ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਲ ਦੀ ਮੁਸੀਬਤ

ਸੋਮਵਾਰ ਨੂੰ ਸਵੇਰ ਵੇਲੇ ਸੜਕਾਂ ’ਤੇ ਗੱਡੀਆਂ ਅਤੇ ਦੋਪਹੀਆ ਵਾਹਨਾਂ ਦੀ ਖਾਸੀ ਭੀੜ ਹੁੰਦੀ ਹੈ। ਵਿਦਿਆਰਥੀਆਂ ਅਤੇ ਕੰਮਾਂ-ਕਾਰਾਂ ’ਤੇ ਜਾਣ ਵਾਲਿਆਂ ਦਾ ਘੜਮੱਸ ਪਿਆ ਹੁੰਦਾ ਹੈ। ਹਰੇਕ ਨੂੰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲੀ ਹੁੰਦੀ ਹੈ। ਐਤਵਾਰ ਨੂੰ ਛੁੱਟੀ...
Advertisement

ਸੋਮਵਾਰ ਨੂੰ ਸਵੇਰ ਵੇਲੇ ਸੜਕਾਂ ’ਤੇ ਗੱਡੀਆਂ ਅਤੇ ਦੋਪਹੀਆ ਵਾਹਨਾਂ ਦੀ ਖਾਸੀ ਭੀੜ ਹੁੰਦੀ ਹੈ। ਵਿਦਿਆਰਥੀਆਂ ਅਤੇ ਕੰਮਾਂ-ਕਾਰਾਂ ’ਤੇ ਜਾਣ ਵਾਲਿਆਂ ਦਾ ਘੜਮੱਸ ਪਿਆ ਹੁੰਦਾ ਹੈ। ਹਰੇਕ ਨੂੰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲੀ ਹੁੰਦੀ ਹੈ। ਐਤਵਾਰ ਨੂੰ ਛੁੱਟੀ ਵਾਲੇ ਦਿਨ ਤੋਂ ਬਾਅਦ ਆਪੋ ਆਪਣੀਆਂ ਮੰਜ਼ਿਲਾਂ ਵੱਲ ਵਧ ਰਹੇ ਲੋਕਾਂ ਦੇ ਚਿਹਰਿਆਂ ’ਤੇ ਵੀ ਅਜੀਬ ਜਿਹੀ ਉਦਾਸੀ ਛਾਈ ਹੁੰਦੀ ਹੈ। ਬੱਸਾਂ ਵੀ ਅੱਗ ਵਾਂਗ ਸ਼ੂਕਦੀਆਂ ਆਉਂਦੀਆਂ ਨੇ। ਜੇਕਰ ਜਗ੍ਹਾ ਹੋਣ ਦੇ ਬਾਵਜੂਦ ਕੋਈ ਗੱਡੀ ਜਾਂ ਸਕੂਟਰ-ਮੋਟਰ ਸਾਈਕਲ ਵਾਲਾ ਸਾਈਡ ਨਾ ਦੇਵੇ ਤਾਂ ਚਿਹਰਿਆਂ ’ਤੇ ਖਿੱਝ ਦੇ ਭਾਵ ਉੱਭਰ ਆਉਂਦੇ ਹਨ। ਹਫਤੇ ਦੇ ਪਹਿਲੇ ਹੀ ਦਿਨ ਕੋਈ ਵੀ ਲੇਟ ਨਹੀਂ ਹੋਣਾ ਚਾਹੁੰਦਾ।

ਏਦਾਂ ਹੀ ਇੱਕ ਸੋਮਵਾਰ ਅਚਾਨਕ ਸੜਕ ’ਤੇ ਵਾਹਵਾ ਭੀੜ ਸੀ। ਕਾਰਾਂ ਰੀਂਗਦੀਆਂ ਹੋਈਆਂ ਅੱਗੇ ਵਧ ਰਹੀਆਂ ਸਨ। ਸਿੰਗਲ ਰੋਡ ਸੀ। ਦੂਜੇ ਪਾਸਿਓਂ ਤਾਂ ਟ੍ਰੈਫਿਕ ਤੇਜ਼ੀ ਨਾਲ ਆ ਰਿਹਾ ਸੀ ਪਰ ਮੇਰੇ ਪਾਸੇ ਮੇਰੀ ਕਾਰ ਅੱਗੇ ਹੋਰਨਾਂ ਵਾਹਨਾਂ ਦੀ ਕਾਫੀ ਵੱਡੀ ਲਾਈਨ ਲੱਗੀ ਹੋਈ ਸੀ। ਕਰਦੇ-ਕਰਾਉਂਦੇ ਜਦੋਂ ਬਾਕੀ ਗੱਡੀਆਂ ਨਾਲੋਂ ਕਾਰ ਅੱਗੇ ਕੱਢੀ ਤਾਂ ਜਿਹੜੀ ਕਾਰ ਸਭ ਤੋਂ ਅੱਗੇ ਜਾ ਰਹੀ ਸੀ ਅਤੇ ਜਿਸ ਕਰਕੇ ਜਾਮ ਵਰਗੀ ਸਥਿਤੀ ਬਣੀ ਹੋਈ ਸੀ, ਉਸ ਨੂੰ ਇੱਕ ਨੌਜਵਾਨ ਮੁੰਡਾ ਚਲਾ ਰਿਹਾ ਸੀ। ਇੱਕ ਹੱਥ ਉਸ ਦਾ ਸਟੇਅਰਿੰਗ ਉੱਤੇ ਸੀ ਅਤੇ ਦੂਜੇ ਹੱਥ ਨਾਲ ਮੋਬਾਈਲ ਦੇਖਦਾ ਉਹ ਆਰਾਮ ਨਾਲ ਕਾਰ ਤੋਰੀ ਜਾ ਰਿਹਾ ਸੀ। ਉਸ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਪਿੱਛੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਉਸ ’ਤੇ ਮੈਨੂੰ ਕਾਫੀ ਗੁੱਸਾ ਆਇਆ। ਵੈਸੇ ਉਸ ਦੀ ਇਸ ਹਰਕਤ ਕਾਰਨ ਬਾਕੀ ਕਾਰ ਸਵਾਰ ਵੀ ਗੁੱਸਾ ਕੱਢ ਕੇ ਗਏ ਹੋਣਗੇ!

Advertisement

ਖੈਰ, ਡਰਾਈਵਿੰਗ ਕਰਦਿਆਂ ਅੱਜਕੱਲ੍ਹ ‘ਮੋਬਾਈਲ ਵੇਖਣ ਦਾ ਰੋਗ’ ਬਹੁਤ ਜ਼ਿਆਦਾ ਵਧ ਗਿਆ ਹੈ। ਜੇਕਰ ਦੋਪਹੀਆ ਵਾਹਨ ਚਾਲਕ ਦੀ ਗਰਦਨ ਇੱਕ ਪਾਸੇ ਨੂੰ ਟੇਢੀ ਵੇਖੋ ਤਾਂ ਸਮਝ ਲਓ ਕਿ ਉਸ ਨੇ ਮੋਢੇ ਦੇ ਸਹਾਰੇ ਕੰਨ ਨੂੰ ਮੋਬਾਈਲ ਲਾਇਆ ਹੋਇਆ ਹੈ। ਕਾਰਾਂ ਵਾਲਿਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ, ਇੱਕ ਹੱਥ ਸਟੇਅਰਿੰਗ ਉੱਤੇ ਅਤੇ ਦੂਜੇ ਹੱਥ ਨਾਲ ਮੋਬਾਈਲ ਵੇਖਦੇ ਜਾਣਗੇ। ਹਾਲਾਂਕਿ ਇਹ ‘ਰੋਗ’ ਕਿਸੇ ਖਾਸ ਉਮਰ ਵਰਗ ਨਾਲ ਸਬੰਧਤ ਨਹੀਂ ਹੈ ਪਰ ਜਵਾਨ ਮੁੰਡੇ-ਕੁੜੀਆਂ ਡਰਾਈਵਿੰਗ ਵੇਲੇ ਜ਼ਿਆਦਾ ਮੋਬਾਈਲ ਵੇਖਦੇ ਦਿਖ ਜਾਂਦੇ ਹਨ। ਆਈਆਈਟੀ ਦਿੱਲੀ ਦੇ ਟ੍ਰਾਂਸਪੋਰਟੇਸ਼ਨ ਰਿਸਰਚ ਐਂਡ ਇੰਜਰੀ ਪ੍ਰੀਵੈਨਸ਼ਨ ਸੈਂਟਰ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਨਾਲ ਹੁੰਦੇ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। 2024 ਵਿੱਚ ਕੀਤੇ ਅਧਿਐਨ ਦੌਰਾਨ ਸਾਲ 2022 ਦੇ ਟ੍ਰੈਫਿਕ ਹਾਦਸਿਆਂ ਅਤੇ ਮੌਤਾਂ ਦੇ ਸਰਕਾਰੀ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। ਟ੍ਰੈਫਿਕ ਮੌਤਾਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ।

2022 ਵਿੱਚ 61,038 ਮੌਤਾਂ ਹੋਈਆਂ ਸਨ ਜਦਕਿ 2021 ਵਿੱਚ ਇਹ ਗਿਣਤੀ 56,000 ਦੇ ਕਰੀਬ ਸੀ। ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਮੌਤਾਂ ਵਿੱਚ 1,132 ਮੌਤਾਂ ਡਰਾਈਵਿੰਗ ਦੌਰਾਨ ਮੋਬਾਈਲ ਵੇਖਦਿਆਂ ਹੋਈਆਂ ਸਨ। ਇਹ ਗਿਣਤੀ ਲਾਲ ਬੱਤੀ ਜੰਪ ਕਰਨ ਨਾਲ ਹੋਣ ਵਾਲੀਆਂ ਮੌਤਾਂ (271 ਮੌਤਾਂ) ਤੋਂ ਕਿਤੇ ਜ਼ਿਆਦਾ ਸੀ। ਸਭ ਤੋਂ ਵੱਧ 45,928 ਮੌਤਾਂ ਤੇਜ਼ ਗਤੀ ਨਾਲ ਵਾਹਨ ਚਲਾਉਣ ਕਾਰਨ ਹੋਈਆਂ ਸਨ। ਇਹ ਅਧਿਐਨ ਸਿਰਫ ਕੌਮੀ ਮਾਰਗਾਂ ’ਤੇ ਹੋਏ ਹਾਦਸਿਆਂ ’ਤੇ ਕੇਂਦਰਿਤ ਸੀ। ਇਸ ਵਿੱਚ ਜੇਕਰ ਰਾਜ ਮਾਰਗਾਂ ਅਤੇ ਹੋਰ ਛੋਟੀਆਂ ਸੜਕਾਂ ’ਤੇ ਹੋਏ ਹਾਦਸਿਆਂ ਨੂੰ ਵੀ ਜੋੜ ਲਿਆ ਜਾਵੇ ਤਾਂ ਇਹ ਗਿਣਤੀ ਹੋਰ ਜ਼ਿਆਦਾ ਵਧ ਜਾਵੇਗੀ। ਕੌਮਾਂਤਰੀ ਪੱਧਰ ਦੇ ‘ਸਾਇੰਸ ਡਾਇਰੈਕਟ’ ਰਸਾਲੇ ਵਿੱਚ ਛਪੀ ਇੱਕ ਰਿਪੋਰਟ ਅਨੁਸਾਰ ਜਦੋਂ ਗੱਡੀ ਚਲਾਉਂਦਿਆਂ ਮੋਬਾਈਲ ਵੇਖਿਆ ਜਾਂਦਾ ਹੈ ਤਾਂ ਮੋਬਾਈਲ ਸਕਰੀਨ ਦੀ ਲਾਈਟ ਕਾਰਨ ਨਜ਼ਰ ਵਿੱਚ ਕੁਝ ਧੁੰਦਲਾਪਣ ਆ ਜਾਂਦਾ ਹੈ। ਹਾਲਾਂਕਿ ਇਸ ਰਿਪੋਰਟ ਵਿੱਚ ਕਈ ਤਕਨੀਕੀ ਪੱਖ ਸ਼ਾਮਲ ਹਨ ਪਰ ਮੋਟੀ ਜਿਹੀ ਗੱਲ ਇਹ ਹੈ ਕਿ ਗੱਡੀ ਚਲਾਉਂਦਿਆਂ ਜਦੋਂ ਫੋਨ ਨੇੜਿਓਂ ਅਤੇ 30 ਡਿਗਰੀ ਦੇ ਕੋਣ ’ਤੇ ਵੇਖਿਆ ਜਾਂਦਾ ਹੈ ਤਾਂ ਇਹ ਸਥਿਤੀ ਸੜਕੀ ਹਾਦਸਿਆਂ ਨੂੰ ਸੱਦਾ ਦਿੰਦੀ ਹੈ।

ਮੋਟਰ ਵਾਹਨ ਐਕਟ, 1988 ਅਨੁਸਾਰ ਗੱਡੀ ਚਲਾਉਂਦਿਆਂ ਮੋਬਾਈਲ ਦੀ ਵਰਤੋਂ ਕਰਨੀ ਗੈਰ-ਕਾਨੂੰਨੀ ਹੈ। ਵਾਹਨ ਬੀਮਾ ਵੇਚਣ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਇੰਡੀਆ ਵਿੱਚ ਇੱਕ ਸਾਲ ’ਚ 13 ਹਜ਼ਾਰ ਦੇ ਕਰੀਬ ਸੜਕੀ ਹਾਦਸੇ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਦੌਰਾਨ ਹੁੰਦੇ ਹਨ। ਹੁਣ ਮੁੱਦਾ ਇਹ ਹੈ ਕਿ ਕਾਰ ਚਲਾਉਂਦਿਆਂ ਮੋਬਾਈਲ ਵੇਖਣਾ ਹੀ ਕਿਉਂ ਹੈ? ਕੋਈ ਬਹੁਤ ਹੀ ਜ਼ਰੂਰੀ ਹੋਵੇ ਤਾਂ ਕਾਰ ਪਾਸੇ ਕਰਕੇ ਇੱਕ-ਦੋ ਮਿੰਟ ਗੱਲ ਕਰ ਲਓ ਜਾਂ ਅੱਜਕੱਲ੍ਹ ਬਹੁਤੀਆਂ ਕਾਰਾਂ ਵਿੱਚ ਬਲੂਟੁੱਥ ਰਾਹੀਂ ਮੋਬਾਈਲ ਕੁਨੈਕਟ ਹੋ ਜਾਂਦੇ ਹਨ ਅਤੇ ਕਾਲ ਸੁਣਨ ਲਈ ਮੋਬਾਈਲ ਚੁੱਕਣ ਦੀ ਲੋੜ ਨਹੀਂ ਪੈਂਦੀ। ਪਰ ਗੱਡੀ ਚਲਾਉਂਦਿਆਂ ਰੀਲਾਂ ਵੇਖਣੀਆਂ, ਵੱਟਸਐਪ ਵੇਖਣਾ ਤੇ ਵੀਡੀਓ ਚੈਟ ਕਰਨਾ ਖੁਦ ਦੀ ਅਤੇ ਸੜਕ ’ਤੇ ਜਾ ਰਹੇ ਦੂਜੇ ਮੁਸਾਫਰਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਹੈ।

ਮੋਬਾਈਲ ਦੀ ਜ਼ਿਆਦਾ ਵਰਤੋਂ ਵੈਸੇ ਵੀ ਅੱਜ ਨਸ਼ਿਆਂ ਦੀ ਲਤ ਵਿੱਚ ਸ਼ੁਮਾਰ ਹੋ ਚੁੱਕੀ ਹੈ ਅਤੇ ਇਸ ਦੀ ਬੇਮਤਲਬ ਵਰਤੋਂ ਰੋਕਣ ਲਈ ਹਸਪਤਾਲਾਂ/ਕਲੀਨਿਕਾਂ ਵਿੱਚ ਇਲਾਜ ਕੀਤੇ ਜਾ ਰਹੇ ਹਨ। ਇਹ ਰੋਗ ਵਧਦਾ ਜਾ ਰਿਹਾ ਹੈ। ਜ਼ਿੰਦਗੀ ਦੀ ਸੁਰੱਖਿਆ ਲਈ ਘੱਟੋ-ਘੱਟ ਡਰਾਈਵਿੰਗ ਦੌਰਾਨ ਇਸ ਦੀ ਵਰਤੋਂ ਨਾ ਕੀਤੀ ਜਾਵੇ। ਮੰਨਿਆ, ਮੋਬਾਈਲ ਦੀ ਵਧੇਰੇ ਵਰਤੋਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਵਿੱਚ ਵਾਧਾ ਕਰ ਸਕਦੀ ਹੈ ਪਰ ਡਰਾਈਵਿੰਗ ਦੌਰਾਨ ਇਸ ਦੀ ਵਧੇਰੇ ਵਰਤੋਂ ਤਾਂ ਮੌਤ ਨੂੰ ਆਵਾਜ਼ਾਂ ਮਾਰਨ ਵਾਲੀ ਗੱਲ ਹੈ। ਐਵੇਂ ਮੁੱਲ ਦੀ ਮੁਸੀਬਤ ਹੱਥਾਂ ਵਿੱਚ ਚੁੱਕੀ ਫਿਰਦੇ ਹਾਂ!

ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਹੱਡੀਆਂ ਅਤੇ ਜੋੜਾਂ ਦੀਆਂ ਸਮੱਸਿਆਵਾਂ ਦਾ ਕਾਰਨ ਵੀ ਬਣ ਰਹੀ ਹੈ। ਗਰਦਨ ਝੁਕਾ ਕੇ ਮੋਬਾਈਲ ਸਕਰੀਨ ਵੇਖਦੇ ਰਹਿਣ ਨਾਲ ਅੱਜਕੱਲ੍ਹ ‘ਟੈਕਸਟ ਨੈੱਕ’ ਜਾਂ ‘ਟੈੱਕ ਨੈੱਕ’ (ਨੈੱਕ ਯਾਨੀ ਗਰਦਨ) ਨਾਂ ਦੀ ਬਿਮਾਰੀ ਵਧਦੀ ਜਾ ਰਹੀ ਹੈ। ਇਹ ਸਰਵਾਈਕਲ ਦਾ ਹੀ ਇੱਕ ਰੂਪ ਹੈ। ਇਸੇ ਤਰ੍ਹਾਂ ਇੱਕ ਹੱਥ ਨਾਲ ਮੋਬਾਈਲ ਫੜ ਕੇ ਅੰਗੂਠੇ ਨਾਲ ਸਕਰੋਲ ਕਰਦੇ ਰਹਿਣ ਨਾਲ ਅੰਗੂਠਾ ਅਤੇ ਗੁੱਟ (ਟੈਂਡੋਨਾਈਟਿਸ ਅਤੇ ਕਾਰਪਲ ਟਨਲ ਸਿੰਡਰੋਮ) ਪ੍ਰਭਾਵਿਤ ਹੁੰਦੇ ਹਨ।

ਇੱਕ ਅੰਤਿਮ ਗੱਲ, ਕੁਝ ਸਮਾਂ ਪਹਿਲਾਂ ਸ਼ਾਮ ਜਿਹੇ ਨੂੰ ਚੰਡੀਗੜ੍ਹ ਤੋਂ ਭਵਾਨੀਗੜ੍ਹ ਵੱਲ ਅਸੀਂ ਚਾਰ ਸਹਿਕਰਮੀ ਇੱਕ ਹੋਰ ਸਹਿਕਰਮੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਾਲੇ ਪੁਲ ਤੋਂ ਹੇਠਾਂ ਉਤਰਦਿਆਂ ਕਾਰ ਕੁਝ ਹੌਲੀ ਕੀਤੀ ਤਾਂ ਪਿਛਲੀ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਕਾਰ ਵਿੱਚ ਨਵੀਂ ਜਿਹੀ ਉਮਰ ਦਾ ਇੱਕ ਮੁੰਡਾ ਮੋਬਾਈਲ ਵੇਖਦਾ ਗੱਡੀ ਚਲਾ ਰਿਹਾ ਸੀ। ਜ਼ੋਰਦਾਰ ਟੱਕਰ ਕਾਰਨ ਅਸੀਂ ਹਿੱਲ ਗਏ। ਬਹੁਤ ਜ਼ਿਆਦਾ ਗੁੱਸੇ ਵਿੱਚ ਅਸੀਂ ਚਾਰੋਂ ਹੇਠਾਂ ਉਤਰੇ ਤਾਂ ਉਹ ਮੁੰਡਾ ਘਬਰਾ ਗਿਆ ਕਿ ਕਿਤੇ ਕੁੱਟਣ ਹੀ ਨਾ। ਕਹਿੰਦਾ, ‘ਮੈਂ ਦਿੱਲੀ ਤੋਂ ਹਾਂ ਅਤੇ ਪਟਿਆਲਾ ਵਿੱਚ ਟ੍ਰੇਨੀ ਪਾਇਲਟ ਦਾ ਕੋਰਸ ਕਰ ਰਿਹਾ ਹਾਂ।’ ਨਾਲ ਦਾ ਇੱਕ ਸਾਥੀ ਕੁਝ ਨਰਮ ਹੁੰਦਿਆਂ ਕਹਿੰਦਾ, ‘ਯਾਰ ਇੱਥੇ ਤਾਂ ਬਚਾਅ ਹੋ ਗਿਆ, ਕਿਤੇ ਹਵਾਈ ਜਹਾਜ਼ ਚਲਾਉਂਦਿਆਂ ਮੋਬਾਈਲ ਵੇਖਦੇ ਵੇਖਦੇ ਜਹਾਜ਼ ਨਾ ਹੇਠਾਂ ਸੁੱਟ ਲਈ।’ ਅਸਲ ਵਿੱਚ ਡਰਾਈਵਿੰਗ ਦੌਰਾਨ ਮੋਬਾਈਲ ਵੇਖਣਾ ਕੋਈ ਮਖੌਲ ਜਾਂ ਹਾਸੇ ਦੀ ਗੱਲ ਨਹੀਂ, ਇਸ ਦੇ ਨਤੀਜੇ ਮਾਰੂ ਹਨ।

ਸੰਪਰਕ: 97802-16767

Advertisement
Show comments