ਦੇਵ ਨੂੰ ਚੇਤੇ ਕਰਦਿਆਂ
ਕਵੀ ਤੇ ਚਿੱਤਰਕਾਰ ਦੇਵ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਖ਼ਬਰ ਪੰਜਾਬੀ ਸਾਹਿਤ ਜਗਤ ਅਤੇ ਇਸ ਤੋਂ ਅਗਾਂਹ ਕਲਾ ਦੇ ਵਿਸ਼ਾਲ ਜਗਤ ਲਈ ਬਹੁਤ ਵੱਡੇ ਸਦਮੇ ਵਾਲੀ ਘਟਨਾ ਹੈ। ਸੱਤ ਦਸੰਬਰ ਨੂੰ ਉਹ ਆਪਣੇ ਸਟੂਡੀਓਨੁਮਾ ਘਰ ਵਿੱਚ ਮਰਿਆ ਮਿਲਿਆ। ਇਕੱਲਾ ਰਹਿੰਦਾ ਹੋਣ ਕਰਕੇ ਉਸ ਦੀ ਮੌਤ ਦਾ ਕਈ ਦਿਨਾਂ ਤੱਕ ਪਤਾ ਹੀ ਨਹੀਂ ਸੀ ਲੱਗਾ।
ਕਵਿਤਾ ਅਤੇ ਚਿੱਤਰਕਾਰੀ ਦੋਹਾਂ ਹੀ ਖੇਤਰਾਂ ਵਿੱਚ ਪ੍ਰਤਿਭਾਸ਼ੀਲ ਹੋਣਾ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦਾ ਹੈ। ਦੇਵ ਨੂੰ ਦੋਹਾਂ ਵਿੱਚ ਨਿਪੁੰਨਤਾ ਹਾਸਲ ਸੀ ਅਤੇ ਦੋਹਾਂ ਖੇਤਰਾਂ ਵਿੱਚ ਹੀ ਉਸਦੀ ਨਿਵੇਕਲੀ ਪਛਾਣ ਸੀ। ਅੱਖਰਕਾਰੀ ਤੇ ਪੂਰਬੀ ਸਭਿਆਚਾਰਕ ਚਿੰਨ੍ਹਾਂ ਦੇ ਆਧੁਨਿਕ ਪੱਛਮੀ ਕਿਊਬਕ ਸ਼ੈਲੀ ਨਾਲ ਸੁਮੇਲ ’ਚੋਂ ਉਪਜੀ ਉਸ ਦੀ ਚਿੱਤਰਕਾਰੀ ਦੇਸ਼- ਦੇਸ਼ਾਂਤਰਾਂ ਦੇ ਕਿਸੇ ਵੀ ਹੋਰ ਚਿੱਤਰਕਾਰ ਦੀ ਰਚਨਾ ਨਾਲ ਮੇਲ ਨਹੀਂ ਖਾਂਦੀ ਅਤੇ ਆਪਣੀ ਵਿਲੱਖਣਤਾ ਸਦਕਾ ਸਿਰਫ਼ ਦੇਵ ਦੀ ਹੀ ਕਲਾ ਕਿਰਤ ਵਜੋਂ ਪਛਾਣੀ ਜਾਂਦੀ ਹੈ। ਇਉਂ ਹੀ ਦੇਵ ਦੀ ਕਵਿਤਾ ਹੈ; ਨਵੇਂ ਬਿੰਬਾਂ, ਸਹਿਜ ਬੁਣਤੀ ਤੇ ਵੱਖਰੀ ਤਰ੍ਹਾਂ ਦੀ ਪੇਸ਼ਕਾਰੀ ਸਹਿਤ, ਪੰਜਾਬੀ ਦੇ ਹੋਰ ਕਿਸੇ ਵੀ ਕਵੀ ਦੀ ਰਚਨਾ ਨਾਲੋਂ ਅਸਲੋਂ ਅੱਡਰੀ ਤੇ ਨਿਆਰੀ। ਚਿੱਤਰਕਾਰੀ ਲਈ ਤਾਂ ਖ਼ੈਰ ਕਿਸੇ ਭਾਸ਼ਾ ਦੀ ਮੁਥਾਜੀ ਨਹੀਂ ਹੁੰਦੀ, ਪਰ ਕਵੀ ਹੋਣ ਬਾਰੇ ਦੇਵ ਦਾ ਕਹਿਣਾ ਸੀ ਕਿ ਉਹ ‘ਪੰਜਾਬੀ ਕਵੀ’ ਨਹੀਂ, ਸਿਰਫ਼ ਕਵੀ ਹੈ ਜੋ ਪੰਜਾਬੀ ਵਿੱਚ ਕਵਿਤਾ ਲਿਖਦਾ ਹੈ। ਉਸ ਦਾ ਇਹ ਕਥਨ ਉਸ ਵਿਲੱਖਣਤਾ ਵਿੱਚੋਂ ਨਿਕਲਦਾ ਸੀ, ਜੋ ਸਾਹਿਤ ਤੇ ਕਲਾ ਸਿਰਜਣਾ ਦੇ ਨਾਲ ਉਸ ਦੀ ਜ਼ਿੰਦਗੀ ਜੀਣ ਦੀ ਜਾਚ ਦਾ ਵੀ ਲੱਛਣ ਸੀ।
ਨਿਵੇਕਲੀ ਸ਼ਖ਼ਸੀਅਤ ਵਾਲਾ ਇਹ ਕਲਾਕਾਰ ਤੇ ਲੇਖਕ 1947 ਵਿੱਚ ਪੈਦਾ ਹੋਇਆ ਸੀ, ਦੇਸ-ਵੰਡ ਦੇ ਵਰ੍ਹੇ ਵਿੱਚ, ਜਦੋਂ ਪੰਜਾਬ ਫ਼ਿਰਕੂ ਵੱਢ-ਟੁੱਕ ਦੇ ਭਿਅੰਕਰ ਸਮੇਂ ਵਿੱਚੋਂ ਲੰਘ ਰਿਹਾ ਸੀ। ਮਾਪਿਆਂ ਨੇ ਉਸ ਦਾ ਨਾਂ ਬਲਦੇਵ ਸਿੰਘ ਰੱਖਿਆ, ਜੋ ਸੰਖੇਪ ਹੋ ਕੇ ਸੌਖਿਆਂ ਹੀ ਦੇਵ ਬਣ ਗਿਆ। ਕਿਰਤੀ ਵਰਗ ਦੇ ਦੇਵ ਦੇ ਵਡੇਰਿਆਂ ਦਾ ਜੱਦੀ ਪਿੰਡ ਤਾਂ ਲੁਧਿਆਣੇ ਜ਼ਿਲ੍ਹੇ ਵਿਚਲਾ ਗਾਲਬ ਸੀ, ਪਰ ਰਹਿੰਦੇ ਉਹ ਲਾਗਲੇ ਸ਼ਹਿਰ ਜਗਰਾਉਂ ਵਿੱਚ ਸਨ। ਦੇਵ ਦੇ ਬਚਪਨ ਦੇ ਮੁੱਢਲੇ ਸਾਲਾਂ ਵਿੱਚ ਹੀ ਪਰਿਵਾਰ ਅਗਾਂਹ ਕੀਨੀਆ ਪਰਵਾਸ ਕਰ ਗਿਆ ਅਤੇ ਭੈਣਾਂ ਭਰਾਵਾਂ ਵਿੱਚ ਸਭ ਤੋਂ ਛੋਟਾ ਦੇਵ ਵੀ ਆਪਣੇ ਪਰਿਵਾਰ ਨਾਲ ਕੀਨੀਆ ਗਿਆ ਪੰਦਰਾਂ ਸੋਲ਼ਾਂ ਸਾਲ ਦੀ ਉਮਰ ਤੱਕ ਉੱਥੇ ਰਿਹਾ। ਬਚਪਨ ਤੇ ਅੱਲ੍ਹੜਪੁਣੇ ਦੇ ਉਨ੍ਹਾਂ ਸਾਲਾਂ ਵਿੱਚ ਦੇਵ ਲਈ ਪਰਿਵਾਰ ਵਿੱਚ ਵਿਚਰਨ ਦਾ ਅਨੁਭਵ ਸ਼ਾਇਦ ਬਹੁਤਾ ਸੁਖਾਵਾਂ ਨਾ ਰਿਹਾ ਹੋਵੇ, ਇਸ ਲਈ ਜਵਾਨ ਹੋਣ ਤੱਕ ਉਹ ਪਰਿਵਾਰ ਵੱਲੋਂ ਕਾਫ਼ੀ ਉਪਰਾਮ ਹੋ ਚੁੱਕਿਆ ਸੀ। ਗਭਰੇਟ ਅਵਸਥਾ ਵਿੱਚ ਪਹੁੰਚਣ ’ਤੇ ਇਕੱਲਾ ਕਾਰਾ ਉਹ ਦੇਸ਼ ਪਰਤ ਆਇਆ। ਕਲਾਕਾਰ ਵਾਲੀ ਬਿਰਤੀ ਜਿਵੇਂ ਉਸ ਨੂੰ ਕੁਦਰਤ ਵੱਲੋਂ ਹੀ ਮਿਲੀ ਹੋਈ ਹੋਵੇ, ਧੀਮੇ ਸੁਰ ਵਿੱਚ ਆਹਿਸਤਾ ਆਹਿਸਤਾ ਗੱਲ ਕਰਦਾ ਉਹ ਬਹੁਤ ਮਾਸੂਮ ਜਿਹਾ ਪ੍ਰਤੀਤ ਹੁੰਦਾ ਸੀ। ਆਪਣੀ ਇਸ ਤਰ੍ਹਾਂ ਦੀ ਦਿੱਖ ਨਾਲ ਦੇਸ਼ ਪਰਤਣ ਉਪਰੰਤ ਦੇਵ ਨੇ ਥੀਏਟਰ ਤੇ ਫਿਲਮ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕੀਤਾ। ਉਸ ਨੇ ਨੈਸ਼ਨਲ ਸਕੂਲ ਔਫ ਡਰਾਮਾ ਵਿੱਚ ਦਾਖਲਾ ਲਿਆ ਅਤੇ ਫਿਰ ਫਿਲਮਾਂ ਵਿੱਚ ਕੁਝ ਕਰਨਾ ਚਾਹਿਆ। ਕਿਧਰੇ ਕੋਈ ਪੈਰ ਧਰਾਵਾ ਜਾਂ ਸਫ਼ਲਤਾ ਹੁੰਦੀ ਨਾ ਦਿਸੀ ਤਾਂ ਦਿੱਲੀ ਤੇ ਮੁੰਬਈ ਵਿੱਚ ਕੁਝ ਸਮਾਂ ਗੁਜ਼ਾਰਨ ਬਾਅਦ ਵਾਪਸ ਪੰਜਾਬ ਆ ਗਿਆ। ਉਦੋਂ ਤੱਕ ਉਹ ਕਵਿਤਾ ਲਿਖਣੀ ਸ਼ੁਰੂ ਕਰ ਚੁੱਕਾ ਸੀ ਅਤੇ ਚਿੱਤਰਕਾਰੀ ਉਸ ਦਾ ਸ਼ੌਕ ਬਣ ਚੁੱਕੀ ਸੀ, ਜਿਸ ਸ਼ੌਕ ਨੂੰ ਪੂਰਾ ਕਰਨ ਲਈ ਉਹ ਸਕੂਲੀ ਕਾਪੀਆਂ, ਰਜਿਸਟਰਾਂ ਜਾਂ ਖੁੱਲ੍ਹੇ ਕਾਗ਼ਜ਼ਾਂ ਉੱਤੇ ਪੈਨਸਿਲ ਨਾਲ ਚਿੱਤਰ ਜਾਂ ਸਕੈੱਚ ਵਰਗਾ ਕੁਝ ਨਾ ਕੁਝ ਬਣਾਉਂਦਾ ਰਹਿੰਦਾ ਸੀ।
1965 ਵਿੱਚ ‘ਸਿਰਜਣਾ’ ਦਾ ਪ੍ਰਕਾਸ਼ਨ ਆਰੰਭ ਹੋ ਚੁੱਕਿਆ ਸੀ ਅਤੇ ਮੁੰਬਈ ਵਿੱਚ ਬੈਠਾ ਪੰਜਾਬੀ ਦਾ ਨਾਮਵਰ ਸਾਹਿਤਕਾਰ ਸੁਖਬੀਰ ਇਸ ਵਿੱਚ ਕਾਫ਼ੀ ਹੱਲਾਸ਼ੇਰੀ ਦੇਣ ਵਾਲੀ ਦਿਲਚਸਪੀ ਲੈ ਰਿਹਾ ਸੀ। ਸੁਖਬੀਰ ਦਿੱਲੀ ਤੋਂ ਛਪਦੇ ਭਾਪਾ ਪ੍ਰੀਤਮ ਸਿੰਘ ਦੇ ਪਰਚੇ ‘ਆਰਸੀ’ ਦੇ ਸੰਪਾਦਨ ਵਿੱਚ ਵੀ ਹੱਥ ਵਟਾਉਂਦਾ ਸੀ। ਉਦੋਂ ਕੁ ਜਿਹੇ ਮੁੰਬਈ ਪਹੁੰਚੇ ਨੌਜਵਾਨ ਦੇਵ ਦਾ ਸੁਖਬੀਰ ਨਾਲ ਸੰਪਰਕ ਹੋਇਆ, ਜਿਸ ਦੇ ਸਿੱਟੇ ਵਜੋਂ ਸੁਖਬੀਰ ਨੇ ਉਸ ਦੀ ਇੱਕ ਕਵਿਤਾ ‘ਆਰਸੀ’ ਵਿੱਚ ਛਾਪੀ ਅਤੇ ਆਪਣੀ ਸਿਫ਼ਾਰਿਸ਼ ਨਾਲ ਇੱਕ ਕਵਿਤਾ ‘ਸਿਰਜਣਾ’ ਵਿੱਚ ਛਾਪਣ ਲਈ ਵੀ ਭੇਜੀ। ਇਨ੍ਹਾਂ ਕਵਿਤਾਵਾਂ ਦੇ ਛਪਣ ਨਾਲ ਕਵੀ ਵਜੋਂ ਦੇਵ ਦਾ ਪੰਜਾਬੀ ਸਾਹਿਤ ਨਾਲ ਪ੍ਰਥਮ ਪਰਿਚਯ ਹੋਇਆ। ਲਗਪਗ ਏਸੇ ਹੀ ਸਮੇਂ ਪੰਜਾਬੀ ਸਾਹਿਤ ਅਕਾਦਮੀ ਦੀ ਕਾਨਫਰੰਸ ਦੇ ਸਿਲਸਿਲੇ ਵਿੱਚ ਮੁੰਬਈ ਜਾਣ ਦਾ ਮੇਰਾ ਸਬੱਬ ਬਣਿਆ ਤਾਂ ਉੱਥੇ ਸੁਖਬੀਰ ਰਾਹੀਂ ਹੀ ਦੇਵ ਨਾਲ ਪਹਿਲੀ ਵਾਰ ਮੁਲਾਕਾਤ
ਹੋਈ। ਦੇਵ ਕਾਨਫਰੰਸ ਦੇ ਉਹ ਦੋ ਤਿੰਨ ਦਿਨ ਮੇਰੀ, ਸੁਰਿੰਦਰ ਗਿੱਲ ਤੇ ਹਰਭਜਨ ਹੁੰਦਲ ਦੀ ਤ੍ਰਿੱਕੜੀ ਨਾਲ ਘੁੰਮਦਾ ਰਿਹਾ। ਦੇਵ ਨਾਲ ਸਾਹਿਤਕ ਦੋਸਤੀ ਦੀ ਇਹ ਸ਼ੁਰੂਆਤ ਸੀ, ਜੋ ਬਾਅਦ ਵਿੱਚ ਬਹੁਤ ਨੇੜਲੀ ਅਪਣੱਤ ਵਿੱਚ ਵਟ ਗਈ।
ਮੁੰਬਈ ਵਾਲੀ ਇਸ ਕਾਨਫਰੰਸ ਤੋਂ ਛੇਤੀ ਹੀ ਪਿੱਛੋਂ ਦੇਵ ਪੰਜਾਬ, ਆਪਣੇ ਸ਼ਹਿਰ ਜਗਰਾਵੀਂ ਪਰਤ ਆਇਆ। ਏਥੇ ਪਹੁੰਚ ਕੇ ਉਹ ਆਪਣੇ ਹਾਣ ਦੇ ਨਵੇਂ ਕਵੀਆਂ ਅਤੇ ਸਥਾਪਤ ਸਾਹਿਤਕਾਰਾਂ ਨਾਲ ਮੇਲ ਜੋਲ ਕਰਨ ਲੱਗਾ। ਮੇਰਾ ਆਪਣਾ ਪਿੰਡ ਭੰਮੀਪੁਰਾ ਵੀ ਜਗਰਾਵਾਂ ਦੇ ਲਾਗੇ ਹੀ ਸੀ। ਉਨ੍ਹੀਂ ਦਿਨੀਂ ਜਲੰਧਰ ਤੋਂ ਆਪਣੇ ਪਿੰਡ ਆਇਆ ਮੈਂ ਦੂਜੀ ਵਾਰ ਦੇਵ ਨੂੰ ਜਗਰਾਵੀਂ ਉਸ ਦੇ ਸੁੰਨੇ ਜਿਹੇ ਘਰ ਵਿੱਚ ਮਿਲਿਆ ਸਾਂ। ਸੁੰਨਾ ਜਿਹਾ ਘਰ ਇਸ ਕਰਕੇ ਕਿ ਉਸ ਵਿੱਚ ਮੈਨੂੰ ਇਕ ਬੁੱਢੀ ਔਰਤ ਤੋਂ ਬਿਨਾਂ ਹੋਰ ਕੋਈ ਜੀਅ ਨਜ਼ਰ ਨਹੀਂ ਸੀ ਆਇਆ। ਕਵਿਤਾ ਲਿਖਣ ਦੇ ਨਾਲ ਦੇਵ ਕਲਾ ਦੇ ਜਗਤ ਵਿੱਚ ਵੀ ਪ੍ਰਵੇਸ਼ ਕਰਨ ਲਈ ਹੰਭਲਾ ਮਾਰਨ ਲੱਗਾ ਸੀ। ਜਿੱਥੇ ਕਵਿਤਾ ਲਿਖਣ ਲਈ ਪੈਸੇ ਧੇਲੇ ਦੀ ਕੋਈ ਲੋੜ ਨਹੀਂ, ਕਵਿਤਾ ਤਾਂ ਮਲੰਗੀ ਵਿੱਚ ਵੀ ਲਿਖੀ ਜਾ ਸਕਦੀ ਹੈ; ਉੱਥੇ ਪੇਂਟਿੰਗ ਕਰਨ ਲਈ ਰੰਗਾਂ ਅਤੇ ਕੈਨਵਸ ਆਦਿ ਸਮੱਗਰੀ ਦੀ ਲੋੜ ਪੈਂਦੀ ਹੈ, ਜਿਸ ਲਈ ਵਿੱਤੀ ਸਾਧਨਾਂ ਦਾ ਮੌਜੂਦ ਹੋਣਾ ਜ਼ਰੂਰੀ ਹੈ। ਪਰ ਆਮਦਨ ਦੇ ਕੋਈ ਪ੍ਰਤੱਖ ਨਿਸ਼ਚਿਤ ਸਰੋਤ ਤੋਂ ਬਿਨਾਂ ਦੇਵ ਇਨ੍ਹੀਂ ਦਿਨੀਂ ਵਿਰੋਧਾਭਾਸ ਦੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਸੀ। ਕਵੀ ਬਣਨ ਲਈ ਤਾਂ ਨਹੀਂ ਪਰ ਚਿੱਤਰਕਾਰ ਵਜੋਂ ਪ੍ਰਵਾਨ ਚੜ੍ਹਨ ਲਈ ਅਵੱਸ਼ ਕਿਸੇ ਨਾ ਕਿਸੇ ਸਹਾਰੇ ਦੀ ਲੋੜ ਸੀ, ਜੋ ਉਹ ਭਾਲਣ ਲੱਗਾ।
ਇਨ੍ਹਾਂ ਦਿਨਾਂ ਵਿੱਚ ਮੈਂ ਜੰਡਿਆਲਾ (ਜਲੰਧਰ) ਕਾਲਜ ਵਿੱਚ ਲੈਕਚਰਾਰ ਲੱਗ ਚੁੱਕਾ ਸਾਂ ਅਤੇ ਦੇਵ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਲਾਗੇ ਲੁਧਿਆਣੇ ਰਿਹਾਇਸ਼ ਕਰ ਲਈ ਸੀ। ਸਾਡਾ ਆਪਸੀ ਸੰਪਰਕ ਬਣਿਆ ਹੋਇਆ ਸੀ। ਇੱਕ ਦਿਨ ਸ਼ਾਮੀਂ ਜਿਹੇ ਉਹ ਅਚਾਨਕ ਸਾਡੇ ਕੋਲ਼ ਜੰਡਿਆਲੇ ਆਇਆ। ਇੱਕ ਔਰਤ ਉਸ ਦੇ ਨਾਲ ਸੀ। ਆਪਣੇ ਸੁਭਾਅ ਮੁਤਾਬਿਕ ਬੜੀ ਧੀਮੀ ਜਿਹੀ ਸੁਰ ਵਿੱਚ ਦੇਵ ਨੇ ਉਸ ਦਾ ਪਰਿਚਯ ਕਰਾਉਂਦਿਆਂ ਕਿਹਾ, “ਇਹ ਜੋਗਿੰਦਰ ਕੌਰ ਹਨ, ਪੰਜਾਬ ਲੋਕ ਸੰਪਰਕ ਵਿਭਾਗ ਵਿੱਚ ਅਧਿਕਾਰੀ ਤੇ ਇਸ ਸਮੇਂ ਲੁਧਿਆਣੇ ਪੋਸਟਡ ਹਨ।” ਇਸ ਸੰਖੇਪ ਜਿਹੇ ਪਰਿਚਯ ਮਗਰੋਂ ਮੈਨੂੰ ਤੇ ਮੇਰੀ ਜੀਵਨ ਸਾਥਣ ਸੁਲੇਖਾ ਨੂੰ ਉਹਲੇ ਜਿਹੇ ਲਿਜਾ ਕੇ ਉਸ ਨੇ ਦੱਸਿਆ ਕਿ ਉਹ ਉਸ ਔਰਤ ਨੂੰ ਮਿਲਾਉਣ ਲਈ ਹੀ ਸਾਡੇ ਕੋਲ਼ ਲਿਆਇਆ ਸੀ। ਉਸ ਨੇ ਜੋਗਿੰਦਰ ਕੌਰ ਨਾਲ ਸ਼ਾਦੀ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਉਹ ਇਸ ਫ਼ੈਸਲੇ ਉੱਤੇ ਸਾਡੀ ਦੋਹਾਂ ਦੀ ਪ੍ਰਵਾਨਗੀ ਦੀ ਮੋਹਰ ਲਗਵਾਉਣੀ ਚਾਹੁੰਦਾ ਹੈ। ਔਰਤ ਉਸ ਤੋਂ ਪੰਦਰਾਂ ਵੀਹ ਸਾਲ ਵੱਡੀ ਸੀ ਅਤੇ ਵੇਖਣ ਚਾਖਣ ਵਿੱਚ ਵੀ ਸਾਧਾਰਨ ਤੋਂ ਕੁਝ ਹੇਠਾਂ ਦੀ ਹੀ। ਆਪਣੀ ਝਿਜਕ ਵਿੱਚ ਅਸੀਂ ਦੋਹੇਂ ਜੀਅ ਅਜੇ ਕੁਝ ਬੋਲੇ ਵੀ ਨਹੀਂ ਸੀ ਕਿ ਉਸ ਨੇ ਅਗਾਂਹ ਕਿਹਾ, “ਅਸੀਂ ਦੋਵੇਂ ਇਸ ਬਾਰੇ ਸਪਸ਼ਟ ਹਾਂ ਕਿ ਉਮਰਾਂ ਦੀ ਸਾਂਝ ਦੇ ਸੌਦੇ ਵਾਲੀ ਕੋਈ ਗੱਲ ਨਹੀਂ, ਜਿੰਨੀ ਵੀ ਦੇਰ ਜ਼ਿੰਦਗੀ ਖ਼ੁਸ਼ ਅਸਲੂਬੀ ਨਾਲ ਇਕੱਠਿਆਂ ਬਿਤਾਈ ਜਾ ਸਕੇਗੀ, ਬਿਤਾਵਾਂਗੇ। ਜਦੋਂ ਇਹ ਸੰਭਵ ਨਾ ਹੋਵੇ ਤਾਂ ਬਿਨਾਂ ਕਿਸੇ ਵੀ ਝਗੜੇ ਕਲੇਸ਼ ਤੋਂ ਸਹਿਜੇ ਹੀ ਵੱਖ ਹੋ ਜਾਵਾਂਗੇ।” ਸ਼ਾਦੀ ਦਾ ਇਹ ਪ੍ਰਸਤਾਵ ਕੁਝ ਅਨੋਖਾ ਤਾਂ ਸੀ ਪਰ ਜਿੰਨੀ ਸੰਜੀਦਗੀ, ਸਪੱਸ਼ਟਤਾ ਤੇ ਮਾਸੂਮੀਅਤ ਨਾਲ ਦੇਵ ਨੇ ਗੱਲ ਕੀਤੀ ਸੀ, ਸਾਡੇ ਲਈ ਉਸ ਦੇ ਰਾਹ ਵਿੱਚ ਅੜਿੱਕਾ ਬਣਨ ਦਾ ਕੋਈ ਕਾਰਨ ਨਹੀਂ ਸੀ। ਤਿੰਨ ਕੁ ਹਫ਼ਤਿਆਂ ਮਗਰੋਂ ਹੀ ਲੁਧਿਆਣੇ ਵਿੱਚ ਹੋਈ ਦੋਹਾਂ ਦੀ ਸ਼ਾਦੀ ਵਿੱਚ, ਉਸ ਦਿਨ ਕਾਲਜ ਵਿੱਚ ਵਿਸ਼ੇਸ਼ ਰੁਝੇਵੇਂ ਕਾਰਨ ਮੇਰੇ ਲਈ ਜਾਣਾ ਤਾਂ ਸੰਭਵ ਨਾ ਹੋ ਸਕਿਆ, ਪਰ ਨੇੜਲੇ ਸਾਕ ਸੰਬੰਧੀਆਂ ਵਾਲੀਆਂ ਰੀਤਾਂ ਨਿਭਾਉਣ ਲਈ ਇੱਕੋ ਇੱਕ ਵਿਅਕਤੀ ਵਜੋਂ ਸੁਲੇਖਾ ਉੱਥੇ ਹਾਜ਼ਰ ਸੀ।
ਡਾ. ਮਹਿੰਦਰ ਸਿੰਘ ਰੰਧਾਵਾ ਉਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ ਤੇ ਕਲਾ ਦੇ ਸਰਪ੍ਰਸਤ ਵਜੋਂ ਉਨ੍ਹਾਂ ਦੀ ਚੰਗੀ ਭੱਲ ਬਣੀ ਹੋਈ ਸੀ। ਡਾ. ਰੰਧਾਵਾ ਨੇ ਸੰਘਰਸ਼ ਕਰ ਰਹੇ ਦੇਵ ਦੀ ਪ੍ਰਤਿਭਾ ਨੂੰ ਪਛਾਣਿਆ ਤੇ ਉਸ ਦੇ ਚਿੱਤਰਾਂ ਦੀ ਪਹਿਲੀ ਨੁਮਾਇਸ਼ ਪੀ ਏ ਯੂ ਵਿੱਚ ਲਗਵਾਈ। ਆਧੁਨਿਕ ਅਮੂਰਤ ਕਲਾ ਪੱਧਤੀ ਨਾਲ ਜੁੜੇ ਦੇਵ ਨੂੰ ਆਪਣੇ ਚਿੱਤਰਾਂ ਦੀ ਡਾ. ਰੰਧਾਵਾ ਵੱਲੋਂ ਕੀਤੀ ਵਿਆਖਿਆ ਭਾਵੇਂ ਰਾਸ ਨਹੀਂ ਸੀ ਆਉਂਦੀ, ਤਦ ਵੀ ਉਹ ਚੁੱਪ ਰਿਹਾ ਤੇ ਕੁਝ ਨਾ ਕਹਿਣਾ ਹੀ ਮੁਨਾਸਬ ਸਮਝਿਆ। ਡਾ. ਰੰਧਾਵਾ ਨੇ ਹੀ ਦੇਵ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੇਂਡੂ ਸਭਿਆਚਾਰ ਦੇ ਮਿਊਜ਼ੀਅਮ ਲਈ ਕੰਧ ਚਿੱਤਰ ਬਣਾਉਣ ਤੇ ਚਿੱਤਰਕਾਰੀ ਦੇ ਹੋਰ ਕੰਮ-ਕਾਰ ਦਾ ਸੱਦਾ ਦਿੱਤਾ, ਜੋ ਕਲਾ ਦੇ ਪੇਸ਼ੇਵਾਰਾਨਾ ਖੇਤਰ ਵਿੱਚ ਪ੍ਰਵੇਸ਼ ਕਰਨ ਦਾ ਦੇਵ ਲਈ ਪਹਿਲਾ ਮੌਕਾ ਸੀ।
ਜੋਗਿੰਦਰ ਕੌਰ ਨਾਲ ਆਪਣੀ ਸ਼ਾਦੀ ਅਤੇ ਐੱਮ ਐੱਸ ਰੰਧਾਵਾ ਦੀ ਸਰਪ੍ਰਸਤੀ ਹਾਸਲ ਹੋਣ ਪਿੱਛੋਂ ਦੇਵ ਲਈ ਸਾਹਿਤ ਤੇ ਕਲਾ ਦੇ ਜਗਤ ਵਿੱਚ ਵਿਚਰਨਾ ਕਾਫ਼ੀ ਸਹਿਲ ਹੋ ਗਿਆ। ਪੰਜਾਬ ਦੇ ਵੱਡੇ ਅਧਿਕਾਰੀਆਂ ਨਾਲ ਉਸ ਦੀਆਂ ਸਾਂਝਾਂ ਪੈ ਗਈਆਂ, ਜੋ ਉਸ ਦੇ ਨਾਲ ਮਿਲ ਬੈਠਣ ਤੇ ਉਸ ਦੇ ਚਿੱਤਰ ਖਰੀਦਣ ਅਤੇ ਇੱਕ ਤਰ੍ਹਾਂ ਉਸ ਦੇ ਕਲਾ ਸਰਪ੍ਰਸਤ ਹੋਣ ਵਿੱਚ ਮਾਣ ਮਹਿਸੂਸ ਕਰਦੇ ਸਨ। ਜੋਗਿੰਦਰ ਕੌਰ ਦੇ ਲੁਧਿਆਣੇ ਤੋਂ ਪੰਜਾਬ ਭਵਨ ਦਿੱਲੀ ਵਿੱਚ ਤਬਾਦਲੇ ਨਾਲ ਉਨ੍ਹਾਂ ਦੀ ਰਿਹਾਇਸ਼ ਵੀ ਦੇਸ਼ ਦੀ ਰਾਜਧਾਨੀ ਦੇ ਸ਼ਹਿਰ ਵਿੱਚ ਹੋ ਗਈ। ਲੁਧਿਆਣੇ ਰਹਿੰਦਿਆਂ ਵੀ ਦੇਵ ਦਾ ਡਾ. ਸਾਧੂ ਸਿੰਘ, ਗੁਰਭਜਨ ਗਿੱਲ, ਸੁਰਜੀਤ ਪਾਤਰ, ਡਾ. ਤੇਜਵੰਤ ਸਿੰਘ ਗਿੱਲ, ਹਰਭਜਨ ਹਲਵਾਰਵੀ ਵਰਗੇ ਲੇਖਕਾਂ ਚਿੰਤਕਾਂ ਨਾਲ ਚੰਗਾ ਸਹਿਚਾਰ ਸੀ। ਨਵੀਂ ਪੌਦ ਦੇ ਪੰਜਾਬੀ ਕਵੀਆਂ ਤੇ ਖੱਬੇ ਖੱਖੀ ਕਾਰਕੁਨਾਂ ਵਿੱਚ ਵੀ ਉਹ ਸਰਗਰਮੀ ਨਾਲ ਵਿਚਰਦਾ ਸੀ। ਦਿੱਲੀ ਸ਼ਿਫਟ ਹੋਣ ਨਾਲ ਕਲਾਕਾਰ ਤੇ ਕਵੀ ਵਜੋਂ ਦੇਵ ਦੀ ਜਾਣ ਪਛਾਣ ਦਾ ਘੇਰਾ ਹੋਰ ਵਿਸ਼ਾਲ ਹੋ ਗਿਆ। ਡਾ. ਹਰਿਭਜਨ ਸਿੰਘ, ਸੁਤਿੰਦਰ ਸਿੰਘ ਨੂਰ ਵਰਗੇ ਪੰਜਾਬੀ ਲੇਖਕਾਂ ਵਿਦਵਾਨਾਂ ਤੋਂ ਅਗਾਂਹ ਦੂਜੀਆਂ ਭਾਸ਼ਾਵਾਂ ਦੇ ਲੇਖਕਾਂ ਤੇ ਕਲਾਕਾਰਾਂ ਨਾਲ ਵੀ ਉਸ ਦਾ ਸਹਿਚਾਰ ਬਣ ਗਿਆ। ਪਹਿਲਾਂ ਅੰਮ੍ਰਿਤਾ ਪ੍ਰੀਤਮ ਅਤੇ ਫਿਰ ਭਾਪਾ ਪ੍ਰੀਤਮ ਸਿੰਘ ਨਾਲ ਬਣੀ ਨੇੜਤਾ ਨੇ ਤਾਂ ਦੇਵ ਦੀ ਲੇਖਕ ਤੇ ਕਲਾਕਾਰ ਵਾਲੀ ਹੋਂਦ ਨੂੰ ਹੋਰ ਨਿਖਾਰ ਦੇਣ ਵਿੱਚ ਵੱਡਾ ਯੋਗਦਾਨ ਪਾਇਆ। ਕਵਿਤਾ ਲਿਖਣ ਤੇ ਪੇਂਟਿੰਗ ਕਰਦੇ ਰਹਿਣ ਦੇ ਨਾਲ ਨਾਲ ਦੇਵ ਪੜ੍ਹਦਾ ਵੀ ਬਹੁਤ ਸੀ। ਚਿੱਤਰਕਾਰੀ ਦੇ ਖੇਤਰ ਵਿੱਚ ਵਿਧੀਵਤ ਸਿਖਲਾਈ ਭਾਵੇਂ ਉਸ ਦੀ ਕੋਈ ਨਹੀਂ ਸੀ ਪਰ ਆਧੁਨਿਕ ਚਿੱਤਰਕਲਾ ਦੇ ਸਭ ਰੁਝਾਨਾਂ ਅਤੇ ਸੰਸਾਰ ਦੇ ਨਾਮਵਰ ਚਿੱਤਰਕਾਰਾਂ ਬਾਰੇ ਉਸ ਦਾ ਗਿਆਨ ਬਹੁਤ ਡੂੰਘਾ ਸੀ। ਇਹੋ ਸੋਝੀ ਕਲਾਕਾਰ ਵਜੋਂ ਉਸ ਨੂੰ ਬੇਚੈਨ ਕਰਨ ਅਤੇ ਆਪਣੇ ਖੰਭ ਹੋਰ ਖਿਲਾਰਨ ਲਈ ਪ੍ਰੇਰਨ ਲੱਗੀ ਸੀ। ਆਪਣੀ ਇਸ ਕਲਾਤਮਕ ਬੇਚੈਨੀ ਵਿੱਚੋਂ ਉਸ ਨੂੰ ਕਿਸੇ ਅਦਿੱਖ ਪ੍ਰਾਪਤੀ ਦੀ ਸੰਭਾਵਨਾ ਦਾ ਝਲਕਾਰਾ ਪੈਂਦਾ ਸੀ। ਜੋਗਿੰਦਰ ਕੌਰ ਨਾਲ ਸ਼ਾਦੀ ਤੋਂ ਪਿੱਛੋਂ ਉਹ ਇੱਕ ਪੁੱਤਰ, ਸਿਧਾਰਥ, ਦਾ ਬਾਪ ਬਣ ਚੁੱਕਿਆ ਸੀ ਪਰ ਇਹ ਸਾਰਾ ਕੁਝ ਉਸ ਨੂੰ ਬੰਨ੍ਹ ਕੇ ਨਾ ਰੱਖ ਸਕਿਆ। ਜੋਗਿੰਦਰ ਕੌਰ ਅਤੇ ਸਿਧਾਰਥ ਨੂੰ ਦਿੱਲੀ ਵਿੱਚ ਪਿੱਛੇ ਛੱਡ ਕੇ ਪਹਿਲਾਂ ਉਸ ਨੇ ਕੀਨੀਆ ਉਡਾਰੀ ਮਾਰੀ ਅਤੇ ਫਿਰ ਉਸ ਤੋਂ ਅਗਾਂਹ ਉਹ ਸਵਿਟਜ਼ਰਲੈਂਡ ਪਹੁੰਚ ਗਿਆ।
ਦੇਵ ਬਹੁਤ ਭਾਵੁਕ, ਸੰਵੇਦਨਸ਼ੀਲ ਤੇ ਮੋਹਖੋਰਾ ਇਨਸਾਨ ਸੀ। ਉਸ ਨੂੰ ਪੰਜਾਬ ਦੀ ਧਰਤੀ ਤੇ ਪੰਜਾਬੀ ਸਭਿਆਚਾਰ ਦੀ ਰੀਤ ਨਾਲ ਵੀ ਭਾਵੁਕਤਾ ਦੀ ਹੱਦ ਤੱਕ ਬਹੁਤ ਲਗਾਉ ਸੀ ਪਰ ਇਹ ਸਭ ਕੁਝ ਬਹੁਤ ਅਨੋਖੇ ਤੇ ਵਿਕੋਲਿਤਰੇ ਜਿਹੇ ਰੂਪ ਵਿੱਚ ਪ੍ਰਗਟ ਹੁੰਦਾ ਸੀ। ਵੈਸੇ ਆਪਣੇ ਪ੍ਰਤੱਖ ਵਿਹਾਰ ਵਿੱਚ ਉਹ ਅਜਿਹੀ ਕਿਸੇ ਵੀ ਚੀਜ਼ ਨਾਲ ਜੁੜਿਆ ਹੋਇਆ ਨਹੀਂ ਸੀ ਦਿਸਦਾ। ਰਵਾਇਤੀ ਸਮਾਜਿਕ ਪਰਿਵਾਰਕ ਰਿਸ਼ਤਿਆਂ ਵਿੱਚ ਬੱਝੇ ਰਹਿਣਾ ਜਿਵੇਂ ਉਸ ਦੇ ਵੱਸ ਦਾ ਰੋਗ ਨਹੀਂ ਸੀ। ਪਤਾ ਨਹੀਂ ਇਹ ਉਸ ਦੇ ਬਚਪਨ ਦੇ ਪਰਿਵਾਰਕ ਹਾਲਾਤ ਵਿੱਚੋਂ ਆਏ ਸੰਸਕਾਰਾਂ ਕਰਕੇ ਸੀ ਜਾਂ ਕਲਾਕਾਰ ਵਾਲੀ ਉਸ ਦੀ ਉਦਾਸੀਨ ਬਿਰਤੀ ਕਰਕੇ, ਉਹ ਰਸਮੀ ਪਰਿਵਾਰ ਵਿੱਚ ਕਦੇ ਵੀ ਬੱਝਿਆ ਨਹੀਂ ਸੀ ਰਿਹਾ। ਆਪਣੀਆਂ ਕਲਾਤਮਕ ਰੀਝਾਂ ਨੂੰ ਸਾਕਾਰ ਕਰਨ ਦਾ ਮੌਕਾ ਹਾਸਲ ਕਰਨ ਦੇ ਨਾਲ ਨਾਲ ਸਵਿਟਰਜ਼ਲੈਂਡ ਪਰਵਾਸ ਉਸ ਦੇ ਇਸ ਅਨੋਖੇ ਸੁਭਾਅ ਦਾ ਵੀ ਸਿੱਟਾ ਸੀ। ਪਹਿਲੀ ਨਜ਼ਰੇ ਉਸ ਦੀ ਵਿਦੇਸ਼ ਉਡਾਰੀ ਅਸਥਾਈ ਜਿਹਾ ਹੀ ਕਦਮ ਸੀ। ਜਾਪਦਾ ਸੀ ਜਿਵੇਂ ਥੋੜ੍ਹਾ ਸਮਾਂ ਬਾਹਰ ਘੁੰਮ ਫਿਰ ਕੇ ਉਸ ਦੀ ਬੇਚੈਨੀ ਸ਼ਾਂਤ ਹੋ ਜਾਵੇਗੀ। ਪਰ ਅਜਿਹਾ ਨਾ ਹੋਣਾ ਸੀ ਤੇ ਨਾ ਹੋਇਆ। ਇੱਕ ਕਲਾਕਾਰ ਵਜੋਂ ਸਵਿਟਜ਼ਰਲੈਂਡ ਵਰਗਾ ਦੇਸ਼ ਉਸ ਨੂੰ ਸ਼ਰਨ ਦੇਣ ਲਈ ਤਿਆਰ ਸੀ। ਸਵਿਟਜ਼ਲੈਂਡ ਨਿਵਾਸ ਨਾਲ ਯੂਰੋਪ ਵਿੱਚ ਅਤੇ ਇਸ ਤੋਂ ਵੀ ਅਗਾਂਹ ਆਪਣੀ ਕਲਾ ਦੀ ਪਛਾਣ ਕਰਵਾ ਸਕਣ ਦੇ ਕਿੰਨੇ ਹੀ ਦਰ ਉਸ ਅੱਗੇ ਖੁੱਲ੍ਹਦੇ ਸਨ। ਇਸ ਲਈ ਜੋਗਿੰਦਰ ਕੌਰ ਤੋਂ ਉਸ ਨੇ ਰਸਮੀ ਤੌਰ ’ਤੇ ਤਲਾਕ ਹਾਸਲ ਕਰ ਲਿਆ। ਉਨ੍ਹਾਂ ਦੇ ਆਪਸੀ ਸਮਝੌਤੇ ਮੁਤਾਬਿਕ ਇਸ ਕਾਰਵਾਈ ਨੂੰ ਨੇਪਰੇ ਚਾੜ੍ਹਨ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਇਸ ਪਿੱਛੋਂ ਦੇਵ ਦਾ ਜੋਗਿੰਦਰ ਕੌਰ ਨਾਲ ਤਾਂ ਸੰਪਰਕ ਲਗਪਗ ਖ਼ਤਮ ਹੋ ਗਿਆ, ਪਰ ਪੁੱਤਰ ਮੋਹ ਵਿੱਚ ਸਿਧਾਰਥ ਨਾਲ ਕਦੇ ਕਦਾਈਂ ਮਿਲਾਪ ਹੋ ਜਾਂਦਾ ਸੀ।
ਸਵਿਟਜ਼ਰਲੈਂਡ ਰਹਿੰਦਿਆਂ ਚਿੱਤਰਕਾਰ ਵਜੋਂ ਦੇਵ ਨੂੰ ਸੱਚਮੁੱਚ ਬਹੁਤ ਵੱਡੀ ਪਛਾਣ ਮਿਲੀ। ਯੂਰੋਪ ਦੇ ਵੱਖ ਵੱਖ ਸ਼ਹਿਰਾਂ ਵਿੱਚ ਉਸ ਦੀਆਂ ਕਲਾ ਕਿਰਤਾਂ ਦੀਆਂ ਸਮੇਂ ਸਮੇਂ ਪ੍ਰਦਰਸ਼ਨੀਆਂ ਲੱਗਦੀਆਂ ਰਹਿੰਦੀਆਂ ਸਨ ਅਤੇ ਬਹੁਤ ਚੰਗੇ ਮੁੱਲ ’ਤੇ ਉਸ ਦੇ ਚਿੱਤਰ ਖਰੀਦੇ ਵੀ ਜਾਂਦੇ ਸਨ। ਵਿਅਕਤੀਗਤ ਖਰੀਦਾਰਾਂ ਵੱਲੋਂ ਵੀ, ਸੰਸਥਾਵਾਂ ਤੇ ਵਪਾਰਕ ਅਦਾਰਿਆਂ ਵੱਲੋਂ ਵੀ। ਸਵਿੱਸ ਸਰਕਾਰ ਨੇ ਉਸ ਨੂੰ ਕਲਾਕਾਰ ਵਜੋਂ ਮਾਨਤਾ ਦਿੱਤੀ ਹੋਈ ਸੀ, ਜਿਸ ਤਹਿਤ ਉਸ ਲਈ ਬਹੁਤ ਸਾਰੀਆਂ ਸਹੂਲਤਾਂ ਉੁਪਲਬਧ ਸਨ। ਪਹਿਲਾਂ ਉਹ ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ ਦੀ ਧੁੰਨੀ ਵਿੱਚ ਰਿਹਾ। ਇੱਥੇ ਉਸ ਦੀ ਰਿਹਾਇਸ਼ ਤੇ ਉਸ ਦਾ ਸਟੂਡੀਓ ਵੱਖ ਵੱਖ ਥਾਵਾਂ ਉੱਤੇ ਸਨ। ਮਗਰੋਂ ਉਸ ਨੇ ਬਰਨ ਤੋਂ ਥੋੜ੍ਹੀ ਦੂਰੀ ’ਤੇ ਕੁਦਰਤ ਦੀ ਗੋਦ ’ਚ ਵਸੇ ਪਿੰਡ ਰੁਬੀਗਨ, ਜੋ ਰੇਲ ਰਾਹੀਂ ਬਰਨ ਸਮੇਤ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਸੀ, ’ਚ ਡੇਰਾ ਕਰ ਲਿਆ। ਰੁਬੀਗਨ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਇਕੱਲੇ ਖਲੋਤੇ ਖੁੱਲ੍ਹੇ ਡੁਲ੍ਹੇ ਦੋ-ਮੰਜ਼ਿਲੇ ਮਕਾਨ ’ਚ ਉਸ ਦੀ ਰਿਹਾਇਸ਼ ਤੇ ਸਟੂਡੀਓ ਮੌਜੂਦ ਸਨ। ਏਥੇ ਜ਼ਿਆਦਾ ਸਮਾਂ ਤਾਂ ਉਹ ਪੇਂਟਿੰਗਜ਼ ਬਣਾਉਣ ਦੇ ਕੰਮ ਵਿੱਚ ਬਿਤਾਉਂਦਾ ਸੀ ਤੇ ਪੇਂਟਿੰਗਜ਼ ਤੋਂ ਵਿਹਲ ਮਿਲਣ ’ਤੇ ਕਵਿਤਾ ਦੇ ਸੰਗ ਸਾਥ ਵਿੱਚ ਜੁੜ ਜਾਂਦਾ ਸੀ। ਕੁਝ ਸਮੇਂ ਲਈ ਉਸ ਨੇ ਸਵਿਟਜ਼ਲੈਂਡ ਤੋਂ ਅਗਾਂਹ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਵੀ ਆਪਣਾ ਇੱਕ ਹੋਰ ਸਟੂਡੀਓ ਬਣਾਈ ਰੱਖਿਆ।
ਕਈ ਗੈਲਰੀਆਂ ਵਾਲਿਆਂ ਵਪਾਰਕ ਪੱਧਰ ’ਤੇ ਉਸ ਦੇ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ ਲਾਉਣ ਲਈ ਉਸ ਨਾਲ ਕਾਂਟਰੈਕਟ ਕਰ ਰੱਖਿਆ ਸੀ। ਚਿੱਤਰਾਂ ਦੀ ਖਰੀਦ ਤੋਂ ਦੇਵ ਨੂੰ ਚੰਗੀ ਚੋਖੀ ਆਮਦਨ ਹੁੰਦੀ ਸੀ, ਜਿਸ ਨੂੰ ਅਕਸਰ ਉਹ ਅਗਾਂਹ ਨਾਮਵਰ ਕਲਾਕਾਰਾਂ ਦੇ ਮਹਿੰਗੇ ਚਿੱਤਰ ਖਰੀਦਣ ਉੱਤੇ ਖਰਚ ਕਰਦਾ ਸੀ। ਉਸ ਕੋਲ਼ ਅਜਿਹੀਆਂ ਮਹਿੰਗੀਆਂ ਕਲਾ ਕਿਰਤਾਂ ਦਾ ਭੰਡਾਰ ਮੌਜੂਦ ਸੀ ਤੇ ਇਹੀ ਉਸ ਦੀ ਵੱਡੀ ਪੂੰਜੀ ਸੀ।
ਕਲਾਕਾਰ ਵਜੋਂ ਸਵਿਟਜ਼ਰਲੈਂਡ ਵਿੱਚ ਆਪਣੀ ਰਿਹਾਇਸ਼ ਉੱਤੇ ਦੇਵ ਨੂੰ ਪੂਰੀ ਤਸੱਲੀ ਸੀ। ਯੂਰੋਪੀਅਨ ਕਲਾਕਾਰ ਦੋਸਤਾਂ ਨਾਲ ਉਸ ਦਾ ਮਿਲ ਬੈਠਣ ਬਣਿਆ ਰਹਿੰਦਾ ਸੀ। ਕੋਈ ਨਾ ਕੋਈ ਸਹੇਲੀ ਵੀ ਅਕਸਰ ਉਸ ਦਾ ਸਾਥ ਦੇਣ ਲਈ ਮੌਜੂਦ ਹੁੰਦੀ ਸੀ। ਵਰ੍ਹੇ ਛਿਮਾਹੀ ਕਦੇ ਕਦਾਈਂ ਜੇ ਕੋਈ ਦੇਸੀ ਕਲਾਕਾਰ ਜਾਂ ਲੇਖਕ ਦੋਸਤ ਉਸ ਕੋਲ਼ ਆ ਜਾਵੇ ਤਾਂ ਆਪਣੇ ਮਹਿਮਾਨ ਦੇ ਮਾਣ ਵਿੱਚ ਅਤੇ ਗੱਲਬਾਤ ਕਰਨ ਲਈ ਦੇਵ ਆਪਣੇ ਗੋਰੇ ਦੋਸਤਾਂ ਨੂੰ ਵੀ ਬੁਲਾ ਲੈਂਦਾ ਸੀ ਪਰ ਇਹ ਸਾਰਾ ਕੁਝ ਨਿੱਤ ਦਿਹਾੜੀ ਤਾਂ ਹੋ ਨਹੀਂ ਸੀ ਸਕਦਾ। ਇਸ ਲਈ ਬਹੁਤਾ ਸਮਾਂ ਉਹ ਇਕੱਲ ਵਿੱਚ ਗੁਜ਼ਾਰਦਾ ਸੀ। ਅਜਿਹੇ ਇਕੱਲ ਦੇ ਸਮੇਂ ਪੰਜਾਬ ਉਸ ਦੇ ਅੰਗ ਸੰਗ ਹੁੰਦਾ ਸੀ; ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਇਤਿਹਾਸ ਦੀਆਂ ਆਪਣੀਆਂ ਸਾਰੀਆਂ ਪਛਾਣਾਂ ਸਮੇਤ। ‘ਜਗਰਾਵਾਂ ਠੰਢੀਆਂ ਛਾਵਾਂ’ ਵਾਲਾ ਦੇਬੀ ਉਦੋਂ ਪੂਰੀ ਮਾਸੂਮੀਅਤ ਤੇ ਵੈਰਾਗ ਦਾ ਨਮੂਨਾ ਬਣਿਆ ਹੁੰਦਾ ਸੀ। ਏਸੇ ਅਵਸਥਾ ’ਚੋਂ ਉਗਮੀ ਉਸ ਦੀ ਪੰਜਾਬੀ ਵਿੱਚ ਲਿਖੀ ਕਵਿਤਾ ਥੋੜ੍ਹੇ ਥੋੜ੍ਹੇ ਸਾਲਾਂ ਦੇ ਵਕਫ਼ੇ ਨਾਲ ਛਾਪੇ ਚੜ੍ਹਦੀ ਰਹਿੰਦੀ।
ਆਪਣੇ ਦੇਸ ਜਾਂ ਵਤਨ ਦਾ ਉਸ ਦਾ ਸੰਕਲਪ ਯਕੀਨਨ ਰਵਾਇਤੀ ਧਾਰਨਾਵਾਂ ਨਾਲ ਮੇਲ ਨਹੀਂ ਸੀ ਖਾਂਦਾ। ਕਿਸੇ ਦੇਸ਼ ਦਾ ਨਾਗਰਿਕ ਹੋਣ ਨਾਲੋਂ ਖਾਨਾਬਦੋਸ਼ੀ ਵਾਲੀ ਬਿਰਤੀ ਉਸ ਨੂੰ ਵਧੇਰੇ ਆਪਣੇ ਵੱਲ ਖਿੱਚਦੀ ਸੀ। ਇਸ ਸਭ ਕੁਝ ਦੇ ਬਾਵਜੂਦ ਪੰਜਾਬ ਦੀ ਧਰਤੀ ਨਾਲ ਉਸ ਦਾ ਮੋਹ ਅਨੇਕਾਂ ਰੂਪਾਂ ਵਿੱਚ ਪ੍ਰਗਟ ਹੁੰਦਾ ਸੀ। ਸਵਿਟਜ਼ਰਲੈਂਡ ਵਿੱਚ ਰਹਿੰਦਿਆਂ ਉਸ ਨੂੰ ਵੱਡਾ ਝੋਰਾ ਇਹ ਰਹਿੰਦਾ ਸੀ ਕਿ ਉਸ ਨਾਲ ਪੰਜਾਬੀ ਵਿੱਚ ਗੱਲ ਕਰਨ ਵਾਲਾ ਉੱਥੇ ਕੋਈ ਮੌਜੂਦ ਨਹੀਂ। ਉਹ ਅਕਸਰ ਹੀ ਕਹਿੰਦਾ ਹੁੰਦਾ ਸੀ ਕਿ ਮਹੀਨਿਆਂਬੱਧੀ ਉਹ ਕਿਸੇ ਨਾਲ ਪੰਜਾਬੀ ਵਿੱਚ ਗੱਲ ਕਰਨ ਲਈ ਤਰਸਿਆ ਰਹਿੰਦਾ ਹੈ। ਸਾਲ ਨਹੀਂ ਤਾਂ ਦੋ ਕੁ ਸਾਲ ਮਗਰੋਂ ਭਾਰਤ ਤੇ ਪੰਜਾਬ ਦੀਆਂ ਆਪਣੀਆਂ ਫੇਰੀਆਂ ਵਿੱਚ ਉਹ ਆਪਣੀ ਕਲਾਕਾਰ ਵਾਲੀ ਹੋਂਦ ਨੂੰ ਤਾਂ ਲਗਪਗ ਸਵਿਟਜ਼ਰਲੈਂਡ ਹੀ ਛੱਡ ਆਉਂਦਾ ਸੀ। ਪੰਜਾਬ ਤੇ ਦਿੱਲੀ ਵਿੱਚ ਉਹ ਸਿਰਫ਼ ਆਪਣੇ ਕਵੀ ਆਪੇ ਨੂੰ ਲੈ ਕੇ ਹਾਜ਼ਰ ਹੁੰਦਾ ਸੀ ਅਤੇ ਪੰਜਾਬੀ ਵਿੱਚ ਗੱਲਬਾਤ ਕਰ ਸਕਣ ਦੀ ਆਪਣੀ ਭੁੱਖ ਤ੍ਰਿਪਤ ਕਰਕੇ ਵਾਪਸ ਪਰਤਦਾ ਸੀ।
ਕਵੀਆਂ ਤੇ ਕਲਾਕਾਰਾਂ ਬਾਰੇ ਆਮ ਪ੍ਰਭਾਵ ਇਹ ਹੈ ਕਿ ਉਹ ਬੇਪਰਵਾਹ ਜਿਹੇ ਕਿਸਮ ਦੇ ਵਿਅਕਤੀ ਹੁੰਦੇ ਹਨ, ਜਿਨ੍ਹਾਂ ਨੂੰ ਆਪਣੇ ਆਪੇ, ਆਪਣੇ ਆਲ਼ੇ-ਦੁਆਲ਼ੇ, ਸਾਫ਼-ਸਫ਼ਾਈ, ਪਹਿਨਣ ਪਚਰਨ ਆਦਿ ਦਾ ਕੋਈ ਬਹੁਤਾ ਖ਼ਿਆਲ ਨਹੀਂ ਹੁੰਦਾ। ਦਾਰੂ ਪੀਣ, ਸਿਗਰਟਾਂ ਫੂਕਣ ਅਤੇ ਹੋਰ ਅਜਿਹੀਆਂ ਇੱਲਤਾਂ ਵੀ ਉਨ੍ਹਾਂ ਨਾਲ ਜੁੜੀਆਂ ਰਹਿੰਦੀਆਂ ਹਨ। ਇਸ ਮਾਮਲੇ ਵਿੱਚ ਦੇਵ ਬਿਲਕੁਲ ਉਲਟ ਸੀ। ਪੂਰਾ ਪਰਹੇਜ਼ਗਾਰ ਤਾਂ ਭਾਵੇਂ ਉਹ ਨਾ ਰਿਹਾ ਹੋਵੇ, ਪਰ ਕਿਸੇ ਇੱਲਤ ਜਾਂ ਐਬ ਨਾਲ ਉਸ ਦਾ ਕੋਈ ਵਾਹ ਵਾਸਤਾ ਨਹੀਂ ਸੀ। ਸੁਹਜ ਨੂੰ ਪਰਨਾਇਆ ਹੋਇਆ, ਭਾਵੇਂ ਨਿਵੇਕਲੀ ਤਰ੍ਹਾਂ ਦੀ ਹੀ, ਉਹ ਸਾਵੀਂ ਪੱਧਰੀ ਜ਼ਿੰਦਗੀ ਜਿਊਣ ਦਾ ਆਸ਼ਕ ਸੀ। ਸਵਿਟਜ਼ਰਲੈਂਡ ਵਿੱਚ ਉਸ ਦੇ ਘਰ ਤੇ ਸਟੂਡੀਓ ਵਿੱਚ ਵੀ ਅੰਤਾਂ ਦੀ ਸਫ਼ਾਈ ਹੁੰਦੀ ਸੀ ਅਤੇ ਹਰ ਚੀਜ਼ ਆਪਣੀ ਥਾਂ ਬਹੁਤ ਕਰੀਨੇ ਨਾਲ ਸਜੀ ਮਿਲਦੀ ਸੀ। ਇਕੱਲਾ ਰਹਿਣ ਕਰਕੇ ਰਸੋਈ ਦਾ ਸਾਰਾ ਕੰਮ ਉਸ ਨੇ ਖ਼ੁਦ ਕਰਨਾ ਹੁੰਦਾ ਸੀ ਤੇ ਜਿਸ ਸੁਚੱਜ ਨਾਲ ਉਹ ਭੋਜਨ ਤਿਆਰ ਕਰਦਾ, ਪਰੋਸਦਾ ਤੇ ਬਰਤਨ ਸੰਭਾਲਦਾ ਸੀ, ਉਸ ਦਾ ਮੁਕਾਬਲਾ ਕੋਈ ਚੰਗੀ ਤੋਂ ਚੰਗੀ ਘਰ ਸੁਆਣੀ ਵੀ ਨਹੀਂ ਕਰ ਸਕਦੀ। ਬਹੁਤ ਸਾਰੇ ਹੋਰ ਕਲਾਕਾਰਾਂ ਵਾਂਗ ਉਹ ਅਕਸਰ ਕਾਲੇ ਤੇ ਲਾਲ ਗੂੜ੍ਹੇ ਰੰਗ ਦੇ ਬਸਤਰ ਤਾਂ ਪਹਿਨਦਾ ਸੀ ਪਰ ਅਸਾਧਾਰਨ ਦਿਸਣ ਦੀ ਉਸ ਦੀ ਕੋਈ ਕੋਸ਼ਿਸ਼ ਨਹੀਂ ਸੀ ਹੁੰਦੀ।
ਇੱਕ ਵਾਰੀ ਦੇਵ ਦੇਸ ਆਇਆ ਚੰਡੀਗੜ੍ਹ ਸਾਡੇ ਕੋਲ ਠਹਿਰਿਆ ਹੋਇਆ ਸੀ। ਉਸ ਦੀ ਇੱਕ ਸਮਕਾਲੀ ਕਵਿੱਤਰੀ ਨੇ ਚਾਹ ’ਤੇ ਉਸ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ। ਕਵਿੱਤਰੀ ਦੇ ਕਾਫ਼ੀ ਇਸਰਾਰ ਕਰਨ ਤੋਂ ਪਿੱਛੋਂ ਉਹ ਉਸ ਦੇ ਨਾਲ ਚਲਿਆ ਗਿਆ। ਉਹ ਕਵਿੱਤਰੀ ਦੇਵ ਵੱਲ ਦੋਸਤੀ ਦਾ ਹੱਥ ਵੀ ਵਧਾ ਰਹੀ ਸੀ। ਕਵਿੱਤਰੀ ਦੇ ਘਰੋਂ ਮੁੜਨ ’ਤੇ ਦੇਵ ਨੇ ਕਿਹਾ ਕਿ ਉਸ ਕਵਿੱਤਰੀ ਨਾਲ ਦੋਸਤੀ ਤਾਂ ਕੀ, ਉਹ ਕਦੀ ਉਸ ਨੂੰ ਦੁਬਾਰਾ ਮਿਲਣਾ ਵੀ ਨਹੀਂ ਚਾਹੇਗਾ। ਕਾਰਨ ਸਿਰਫ਼ ਇਹ ਸੀ ਕਿ ਬਹੁਤ ਮਾਡਰਨ ਹੋਣ ਦਾ ਦਾਅਵਾ ਕਰਨ ਵਾਲੀ ਉਸ ਕਵਿੱਤਰੀ ਨੇ ਆਪਣਾ ਘਰ ਬਹੁਤ ਗੰਦਾ ਤੇ ਬੇਤਰਤੀਬਾ ਰੱਖਿਆ ਹੋਇਆ ਸੀ। ਉਸ ਵਿੱਚ ਸਲੀਕੇ ਵਾਲੀ ਕੋਈ ਗੱਲ ਨਹੀਂ ਸੀ ਅਤੇ ਦੇਵ ਲਈ ਤਾਂ ਉੱਥੇ ਚਾਹ ਪੀਣੀ ਵੀ ਮੁਸ਼ਕਲ ਹੋ ਗਈ ਸੀ।
ਦੇਸ ਵਿੱਚ ਤਾਂ ਖ਼ੈਰ ਸਾਡੀ ਮੁਲਾਕਾਤ ਹੁੰਦੀ ਹੀ ਰਹਿੰਦੀ ਸੀ, ਸਵਿਟਜ਼ਰਲੈਂਡ ਦੇਵ ਕੋਲ਼ ਮੇਰਾ ਦੋ ਵਾਰ ਜਾਣਾ ਹੋਇਆ, ਇੱਕ ਵਾਰ ਇਕੱਲਿਆਂ ਤੇ ਦੂਜੀ ਵਾਰ ਸੁਲੇਖਾ ਦੇ ਨਾਲ। ਉਦੋਂ ਦੇਵ ਦੇ ਘਰ ਨੂੰ ਵੇਖਣ ਦਾ ਮੌਕਾ ਮਿਲਿਆ। ਘਰ ਦੇ ਅੰਦਰਲਾ ਬਿਲਕੁਲ ਐਨ ਉਵੇਂ ਦਾ ਦ੍ਰਿਸ਼, ਜਿਵੇਂ ਉਪਰ ਦੱਸਿਆ ਗਿਆ ਹੈ। ਡੁੱਲ੍ਹ ਡੁੱਲ੍ਹ ਪੈਂਦੇ ਪਿਆਰ ਵਾਲੀ ਦੇਵ ਦੀ ਮਹਿਮਾਨ ਨਿਵਾਜ਼ੀ ਵੀ ਆਪਣਾ ਜਲੌਅ ਦਿਖਾ ਰਹੀ ਸੀ। ਸਾਡੀ ਇਟਲੀ ਦੇ ਨਹਿਰਾਂ ਵਾਲੀਆਂ ਗਲ਼ੀਆਂ ਦੇ ਸੱਭਿਆਚਾਰ ਮਹੱਤਤਾ ਵਾਲੇ ਸ਼ਹਿਰ ਵੀਨਸ ਨੂੰ ਵੇਖਣ ਦੀ ਇੱਛਾ ਸੀ। ਦੇਵ ਨੇ ਕਿਹਾ ਕਿ ਉਹ ਤਾਂ ਨਹੀਂ ਜਾ ਸਕਦਾ। ਉਸ ਦਾ ਤਰਕ ਸੀ ਕਿ ਉੱਥੇ ਚਿੱਤਰਕਲਾ ਤੇ ਬੁੱਤ ਕਲਾ ਦਾ ਏਨਾ ਵੱਡਾ ਭੰਡਾਰ ਹੈ ਕਿ ਉਹ ਤਾਂ ਉਸ ਸਭ ਕੁਝ ਵਿੱਚ ਗੁਆਚ ਜਾਵੇਗਾ ਤੇ ਉੱਥੋਂ ਵਾਪਸ ਪਰਤ ਹੀ ਨਹੀਂ ਸਕੇਗਾ! ਉਸ ਨੇ ਬ੍ਰਾਜ਼ੀਲ ਮੂਲ ਦੀ ਆਪਣੀ ਸਹੇਲੀ ਕ੍ਰਿਸਟੀਨਾ ਨੂੰ ਚੰਗੇ ਪੈਸੇ ਦੇ ਕੇ ਸਾਥ ਤੇ ਅਗਵਾਈ ਲਈ ਸਾਡੇ ਨਾਲ ਤੋਰਿਆ। ਦੇਵ ਵੱਲੋਂ ਦਿੱਤੇ ਹੋਏ ਪੈਸਿਆਂ ਨਾਲ ਸਾਰਾ ਖਰਚਾ ਕ੍ਰਿਸਟੀਨਾ ਕਰ ਰਹੀ ਸੀ। ਸੰਕੋਚਵੱਸ ਬਹੁਤਾ ਖਰਚ ਕਰਨ ਤੋਂ ਜਦ ਅਸੀਂ ਕ੍ਰਿਸਟੀਨਾ ਨੂੰ ਹੋੜਿਆ ਤਾਂ ਕ੍ਰਿਸਟੀਨਾ ਦਾ ਉੱਤਰ ਸੀ, “ਦੇਵ ਨੇ ਕਿਹਾ ਹੈ ਕਿ ਸਾਰੇ ਪੈਸੇ ਖਰਚਣੇ ਹਨ, ਜੋ ਬਚਣ ਸਮੁੰਦਰ ਵਿੱਚ ਭਾਵੇਂ ਸੁੱਟ ਦੇਵੀਂ, ਵਾਪਸ ਕੁਝ ਨਹੀਂ ਲਿਆਉਣਾ।” ਦੇਵ ਦੀ ਮਿਹਰਬਾਨੀ ਨਾਲ ਸਾਡੀ ਇਹ ਯਾਤਰਾ ਬਹੁਤ ਯਾਦਗਾਰੀ ਰਹੀ। ਹੋਰ ਵੀ ਜੋ ਦੋਸਤ ਦੇਵ ਕੋਲ ਸਵਿਟਜ਼ਰਲੈਂਡ ਜਾਂਦੇ ਰਹੇ, ਉਸ ਦੀ ਮਹਿਮਾਨ ਨਿਵਾਜ਼ੀ ਦੇ ਨਾਲ ਰਹਿਣ ਸਹਿਣ ਵਿੱਚ ਉਸ ਦੀ ਸੁਚੱਜਤਾ ਦੀ ਗਵਾਹੀ ਵੀ ਦੇ ਸਕਦੇ ਹਨ। ਦੇਸ ਜਾਂ ਸਵਿਟਜ਼ਰਲੈਂਡ ਕਿਤੇ ਵੀ, ਮਿੱਤਰ ਪਿਆਰਿਆਂ ਤੋਂ ਵਿਛੜਨ ਲੱਗਿਆਂ ਦੇਵ ਏਨਾ ਭਾਵੁਕ ਹੋ ਜਾਂਦਾ ਸੀ ਕਿ ਡਬਡਬਾਉਂਦੀਆਂ ਅੱਖਾਂ ਨਾਲ ਚੁੱਪ ਹੋਇਆ, ਉਹ ਕੁਝ ਵੀ ਬੋਲ ਨਹੀਂ ਸੀ ਸਕਦਾ।
ਚੰਗੀਆਂ ਕਲਾ ਕਿਰਤਾਂ ਇਕੱਠੀਆਂ ਕਰਨ ਦੇ ਨਾਲ ਉਸ ਨੂੰ ਕਿਤਾਬਾਂ ਖਰੀਦਣ ਦਾ ਵੀ ਬਹੁਤ ਸ਼ੌਕ ਸੀ। ਵੱਖ ਵੱਖ ਵਿਸ਼ਿਆਂ ਦੀਆਂ ਕਿਤਾਬਾਂ ਦਾ ਉਸ ਕੋਲ ਬਹੁਤ ਵੱਡਾ ਭੰਡਾਰ ਮੌਜੂਦ ਸੀ। ਦੇਸ ਬਦੇਸ਼ ਵਿੱਚ ਕਿਸੇ ਦੇ ਘਰ ਵਿੱਚ ਪੁਸਤਕਾਂ ਦਾ ਏਨਾ ਵੱਡਾ ਭੰਡਾਰ ਮੈਂ ਕਿਧਰੇ ਨਹੀਂ ਵੇਖਿਆ। ਬਹੁਤ ਸਲੀਕੇ ਨਾਲ ਖੁੱਲ੍ਹੇ ਰੈਕਾਂ ਵਿੱਚ ਪਈਆਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਤਾਬਾਂ ਬਹੁਤ ਸੋਹਣੀ ਦਿੱਖ ਵਾਲੇ ਉਸ ਦੇ ਘਰ ਦੇ ਕੋਈ ਲਾਇਬਰੇਰੀ ਹੋਣ ਦਾ ਪ੍ਰਭਾਵ ਦਿੰਦੀਆਂ ਸਨ। ਇਹ ਕਿਤਾਬਾਂ ਸਿਰਫ਼ ਦੇਖਣ ਲਈ ਨਹੀਂ ਸਨ, ਦੇਵ ਨੇ ਇਨ੍ਹਾਂ ਨੂੰ ਪੜ੍ਹਿਆ ਹੋਇਆ ਵੀ ਸੀ।
ਸਾਹਿਤ ਤੇ ਕਲਾ ਦੇ ਖੇਤਰ ਵਿੱਚ ਬੁਲੰਦੀਆਂ ਛੂਹਣ ਵਾਲਾ ਬਹੁਤ ਗਿਆਨਵਾਨ ਮਨੁੱਖ ਵੀ ਕਿੰਨਾ ਜ਼ਿਆਦਾ ਭੋਲ਼ਾ ਹੋ ਸਕਦਾ ਹੈ, ਇਹ ਵੀ ਦੇਵ ਨੂੰ ਵੇਖਿਆਂ ਜਾਣਿਆਂ ਹੀ ਪਤਾ ਲੱਗਦਾ ਸੀ। ਉਹ ਦਿੱਖ ਵਜੋਂ ਹੀ ਭੋਲ਼ਾ ਤੇ ਮਾਸੂਮ ਜਿਹਾ ਪ੍ਰਤੀਤ ਨਹੀਂ ਸੀ ਹੁੰਦਾ, ਸੱਚਮੁੱਚ ਹੀ ਉਹ ਇੰਝ ਦਾ ਇਨਸਾਨ ਸੀ। ਇਸ ਮਾਮਲੇ ਵਿੱਚ ਜੇ ਕੋਈ ਸ਼ਖ਼ਸ ਮੈਨੂੰ ਉਸ ਵਰਗਾ ਨਜ਼ਰ ਆਉਂਦਾ ਹੈ ਤਾਂ ਉਹ ਹੈ ਜਾਣਿਆ ਪਛਾਣਿਆ ਨਿਰਦੇਸ਼ਕ ਤੇ ਲੇਖਕ ਦੂਰਦਰਸ਼ਨ ਵਾਲਾ ਹਰਜੀਤ। ਦੋਵੇਂ ਇੱਕੋ ਜਿਹੇ ਪ੍ਰਤਿਭਾਮਾਨ, ਸਾਊ, ਨਿਮਰ ਤੇ ਮਾਸੂਮ ਦਿੱਖ ਦੇ ਸੁਆਮੀ। ਦਿਲਚਸਪ ਗੱਲ ਹੈ ਕਿ ਦੋਹਾਂ ਦਾ ਹੀ ਜੱਦੀ ਪਿੰਡ ਵੀ ਇੱਕੋ ਸੀ ਅਤੇ ਦੋਹਾਂ ਦੇ ਵਡੇਰਿਆਂ ਦੇ ਘਰ ਵੀ ਜਗਰਾਵਾਂ ਵਿੱਚ ਸਨ, ਲਗਪਗ ਆਮਣੇ ਸਾਹਮਣੇ। ਇੱਕੋ ਉਮਰ ਦੇ ਹਰਜੀਤ ਤੇ ਦੇਵ ਬਚਪਨ ਦੇ ਆੜੀ ਵੀ ਸਨ। ਦੇਵ ਆਪਣੇ ਭੋਲ਼ੇਪਣ ਪਾਰੋਂ ਕਈ ਵਾਰ ਕਾਫ਼ੀ ਨੁਕਸਾਨ ਵੀ ਉਠਾ ਚੁੱਕਿਆ ਸੀ। ਇੱਕ ਵਾਰ ਇਉਂ ਉਹ ਅੰਤਰਰਾਸ਼ਟਰੀ ਪੱਧਰ ’ਤੇ ਹੁੰਦੇ ਵਿੱਤੀ ਫਰਾਡ ਦਾ ਸ਼ਿਕਾਰ ਵੀ ਹੋਇਆ। ਉਸਨੇ ਖ਼ੁਸ਼ੀ ਖ਼ੁਸ਼ੀ ਮੈਨੂੰ ਕਰੋੜਾਂ ਡਾਲਰਾਂ ਦੀ ਉਸ ਦੀ ‘ਲਾਟਰੀ’ ਨਿਕਲਣ ਦੀ ਖ਼ਬਰ ਦਿੱਤੀ। ਮੈਂ ਅਜਿਹੀ ‘ਖੁਸ਼ਖਬਰੀ’ ਦੇ ਫਰਾਡ ਹੋਣ ਦੀ ਸੰਭਾਵਨਾ ਬਾਰੇ ਉਸ ਨੂੰ ਖਬਰਦਾਰ ਵੀ ਕੀਤਾ। ਪਰ ਉਸ ਨੂੰ ਮੇਰੀ ਗੱਲ ’ਤੇ ਉਦੋਂ ਤੱਕ ਯਕੀਨ ਨਾ ਆਇਆ ਜਦੋਂ ਤਕ ਫਰਾਡੀਆਂ ਨੇ ਛੜਯੰਤਰ ਨਾਲ ਉਸ ਤੋਂ ਲੱਖਾਂ ਡਾਲਰ ਲੁੱਟ ਨਾ ਲਏ।
ਸਮਾਜਿਕ ਰਿਸ਼ਤਿਆਂ ਦੀ ਪਾਲਣਾ ਤੋਂ ਦੇਵ ਹਮੇਸ਼ਾ ਇਨਕਾਰੀ ਰਿਹਾ ਸੀ। ਏਥੋਂ ਤਕ ਕਿ ਉਹ ਆਪਣੇ ਪੁੱਤਰ ਦੀ ਸ਼ਾਦੀ ਵਿੱਚ ਵੀ ਸ਼ਾਮਲ ਨਹੀਂ ਸੀ ਹੋਇਆ। ਤੇ ਜਦੋਂ ਜੋਗਿੰਦਰ ਕੌਰ ਦਾ ਦੇਹਾਂਤ ਹੋਇਆ, ਉਦੋਂ ਵੀ ਉਸ ਨੇ ਪੰਜਾਬ ਪਰਤਣ ਦੀ ਲੋੜ ਨਾ ਸਮਝੀ। ਕ੍ਰਿਸਟੀਨਾ ਨਾਲ ਵੀ ਉਹ ਤੋੜ ਨਿਭਾਅ ਨਾ ਸਕਿਆ। ਕ੍ਰਿਸਟੀਨਾ ਉਸ ਨਾਲ ਵਿਧੀਵਤ ਰੂਪ ਵਿੱਚ ਵਿਆਹੁਤਾ ਸੰਬੰਧ ਬਣਾ ਕੇ ਰਹਿਣ ਚਾਹੁੰਦੀ ਸੀ, ਜਿਸ ਪਾਸੇ ਤੁਰਨਾ ਦੇਵ ਲਈ ਸੰਭਵ ਨਹੀਂ ਸੀ। ਬਹੁਤ ਮੋਹਵੰਤਾ ਹੋਣ ਦੇ ਬਾਵਜੂਦ ਉਹ ਆਪਣੇ ਲਈ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਇਕੱਲਤਾ ਵਾਲੀ ਜ਼ਿੰਦਗੀ ਲੋੜਦਾ ਸੀ।
ਐਪਰ ਉਮਰ ਦੇ ਅੱਠਵੇਂ ਦਹਾਕੇ ਦੇ ਅਖੀਰ ’ਤੇ ਪੁੱਜ ਕੇ ਆਪਣੀ ਵਿਹਾਜੀ ਇਕੱਲਤਾ ਦੀ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਸੰਤਾਪ ਦਾ ਉਸ ਨੂੰ ਅਹਿਸਾਸ ਹੋਣ ਲੱਗਾ ਸੀ। ਪਿਛਲੇ ਕਈ ਵਰ੍ਹਿਆਂ ਤੋਂ ਭਾਪਾ ਪ੍ਰੀਤਮ ਸਿੰਘ ਵੱਲੋਂ ਸ਼ੁਰੂ ਕੀਤੀ ਅਤੇ ਮਗਰੋਂ ਉਨ੍ਹਾਂ ਦੀ ਬੇਟੀ ਡਾ. ਰੇਣੁਕਾ ਸਿੰਘ ਵੱਲੋਂ ਜਾਰੀ ਰੱਖੀ, ਨਵਯੁਗ ਫਾਰਮ ਮਹਿਰੌਲੀ ਉੱਤੇ ਹੋਣ ਵਾਲੀ ਸਾਲਾਨਾ ‘ਧੁੱਪ ਦੀ ਮਹਿਫਲ’ ਵਿੱਚ ਸ਼ਿਰਕਤ ਕਰਨ ਜਾਂ ਕਿਸੇ ਹੋਰ ਸਬੱਬ ਪੰਜ ਛੇ ਹਫ਼ਤਿਆਂ ਲਈ ਦਿੱਲੀ ਆਇਆ ਦੇਵ ਕੁਝ ਦਿਨ ਮੇਰੇ ਕੋਲ਼ ਚੰਡੀਗੜ੍ਹ ਜ਼ਰੂਰ ਠਹਿਰਦਾ ਸੀ। ਦੋ ਕੁ ਸਾਲਾਂ ਤੋਂ ਇਨ੍ਹਾਂ ਮਿਲਣੀਆਂ ਦੌਰਾਨ ਅਤੇ ਫੋਨ ਉੱਤੇ ਗੱਲਬਾਤ ਰਾਹੀਂ ਉਹ ਆਪਣੀ ਇਕੱਲਤਾ ਤੇ ਉਦਾਸੀ ਦਾ ਜ਼ਿਕਰ ਕਰਦਾ ਸੀ, ਜਿਹੋ ਜਿਹੀ ਗੱਲ ਪਹਿਲਾਂ ਉਸ ਨੇ ਕਦੇ ਨਹੀਂ ਸੀ ਕੀਤੀ। ਡਾ. ਰੇਣੁਕਾ ਸਿੰਘ ਤੇ ਡਾ. ਸਾਧੂ ਸਿੰਘ ਵਰਗੇ ਉੁਸ ਦੇ ਹੋਰ ਨਿਕਟਵਰਤੀ ਵੀ ਦੇਵ ਦੀ ਇਸ ਮਾਨਸਿਕ ਹਾਲਤ ਤੋਂ ਜਾਣੂੰ ਤੇ ਚਿੰਤਤ ਸਨ। ... ਅਤੇ ਫਿਰ ਅਚਾਨਕ ਉਸ ਦੇ ਤੁਰ ਜਾਣ ਦੀ ਇਹ ਦੁਖਦ ਖ਼ਬਰ ਆ ਗਈ।
ਦੇਵ ਆਪਣੇ ਪਿੱਛੇ ਸੈਂਕੜੇ ਕਲਾ ਕਿਰਤਾਂ ਅਤੇ ਅੱਧੀ ਦਰਜਨ ਤੋਂ ਵੱਧ ਕਾਵਿ ਪੁਸਤਕਾਂ ਦੇ ਰੂਪ ਵਿੱਚ ਭਰਪੂਰ ਵਿਰਾਸਤ ਛੱਡ ਗਿਆ ਹੈ। ਦੋਹਾਂ ਖੇਤਰਾਂ ਵਿੱਚ ਵੱਡੇ ਇਨਾਮਾਂ ਨਾਲ ਉਸ ਦੀ ਦੇਣ ਨੂੰ ਪਛਾਣਿਆ ਤੇ ਸਨਮਾਨਿਆ ਗਿਆ ਹੈ। ਵਿਅਕਤੀ ਵਜੋਂ ਉਸਨੂੰ ਚਾਹੁਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ। ਆਪਣੀਆਂ ਸ਼ਰਤਾਂ ਉੱਤੇ ਜੀਣ ਥੀਣ ਵਾਲੇ ਇਸ ਅਸਾਧਾਰਨ ਮਨੁੱਖ ਦੀ ਯਾਦ ਨੂੰ ਸਦ ਨਮਸਕਾਰ।
