DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੇਪਾਲ ਦੀ ਸ਼ਰਨ ’ਚ ਰਹੀ ਰਾਣੀ ਜਿੰਦਾਂ

ਹਰਜੋਤ ਸਿੰਘ ਸਿੱਧੂ ਸਾਲ 2022 ਵਿੱਚ ਮੈਂ ਨੇਪਾਲ ਵਿੱਚ ਸੀ। ਮੈਨੂੰ ਕਾਠਮੰਡੂ ਵਿੱਚ ਸਭ ਤੋਂ ਪੁਰਾਣੇ ਅਤੇ ਪਵਿੱਤਰ ਮੰਦਰ ਪਸ਼ੂਪਤੀਨਾਥ ਵਿੱਚ ਮੱਥਾ ਟੇਕਣ ਦਾ ਮੌਕਾ ਮਿਲਿਆ। ਨੇਪਾਲ ਨੂੰ ਮਾਊਂਟ ਐਵਰੈਸਟ, ਕੰਚਨਜੰਗਾ ਅਤੇ ਹੋਰ ਪਰਬਤਾਂ ਸਮੇਤ ਦੁਨੀਆ ਦੀਆਂ ਅੱਠ ਸਭ ਤੋਂ...
  • fb
  • twitter
  • whatsapp
  • whatsapp
Advertisement

ਹਰਜੋਤ ਸਿੰਘ ਸਿੱਧੂ

ਸਾਲ 2022 ਵਿੱਚ ਮੈਂ ਨੇਪਾਲ ਵਿੱਚ ਸੀ। ਮੈਨੂੰ ਕਾਠਮੰਡੂ ਵਿੱਚ ਸਭ ਤੋਂ ਪੁਰਾਣੇ ਅਤੇ ਪਵਿੱਤਰ ਮੰਦਰ ਪਸ਼ੂਪਤੀਨਾਥ ਵਿੱਚ ਮੱਥਾ ਟੇਕਣ ਦਾ ਮੌਕਾ ਮਿਲਿਆ।

Advertisement

ਨੇਪਾਲ ਨੂੰ ਮਾਊਂਟ ਐਵਰੈਸਟ, ਕੰਚਨਜੰਗਾ ਅਤੇ ਹੋਰ ਪਰਬਤਾਂ ਸਮੇਤ ਦੁਨੀਆ ਦੀਆਂ ਅੱਠ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਦਾ ਘਰ ਹੋਣ ਕਾਰਨ ‘ਵਿਸ਼ਵ ਦੀ ਛੱਤ’ ਵਜੋਂ ਜਾਣਿਆ ਜਾਂਦਾ ਹੈ। ਨੇਪਾਲ ਇੱਕ ਐਸਾ ਦੇਸ਼ ਹੈ ਜੋ ਸੁਤੰਤਰਤਾ ਦਿਵਸ ਨਹੀਂ ਮਨਾਉਂਦਾ ਕਿਉਂਕਿ ਉਹ ਕਦੇ ਵੀ ਕਿਸੇ ਵਿਦੇਸ਼ੀ ਕਬਜ਼ੇ ਹੇਠ ਨਹੀਂ ਸੀ। ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਸ਼ਵ ਵਿੱਚ ਜਾਣਿਆ ਜਾਂਦਾ ਇੱਕ ਮਸ਼ਹੂਰ ਸ਼ਹਿਰ ਹੈ।

ਨੇਪਾਲ ਵਿੱਚ ਆਪਣੀ ਯਾਤਰਾ ਦੌਰਾਨ ਮੈਂ ਸੋਚ ਰਿਹਾ ਸੀ ਕਿ ਕਿਸੇ ਵਕਤ ਪੰਜਾਬ ਦਾ ਮਹਾਰਾਜਾ ਅਤੇ ਨੇਪਾਲ ਦਾ ਰਾਜਾ ਦੋਸਤ ਸਨ। ਉਹ ਵੀ ਸਮਾਂ ਸੀ ਜਦ ਕਾਠਮੰਡੂ ਪਹੁੰਚਣ ਲਈ ਇੱਕ ਮਾਈ ਨੇ ਲੰਮਾ ਸਫ਼ਰ ਕੀਤਾ। ਉਹ ਵੀ ਸਮਾਂ ਸੀ ਜਦ ਇੱਕ ਰਾਣੀ ਨੂੰ ਭਿਖਾਰੀ ਬਣ ਲੁਕ-ਲੁਕ ਕੇ ਆਪਣਾ ਦੇਸ਼ ਛੱਡ ਕਾਠਮੰਡੂ ਆਉਣਾ ਪਿਆ।

ਅੰਗਰੇਜ਼ਾਂ ਵੱਲੋਂ ਰਾਜ ਭਾਗ ਖੋਹਣ ਤੋਂ ਬਾਅਦ ਮਾਈ ਨੂੰ (ਹੁਣ ਮਿਰਜ਼ਾਪੁਰ ਜ਼ਿਲ੍ਹੇ ’ਚ ਪੈਂਦੇ) ਚੁਨਾਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਮਾਈ ਚੁਨਾਰ ਕਿਲ੍ਹੇ ਦੀ ਕੈਦ ਤੋਂ ਬਚ ਨਿਕਲੀ ਅਤੇ ਬਚਦੀ ਬਚਾਉਂਦੀ ਪਟਨਾ ਪਹੁੰਚ ਗਈ। ਅੰਗਰੇਜ਼ ਉਸ ਦਾ ਟਿਕਾਣਾ ਜਾਣਨ ਲਈ ਪਿੱਛੇ ਸਨ। ਪਟਨਾ ਵਿਖੇ ਮਾਈ ਆਪਣੇ ਸਹਾਇਕ ਅਵਤਾਰ ਨੂੰ ਮਿਲੀ। ਉਸ ਨੇ ਭੇਸ ਬਦਲ ਕੇ ਸਾਧਣੀ ਵਰਗੀ ਦਿਸਣ ਲਈ ਭਗਵੇ ਰੰਗ ਦੀ ਸਾੜੀ ਪਾਈ ਜੋ ਉਸ ਲਈ ਅਵਤਾਰ ਲਿਆਇਆ ਸੀ। ਸਾਧਣੀਆਂ ਵਾਂਗ ਦਿਸਣ ਲਈ ਮਾਈ ਨੇ ਆਪਣੇ ਵਾਲਾਂ ਵਿੱਚ ਨਦੀ ਦੀ ਗ਼ਾਰ ਮਲ ਲਈ। ਉਸ ਰਾਤ ਉਹ ਪਟਨਾ ਦੇ ਇੱਕ ਗੁਰਦੁਆਰੇ ਵਿੱਚ ਠਹਿਰੀ ਜਿੱਥੇ ਗ਼ਰੀਬਾਂ ਲਈ ਮੁਫ਼ਤ ਰਿਹਾਇਸ਼ ਅਤੇ ਲੰਗਰ ਦੀ ਸਹੂਲਤ ਸੀ। ਮਾਈ ਲਈ ਪਟਨਾ ਵਿਖੇ ਰਹਿਣਾ ਖ਼ਤਰਨਾਕ ਸੀ। ਇਸ ਲਈ ਉਸ ਨੇ ਨੇਪਾਲ ਜਾ ਕੇ ਉੱਥੋਂ ਦੇ ਰਾਜੇ ਦੀ ਮਦਦ ਲੈਣ ਦੀ ਯੋਜਨਾ ਬਣਾਈ। ਰਵਾਨਾ ਹੋਣ ਲਈ ਮਾਈ ਦਾ ਸਹਾਇਕ ਅਵਤਾਰ ਘੋੜਿਆਂ ਅਤੇ ਹੋਰ ਜ਼ਰੂਰੀ ਸਾਮਾਨ ਦਾ ਇੰਤਜ਼ਾਮ ਕਰਨ ਅਗਲੇ ਦਿਨ ਚਲਾ ਗਿਆ, ਪਰ ਵਾਪਸ ਨਾ ਆਇਆ। ਮਾਈ ਨੇ ਤਿੰਨ ਦਿਨ ਹੋਰ ਅਵਤਾਰ ਦਾ ਇੰਤਜ਼ਾਰ ਕੀਤਾ, ਪਰ ਉਹ ਕਦੇ ਵਾਪਸ ਨਾ ਆਇਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਫਿਰੰਗੀ ਸੜਕਾਂ ’ਤੇ ਬਾਗੀਆਂ ਦੀ ਭਾਲ ਕਰ ਰਹੇ ਸਨ। ਉਹ ਸਾਰੀ ਰਾਤ ਗੁਰਦੁਆਰੇ ਵਿੱਚ ਅਰਦਾਸ ਕਰਦੀ ਰਹੀ। ਸਵੇਰ ਵੇਲੇ ਉਸ ਨੇ ਆਪਣੇ ਹੰਝੂ ਪੂੰਝੇ ਅਤੇ ਆਪਣੀ ਯਾਤਰਾ ਸ਼ੁਰੂ ਕੀਤੀ। ਉਸ ਕੋਲ ਕੁਝ ਰੁਪਏ ਸਨ। ਜਾਣ ਤੋਂ ਪਹਿਲਾਂ ਉਸ ਨੇ ਗੁਰਦੁਆਰੇ ਦੇ ਗ੍ਰੰਥੀ ਨੂੰ ਦੱਸਿਆ ਕਿ ਉਹ ਨੇਪਾਲ ਵਿੱਚ ਪਸ਼ੂਪਤੀਨਾਥ ਸ਼ਿਵ ਦੇ ਪ੍ਰਸਿੱਧ ਮੰਦਰ ਦੀ ਯਾਤਰਾ ’ਤੇ ਜਾਣਾ ਚਾਹੁੰਦੀ ਹੈ। ਗ੍ਰੰਥੀ ਨੇ ਉਸ ਨੂੰ ਰਸਤੇ ਬਾਰੇ ਦੱਸਿਆ ਅਤੇ ਇੱਕ ਪੁਰਾਣਾ ਕੰਬਲ, ਕੁਝ ਰੋਟੀਆਂ ਅਤੇ ਕੁਝ ਪੈਸੇ ਦਿੱਤੇ। ਉਹ ਸ਼ਰਧਾਲੂਆਂ ਦੇ ਟੋਲੇ ਨੂੰ ਲੱਭਣ ਦੀ ਉਮੀਦ ਨਾਲ ਸ਼ਹਿਰ ਤੋਂ ਬਾਹਰ ਦਾ ਰਸਤਾ ਲੈ ਕੇ ਇਕੱਲੀ ਚੱਲ ਪਈ, ਪਰ ਉਸ ਨੂੰ ਰਸਤੇ ਵਿੱਚ ਕੋਈ ਨਾ ਮਿਲਿਆ। ਮਾਈ ਥੱਕੀ ਹਾਰੀ ਆਪਣੇ ਟਿਕਾਣੇ ਵੱਲ ਤੁਰੀ ਗਈ। ਆਖ਼ਰ ਉਸ ਦੀ ਜੁੱਤੀ ਟੁੱਟ ਗਈ। ਉਸ ਦੇ ਪੈਰਾਂ ਵਿੱਚੋਂ ਖ਼ੂਨ ਵਗਣ ਲੱਗਿਆ ਅਤੇ ਛਾਲੇ ਹੋ ਗਏ। ਜਦੋਂ ਦਰਦ ਬਹੁਤ ਵਧ ਗਿਆ ਤਾਂ ਉਹ ਰੁਕ ਗਈ। ਰਸਤੇ ਵਿੱਚ ਉਸ ਨੇ ਥੋੜ੍ਹਾ ਜਿਹਾ ਦੁੱਧ ਅਤੇ ਥੋੜ੍ਹੀਆਂ ਰੋਟੀਆਂ ਖਰੀਦੀਆਂ। ਜਦੋਂ ਉਸ ਕੋਲ ਪੈਸੇ ਖ਼ਤਮ ਹੋ ਗਏ ਤਾਂ ਉਹ ਭੀਖ ਮੰਗਣ ਲੱਗ ਗਈ। ਇੱਕ ਵਾਰ ਜਦੋਂ ਉਹ ਕਸਬਾ ਪਾਰ ਕਰ ਜਾਂਦੀ ਤਾਂ ਲੋਕ ਵੀ ਘਟ ਜਾਂਦੇ ਜੋ ਦਾਨ ਦੇ ਸਕਦੇ ਸਨ। ਰਸਤਾ ਜੰਗਲਾਂ ਵਿੱਚੋਂ ਲੰਘਦਾ ਸੀ ਜਿੱਥੇ ਉਸ ਨੂੰ ਜੰਗਲੀ ਜਾਨਵਰਾਂ ਤੋਂ ਚੌਕਸ ਰਹਿਣਾ ਪਿਆ। ਉਸ ਨੇ ਆਪਣੀ ਰੱਖਿਆ ਲਈ ਪੱਥਰ ਇਕੱਠੇ ਕਰ ਕੇ ਨਾਲ ਰੱਖੇ। ਰਾਤਾਂ ਨੂੰ ਉਹ ਪਾਟੇ ਹੋਏ ਕੰਬਲ ਵਿੱਚ ਲਿਪਟ ਕੇ ਦਰੱਖਤਾਂ ਦੇ ਹੇਠਾਂ ਜਾਂ ਗੁਫ਼ਾਵਾਂ ਵਿੱਚ ਸੁੱਤੀ। ਉਸ ਨੂੰ ਇਹ ਸਭ ਸੁਪਨਾ ਜਾਪਦਾ ਸੀ। ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਉਹ ਹੁਣ ਪਹਾੜਾਂ ਵਿੱਚ ਹੈ। ਠੰਢ ਦੇ ਦਿਨ ਸਨ। ਜਦੋਂ ਸਵੇਰੇ ਮਾਈ ਦੀ ਅੱਖ ਖੁੱਲ੍ਹਦੀ ਤਾਂ ਕੰਬਲ ਬਰਫ਼ ਦੀ ਪਰਤ ਨਾਲ ਢਕਿਆ ਹੁੰਦਾ। ਪੈਂਡਾ ਲੰਮਾ ਸੀ। ਜਦੋਂ ਰਾਹ ’ਚ ਉਸ ਦਾ ਖਾਣਾ ਖ਼ਤਮ ਹੋ ਜਾਂਦਾ ਤਾਂ ਮਾਈ ਨੂੰ ਲੱਗਦਾ ਕਿ ਉਹ ਛੇਤੀ ਹੀ ਮੌਤ ਦੇ ਮੂੰਹ ਵਿੱਚ ਚਲੀ ਜਾਵੇਗੀ।

ਮਾਈ ਇੱਕ ਚੱਟਾਨ ਦੇ ਹੇਠਾਂ ਥੱਕੀ ਹੋਈ ਪਈ ਸੀ। ਸ਼ਰਧਾਲੂਆਂ ਦਾ ਇੱਕ ਸਮੂਹ ਉਸ ਦੇ ਕੋਲ ਆਇਆ। ਉਹ ਵੀ ਪਸ਼ੂਪਤੀਨਾਥ ਮੰਦਿਰ ਜਾ ਰਹੇ ਸ। ਉਨ੍ਹਾਂ ਨੇ ਮਾਈ ਨੂੰ ਲੋੜਵੰਦ ਸਮਝ ਕੇ ਭੋਜਨ ਖੁਆਇਆ ਅਤੇ ਹਮਦਰਦੀ ਦਿਖਾਈ। ਆਪਣੀ ਅਸਲੀਅਤ ਲੁਕਾਉਣ ਲਈ ਮਾਈ ਨੇ ਉਨ੍ਹਾਂ ਨੂੰ ਦੱਸਿਆ ਕਿ ਪੁੱਤਰ ਦੀ ਮੌਤ ਨੇ ਉਸ ਨੂੰ ਸੰਨਿਆਸੀ ਬਣਾ ਦਿੱਤਾ। ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਇੱਕ ਮਹੀਨੇ ਬਾਅਦ ਮਾਈ ਕਾਠਮੰਡੂ ਜਾ ਪਹੁੰਚੀ।

ਉਹ ਪੁੱਛ ਪੁੱਛਾ ਕੇ ਮਹਾਰਾਜਾ ਜੰਗ ਬਹਾਦਰ ਰਾਣਾ ਦੇ ਮਹਿਲ ਸਾਹਮਣੇ ਪਹੁੰਚ ਗਈ। ਜਦੋਂ ਮਹਾਰਾਜਾ ਦਰਬਾਰ ਨੂੰ ਜਾ ਰਿਹਾ ਸੀ ਤਾਂ ਉਸ ਨੇ ਆਪਣਾ ਰੱਥ ਰੋਕਿਆ ਅਤੇ ਮਾਈ ਨੂੰ ਮੰਗਤੀ ਸਮਝ ਕੇ ਕੁਝ ਸਿੱਕੇ ਭੇਂਟ ਕੀਤੇ, ਪਰ ਮਾਈ ਸਿੱਕੇ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਮਹਾਰਾਜੇ ਨੂੰ ਚੰਗਾ ਨਾ ਲੱਗਿਆ। ਉਸ ਨੇ ਗੁੱਸੇ ਵਿੱਚ ਮਾਈ ਨੂੰ ਪੁੱਛਿਆ, ‘‘ਤੁਸੀਂ ਕੌਣ ਹੋ?’’ ਉਸ ਨੇ ਜਵਾਬ ਦਿੱਤਾ, ‘‘ਮੈਂ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਰਾਣੀ ਜਿੰਦਾਂ ਹਾਂ, ਜੋ ਕਦੇ ਤੁਹਾਡੇ ਰਾਜ ਦੇ ਮਿੱਤਰ ਸੀ।’’ ਮਹਾਰਾਜਾ ਜੰਗ ਬਹਾਦਰ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ। ਸ਼ਾਇਦ ਉਹ ਉਸ ਦੇ ਚਿਹਰੇ ਤੋਂ ਸੱਚਾਈ ਸਮਝਣ ਦੀ ਕੋਸ਼ਿਸ਼ ਕਰ ਰਿਹ਼ਾ ਸੀ। ਉਸ ਨੇ ਮਾਈ ਨੂੰ ਪੁੱਛਿਆ ਕਿ ਉਹ ਨੇਪਾਲ ਕਿਵੇਂ ਪਹੁੰਚੀ?

ਜਦੋਂ ਉਸ ਨੇ ਜੇਲ੍ਹ ’ਚੋਂ ਬਚ ਕੇ ਨਿਕਲਣ ਅਤੇ ਔਕੜਾਂ ਭਰੀ ਯਾਤਰਾ ਦਾ ਵਰਣਨ ਕੀਤਾ ਤਾਂ ਮਹਾਰਾਜਾ ਜੰਗ ਬਹਾਦਰ ਨੇ ਰੱਥ ਤੋਂ ਉਤਰ ਕੇ ਸੀਸ ਨਿਵਾਉਂਦਿਆਂ ਕਿਹਾ, “ਤੁਸੀਂ ਬਹਾਦਰ ਔਰਤ ਹੋ, ਮਾਈ ਜਿੰਦਾਂ। ਅਸੀਂ ਸਰਕਾਰ ਵੱਲੋਂ ਅਤੀਤ ਵਿੱਚ ਮਿਲੀ ਮਦਦ ਲਈ ਅੱਜ ਵੀ ਨਿੱਘ ਅਤੇ ਸ਼ੁਕਰਗੁਜ਼ਾਰੀ ਦੀ ਭਾਵਨਾ ਨਾਲ ਉਨ੍ਹਾਂ ਨੂੰ ਯਾਦ ਕਰਦੇ ਹਾਂ। ਭਾਵੇਂ ਅਸੀਂ ਪੰਜਾਬ ਤੋਂ ਬਹੁਤ ਦੂਰ ਹਾਂ, ਪਰ ਅੰਗਰੇਜ਼ਾਂ ਵੱਲੋਂ ਤੁਹਾਡੇ ਰਾਜ ਨੂੰ ਖੋਹਣ ਅਤੇ ਤੁਹਾਡੇ ਪੁੱਤਰ ਦਾ ਬੁਰਾ ਹਾਲ ਕਰਨ ਬਾਰੇ ਬਹੁਤ ਸੁਣਿਆ। ਨੇਪਾਲ ਵਿੱਚ ਤੁਹਾਡਾ ਸੁਆਗਤ ਹੈ।”

ਰਾਣੀ ਜਿੰਦਾਂ 11 ਸਾਲ ਨੇਪਾਲ ਵਿੱਚ ਰਹੀ। ਜਦ ਉਸ ਦੀਆਂ ਅੱਖਾਂ ਦੀ ਜੋਤ ਬਹੁਤ ਘਟ ਗਈ ਤਾਂ ਇੱਕ ਦਹਾਕੇ ਮਗਰੋਂ ਅੰਗਰੇਜ਼ਾਂ ਨੇ ਉਸ ਨੂੰ ਉਸ ਦੇ 22 ਸਾਲਾ ਪੁੱਤਰ ਦਲੀਪ ਸਿੰਘ ਨੂੰ ਕਲਕੱਤਾ ਦੇ ਸਪੈਂਸ ਹੋਟਲ ਵਿਖੇ ਮਿਲਣ ਦੀ ਇਜਾਜ਼ਤ ਦਿੱਤੀ। ਕਲਕੱਤੇ ਤੋਂ ਰਾਣੀ ਆਪਣੇ ਪੁੱਤਰ ਨਾਲ ਇੰਗਲੈਂਡ ਰਵਾਨਾ ਹੋ ਗਈ। ਪਹਿਲੀ ਅਗਸਤ 1863 ਦੀ ਸਵੇਰ ਨੂੰ ਮਹਾਰਾਣੀ ਜਿੰਦ ਕੌਰ ਦੀ ਅਬਿੰਗਡਨ ਹਾਊਸ, ਕੇਨਸਿੰਗਟਨ ਵਿੱਚ ਮੌਤ ਹੋ ਗਈ। 1885 ਤੋਂ ਪਹਿਲਾਂ ਗ੍ਰੇਟ ਬ੍ਰਿਟੇਨ ਵਿੱਚ ਸਸਕਾਰ ਗ਼ੈਰ-ਕਾਨੂੰਨੀ ਸੀ ਅਤੇ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਨੂੰ ਉਸ ਦੀ ਮਾਂ ਦੀ ਦੇਹ ਪੰਜਾਬ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਗਈ। ਮਹਾਰਾਣੀ ਦੀ ਮ੍ਰਿਤਕ ਦੇਹ ਕੇਨਸਲ ਗ੍ਰੀਨ ਕਬਰਸਤਾਨ ਵਿੱਚ ਕੁਝ ਦਿਨਾਂ ਲਈ ਰੱਖੀ ਗਈ। 1864 ਦੀ ਬਸੰਤ ਵਿੱਚ ਮਹਾਰਾਜੇ ਨੇ ਦੇਹ ਨੂੰ ਭਾਰਤ ਵਿੱਚ ਬੰਬਈ ਲਿਜਾਣ ਦੀ ਇਜਾਜ਼ਤ ਲੈ ਲਈ, ਜਿੱਥੇ ਉਸ ਨੇ ਆਪਣੀ ਮਾਂ ਦਾ ਸਸਕਾਰ ਕੀਤਾ ਅਤੇ ਗੋਦਾਵਰੀ ਨਦੀ ਦੇ ਪੰਚਵਟੀ ਵਾਲੇ ਪਾਸੇ ਆਪਣੀ ਮਾਤਾ ਦੀ ਯਾਦ ਵਿੱਚ ਇੱਕ ਛੋਟੀ ਸਮਾਧ ਬਣਾਈ ਸੀ। ਜਿੰਦ ਕੌਰ ਦੀ ਲਾਹੌਰ ਵਿੱਚ ਸਸਕਾਰ ਕਰਨ ਦੀ ਇੱਛਾ ਨੂੰ ਬਰਤਾਨਵੀ ਅਧਿਕਾਰੀਆਂ ਨੇ ਪੂਰੀ ਨਾ ਕੀਤੀ।

* ਡਾਇਰੈਕਟਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ।

ਸੰਪਰਕ: 98548-00075

Advertisement
×