DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੁੱਪ: ਬੜਬੋਲੇ ਜਗਤ ਵਿੱਚ ਅੰਤਰਮੁਖੀਆਂ ਦੀ ਸੱਤਾ

ਮਨਮੋਹਨ ਸੂਜ਼ਨ ਕੇਨ ਦੀ ਨਵੀਂ ਕਿਤਾਬ ‘Quiet: The Power of Introverts in a world that Can’t Stop Talking’ ਅੱਜਕੱਲ੍ਹ ਚਰਚਾ ਦੇ ਕੇਂਦਰ ’ਚ ਹੈ। ਸੂਜ਼ਨ ਦੀ ਇੱਕ ਹੋਰ ਮਹੱਤਵਪੂਰਨ ਕਿਤਾਬ ਹੈ ‘Bitter-Sweet Memories’, ਜੋ ਬਹੁਤ ਪੜ੍ਹੀ ਗਈ। ਇਸ ਵਿੱਚ ਉਹ...
  • fb
  • twitter
  • whatsapp
  • whatsapp
Advertisement

ਮਨਮੋਹਨ

ਸੂਜ਼ਨ ਕੇਨ ਦੀ ਨਵੀਂ ਕਿਤਾਬ ‘Quiet: The Power of Introverts in a world that Can’t Stop Talking’ ਅੱਜਕੱਲ੍ਹ ਚਰਚਾ ਦੇ ਕੇਂਦਰ ’ਚ ਹੈ। ਸੂਜ਼ਨ ਦੀ ਇੱਕ ਹੋਰ ਮਹੱਤਵਪੂਰਨ ਕਿਤਾਬ ਹੈ ‘Bitter-Sweet Memories’, ਜੋ ਬਹੁਤ ਪੜ੍ਹੀ ਗਈ। ਇਸ ਵਿੱਚ ਉਹ ਦੱਸਦੀ ਹੈ ਕਿ ਕਿਵੇਂ ਮਨ ਦੀਆਂ ਮਿੱਠੀਆਂ ਕੌੜੀਆਂ ਸਥਿਤੀਆਂ ਇੱਕ ਤਰ੍ਹਾਂ ਦੀਆਂ ਮੌਨ ਸ਼ਕਤੀਆਂ ਹੁੰਦੀਆਂ ਹਨ ਜੋ ਸਾਨੂੰ ਨਿੱਜੀ ਤੇ ਸਮੂਹਿਕ ਪੀੜਾਂ ਅਤੇ ਦੁੱਖਾਂ ਤੋਂ ਪਾਰ ਜਾਣ ’ਚ ਸਹਾਈ ਹੁੰਦੀਆਂ ਹਨ।

Advertisement

ਹੱਥਲੀ ਕਿਤਾਬ ‘Quiet’ ਵਿੱਚ ਸੂਜ਼ਨ ਸਮਾਜ ਵਿੱਚ ਬਾਹਰਮੁਖੀ ਸੁਭਾਅ ਵਾਲੇ ਵਿਅਕਤੀਆਂ ਦੀ ਤਰਫ਼ਦਾਰੀ ਤੇ ਉਨ੍ਹਾਂ ਨੂੰ ਦਿੱਤੀ ਜਾਂਦੀ ਤਰਜੀਹ ਅਤੇ ਅੰਤਰਮੁਖੀ ਸੁਭਾਅ ਵਾਲੇ ਵਿਅਕਤੀਆਂ ਦੀ ਅਕਸਰ ਹੁੰਦੀ ਅਣਦੇਖੀ ਤੇ ਉਨ੍ਹਾਂ ਨੂੰ ਅਣਗੌਲਿਆਂ ਕਰਨ ਦੀ ਪ੍ਰਵਿਰਤੀ ਦੇ ਕਾਰਨਾਂ ਨੂੰ ਤਲਾਸ਼ ਕਰਦੀ ਹੈ। ਉਹ ਇਸ ਅੰਤਰਮੁਖਤਾ ਦੇ ਵਿਗਿਆਨਕ, ਸੱਭਿਆਚਾਰਕ ਅਤੇ ਇਤਿਹਾਸਕ ਪੱਖਾਂ ਨੂੰ ਤਲਾਸ਼ ਕਰਦੀ ਹੋਈ ਉਸ ਪਰੰਪਰਕ ਅਤੇ ਰੂੜ੍ਹੀਵਾਦੀ ਸਮਝ ਨੂੰ ਚੁਣੌਤੀ ਦਿੰਦੀ ਹੈ ਜੋ ਬਾਹਰਮੁਖਤਾ ਨੂੰ ਨਿਹਤ ਅਤੇ ਸਾਰਭੂਤੀ ਰੂਪ ’ਚ ਬਿਹਤਰ ਤੇ ਸ੍ਰੇਸ਼ਠ ਮੰਨਦੀ ਹੈ।

‘ਚੁੱਪ: ਬੜਬੋਲੇ ਜਗਤ ਵਿੱਚ ਅੰਤਰਮੁਖੀਆਂ ਦੀ ਸੱਤਾ’ ’ਚ ਸੂਜ਼ਨ ਸਮਾਜ ‘ਬਾਹਰਮੁਖੀ ਗੁਣਾਂ ਦੇ ਹੱਕ ’ਚ ਭੁਗਤਣ ਦੀ ਬਜਾਏ ਅੰਤਰਮੁਖੀ ਲੋਕਾਂ ਦੀ ਦੇਣ ਅਤੇ ਦ੍ਰਿੜ੍ਹਤਾ’ ਜਾਂ ਸ਼ਕਤੀ ਨੂੰ ਤਲਾਸ਼ਦੀ ਹੈ ਜਿਸ ਨੂੰ ਅਕਸਰ ਅਣਗੌਲਿਆ ਜਾਂ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਮਨੋਵਿਗਿਆਨ, ਮਨੋਚਿਕਿਤਸਾ, ਨਿਊਰੋ-ਸਾਇੰਸ ਦੀਆਂ ਖੋਜਾਂ ਤੋਂ ਕਸ਼ੀਦੀ ਸਮਝ ਤੇ ਖ਼ੁਦ ਅੰਤਰਮੁਖੀ ਹੋਣ ਦੇ ਆਪਣੇ ਅਨੁਭਵਾਂ ਅਤੇ ਅਹਿਸਾਸਾਂ ਦੇ ਆਧਾਰ ’ਤੇ ਸੂਜ਼ਨ ਇਸ ਤਰਕ ਦੀ ਬੜੇ ਜ਼ੋਰ ਨਾਲ ਵਕਾਲਤ ਕਰਦੀ ਹੈ ਕਿ ਅੰਤਰਮੁਖੀ ਨਿੱਜਾਂ ਦੀ ਉਨ੍ਹਾਂ ਦੀ ਡੂੰਘੀ ਤਰ੍ਹਾਂ ਸੋਚਣ ਸਮਝਣ, ਸਾਵਧਾਨੀ ਤੇ ਨਿਸ਼ਠਾ ਨਾਲ ਸੁਣਨ ਤੇ ਚੁੱਪਚਾਪ ਢੰਗ ਨਾਲ ਖੋਜਣ, ਲਿਖਣ ਪੜ੍ਹਨ ਦੀਆਂ ਯੋਗਤਾਵਾਂ ਅਤੇ ਸਮਰੱਥਾਵਾਂ ਦੀ ਪਛਾਣ ਤੇ ਪ੍ਰਸ਼ੰਸਾ ਕਰਨੀ ਬਣਦੀ ਹੈ। ਇਸ ਕਿਤਾਬ ਦਾ ਮਕਸਦ ਹੈ ਕਿ ਅੰਤਰਮੁਖੀ ਲੋਕਾਂ ਦੀਆਂ ਆਦਤਾਂ ਤੇ ਸੁਭਾਅ ਨੂੰ ਅਪਣਾ ਕੇ ਉਨ੍ਹਾਂ ਨੂੰ ਦ੍ਰਿੜ੍ਹ ਅਤੇ ਦਲੇਰ ਕੀਤਾ ਜਾਵੇ ਤੇ ਬਾਹਰਮੁਖੀ ਵਿਅਕਤੀਆਂ ਨੂੰ ਅੰਤਰਮੁਖੀਆਂ ਦੇ ਪਰਿਪੇਖ ਨੂੰ ਸਮਝਣ ਅਤੇ ਉਸਦੀ ਕੀਮਤ ਪਾਉਣ ਲਈ ਉਤਸ਼ਾਹਿਤ ਕੀਤਾ ਜਾਵੇ।

ਸੂਜ਼ਨ ਇੱਥੇ ਬਾਹਰਮੁਖੀ ਲੋਕਾਂ ਦੀ ਆਲੋਚਨਾ ਨਹੀਂ ਕਰਦੀ, ਪਰ ਬਾਹਰਮੁਖਤਾ ਨੂੰ ਆਦਰਸ਼ ਮੰਨ ਕੇ ਇੱਕ ਸ਼ਖ਼ਸੀਅਤ ਨੂੰ ਦੂਜੀ ਤੋਂ ਵਡਿਆ ਕੇ ਦੱਸਣ ਨੂੰ ਨਕਾਰਦੀ ਹੈ। ਇਹ ਕਿਤਾਬ ਉਨ੍ਹਾਂ ਬਾਹਰਮੁਖੀ ਵਿਅਕਤੀਆਂ (ਜਿਨ੍ਹਾਂ ਦਾ ਵਾਹ ਅਕਸਰ ਅੰਤਰਮੁਖੀਆਂ ਨਾਲ ਪੈਂਦਾ ਹੈ, ਚਾਹੇ ਉਹ ਉਨ੍ਹਾਂ ਦਾ ਬੱਚੇ, ਦੋਸਤ ਜਾਂ ਪ੍ਰੇਮੀ/ਪ੍ਰੇਮਿਕਾ ਹੋਣ) ਲਈ ਬੜੀ ਲਾਹੇਵੰਦ ਹੈ ਤਾਂ ਕਿ ਉਹ ਉਨ੍ਹਾਂ ਦੇ ਸੁਭਾਅ ਦੀਆਂ ਸੂਖ਼ਮਤਾਵਾਂ ਅਤੇ ਪੇਚੀਦਗੀਆਂ ਨੂੰ ਸੰਵੇਦਨਾ ਨਾਲ ਸਮਝ ਸਕਣ। ਇਸ ਨਾਲ ਇਹ ਸਮਝ ਵੀ ਸਪੱਸ਼ਟ ਹੁੰਦੀ ਹੈ ਕਿ ਮਨੁੱਖੀ ਸੁਭਾਅ ਅਤੇ ਵੱਖ ਵੱਖ ਵਿਅਕਤਿਤਵ ਕਿਵੇਂ ਵਿਹਾਰ ਕਰਦੇ ਹਨ। ਕੋਈ ਵੀ ਸ਼ਖ਼ਸੀ ਪ੍ਰਕਾਰ ਦੂਜੇ ਨਾਲੋਂ ਬਿਹਤਰ ਨਹੀਂ ਹੁੰਦਾ। ਜਿਵੇਂ ਦਾ ਕਿਸੇ ਦਾ ਸੁਭਾਅ ਹੈ, ਉਸ ਨੂੰ ਉਵੇਂ ਹੀ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਅਲੱਗ ਅਲੱਗ ਲੋਕਾਂ ਦੇ ਕਾਰ-ਵਿਹਾਰ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਕਿਵੇਂ ਊਰਜਿਤ ਕਰਦੇ ਹਨ। ਦਰਅਸਲ, ਇਹ ਸੱਚ ਹੈ ਕਿ ਦੂਜਿਆਂ ਨੂੰ ਸਮਝਦਿਆਂ ਅਸੀਂ ਆਪਣੇ ਆਪ ਨੂੰ ਵੀ ਹੋਰ ਚੰਗੀ ਤਰ੍ਹਾਂ ਸਮਝ ਰਹੇ ਹੁੰਦੇ ਹਾਂ। ਸੂਜ਼ਨ ਦਾ ਕਹਿਣਾ ਹੈ ਕਿ ਅੰਤਰਮੁਖੀ ਹੋਣਾ ਤੇ ਸ਼ਰਮਾਕਲ ਹੋਣਾ ਇੱਕੋ ਗੱਲ ਨਹੀਂ। ਇਸ ਦਾ ਕਾਰਨ ਹੈ ਕਿ ਅੰਤਰਮੁਖੀ ਘੱਟ ਉਕਸਾਊ ਭਾਵ ਚੁੱਪ, ਘੱਟ ਸ਼ੋਰੀਲੇ, ਘੱਟ ਦੌੜ ਭੱਜ ਵਾਲੇ ਤੇ ਘੱਟ ਉਤੇਜਨਾ ਵਾਲੇ ਮਾਹੌਲ ਨੂੰ ਪਹਿਲ ਦਿੰਦੇ ਹਨ। ਇਸ ਦੇ ਉਲਟ ਬਾਹਰਮੁਖੀ ਉਤੇਜਨਾਪੂਰਨ ਵਾਤਾਵਰਣ ਨੂੰ ਤਰਜੀਹ ਦਿੰਦੇ ਹਨ ਤਾਂ ਕਿ ਉਹ ਆਪਣੇ ਆਪ ’ਚ ਬਿਹਤਰ ਮਹਿਸੂਸ ਕਰ ਸਕਣ। ਅੰਤਰਮੁਖਤਾ ਨੂੰ ਅਸਮਾਜਿਕਤਾ ਨਹੀਂ ਸਮਝ ਲੈਣਾ ਚਾਹੀਦਾ।

ਸੂਜ਼ਨ ਦਾ ਕਹਿਣਾ ਹੈ ਕਿ ਸ਼ਰਮੀਲਾਪਣ ਅੰਤਰਮੁਖਤਾ ਵਿੱਚੋਂ ਪੈਦਾ ਨਹੀਂ ਹੁੰਦਾ ਬਲਕਿ ਇਹ ਨਕਾਰਾਤਮਕ ਸਮਾਜਿਕ ਫ਼ੈਸਲੇ ਥੋਪੇ ਜਾਣ ਦੇ ਡਰ ’ਚੋਂ ਪਨਪਦਾ ਹੈ। ਕੋਈ ਸ਼ਰਮਾਕਲ ਹੋਏ ਬਿਨਾਂ ਵੀ ਅੰਤਰਮੁਖੀ ਹੋ ਸਕਦਾ ਹੈ। ਕੋਈ ਸ਼ਰਮਾਕਲ ਹੁੰਦਾ ਹੋਇਆ ਵੀ ਬਾਹਰਮੁਖੀ ਹੋ ਸਕਦਾ ਹੈ। ਇੰਝ ਅੰਤਰਮੁਖਤਾ ਨੂੰ ਅਕਸਰ ਘਟਾ ਕੇ ਦੇਖਣ ਕਾਰਨ ਕਿਸੇ ਬਾਰੇ ਬਹੁਤ ਸਾਰੀਆਂ ਚੰਗੀਆਂ ਅਤੇ ਸਕਾਰਾਤਮਕ ਗੱਲਾਂ ਦਾ ਪਤਾ ਲੱਗਣੋਂ ਰਹਿ ਜਾਂਦਾ ਹੈ। ਇਸ ਦੁਨੀਆ ਦਾ ਹਰ ਤੀਜਾ ਵਿਅਕਤੀ ਅੰਤਰਮੁਖੀ ਹੈ। ਸਿਰਜਣਾਤਮਕ ਹੋਣ ਲਈ ਅੰਤਰਮੁਖੀ ਲੋਕ ਆਪਣੇ ਆਪ ’ਚ ਇਕੱਲੇ ਰਹਿਣ ਨੂੰ ਪਹਿਲ ਦਿੰਦੇ ਹਨ। ਕਰੋਨਾ ਕਾਲ ’ਚ ਬਾਹਰੋਂ ਥੋਪੀ ਇਕੱਲਤਾ ਨੇ ਅੰਤਰਮੁਖੀ ਲੋਕਾਂ ਅੰਦਰ ਛੁਪੀ ਸਿਰਜਣਾਤਮਕਤਾ ਨੂੰ ਬਾਹਰ ਨਿਕਲਣ ਦਾ ਮੌਕਾ ਦਿੱਤਾ।

ਸੂਜ਼ਨ ਅਨੁਸਾਰ ਅੰਤਰਮੁਖਤਾ ਦਾ ਮਨੋਵਿਗਿਆਨ ਬੜਾ ਗੁੰਝਲਦਾਰ ਹੈ। ਕਈ ਲੋਕ ਅੰਤਰਮੁਖਤਾ ਦਾ ਮਖੌਟਾ ਪਾਈ ਰੱਖਦੇ ਹਨ ਅਤੇ ਜਦੋਂ ਹੀ ਕੋਈ ਬਾਹਰੀ ਉਤੇਜਨਾ ਜਾਂ ਭੜਕਾਊ ਭਾਵਨਾ ਉਨ੍ਹਾਂ ਨੂੰ ਉਕਸਾਉਂਦੀ ਹੈ ਤਾਂ ਉਹ ਕਦੋਂ ਬਾਹਰਮੁਖੀ ਹੋ ਜਾਂਦੇ ਹਨ, ਪਤਾ ਨਹੀਂ ਲਗਦਾ। ਸੂਜ਼ਨ ਦਾ ਸੁਝਾਅ ਹੈ ਕਿ ਝੂਠੀ ਬਾਹਰਮੁਖਤਾ ਜਾਂ ਅੰਤਰਮੁਖਤਾ ਦਾ ਲੰਮੇਰਾ ਸਵਾਂਗ ਤੇ ਨਾਟਕੀ ਵਿਹਾਰ ਕਈ ਵਾਰ ਮਾਨਸਿਕ ਤੰਦਰੁਸਤੀ ਅਤੇ ਭਾਵੁਕ ਸੰਤੁਲਨ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਸੂਜ਼ਨ ਦਾ ਕੇਂਦਰੀ ਸੂਤਰ ਹੈ ਅੰਤਰਮੁਖਤਾ ਅਤੇ ਬਾਹਰਮੁਖਤਾ ਦਾ ਅੰਤਰ ਸਪੱਸ਼ਟ ਕਰਨਾ। ਇਸ ਗੱਲ ’ਤੇ ਬਲ ਦੇਣਾ ਕਿ ਅੰਤਰਮੁਖੀ ਆਪਣੀ ਇਕੱਲਤਾ ’ਚ ’ਕੱਲਿਆਂ ਸਮਾਂ ਗੁਜ਼ਾਰ ਕੇ ਆਪਣੀ ਊਰਜਾ ਨੂੰ ਤਾਜ਼ਾ ਦਮ ਕਰਦੇ ਹਨ ਜਦੋਂਕਿ ਬਾਹਰਮੁਖੀ ਵਿਅਕਤੀ ਆਪਣੀ ਊਰਜਾ ਸਮਾਜਿਕ ਸੰਵਾਦਾਂ ਅਤੇ ਭਾਈਚਾਰਕ ਮੇਲ ਮਿਲਾਪ ਵਿੱਚੋਂ ਹਾਸਿਲ ਕਰਦੇ ਹਨ। ਇਸ ਵਾਸਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਵੱਖਰੀਆਂ ਅਤੇ ਵਿਲੱਖਣ ਸ਼ਖ਼ਸੀਅਤਾਂ ਨੂੰ ਵੱਖਰੇ ਢੰਗ ਤਰੀਕਿਆਂ ਨਾਲ ਸਮਝਿਆ ਜਾਵੇ।

ਚੁੱਪ ਦੀ ਕੀਮਤ ਨੂੰ ਸਮਝਦੇ ਹੋਏ ਸੂਜ਼ਨ ਅੰਤਰਮੁਖੀ ਲੋਕਾਂ ਦੀਆਂ ਖ਼ੂਬੀਆਂ ਜਿਵੇਂ ਉਨ੍ਹਾਂ ਦੀ ਕ੍ਰਿਟੀਕਲੀ ਤੇ ਘੁਣਤਰੀ ਢੰਗ ਨਾਲ ਸੋਚਣ, ਡੂੰਘਿਆਈ ਨਾਲ ਧਿਆਨ ਕੇਂਦਰਿਤ ਕਰਨ ਤੇ ਚਿੰਤਨੀ ਕਥਨ ਅਤੇ ਟਿਪੱਣੀਆਂ ਕਰਨ ਦੀ ਯੋਗਤਾ ਨੂੰ ਉਜਾਗਰ ਕਰਦੀ ਹੈ। ਉਸ ਦਾ ਤਰਕ ਹੈ ਕਿ ਇਹ ਗੁਣ ਨਵੀਆਂ ਖੋਜਾਂ, ਕਾਢਾਂ ਅਤੇ ਸਮੱਸਿਆਵਾਂ ਤੇ ਸੰਕਟਾਂ ਦੇ ਹੱਲ ਕੱਢਣ ਲਈ ਨਿਹਾਇਤ ਜ਼ਰੂਰੀ ਹਨ।

ਸੂਜ਼ਨ ਇਹ ਵੀ ਚਰਚਾ ਕਰਦੀ ਹੈ ਕਿ ਬਾਹਰਮੁਖਤਾ ਪ੍ਰਤੀ ਸਾਡੇ ਸਮਾਜ ’ਚ ਇੱਕ ਸਭਿਆਚਾਰਕ ਪੂਰਵ-ਧਾਰਨਾ ਪਾਈ ਜਾਂਦੀ ਹੈ। ਉਸ ਦੇ ਕਹਿਣ ਦਾ ਭਾਵ ਹੈ ਕਿ ਸਾਡੇ ਸਮਾਜਾਂ, ਖ਼ਾਸ ਕਰਕੇ ਪੱਛਮੀ ਸਮਾਜਾਂ ਵਿੱਚ ਜਿੱਥੇ ਬਾਹਰ ਅੰਦਰ ਤੁਰਨ ਫਿਰਨ ਤੇ ਮਿਲਣ ਗਿਲਣ ਵਾਲੇ ਗ਼ੈਰ-ਰਸਮੀ ਢੰਗ ਨੂੰ ਆਦਰਸ਼ ਮੰਨਿਆ ਜਾਂਦਾ ਹੈ, ਉੱਥੇ ਬਾਹਰਮੁਖੀ ਸੁਭਾਅ ਵਾਲੇ ਲੋਕਾਂ ਨੂੰ ਹੀ ਸੱਭਿਆਚਾਰਕ ਪਹਿਲ ਮਿਲਦੀ ਹੈ। ਬਾਹਰਮੁਖੀਆਂ ਲਈ ਇਸ ਲਿਹਾਜ਼ ਤੇ ਤਰਫ਼ਦਾਰੀ ਕਾਰਨ ਬਹੁਤੀ ਵਾਰ ਅੰਤਰਮੁਖੀ ਸੁਭਾਅ ਹਾਸ਼ੀਆਗਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਦੇਣ ਦਾ ਜਾਂ ਮੁੱਲ ਨਹੀਂ ਪੈਂਦਾ ਤੇ ਜਾਂ ਉਨ੍ਹਾਂ ਨੂੰ ਜਾਣਬੁੱਝ ਕੇ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ।

ਸੂਜ਼ਨ ਇਕਾਂਤ (solitude) ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਇਕਾਂਤ ਨੂੰ ਸਿਰਜਣਾਤਮਕਤਾ ਤੇ ਵਿਚਾਰ ਉਤਪਾਦਕਤਾ ਦਾ ਨਿਰਣਾਕਾਰੀ ਜੁਜ਼ ਮੰਨਿਆ ਜਾਂਦਾ ਹੈ। ਸੂਜ਼ਨ ਇਸ ਲਈ ਆਪਣੇ ਪਾਠਕਾਂ ਦਾ ਆਵਾਹਨ ਕਰਦਿਆਂ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਹੈ ਕਿ ਉਹ ਕਦੇ ਕਦੇ ’ਕੱਲਿਆਂ ਰਹਿ ਕੇ ਸਮਾਂ ਗੁਜ਼ਾਰਨ ਅਤੇ ਆਪਣੇ ਵਿਚਾਰਾਂ ਦੀ ਗਹਿਨਤਾ ਵਿੱਚ ਲਹਿ ਕੇ ਆਪਣੇ ਸਵੈ ਦੀ ਖੋਜ ਕਰਨ।

ਨੇਤਾਵਾਂ ਅਤੇ ਰਹਿਨੁਮਾਵਾਂ ਦਾ ਜ਼ਿਕਰ ਕਰਦਿਆਂ ਸੂਜ਼ਨ ਇਹ ਦਾਅਵਾ ਕਰਦੀ ਹੈ ਕਿ ਅੰਤਰਮੁਖੀ ਲੀਡਰ ਵੀ ਓਨੇ ਹੀ ਪ੍ਰਭਾਵਸ਼ਾਲੀ ਹੋ ਸਕਦੇ ਹਨ ਜਿੰਨੇ ਕੁ ਬਾਹਰਮੁਖੀ। ਸੂਜ਼ਨ ਨੇ ਕਈ ਸਫ਼ਲ ਅੰਤਰਮੁਖੀ ਸ਼ਖ਼ਸੀਅਤਾਂ ਦੀਆਂ ਮਿਸਾਲਾਂ ਦਿੱਤੀਆਂ ਹਨ ਜੋ ਆਪਣੀ ਵੱਖਰੀ ਤੇ ਵਿਲੱਖਣ ਸ਼ੈਲੀ ਕਾਰਨ ਮਹੱਤਵਪੂਰਨ ਪ੍ਰਭਾਵ ਸਿਰਜਣ ’ਚ ਕਾਮਯਾਬ ਹੋਈਆਂ ਜਿਵੇਂ: ਅਬਰਾਹਮ ਲਿੰਕਨ, ਐਲੇਨੋਰ ਰੂਜ਼ਵੈਲਟ, ਰੋਜ਼ਾ ਪਾਰਕ, ਮਾਰਸਲ ਪ੍ਰਾਉਸਟ, ਫ੍ਰੈਡਰਿਕ ਚੋਪਿਨ, ਚਾਰਲਸ ਡਾਰਵਿਨ, ਸਟੀਵ ਵੋਜ਼ੇਨਿਕ, ਅਲਬਰਟ ਆਇੰਸਟਾਈਨ ਅਤੇ ਮਦਰ ਟੈਰੇਸਾ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਇਸੇ ਸ਼ੈਲੀ ਦਾ ਨੇਤਾ ਕਿਹਾ ਜਾ ਸਕਦਾ ਹੈ।

ਅੰਤਰਮੁਖੀ ਸ਼ਖ਼ਸੀਅਤਾਂ ਨੂੰ ਵਰਤਾਰਿਆਂ ਨੂੰ ਨੀਝ ਨਾਲ ਤੱਕਣ ਅਤੇ ਵਿਚਾਰਾਂ ਨੂੰ ਧਿਆਨ ਨਾਲ ਸੁਣਨ ’ਚ ਮੁਹਾਰਤ ਹਾਸਿਲ ਹੁੰਦੀ ਹੈ। ਸੂਜ਼ਨ ਸ਼ਕਤੀਸ਼ਾਲੀ ਸਬੰਧ ਬਣਾਉਣ ਵਿੱਚ ਅਤੇ ਦੂਜਿਆਂ ਨੂੰ ਸਮਝਣ ਹਿੱਤ ਧਿਆਨ ਨਾਲ ਸੁਣਨ ਅਤੇ ਦੇਖਣ ਦੀਆਂ ਇਨ੍ਹਾਂ ਨਿਪੁੰਨਤਾਵਾਂ ’ਤੇ ਬਲ ਦਿੰਦੀ ਹੈ। ਜੇਕਰ ਕੋਈ ਇਨ੍ਹਾਂ ਗੁਣਾਂ ਦਾ ਵਿਸ਼ੇਸ਼ ਰੂਪ ’ਚ ਧਾਰਨੀ ਹੈ ਤਾਂ ਜ਼ਿਆਦਾ ਅਰਥਪੂਰਨ ਸੰਵਾਦ ਤੇ ਰਿਸ਼ਤੇ ਬਣਾਉਣਾ ਵੱਧ ਸੰਭਵ ਹੁੰਦਾ ਹੈ। ਇਸ ਲਈ ਸਮਾਜਾਂ ’ਚ ਅੰਤਰਮੁਖਤਾਮੂਲਕ ਮਾਹੌਲ ਬਣਾਇਆ ਜਾਣਾ ਚਾਹੀਦਾ ਹੈ। ਉਹ ਇਸ ਦਲੀਲ ਦੀ ਵਕਾਲਤ ਕਰਦੀ ਹੈ ਕਿ ਸਾਨੂੰ ਸਕੂਲਾਂ, ਦਫ਼ਤਰਾਂ ਅਤੇ ਕੰਮਾਂ ਕਾਜਾਂ ਦੀਆਂ ਥਾਵਾਂ ’ਤੇ ਅੰਤਰਮੁਖੀ ਵਿਅਕਤੀਆਂ ਲਈ ਵਿਵਸਥਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਨ੍ਹਾਂ ਪ੍ਰਬੰਧਾਂ ’ਚ ਪਹਿਲਾ ਤਾਂ ‘ਚੁੱਪ’ ਥਾਂ/ਸਪੇਸ ਦੀ ਚੋਣ ਕਰ ਸਕਣ ਦੀ ਵਿਵਸਥਾ ਹੋਣਾ ਲਾਜ਼ਮੀ ਹੈ। ਦੂਜਾ ਇਹ ਹੋਵੇ ਕਿ ਆਜ਼ਾਦਾਨਾ ਕੰਮ ਕਰ ਸਕਣ ਦੀ ਕੀਮਤ ਦਾ ਧਿਆਨ ਵੀ ਰੱਖਿਆ ਜਾਵੇ।

ਅੰਤਰਮੁਖੀ ਵਿਅਕਤੀਆਂ ਵਿੱਚ ਹਮਦਰਦੀ ਦੀ ਭਾਵਨਾ ਪ੍ਰਬਲ ਹੁੰਦੀ ਹੈ। ਅਕਸਰ ਦੇਖਿਆ ਗਿਆ ਹੈ ਕਿ ਹਮਦਰਦਾਨਾ ਜਜ਼ਬਾਤ ਕਾਰਨ ਅੰਤਰਮੁਖੀ ਲੋਕ ਦੂਜੇ ਵਿਅਕਤੀਆਂ ਨਾਲ ਬੜੇ ਡੂੰਘੇ ਤੇ ਗੂੜ੍ਹੇ ਨਾਤੇ ਬਣਾ ਲੈਂਦੇ ਹਨ। ਸੂਜ਼ਨ ਦੱਸਦੀ ਹੈ ਕਿ ਕਿਵੇਂ ਸਹਿਹੋਂਦ ਅਤੇ ਸਹਿਚਾਰ ਵਧਾ ਕੇ ਆਪਸੀ ਨਿੱਜੀ ਅਤੇ ਕਸਬੀ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

ਸਮਾਜ ’ਚ ਹਰ ਥਾਂ ਅੰਤਰਮੁਖੀ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਬੜਾ ਲਾਜ਼ਮੀ ਗੁਣ ਹੈ। ਮਾਪਿਆਂ ਅਤੇ ਸਿੱਖਿਆਕਰਮੀਆਂ ਨੂੰ ਅੰਤਰਮੁਖੀ ਬੱਚਿਆਂ ਦੀ ਸ਼ਨਾਖਤ ਅਤੇ ਹਮਾਇਤ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪੋ-ਆਪਣੇ ਖੇਤਰ ’ਚ ਪ੍ਰਫੁੱਲਿਤ ਤੇ ਸਮ੍ਰਿਧ ਹੋ ਸਕਣ। ਇਸ ਵਾਸਤੇ ਅਜਿਹਾ ਮਾਹੌਲ ਤਿਆਰ ਕਰਨਾ ਚਾਹੀਦਾ ਹੈ, ਜਿਸ ’ਚ ਸੁਤੰਤਰ ਵਿਚਾਰ ਪ੍ਰਗਟ ਕਰਨ ਅਤੇ ਗਹਿਨ ਸ਼ਾਂਤ ਚਿੰਤਨ ਮਨਨ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ।

ਅੰਤ ਵਿੱਚ ਸੂਜ਼ਨ ਕੇਨ ਇਹ ਆਵਾਹਨ ਕਰਦੀ ਹੈ ਕਿ ਅੰਤਰਮੁਖੀ ਸਵੈ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਅੰਤਰਮੁਖੀ ਲੋਕ ਆਪਣੇ ਸਵੈ ਨੂੰ ਪਛਾਣਨ ਅਤੇ ਆਪਣੇ ਗੁਣਾਂ ਤੇ ਆਪਣੇ ਮੁੱਲ ਬਾਰੇ ਜਾਣਨ। ਆਪਣੀਆਂ ਵਿਲੱਖਣ ਖ਼ੂਬੀਆਂ ਦਾ ਜਸ਼ਨ ਮਨਾਉਣ ਤੇ ਵੱਖਰੇ ਸੁਭਾਅ ਦਾ ਉਤਸਵ ਕਰਨ। ਇਸ ਤਰ੍ਹਾਂ ਅੰਤਰਮੁਖੀ ਲੋਕ ਆਪਣੇ ਸਵੈ ਨਾਲ ਸੱਚੇ ਸੁੱਚੇ ਰਹਿ ਕੇ ਸਮਾਜ ਨੂੰ ਆਪਣਾ ਅਰਥਪੂਰਨ ਯੋਗਦਾਨ ਦੇ ਸਕਦੇ ਹਨ ਅਤੇ ਸਹੀ ਢੰਗ ਨਾਲ ਆਪਣੀ ਭੂਮਿਕਾ ਨਿਭਾਅ ਸਕਦੇ ਹਨ।

ਇਸ ਤਰ੍ਹਾਂ ਸੂਜ਼ਨ ਇਸ ਕਿਤਾਬ ‘Quiet: The Power of Introverts in a world that Can’t Stop Talking’ ਰਾਹੀਂ ਸਮਾਜ ਵਿੱਚ ਵਿਚਰਦੇ ਅੰਤਰਮੁਖੀ ਵਿਅਕਤੀਆਂ ਦੀਆਂ ਸ਼ਕਤੀਆਂ ਅਤੇ ਗੁਣਾਂ ਨੂੰ ਸਮਝਣ ਅਤੇ ਪਛਾਨਣ ਹਿੱਤ ਬੜੀਆਂ ਹੀ ਕੀਮਤੀ ਅੰਤਰਦ੍ਰਿਸ਼ਟੀਆਂ ਪ੍ਰਦਾਨ ਕਰਦੀ ਹੈ। ‘ਚੁੱਪ’ ਦੇ ਇਨ੍ਹਾਂ ਸਬਕਾਂ ਨਾਲ ਉਹ ਅੰਤਰਮੁਖੀਆਂ ਦੀਆਂ ਸ਼ਕਤੀਆਂ ਨੂੰ ਸਮਝ ਕੇ ਉਨ੍ਹਾਂ ਸਮਾਜਿਕ ਪ੍ਰਤੀਮਾਨਾਂ ਨੂੰ ਚੁਣੌਤੀ ਦੇਣ ਲਈ ਮੁੱਲਵਾਨ ਨੁਕਤੇ ਪ੍ਰਦਾਨ ਕਰਦੀ ਹੈ ਜੋ ਅਕਸਰ ਬਾਹਰਮੁਖੀ ਵਿਹਾਰਾਂ ਤੇ ਸੁਭਾਵਾਂ ਵਾਲੇ ਵਿਅਕਤੀਆਂ ਨੂੰ ਪਹਿਲ ਦਿੰਦੀਆਂ ਹਨ। ਇਹ ਕਿਤਾਬ ਅੰਤਰਮੁਖੀ ਵਿਅਕਤੀਆਂ ਨੂੰ ਦ੍ਰਿੜ੍ਹਤਾ ਪ੍ਰਦਾਨ ਕਰਦੀ ਹੈ ਕਿ ਉਹ ਆਪਣੀਆਂ ਵਿਲੱਖਣ ਪ੍ਰਾਪਤੀਆਂ, ਦੇਣਾਂ ਅਤੇ ਯੋਗਦਾਨਾਂ ਨੂੰ ਸਵੀਕਾਰ ਕਰ ਸਕਣ। ਇਹ ਕਿਤਾਬ ਸਮਾਜ ਦੇ ਹਰ ਵਿਅਕਤੀ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ ਮਾਨਵੀ ਸੰਵਾਦਾਂ ਤੇ ਅੰਤਰ-ਸਬੰਧਾਂ ਨੂੰ ਅਮੀਰ ਬਣਾਉਣ ਵਾਲੇ ਵਿਭਿੰਨ ਸ਼ਖ਼ਸੀ ਗੁਣਾਂ ਦੀ ਕਦਰ ਕਰਨ।

ਸੰਪਰਕ: 82839-48811

Advertisement
×