DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੱਕ ਦਰਵੇਸ਼ ਕਵੀ ਨੂੰ ਯਾਦ ਕਰਦਿਆਂ...

  ਤ੍ਰੈਲੋਚਨ ਲੋਚੀ ਖੰਜਰ ਜੋ ਆਖਦਾ ਸੀ, ਡੁੱਬਣਾ ਲਹੂ ’ਚ ਤੇਰੇ। ਖ਼ਬਰੇ! ਕਿਉਂ ਡਿੱਗ ਪਿਆ ਹੈ, ਪੈਰਾਂ ’ਚ ਆਣ ਮੇਰੇ। ਏਨੀਆਂ ਖ਼ੂਬਸੂਰਤ ਸਤਰਾਂ ਦੇ ਸਿਰਜਕ ਫ਼ਤਹਿਜੀਤ ਹੁਰੀਂ ਇੱਕ ਅਜਿਹੇ ਇਨਸਾਨ ਸਨ, ਜੋ ਸਰੀਰਕ ਤੌਰ ’ਤੇ ਭਾਵੇਂ ਸਾਡੇ ਤੋਂ ਜ਼ਰੂਰ ਵਿਦਾ...
  • fb
  • twitter
  • whatsapp
  • whatsapp
featured-img featured-img
ਫ਼ਤਹਿਜੀਤ
Advertisement

ਤ੍ਰੈਲੋਚਨ ਲੋਚੀ

Advertisement

ਖੰਜਰ ਜੋ ਆਖਦਾ ਸੀ,

ਡੁੱਬਣਾ ਲਹੂ ’ਚ ਤੇਰੇ।

ਖ਼ਬਰੇ! ਕਿਉਂ ਡਿੱਗ ਪਿਆ ਹੈ,

ਪੈਰਾਂ ’ਚ ਆਣ ਮੇਰੇ।

ਏਨੀਆਂ ਖ਼ੂਬਸੂਰਤ ਸਤਰਾਂ ਦੇ ਸਿਰਜਕ ਫ਼ਤਹਿਜੀਤ ਹੁਰੀਂ ਇੱਕ ਅਜਿਹੇ ਇਨਸਾਨ ਸਨ, ਜੋ ਸਰੀਰਕ ਤੌਰ ’ਤੇ ਭਾਵੇਂ ਸਾਡੇ ਤੋਂ ਜ਼ਰੂਰ ਵਿਦਾ ਹੋ ਗਏ ਨੇ ਪਰ ਉਹ ਕਿਤੇ ਨਹੀਂ ਗਏ... ਹਮੇਸ਼ਾ ਸਾਡੇ ਚੇਤਿਆਂ ਵਿੱਚ, ਸਾਡੀਆਂ ਸਿਮਰਤੀਆਂ ਵਿੱਚ ਤੇ ਸਾਡੀਆਂ ਯਾਦਾਂ ਵਿੱਚ ਹਾਜ਼ਰ ਰਹਿਣਗੇ। ਧਰਤੀ ’ਤੇ ਬਹੁਤ ਘੱਟ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੇ ਤੁਰ ਜਾਣ ਤੋਂ ਬਾਅਦ ਵੀ ਲੋਕਾਂ ਦੇ ਮਨਾਂ ਵਿੱਚ ਜਿਉਂਦੇ ਜਾਗਦੇ ਰਹਿੰਦੇ ਹਨ ... ਕਦੇ ਵੀ ਮਨਫ਼ੀ ਨਹੀਂ ਹੁੰਦੇ।

ਜਦੋਂ ਫ਼ਤਹਿਜੀਤ ਹੋਰਾਂ ਦੇ ਤੁਰ ਜਾਣ ਦੀ ਖ਼ਬਰ ਮੈਨੂੰ ਮਿਲੀ ਸੀ ਤਾਂ ਉਦੋਂ ਮੈਂ ਕਿਸੇ ਸਮਾਗਮ ਦੇ ਸਿਲਸਿਲੇ ਵਿੱਚ ਸਹਾਰਨਪੁਰ ਸਾਂ। ਇਸ ਖ਼ਬਰ ਨੇ ਮੈਨੂੰ ਸੁੰਨ ਕਰ ਦਿੱਤਾ। ਉਸ ਵੇਲੇ ਮੈਂ ਬਹੁਤ ਹੀ ਉਦਾਸ ਸਾਂ ਤੇ ਹੁਣ ਇਹ ਸਤਰਾਂ ਲਿਖਦਿਆਂ ਵੀ ਮੇਰੀਆਂ ਅੱਖਾਂ ਵਿੱਚ ਨਮੀ ਹੈ। ਉਨ੍ਹਾਂ ਦੀ ਬੇਟੀ ਤੇ ਸਾਡੀ ਪਿਆਰੀ ਭੈਣ ਬਲਜੀਤ ਨੂੰ ਵੱਟਸਐਪ ’ਤੇ ਸਿਰਫ਼ ਏਨਾ ਹੀ ਲਿਖ ਕੇ ਭੇਜ ਸਕਿਆ, ‘‘ਭੈਣ ਬਲਜੀਤ ,ਪਾਪਾ ਦੇ ਤੁਰ ਜਾਣ ’ਤੇ ਮੇਰਾ ਮਨ ਬਹੁਤ ਹੀ ਉਦਾਸ ਹੈ। ਇਸ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੇਰੇ ਲਈ ਬਹੁਤ ਹੀ ਮੁਸ਼ਕਿਲ ਕਾਰਜ ਹੈ।’’

ਅਸਲ ਵਿੱਚ ਕਿਸੇ ਵੀ ਇਨਸਾਨ ਦੇ ਤੁਰ ਜਾਣ ’ਤੇ ਉਸ ਦੇ ਸਕੇ ਸਬੰਧੀਆਂ ਨਾਲ ਦੁੱਖ ਸਾਂਝਾ ਕਰਨਾ ਮੈਨੂੰ ਅੱਜ ਤੀਕ ਨਹੀਂ ਆਇਆ। ਮੈਂ ਘਬਰਾ ਜਾਂਦਾ ਹਾਂ ਕਿ ਗੱਲ ਕਿੱਥੋਂ ਸ਼ੁਰੂ ਕਰਾਂਗਾ? ਫ਼ਤਹਿਜੀਤ ਹੋਰਾਂ ਦੇ ਤੁਰ ਜਾਣ ’ਤੇ ਵੀ ਮੇਰੇ ਨਾਲ ਇਹੋ ਹੋਇਆ ਤੇ ਆਖ਼ਰ ਮੈਂ ਵੱਟਸਐਪ ਦਾ ਸਹਾਰਾ ਲਿਆ। ਸ਼ਾਇਦ ਬਲਜੀਤ ਭੈਣ ਨੇ ਵੀ ਮੇਰੀ ਮਜਬੂਰੀ ਸਮਝ ਲਈ ਹੋਵੇਗੀ ।

ਫ਼ਤਹਿਜੀਤ ਹੋਰੀਂ ਇੱਕ ਐਸੇ ਪਿਆਰੇ ਸ਼ਖ਼ਸ ਸਨ ਜੋ ਪਹਿਲੀ ਮਿਲਣੀ ਵਿੱਚ ਕਿਸੇ ਨੂੰ ਵੀ ਆਪਣਾ ਬਣਾਉਣ ਦਾ ਹੁਨਰ ਰੱਖਦੇ ਸਨ। ਉਨ੍ਹਾਂ ਦੇ ਨੂਰਾਨੀ ਚਿਹਰੇ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਉਨ੍ਹਾਂ ਦੇ ਅੰਦਰ ਲੱਖਾਂ ਹੀ ਚੰਨ ਸਿਤਾਰਿਆਂ ਦਾ ਵਾਸ ਹੋਵੇ। ਉਨ੍ਹਾਂ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਤਾਂ ਮੇਰਾ ਆਪਣਾ ਹੀ ਇੱਕ ਸ਼ਿਅਰ ਮੇਰੇ ਜ਼ਿਹਨ ਵਿੱਚ ਘੁੰਮਣ ਲੱਗਿਆ:

ਉੱਜਲੇ ਬੋਲ ਜੋ ਬੋਲੇ ਲੱਗਦੈ, ਉਸ ਅੰਦਰ

ਜਾਂ ਜੁਗਨੂੰ ਜਾਂ ਕੋਈ ਤਾਰਾ ਰਹਿੰਦਾ ਏ

ਮੈਨੂੰ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਮਿਲਣ ਦਾ ਸਿਰਫ਼ ਦੋ ਵਾਰ ਮੌਕਾ ਮਿਲਿਆ, ਉਹ ਵੀ ਉਨ੍ਹਾਂ ਦੇ ਹੀ ਘਰ। ਪਹਿਲੀ ਵਾਰ ਉਨ੍ਹਾਂ ਦੀ ਆਖ਼ਰੀ ਕਿਤਾਬ ‘ਰੇਸ਼ਮੀ ਧਾਗੇ’ ਰਿਲੀਜ਼ ਕਰਨ ਵੇਲੇ ਤੇ ਦੂਜੀ ਵਾਰ ਉਸ ਸਮੇਂ ਜਦੋਂ ਅਮਰੀਕਾ ਵਸਦੇ ਸਾਡੇ ਵੱਡੇ ਭਾ ਸੁਖਵਿੰਦਰ ਕੰਬੋਜ ਨੇ ਕਲਮ ਸੰਸਥਾ ਵੱਲੋਂ ਆਪਣੇ ਬਾਪੂ ਜੀ ਦੀ ਯਾਦ ਵਿੱਚ ਦਿੱਤੇ ਜਾਂਦੇ ‘ਬਾਪੂ ਜਗੀਰ ਸਿੰਘ ਯਾਦਗਾਰੀ ਪੁਰਸਕਾਰ’ ਨਾਲ ਫਤਹਿਜੀਤ ਨੂੰ ਨਿਵਾਜਿਆ। ਇਨ੍ਹਾਂ ਸਮਾਗਮਾਂ ਵਿੱਚ ਪੰਜਾਬੀ ਜ਼ੁਬਾਨ ਦੇ ਉੱਚ ਕੋਟੀ ਦੇ ਕਵੀ, ਲੇਖਕਾਂ ਅਤੇ ਵਿਦਵਾਨਾਂ ਡਾ. ਹਰਜਿੰਦਰ ਸਿੰਘ ਅਟਵਾਲ, ਵਰਿਆਮ ਸੰਧੂ, ਪ੍ਰੋ. ਗੁਰਭਜਨ ਗਿੱਲ, ਡਾ. ਲਖਵਿੰਦਰ ਜੌਹਲ, ਡਾ. ਰਜਨੀਸ਼ ਬਹਾਦਰ ਸਿੰਘ, ਸੁਖਵਿੰਦਰ ਕੰਬੋਜ, ਪ੍ਰੋ. ਗੋਪਾਲ ਸਿੰਘ ਬੁੱਟਰ, ਪ੍ਰੋ. ਰਵਿੰਦਰ ਭੱਠਲ, ਮਨਜਿੰਦਰ ਸਿੰਘ ਧਨੋਆ, ਪਰਮਜੀਤ ਸਿੰਘ, ਸੁਖਰਾਜ (ਮੰਡੀ ਕਲਾਂ), ਓਮਿੰਦਰ ਜੌਹਲ, ਭਜਨ ਆਦੀ, ਹਰਬੰਸ ਹੀਉਂ, ਬਲਵੀਰ ਪਰਵਾਨਾ, ਸੁਰਜੀਤ ਜੱਜ ਤੇ ਗਿਆਨ ਸੈਦਪੁਰੀ ਆਦਿ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਸਭਨਾਂ ਨੇ ਆਪੋ ਆਪਣੇ ਮੁਹੱਬਤੀ ਬੋਲਾਂ ਨਾਲ ਇਨ੍ਹਾਂ ਸਮਾਗਮਾਂ ਨੂੰ ਯਾਦਗਾਰੀ ਬਣਾ ਦਿੱਤਾ।

ਇਹ ਦੋਵੇਂ ਖ਼ੂਬਸੂਰਤ ਮਿਲਣੀਆਂ ਹੀ ਮੇਰੇ ਲਈ ਯਾਦਗਾਰੀ ਤੇ ਅਭੁੱਲ ਹੋ ਨਿੱਬੜੀਆਂ। ਮੈਂ ਹੁਣ ਵੀ ਇਹ ਮਹਿਸੂਸ ਕਰਦਾ ਹਾਂ ਕਿ ਜੇ ਉਨ੍ਹਾਂ ਨਾਲ ਮੇਰੀਆਂ ਇਹ ਦੋ ਬਹੁਤ ਹੀ ਪਿਆਰੀਆਂ ਮਿਲਣੀਆਂ ਨਾ ਹੁੰਦੀਆਂ ਤਾਂ ਮੈਂ ਬਹੁਤ ਹੀ ਵੱਡੇ ਸਰਮਾਏ ਤੋਂ ਵਿਰਵੇ ਰਹਿ ਜਾਣਾ ਸੀ। ਉਨ੍ਹਾਂ ਦੀ ਆਖ਼ਰੀ ਕਾਵਿ ਪੁਸਤਕ ‘ਰੇਸ਼ਮੀ ਧਾਗੇ’ ਦੇ ਰਿਲੀਜ਼ ਮੌਕੇ ਮੈਂ ਉਨ੍ਹਾਂ ਦੀ ਹੀ ਕਿਤਾਬ ’ਚੋਂ ਇੱਕ ਕਵਿਤਾ ਤਰੰਨੁਮ ਵਿੱਚ ਸੁਣਾਈ ਤਾਂ ਉਨ੍ਹਾਂ ਦੇ ਚਿਹਰੇ ਦਾ ਜਲੌਅ ਵੇਖਣ ਵਾਲਾ ਸੀ। ਉਹ ਝੂਮ ਰਹੇ ਸਨ। ਅੱਜ ਵੀ ਉਹ ਮੰਜ਼ਰ ਮੇਰੀਆਂ ਸਿਮਰਤੀਆਂ ਵਿੱਚ ਤਰੋਤਾਜ਼ਾ ਹੈ।

ਫ਼ਤਹਿਜੀਤ ਹੁਰਾਂ ਦਾ ਜਨਮ 3 ਦਸੰਬਰ 1938 ਨੂੰ ਜ਼ਿਲ੍ਹਾ ਲਾਇਲਪੁਰ ਦੇ ਚੱਕ 87 ਵਿੱਚ ਹੋਇਆ। ਉਹ ਪੰਜਾਬੀ ਜ਼ੁਬਾਨ ਦੇ ਵੱਡੇ ਕਵੀ ਸਨ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਕਵਿਤਾ ਨੂੰ ਸਮਰਪਿਤ ਕੀਤੀ। ਉਹ ਸਾਰੀ ਜ਼ਿੰਦਗੀ ਹੱਕ ਸੱਚ ਤੇ ਨਿਆਂ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹੇ। ਇਸ ਗੱਲ ਦੀ ਗਵਾਹੀ ਭਰਦੀ ਉਨ੍ਹਾਂ ਦੀ ਨਜ਼ਮ ‘ਸ਼ਹਾਦਤ’ ਪੇਸ਼ ਹੈ:

ਉਹ ਮੇਰੀ ਮਾਂ ਸੀ

ਜਿਸਨੇ ਮੇਰੇ ਕਤਲ ਦੀ ਖ਼ੁਸ਼ੀ ਕੀਤੀ

ਉਹ ਮੇਰਾ ਪਿਤਾ ਸੀ

ਜਿਸਨੇ ਮੇਰੀ ਸੂਲੀ ਨੂੰ ਇੱਜ਼ਤ ਆਖਿਆ

ਤੇ

ਸਾਰੇ ਸ਼ਹਿਰ

ਮੇਰੀ ਮੌਤ ਦੇ ਗੀਤ ਗਾਏ ਗਏ

ਮੈਂ ਖ਼ੁਸ਼ ਸਾਂ...

ਮੇਰੇ ਸਿਰ ’ਤੇ ਖੜੋਤਾ

ਮੇਰਾ ਕਾਤਿਲ ਕੰਬ ਰਿਹਾ ਸੀ

ਤੇ ਮੈਨੂੰ ਯਕੀਨ ਹੈ

ਉਹ ਸੌ ਫ਼ਰੇਬ ਕਰਕੇ ਵੀ

ਮੈਨੂੰ ਜਿਉਂਦਿਆਂ ਰੱਖਦਾ

ਜੇ ਮੈਂ ਉਸ ਨੂੰ ਮੁਆਫ਼ ਕਰ ਦਿੰਦਾ

... ... ...

ਮੇਰੀ ਮਾਂ...

ਤਾਰਿਆਂ ਤੋਂ ਪੁੱਛਦੀ ਹੈ

ਤੁਸੀਂ ਏਨੇ ਖ਼ੁਸ਼ ਕਿਉਂ ਹੋ?

ਤੁਹਾਨੂੰ ਕਿਸ ਖ਼ੁਸ਼ੀ ਨੇ ਮਾਣ ਦਿੱਤਾ ਹੈ

ਚੈਨ ਤਾਂ ਮੇਰਾ ਗੁਆਚਾ ਹੈ

ਲਾਲ ਤਾਂ ਮੈ ਵਾਰਿਆ ਹੈ

ਲਾਲ ਤਾਂ ਮੈਂ ਵਾਰਿਆ ਹੈ...

ਉਨ੍ਹਾਂ ਨੇ ਆਪਣੀ ਕਵਿਤਾ ਵਿਚ ਸਮਾਜ ਦੀਆਂ ਤਲਖ਼ ਹਕੀਕਤਾਂ ਨੂੰ ਬਹੁਤ ਹੀ ਮਾਰਮਿਕ ਅੰਦਾਜ਼ ਵਿੱਚ ਪੇਸ਼ ਕੀਤਾ। ਕਵਿਤਾ ਦੀਆਂ ਚਾਰ ਪੁਸਤਕਾਂ ਉਨ੍ਹਾਂ ਨੇ ਮਾਂ ਬੋਲੀ ਦੀ ਝੋਲ ਵਿੱਚ ਪਾਈਆਂ ਜਿਨ੍ਹਾਂ ਵਿੱਚ ਏਕਮ, ਕੱਚੀ ਮਿੱਟੀ ਦੇ ਬੌਨੇ, ਨਿੱਕੀ ਜਿਹੀ ਚਾਨਣੀ ਤੇ ਉਨ੍ਹਾਂ ਦੀ ਆਖ਼ਰੀ ਕਿਤਾਬ ਰੇਸ਼ਮੀ ਧਾਗੇ ਸ਼ਾਮਿਲ ਹੈ।

ਕਾਫ਼ੀ ਸਮੇਂ ਤੋਂ ਉਹ ਬਿਮਾਰ ਸਨ। ਤੁਰਨ ਫਿਰਨ ਤੇ ਬੋਲਣ ਚੱਲਣ ਤੋਂ ਵੀ ਅਸਮਰੱਥ ਸਨ। ਉਹ ਖ਼ੁਦ ਭਾਵੇਂ ਚੰਗੀ ਤਰ੍ਹਾਂ ਬੋਲ ਨਹੀਂ ਸਕਦੇ ਸਨ, ਪਰ ਉਨ੍ਹਾਂ ਦਾ ਕਵਿਤਾ ਵਰਗਾ ਚਿਹਰਾ ਇੰਨਾ ਕੁਝ ਕਹਿ ਜਾਂਦਾ ਸੀ ਕਿ ਉਹ ਭਾਸ਼ਾ ਸਮਝਣ ਵਿੱਚ ਕਿਸੇ ਨੂੰ ਵੀ ਭੋਰਾ ਦਿੱਕਤ ਨਹੀਂ ਸੀ ਆਉਂਦੀ। ਉਨ੍ਹਾਂ ਦੇ ਘਰ ਦਾ ਮਾਹੌਲ ਵੀ ਇੰਨਾ ਕਮਾਲ, ਇੰਨਾ ਖ਼ੂਬਸੂਰਤ ਹੈ ਕਿ ਉੱਥੇ ਪਈ ਕੋਈ ਨਿਰਜਿੰਦ ਸ਼ੈਅ ਵੀ ਜਿਊਂਦੀ ਜਾਗਦੀ ਮਹਿਸੂਸ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੀ ਖ਼ੂਬਸੂਰਤੀ ਪਰਿਵਾਰ ਦੇ ਜੀਆਂ ਦੀ ਆਪਸੀ ਮੁਹੱਬਤ ਦਾ ਹੀ ਕਮਾਲ ਹੁੰਦੀ ਹੈ। ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਘਰ ਵਿੱਚ ਹੁੰਦੇ ਸਮਾਗਮਾਂ ਦੀ ਖ਼ੁਸ਼ੀ ਤੇ ਚਾਅ ਜੋ ਉਨ੍ਹਾਂ ਦੇ ਪਰਿਵਾਰ ਦੇ ਜੀਆਂ ਨੂੰ ਹੁੰਦਾ ਸੀ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਘੱਟੋ ਘੱਟ ਮੇਰੇ ਵੱਸ ਵਿੱਚ ਨਹੀਂ ਹੈ। ਜੇ ਮੈਂ ਉਸ ਨੂੰ ਬਿਆਨ ਵੀ ਕਰਨਾ ਚਾਹਾਂ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀਆਂ ਖ਼ੁਸ਼ੀਆਂ ਤੇ ਚਾਵਾਂ ਮੂਹਰੇ ਮੇਰੇ ਸ਼ਬਦ ਅੱਧੇ ਅਧੂਰੇ ਤੇ ਬੌਣੇ ਜਿਹੇ ਰਹਿ ਜਾਣਗੇ। ਫ਼ਤਹਿਜੀਤ ਕਾਫ਼ੀ ਦੇਰ ਤੋਂ ਬਿਮਾਰ ਸਨ, ਬੈੱਡ ’ਤੇ ਸਨ ਪਰ ਇਸ ਬਿਮਾਰੀ ਦੌਰਾਨ ਜਿਹੜੀ ਸੇਵਾ ਸੰਭਾਲ ਜਾਂ ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ ਦਾ ਖ਼ਿਆਲ ਉਨ੍ਹਾਂ ਦੀਆਂ ਧੀਆਂ ਤੇ ਪਰਿਵਾਰ ਦੇ ਹੋਰਨਾਂ ਜੀਆਂ ਨੇ ਰੱਖਿਆ, ਉਹ ਆਪਣੇ ਆਪ ਵਿੱਚ ਕਮਾਲ ਹੈ। ਉਹ ਆਪਣੀ ਧੀ ਬਲਜੀਤ ਕੌਰ ਕੋਲ ਜਲੰਧਰ ਵਿੱਚ ਰਹਿ ਰਹੇ ਸਨ ਤੇ ਭੈਣ ਬਲਜੀਤ ਨੇ ਪੁੱਤਾਂ ਤੋਂ ਵੀ ਵੱਧ ਆਪਣਾ ਧਰਮ ਤੇ ਫ਼ਰਜ਼ ਨਿਭਾਇਆ। ਪਰਿਵਾਰ ਦੀ ਇਸ ਮੁਹੱਬਤ ਨੂੰ ਮੈਂ ਸਲਾਮ ਭੇਜਦਾ ਹਾਂ।

ਫ਼ਤਹਿਜੀਤ ਹੁਰੀਂ ਅੱਜ ਭਾਵੇਂ ਸਾਡੇ ਵਿੱਚ ਨਹੀਂ ਰਹੇ, ਪਰ ਆਪਣੀ ਮੁਹੱਬਤ, ਆਪਣੇ ਬੋਲਾਂ, ਆਪਣੀਆਂ ਕਵਿਤਾਵਾਂ ਤੇ ਕਿਤਾਬਾਂ ਨਾਲ ਹਮੇਸ਼ਾ ਸਾਡੇ ਸਭ ਦੇ ਚੇਤਿਆਂ ਵਿੱਚ ਵਸਦੇ ਰਹਿਣਗੇ। ਸੱਚੀਓਂ, ਫ਼ਤਹਿਜੀਤ ਹੁਰਾਂ ਨੂੰ ਮੇਰਾ ਆਖ਼ਰੀ ਸਲਾਮ ਕਹਿਣ ਨੂੰ ਜੀਅ ਨਹੀਂ ਕਰਦਾ... ਪਰ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

ਅੰਤ ਵਿੱਚ ਪੇਸ਼ ਹੈ ਉਸ ਦਰਵੇਸ਼ ਕਵੀ ਦੀ ਬਹੁਤ ਹੀ ਪਿਆਰੀ ਨਜ਼ਮ ‘ਜ਼ਿੰਦਗੀ ਮੈਂ ਖਲਨਾਇਕ ਨਹੀਂ’:

ਜ਼ਿੰਦਗੀ... ਮੈਂ ਖ਼ਲਨਾਇਕ ਨਹੀਂ

ਜ਼ਿੱਲਤ ਦੀ ਜ਼ਿੰਦਗੀ

ਇੱਜ਼ਤ ਦੀ ਜ਼ਿੰਦਗੀ

ਗ਼ੁਰਬਤ ਦੀ ਜ਼ਿੰਦਗੀ

ਮਿਹਨਤ ਦੀ ਜ਼ਿੰਦਗੀ

ਅਦਾਵਤ ਦੀ ਜ਼ਿੰਦਗੀ

ਸਖਾਵਤ ਦੀ ਜ਼ਿੰਦਗੀ

ਸਜਾਵਟ ਦੀ ਜ਼ਿੰਦਗੀ

ਬਨਾਵਟ ਦੀ ਜ਼ਿੰਦਗੀ

ਹੇ ਜ਼ਿੰਦਗੀ... ਤੇਰੇ ਰੂਪ ਕਿੰਨੇ ਕੁ ਹਨ

ਸ਼ਨਾਖਤ ਕਰਦਿਆਂ ਕਰਦਿਆਂ

ਛਿੱਜ ਗਿਆ ਹਾਂ ਮੈਂ

ਮੈਂ ਕੋਈ ਦਾਅਵਾ ਨਹੀਂ

ਨਾ ਵਿਖਾਵਾ ਹਾਂ ਕੋਈ

ਕਿ ਜਿਸਦੀ ਹਾਊਮੈਂ

ਕਦੇ ਕਾਤਿਲ... ਕਦੇ ਮਕਤੂਲ

ਬਣ ਬੈਠੇ!

ਨਿਗੂਣੇ ਮਸਲਿਆਂ ’ਤੇ

ਖਹਿ ਦਾ ਸ਼ਿਕਾਰ ਹੋ ਜਾਏ

ਤੇ ਮੰਦੇ ਬੋਲ ਬੋਲੇ

ਜ਼ਿੰਦਗੀ... ਮੈਂ ਤੇਰੀ ਪਹਿਚਾਣ ਖ਼ਾਤਰ

ਲਿਸ਼ਕਦੇ ਪੈਂਡਿਆਂ ਦੀ ਤਲਾਸ਼ ਕੀਤੀ ਹੈ

ਇੱਕ ਚਿਹਰੇ ’ਤੇ ਦੂਸਰਾ ਚਿਹਰਾ

ਦੂਸਰੇ ’ਤੇ ਤੀਜਰਾ ਚਿਹਰਾ

ਸਜਾ ਕੇ ਤੁਰਨ ਦੀ ਆਦਤ ਨਹੀਂ ਮੈਨੂੰ

ਹੱਕ, ਇਖ਼ਲਾਕ ਦੇ ਘੇਰੇ ’ਚ

ਜੋ ਵੀ ਹੈ... ਮੇਰਾ ਹੈ

ਜੂਝਦਾ ਇਨਸਾਨ ਥੱਕਦਾ ਵੀ ਹੈ

ਅੱਕਦਾ ਵੀ ਹੈ

ਤੂੰ ਮੈਨੂੰ ਡਾਲਰਾਂ ਖ਼ਾਤਰ ਨਾ ਵੇਚੀਂ

ਨਾ ਬਣਾਈਂ ਪੌਂਡ ਮੇਰੇ

ਮੈਂ ਉਦਾਸ ਨਾਇਕ ਹੋ ਸਕਦਾ ਹਾਂ

ਖ਼ਲਨਾਇਕ ਨਹੀਂ

ਮੈ ਅਜੇ ਮੁੱਕਿਆ ਨਹੀਂ

ਸਿਰਫ਼ ਕੁਝ ਛਿੱਜਿਆ ਹਾਂ

ਸਿਰਫ ਕੁਝ ਥੱਕਿਆ ਹਾਂ

ਜਾਂ... ਥੋੜ੍ਹਾ ਅੱਕਿਆ ਹਾਂ

ਮੈਂ ਖ਼ਲਨਾਇਕ ਨਹੀਂ...

ਜ਼ਿੰਦਗੀ... ਮੈਂ ਖ਼ਲਨਾਇਕ ਨਹੀਂ...

ਸੰਪਰਕ: 98142-53315

Advertisement
×