁੱਪ ਸੇਕ ਰਿਹਾ, ਕੋਈ ਛਤਰੀ ਥੱਲੇ ਛਾਵੇਂ ਬੈਠਾ, ਕੋਈ ਸਮੁੰਦਰ ਵਿੱਚ ਤੈਰਾਕੀ ਦਾ ਆਨੰਦ ਮਾਣ ਰਿਹਾ ਸੀ। ਕਈ ਨੌਜਵਾਨ ਸਮੁੰਦਰ ਕੰਢੇ ਭੱਜ-ਨੱਠ ਤੇ ਸੈਰ ਕਰ ਰਹੇ ਸਨ। ਸਮੁੰਦਰ ਵਿੱਚ ਬਹੁਤ ਸਾਰੀਆਂ ਕਿਸ਼ਤੀਆਂ ਚੱਲ ਰਹੀਆਂ ਸਨ, ਜਿਨ੍ਹਾਂ ਨੂੰ ਦੇਖ ਕੇ ਮਜ਼ਾ ਆ ਰਿਹਾ ਸੀ। ਵੱਡੇ ਸਮੁੰਦਰੀ ਜਹਾਜ਼ ਉਥੇ ਖੜ੍ਹੇ ਸਨ ਅਤੇ ਬੰਦਰਗਾਹ ’ਤੇ ਜਾਣ ਲਈ ਇੰਤਜ਼ਾਰ ਵਿਚ ਸਨ। ਕੁੱਝ ਕੁ ਪ੍ਰਾਈਵੇਟ ਛੋਟੇ ਹਵਾਈ ਜਹਾਜ਼ ਆਸਮਾਨ ’ਚ ਉਡਾਰੀਆਂ ਲਾ ਰਹੇ ਸਨ। ਜਦੋਂ ਪਰਿਵਾਰ ਇਕੱਠੇ ਹੁੰਦੇ ਹਨ ਤਾਂ ਵੱਖਰਾ ਹੀ ਆਨੰਦ ਆਉਂਦਾ ਹੈ। ਅਸੀਂ ਇੱਥੇ ਸਾਰੇ ਇਕੱਠੇ ਸੀ ਤਾਂ ਬੜਾ ਸਕੂਨ ਮਿਲ ਰਿਹਾ ਸੀ। ਕੁੱਝ ਕੁ ਦੂਰੀ ਤੋਂ ਮੱਧਮ ਆਵਾਜ਼ ਵਿੱਚ ਗੀਤ ਵੱਜਦੇ ਸੁਣਾਈ ਦੇ ਰਹੇ ਸਨ, ਜਿਨ੍ਹਾਂ ’ਤੇ ਕੁਝ ਨੌਜਵਾਨ ਨੱਚ ਰਹੇ ਸਨ। ਹਰ ਕੋਈ ਮਸਤੀ ਵਿੱਚ ਸੀ। ਪਾਰਕਿੰਗ ਵਾਲੀ ਥਾਂ ਨੇੜੇ ਆਈਸਕ੍ਰੀਮ ਦੀਆਂ ਗੱਡੀਆਂ ਖੜ੍ਹੀਆਂ ਸਨ। ਠੰਢ ਵਿੱਚ ਆਈਸਕ੍ਰੀਮ ਖਾਣ ਦਾ ਵੀ ਖੂਬ ਮਜ਼ਾ ਆਉਂਦਾ ਹੈ। ਅਸੀਂ ਕੰਢੇ ਬੈਠ ਕੇ ਸਮੁੰਦਰ ਪਾਰ ਪਹਾੜ ਦਾ ਕੁਦਰਤੀ ਨਜ਼ਾਰਾ ਮਾਣ ਰਹੇ ਸਾਂ। ਇੱਥੇ ਅਸੀਂ ਕਾਫੀ ਸਮਾਂ ਬਤੀਤ ਕੀਤਾ।

ਇਹ ਸਾਰਾ ਇਲਾਕਾ ਵੈਨਕੂਵਰ ਦਾ ਹੈ। ਸਮੁੰਦਰ ਦੇ ਨਾਲ ਨਾਲ ਬਣੀ ਸੜਕ ’ਤੇ ਅਸੀਂ ਤੁਰ ਪਏ ਤੇ ਅੱਗੇ ਡਾਊਨ ਟਾਊਨ ਪਹੁੰਚ ਗਏ। ਇਹ ਸਾਰਾ ਸ਼ਹਿਰ ਬਹੁਤ ਖੂਬਸੂਰਤ ਹੈ। ਹਰ ਪਾਸੇ ਚੌੜੀਆਂ ਸੜਕਾਂ ਅਤੇ ਟਰੈਫਿਕ ਲਾਈਟਾਂ ਦਿਖਾਈ ਦਿੰਦੀਆਂ ਹਨ। ਸਾਰਾ ਸ਼ਹਿਰ ਹੀ ਉੱਚੇ ਨੀਵੇਂ ਪੁਲਾਂ ਨਾਲ ਭਰਿਆ ਹੋਇਆ ਹੈ। ਇਥੋਂ ਦੀ ਇੱਕ ਗੱਲ ਤੁਹਾਨੂੰ ਟੁੰਬਦੀ ਹੈ ਕਿ ਹਰ ਇਨਸਾਨ ਇਥੇ ਨਿਯਮਾਂ ਦੀ ਪਾਲਣਾ ਕਰਦਾ ਹੈ। ਸੜਕਾਂ ’ਤੇ ਪੈਦਲ ਲੰਘਣ ਵਾਲਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ ਜਦੋਂ ਵੀ ਕੋਈ ਪੈਦਲ ਰਾਹਗੀਰ ਸੜਕ ਪਾਰ ਕਰਦਾ ਹੈ ਤਾਂ ਸਾਰੀਆਂ ਗੱਡੀਆਂ ਰੁਕ ਜਾਂਦੀਆਂ ਹਨ। ਅਜਿਹਾ ਨਾ ਕਰਨ ਵਾਲਿਆਂ ਲਈ ਸਖ਼ਤ ਕਾਨੂੰਨ ਵੀ ਹਨ, ਪਰ ਇਥੋਂ ਦੇ ਬਾਸ਼ਿੰਦਿਆਂ ਵਿੱਚ ਇਹ ਗੁਣ ਇੱਕ ਆਦਤ ਵਾਂਗ ਸਮਾ ਗਿਆ ਲੱਗਦਾ ਹੈ। ਸਾਰਾ ਦਿਨ ਘੁੰਮ-ਫਿਰ ਕੇ ਤੋਰਾ ਫੇਰਾ ਕਰਕੇ ਬੜਾ ਆਨੰਦ ਮਾਣਿਆ। ਸਮਾਂ ਕਾਫੀ ਹੋ ਗਿਆ ਸੀ, ਦਿਨ ਢਲ ਚੁੱਕਾ ਸੀ ਤੇ ਅਸੀਂ ਘਰ ਨੂੰ ਵਾਪਸੀ ਕਰ ਲਈ।

ਸੰਪਰਕ: 97810-40140

Advertisement
Show comments