ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਮੇਂ ਦੇ ਨਾਲ ਤੁਰਦਾ ਸ਼ਾਇਰ ਸੁਰਜੀਤ ਪਾਤਰ

ਹਰੀਸ਼ ਜੈਨ ਅੱਜ ਭਾਵ 11 ਮਈ ਨੂੰ ਵਰ੍ਹਾ ਹੋ ਗਿਆ ਪਰ ਗੱਲ ਕੱਲ੍ਹ ਦੀ ਹੀ ਲੱਗਦੀ ਹੈ ਜਿਸ ਸਵੇਰ ਉਸ ਨੇ ਮੇਰੇ ਕੋਲ ਆਪਣੀ ਨਵੀਂ ਪੁਸਤਕ ਲੈ ਕੇ ਆਉਣਾ ਸੀ ਉਸ ਦਿਨ ਆਪਣੇ ਦਫ਼ਤਰ ਪਹੁੰਚਣ ਦੀ ਥਾਂ, ਉਸ ਨੂੰ ਮੋਢਾ...
Advertisement

ਹਰੀਸ਼ ਜੈਨ

ਅੱਜ ਭਾਵ 11 ਮਈ ਨੂੰ ਵਰ੍ਹਾ ਹੋ ਗਿਆ ਪਰ ਗੱਲ ਕੱਲ੍ਹ ਦੀ ਹੀ ਲੱਗਦੀ ਹੈ ਜਿਸ ਸਵੇਰ ਉਸ ਨੇ ਮੇਰੇ ਕੋਲ ਆਪਣੀ ਨਵੀਂ ਪੁਸਤਕ ਲੈ ਕੇ ਆਉਣਾ ਸੀ ਉਸ ਦਿਨ ਆਪਣੇ ਦਫ਼ਤਰ ਪਹੁੰਚਣ ਦੀ ਥਾਂ, ਉਸ ਨੂੰ ਮੋਢਾ ਦੇਣ ਲਈ ਲੁਧਿਆਣੇ ਜਾਣਾ ਪਿਆ ਸੀ। ਨਮ ਅੱਖਾਂ, ਬੰਦੂਕਾਂ ਦੇ ਦਾਗਣ ਦੀ ਆਵਾਜ਼ ਅਤੇ ਪੁਲੀਸ ਅਫ਼ਸਰਾਂ ਦੀ ਕਮਾਨ ਉਸੇ ਤਰ੍ਹਾਂ ਚਲ-ਚਿੱਤਰ ਵਾਂਗ ਅੱਖਾਂ ਅੱਗੇ ਤੈਰ ਰਹੀ ਹੈ। ਪਰ ਉਹ ਘੜੀਆਂ ਤਾਂ ਥਾਵੇਂ ਜੜ ਹੋ ਗਈਆਂ ਅਤੇ ਵਕਤ ਅਗਾਂਹ ਤੁਰਦਾ ਜਾ ਰਿਹਾ ਹੈ। ਵਰ੍ਹਾ ਬੀਤ ਗਿਆ ਹੈ ਅਤੇ ਵਰ੍ਹੇ ਬੀਤਦੇ ਜਾਣਗੇ ਪਰ ਉਸ ਦੇ ਸ਼ਬਦ ਤਾਂ ਸਮੇਂ ਦੇ ਨਾਲ ਤੁਰਦੇ ਰਹਿਣਗੇ ਅਤੇ ਹਰ ਬਦਲਦੇ ਸਮੇਂ ਵਿੱਚੋਂ ਨਵੇਂ ਅਰਥ ਗ੍ਰਹਿਣ ਕਰਦੇ ਰਹਿਣਗੇ। ਪੁਰਾਣੀਆਂ ਨਜ਼ਮਾਂ ਵਿੱਚੋਂ ਨਵੇਂ ਪੱਤੇ ਫੁੱਟਦੇ ਰਹਿਣਗੇ। ਜਿਵੇਂ ਉਸ ਨੇ ਲਿਖਿਆ ਸੀ:

Advertisement

ਕਈ ਵਾਰ ਪੁਰਾਣੀਆਂ ਨਜ਼ਮਾਂ ਵਿੱਚੋਂ ਨਵੇਂ ਪੱਤੇ ਫੁੱਟ ਪੈਂਦੇ ਨੇ। ਮੈਂ ਅੱਜ ਤੋਂ ਚਾਰ ਦਹਾਕੇ ਪਹਿਲਾਂ ਇੱਕ ਸ਼ੇਅਰ ਲਿਖਿਆ ਸੀ:

ਏਨਾ ਸੱਚ ਨਾ ਬੋਲ ਕਿ ’ਕੱਲਾ ਰਹਿ ਜਾਵੇਂ

ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ

ਪਿਛਲੇ ਸਾਲ ਇਸ ਸ਼ੇਅਰ ਦੇ ਨਵੇਂ ਪੱਤੇ ਫੁੱਟ ਆਏ:

ਝੂਠਿਆਂ ਦੇ ਝੁੰਡ ਵਿੱਚ ਸੱਚ ਕਹਿ ਕੇ

ਮੈਂ ਜਦੋਂ ਬਿਲਕੁਲ ਇਕੱਲਾ ਰਹਿ ਗਿਆ

ਸਤਿਗੁਰਾਂ ਨੂੰ ਯਾਦ ਕੀਤਾ

ਤਾਂ ਸਵਾ ਲੱਖ ਹੋ ਗਿਆ

ਇੰਝ ਹੀ ਪਾਤਰ ਆਪਣੀ ਇੱਕ ਹੋਰ ਨਜ਼ਮ ਜੋ ਪੰਜਾਬ ਦੇ ਉਦਾਸ ਦਿਨਾਂ ਵਿੱਚ ਲਿਖੀ ਸੀ ਅਤੇ ਦੋ ਸਤਰਾਂ ਤੱਕ ਹੀ ਸੀਮਤ ਰਹੀ ਸੀ, ਦੇ ਨਵੇਂ ਪੱਤੇ ਆਉਣ ਬਾਰੇ ਲਿਖਦਾ ਹੈ:

ਮਾਤਮ, ਹਿੰਸਾ, ਖ਼ੌਫ਼, ਬੇਬਸੀ ਤੇ ਅਨਿਆਂ

ਇਹ ਨੇ ਅੱਜ ਕੱਲ੍ਹ ਮੇਰੇ ਪੰਜ ਦਰਿਆਵਾਂ ਦੇ ਨਾਂ

ਜੋ ਹੁੰਦੇ ਸਨ

ਸਤਲੁਜ, ਬਿਆਸ, ਰਾਵੀ, ਜਿਹਲਮ ਅਤੇ ਝਨਾਂ

ਪਰ ਜਿਹੜੇ ਇੱਕ ਦਿਨ ਹੋਵਣਗੇ

ਰਾਗ, ਸ਼ਾਇਰੀ, ਹੁਸਨ, ਮੁਹੱਬਤ ਅਤੇ ਨਿਆਂ

ਮੇਰੇ ਪੰਜਾਂ ਦਰਿਆਵਾਂ ਦੇ ਨਾਂ

ਇਹ ਲਿਖ ਕੇ ਪਾਤਰ ਆਸ ਕਰਦਾ ਹੈ ਕਿ ਜਿਵੇਂ ਉਸ ਦੇ ਸ਼ੇਅਰ ਅਤੇ ਨਜ਼ਮ ਦੀਆਂ ਸਤਰਾਂ ਵਿੱਚੋਂ ਨਵੇਂ ਪੱਤੇ ਫੁੱਟ ਪਏ, ਪੰਜਾਬ ਦੀ ਸੋਚ ਸੰਵੇਦਨਾ ਵਿੱਚੋਂ ਵੀ ਨਵੇਂ ਪੱਤਿਆਂ ਦਾ ਫੁਟਾਲਾ ਹੋ ਜਾਵੇਗਾ। ਜਦੋਂ ਅਜਿਹੀ ਕਰਾਮਾਤ ਵਾਪਰਦੀ ਹੈ ਤਾਂ ਫਿਜ਼ਾ ਦਾ ਰੰਗ ਬਦਲਦਾ ਹੈ:

ਰੁੱਤ ਜਦੋਂ ਬਦਲੀ ਤਾਂ ਬਿਨ ਪੈਗਾਮ ਬਿਨ ਉਪਦੇਸ਼ ਹੀ

ਜੋ ਵੀ ਕਿਧਰੇ ਗੁਲਮੋਹਰ ਸੀ, ਖਿੜ ਕੇ ਸੂਹਾ ਹੋ ਗਿਆ

ਵੀਹਵੀਂ ਸਦੀ ਦੀ ਅਜ਼ੀਮ ਗਾਇਕਾ ਜੌਨ ਬਾਇਸ ਨੇ ਕਿਹਾ ਸੀ:

ਜੰਗਬਾਜ਼ਾਂ ਦੇ ਖਿਲਾਫ਼ ਮੇਰੇ ਕੋਲ ਏਹੀ ਹਥਿਆਰ ਹੈ,

ਮੇਰਾ ਛੇ ਤਾਰਾਂ ਵਾਲਾ ਸਾਜ਼, ਮੇਰੀ ਗਿਟਾਰ।

ਪਾਤਰ ਨੇ ਜੌਨ ਬਾਇਸ ਦੀ ਗਿਟਾਰ ਨੂੰ ਸਮਰਪਿਤ ਇੱਕ ਕਵਿਤਾ ਲਿਖੀ ਸੀ, ਜਿਸ ਦਾ ਇੱਕ ਬੰਦ ਬਹੁਤ ਮਹੱਤਵਪੂਰਨ ਹੈ ਜਿਹੜਾ ਸਾਡੇ ਵਿਚਲੀਆਂ ਖਾਈਆਂ ਨੂੰ ਪੂਰਦਾ ਇੱਕ ਸੱਚੇ ਵਾਦ ਦੀ ਗੱਲ ਕਰਦਾ ਹੈ:

ਲੈਫਟ ਕੌਣ ਨੇ, ਰਾਈਟ ਕੌਣ ਨੇ, ਮੈਨੂੰ ਭੇਤ ਜ਼ਰਾ ਨਾ

ਉਂਝ ਮੇਰਾ ਦਿਲ ਖੱਬੇ ਪਾਸੇ, ਇਸ ਵਿੱਚ ਸ਼ੱਕ ਰਤਾ ਨਾ

ਓਹੀ ਸੱਚਾ ਵਾਦ ਹੈ ਜਿਹੜਾ ਦੀਨ ਦੁਖੀ ਤੱਕ ਉੱਪੜੇ

ਮੇਰਾ ਦਿਲ ਹੈ ਟੁਕੜੇ ਟੁਕੜੇ

ਪਰ ਦੀਨ ਦੁਖੀ ਤੱਕ ਅੱਪੜਨ ਵਾਲਾ ਸੱਚਾ ਵਾਦ ਤਾਂ ਕਿਸੇ ਨੂੰ ਭਾਉਂਦਾ ਨਹੀਂ। ਇਸ ਲਈ ਕਵੀ ਦਾ ਦਿਲ ਤਾਂ ਟੁਕੜੇ-ਟੁਕੜੇ ਹੋਣਾ ਹੀ ਹੈ। ਬੋਲ ਤਾਂ ‘‘ਨਿਮਾਣਿਆਂ ਦਾ ਮਾਣ’’ ‘‘ਨਿਤਾਣਿਆਂ ਦਾ ਤਾਣ’’ ‘‘ਨਿਓਟਿਆਂ ਦੀ ਓਟ’’ ਦੇ ਗੂੰਜਦੇ ਹਨ, ਪਰ ਸੁਣਨ ਵਾਲੇ ਕੰਨ ਅਹਿਸਾਸ ਵਿਹੂਣੇ ਹੁੰਦੇ ਹਨ। ਪਾਤਰ ਕਹਿੰਦਾ ਹੈ ਕਿ ਅਸੀਂ ਪਹਿਲਾਂ ਹੀ ਬਹੁਤ ਦੇਰ ਕਰ ਦਿੱਤੀ ਹੈ। ਇਸ ਦੇਰ ਬਾਰੇ ਉਹ ਮੁਨੀਰ ਨਿਆਜ਼ੀ ਦੀ ਨਜ਼ਮ ਦੁਹਰਾਉਂਦਾ ਹੈ ਜਿਸ ਦਾ ਇੱਕ ਸ਼ੇਅਰ ਹੈ:

ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ

ਜ਼ਰੂਰੀ ਬਾਤ ਕਹਿਨੀ ਹੋ

ਕੋਈ ਵਾਇਦਾ ਨਿਭਾਨਾ ਹੋ

ਉਸੇ ਆਵਾਜ਼ ਦੇਨੀ ਹੋ

ਉਸੇ ਵਾਪਸ ਬੁਲਾਨਾ ਹੋ

ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ

ਲੋਕਾਈ ਦੇ ਦੁੱਖ ਨੂੰ ਯਾਦ ਕਰਦਿਆਂ ਫ਼ੈਜ਼ ਅਹਿਮਦ ਫ਼ੈਜ਼ ਆਪਣੀ ਇੱਕ ਕਵਿਤਾ ਵਿੱਚ ਰੱਬ ਨੂੰ ਯਾਦ ਕਰਦਾ ਹੈ ਜਿਸ ਨੂੰ ਪਾਤਰ ਨੇ ਦੁਹਰਾਇਆ ਹੈ। ਇਸ ਕਵਿਤਾ ਦੇ ਦੋ ਬੰਦ ਬਹੁਤ ਭਾਵਪੂਰਤ ਹਨ:

ਰੱਬਾ ਸੋਚਿਆ ਤੂੰ ਤੇ ਆਖਿਆ ਸੀ

ਜਾ ਓਏ ਬੰਦਿਆ ਜੱਗ ਦਾ ਸ਼ਾਹ ਹੈਂ ਤੂੰ

ਸਾਡੀਆਂ ਨਿਹਮਤਾਂ ਤੇਰੀਆਂ ਦੌਲਤਾਂ ਨੇ

ਸਾਡਾ ਨੈਬ ਅਤੇ ਆਲੀਜਾਹ ਹੈਂ ਤੂੰ

ਪਰ ਰੱਬ ਦੇ ਇਸ ਵਾਅਦੇ ਦਾ ਹਸ਼ਰ ਕੀ ਹੋਇਆ?

ਏਸ ਲਾਰੇ ਤੇ ਟੋਰ ਕਦ ਪੁੱਛਿਆ ਈ

ਕੀਹ ਏਸ ਨਿਮਾਣੇ ਤੇ ਬੀਤੀਆਂ ਨੇ

ਕਦੀ ਸਾਰ ਵੀ ਲਈ ਓ ਰੱਬ ਸਾਈਆਂ

ਤੇਰੇ ਸ਼ਾਹ ਨਾਲ ਜੱਗ ਕੀ ਕੀਤੀਆਂ ਨੇ

ਚੰਦ ਸੂਰਜ ਰੋਜ਼ ਚੜ੍ਹਦੇ ਹਨ ਆਸਮਾਨ ਵਿੱਚ। ਪਾਤਰ ਨੂੰ ਉਹ ਕਿਸੇ ਚਿਹਰੇ ਵਿੱਚ ਦਿਸਦੇ ਹਨ ਅਤੇ ਕੁਝ ਹੋਰ ਵੀ ਜਿਸ ਨੂੰ ਉਹ ਇਸ ਬੰਦ ਵਿੱਚ ਪ੍ਰਗਟ ਕਰਦਾ ਹੈ:

ਇੱਕ ਚੰਦ

ਅਤੇ ਇੱਕ ਸੂਰਜ

ਇੱਕ ਤੇਰਿਆਂ ਹੱਥਾਂ ਦੀ ਰੋਟੀ

ਇੱਥੇ ਚੰਦ, ਸੂਰਜ ਤਾਂ ਗੋਲ ਹਨ ਹੀ, ਰੋਟੀ ਵੀ ਗੋਲ ਹੈ ਅਤੇ ਤਿੰਨੋਂ ਇੱਕ ਦੂਜੇ ਵਿੱਚ ਸਮਾਅ ਗਏ ਹਨ ਕਿਉਂਕਿ ਕਵੀ ਦੀ ਸੰਵੇਦਨਾ ਨੇ ਚੰਨ, ਸੂਰਜ ਦੀ ਲੋਅ ਉਸ ਦੀ ਰੋਟੀ ਵਿੱਚ ਦੇਖ ਲਈ ਹੈ।

ਕੁਦਰਤ ਪਾਤਰ ਦੇ ਅੰਗ ਸੰਗ ਵੱਸਦੀ ਸੀ। ਇੱਕ ਚੀਨੀ ਕਵਿਤਾ ਦਾ ਉਸ ਅਨੁਵਾਦ ਕੀਤਾ ਸੀ ਜਿਸ ਵਿੱਚ ਦੁੱਖ ਦੀ ਅਨੰਤਤਾ ਅਤੇ ਖ਼ੁਸ਼ੀ ਦੀ ਛਿਣ-ਭੰਗਰਤਾ ਸਹਿਜੇ ਹੀ ਪ੍ਰਗਟ ਹੋ ਜਾਂਦੀ ਹੈ:

ਆੜੂ ਦਾ ਰੁੱਖ ਖਿੜਿਆ ਪਰਬਤ ਸਿਖਰ ਤੇ ਕੋਲ ਵਗੇ ਦਰਿਆ ਚਟਾਨਾਂ ਨਾਲ ਖਹਿ

ਫੁੱਲ ਜਾਂਦੇ ਮੁਰਝਾ, ਤੇਰੇ ਪਿਆਰ ਜਿਉਂ

ਲਹਿਰਾ ਵਗਣ ਹਮੇਸ਼, ਮੇਰੇ ਦਰਦ ਜਿਉਂ।

ਸੁੱਖਾਂ ਦੇ ਫੁੱਲ ਪਲਕ ਝਪਕਦੇ ਮੁਰਝਾ ਜਾਂਦੇ ਹਨ, ਪਰ ਦੁੱਖਾਂ ਦੇ ਦਰਿਆ ਸਦੀਵੀ ਵਗਦੇ ਹਨ। ਸੰਸਾਰ ਦਾ ਇਹ ਹੀ ਸੱਚ ਹੈ।

ਆਪਣੇ ਚੀਨ ਦੇ ਸਫ਼ਰ ਦੌਰਾਨ ਟੈਗੋਰ ਦੀਆਂ ਦੋ ਤੁਕਾਂ ਨੇ ਉਸ ਦਾ ਸਵਾਗਤ ਕੀਤਾ ਸੀ, ਜਿਨ੍ਹਾਂ ਨੂੰ ਉਸ ਨੇ ਉਚੇਚ ਨਾਲ ਆਪਣੇ ਲੇਖ ਵਿੱਚ ਦੁਹਰਾਇਆ ਸੀ:

ਓ ਪਿਆਰੇ ਮੁਸਾਫ਼ਰੋ

ਮੇਰੀ ਕਵਿਤਾ ਵਿੱਚ

ਆਪਣੇ ਪੈਰਾਂ ਦੇ ਨਿਸ਼ਾਨ ਛੱਡ ਜਾਇਓ

ਪਾਤਰ ਹਰ ਮਿਲਣ ਵਾਲੇ ਤੋਂ, ਹਰ ਕਵੀ ਅਤੇ ਪਾਠਕ ਤੋਂ ਇਹੀ ਉਮੀਦ ਰੱਖਦਾ ਸੀ ਕਿ ਉਹ ਉਸ ਦੀ ਕਵਿਤਾ ਵਿੱਚ ਆਪਣੀਆਂ ਪੈੜਾਂ ਛੱਡ ਜਾਣਗੇ। ਟੈਗੋਰ ਦੀ ਦੂਸਰੀ ਕਵਿਤਾ ਦਾ ਬੰਦ ਵੀ ਬਹੁਤ ਨਿਵੇਕਲਾ ਹੈ:

ਜੇ ਤੂੰ ਚੰਨ ਦੇ ਨਾ ਮਿਲਣ ’ਤੇ

ਅੱਖਾਂ ਵਿੱਚ ਹੰਝੂ ਭਰੀ ਰੱਖੇਂਗਾ

ਤਾਂ ਤਾਰੇ ਵੀ ਨਹੀਂ ਦੇਖ ਸਕੇਂਗਾ

ਤਿੰਨ ਸਤਰਾਂ ਵਿੱਚੋਂ ਟੈਗੋਰ ਨੇ ਜ਼ਿੰਦਗੀ ਵਿੱਚ ਅਗਾਂਹ ਤੁਰਨ ਦਾ ਇੱਕ ਜੀਵਨ ਫਲਸਫ਼ਾ ਪੇਸ਼ ਕਰ ਦਿੱਤਾ ਹੈ। ਹੰਝੂ ਭਰੀਆਂ ਅੱਖਾਂ ਅਗਾਂਹ ਨਹੀਂ ਤੱਕ ਸਕਦੀਆਂ। ਅਗਾਂਹ ਤੱਕਣ ਲਈ ਪਿਛਲੇ ਹੰਝੂਆਂ ਤੋਂ ਨਿਜਾਤ ਪਾਉਣੀ ਹੀ ਪਵੇਗੀ।

ਕੰਨੜ ਦੇ ਮਸ਼ਹੂਰ ਨਾਟਕਕਾਰ ਗਿਰੀਸ਼ ਕਰਨਾਡ ਦੇ ਹਵਾਲੇ ਨਾਲ ਪਾਤਰ ਇੱਕ ਗੱਲ ਸੁਣਾਉਂਦਾ ਹੈ, ਜਿਹੜੀ ਕਰਨਾਡ ਦੇ ਪਿੰਡਾਂ ਵਿੱਚ ਆਮ ਕਹੀ ਜਾਂਦੀ ਹੈ:

ਧੀ

ਖਾਣ ਪੀਣ ਦਾ ਸਮਾਨ

ਤੇ ਕਹਾਣੀ

ਇਨ੍ਹਾਂ ਨੂੰ ਜ਼ਿਆਦਾ ਦੇਰ ਘਰ ਰੱਖੋਗੇ ਤਾਂ

ਬਿਮਾਰ ਹੋ ਜਾਵੋਗੇ।

ਉਹੀ ਤਿੰਨ ਸਤਰਾਂ ਤੇ ਜੀਵਨ ਦਾ ਫਲਸਫ਼ਾ ਪਾਤਰ ਤੁਰਦਾ ਫਿਰਦਾ ਇੰਝ ਹੀ ਇਕੱਤਰ ਕਰਦਾ ਰਹਿੰਦਾ। ਉੜੀਆ ਕਵੀ ਰਮਾਕਾਂਤ ਰਥ ਦੀ ਕਵਿਤਾ ‘ਸ਼ੋਕ ਸਭਾ ਵਿੱਚ ਪ੍ਰੇਮੀ’ ਦੇ ਦੋ ਬੰਦ:

ਨਹੀਂ ਨਹੀਂ ਮੈਨੂੰ ਨਾ ਕਹਿਣਾ

ਕੁਝ ਬੋਲਣ ਲਈ

ਉਸਨੇ ਕਿਹਾ ਤੇ ਸ਼ੋਕ ਸਭਾ ਦੀ

ਆਖ਼ਰੀ ਕਤਾਰ ਵਿੱਚ ਬੈਠ ਗਈ

ਸ਼ੋਕ ਸਭਾ ਸਮਾਪਤ ਹੋਈ

ਤਾਂ ਉਸ ਨੇ ਆਪਣੇ ਅੰਦਰੋਂ ਕਿਸੇ ਨੂੰ ਸਿਸਕਦੇ ਸੁਣਿਆ:

ਤੂੰ ਕਿਉਂ ਗਈ ਸ਼ੋਕ ਸਭਾ ਵਿੱਚ?

ਬਸ ਏਹੀ ਸੁਣਨ ਕਿ ਮੈਂ ਹੁਣ ਕਦੀ ਨਹੀਂ ਆਵਾਂਗਾ।

ਪ੍ਰੇਮੀ-ਪ੍ਰੇਮਿਕਾ ਦੇ ਮਨਾਂ ਅੰਦਰ ਵਾਸ ਸਦੀਵੀ ਹਨ, ਸ਼ੋਕ ਸਭਾ ਦੇ ਵਕਤਿਆਂ ਵਾਂਗ ਚਲਾਇਮਾਨ ਨਹੀਂ ਹੁੰਦੇ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸ਼ੁਹਰਤ ਦੀ ਭੁੱਖ ਹੁੰਦੀ ਹੈ। ਪਾਤਰ ਲਿਖਦਾ ਹੈ ਕਿ ਜ਼ਿੰਦਗੀ ਸ਼ੁਹਰਤ ਨਾਲੋਂ ਕਿਤੇ ਵਡੇਰੀ ਹੁੰਦੀ ਹੈ। ਇਸ ਲਈ ਉਹ ਮਨ ਦੀ ਸਲੇਟ ਨੂੰ ਅਜਿਹੇ ਨਿੱਕੇ ਮੋਟੇ ਕਲੇਸ਼ਾਂ ਤੋਂ ਸਾਫ਼ ਰੱਖਦਾ ਹੈ। ਇਸ ਬਾਰੇ ਉਸ ਦੇ ਦੋ ਸ਼ੇਅਰ ਹਨ:

ਪੰਛੀ ਹਵਾ ਨੂੰ ਕੱਟ ਕੇ ਜਾਵੇ ਅਗੇਰੇ ਲੰਘ

ਮਿਲ ਜਾਵੇ ਟੁੱਟਣ ਸਾਰ ਹੀ ਕੱਟੀ ਹਵਾ ਦਾ ਚੀਰ

ਕਿਸ਼ਤੀ ਦੀ ਨੋਕ ਤਿੱਖੜੀ ਪਾਣੀ ਤੇ ਕੱਢ ਸਿਆੜ,

ਜਦ ਵਧਦੀ ਅਗਾਂਹ ਨੂੰ ਜੁੜ ਜਾਵੇ ਮੁੜ ਕੇ ਨੀਰ

ਪੰਛੀ ਦੇ ਪਰਾਂ ਨਾਲ ਕੱਟੀ ਹਵਾ ਉਸ ਦੇ ਲੰਘਦੇ ਹੀ ਜੁੜ ਜਾਂਦੀ ਹੈ। ਇਸ ਵਿੱਚ ਉਸ ਦਾ ਮਾਣ ਕਾਹਦਾ? ਇੰਝ ਹੀ ਕਿਸ਼ਤੀ ਦਾ ਆਪਣੇ ਜ਼ੋਰ ’ਤੇ ਕੀ ਮਾਣ ਕਿਉਂਕਿ ਉਸ ਦਾ ਕੱਟਿਆ ਪਾਣੀ ਉਸ ਦੇ ਲੰਘਦੇ ਹੀ ਮੁੜ ਮਿਲ ਜਾਣਾ ਹੈ। ਸ਼ੁਹਰਤ ਵੀ ਪਾਣੀ ਦੇ ਸਿਆੜਾਂ ਵਾਂਗ ਨਾਲ ਹੀ ਤੁਰ ਜਾਂਦੀ ਹੈ।

ਇੱਕ ਥਾਂ ਪਾਤਰ ਸੁਰਜੀਤ ਹਾਂਸ ਦੀ ਮਿੱਠੇ ਜਿਹੇ ਹਾਸੇ, ਪਰ ਗਹਿਰੇ ਵਿਅੰਗ ਵਾਲੀ ਕਵਿਤਾ ਦਾ ਹਵਾਲਾ ਦਿੰਦਾ ਹੈ:

ਸੱਜਣ ਮੈਨੂੰ ਆਖਦਾ ਬਹੁਤਾ ਨਾ ਤੂੰ ਹੱਸ

ਇਹ ਤਾਂ ਮੇਰੀ ਜਾਨ ਹੈ ਇਹ ਤਾਂ ਮੇਰਾ ਜੱਸ

ਹਾਸਾ ਵਚਨ ਵੰਗਾਰ ਦਾ, ਕਰੇ ਯਥਾਰਥ ਭਿੰਨ

ਹਾਸੇ ਦਾ ਪ੍ਰਤਾਪ ਹੈ, ਇੱਕ ਬਾਗ਼ੀ ਦਾ ਚਿੰਨ੍ਹ

ਕਲਾਧਾਰੀ ਤੇ ਕਰਾਮਾਤੀ ਹੀ ਹਾਸਾ ਸਿਰਜ ਸਕਦੇ ਹਨ। ਹਾਸਾ ਤਨ ਦੀ ਸਿਹਤ ਲਈ ਹੀ ਨਹੀਂ, ਮਨ ਦੀ ਸਿਹਤ ਲਈ ਵੀ ਲਾਜ਼ਮੀ ਹੈ। ਹਾਕਮ ਦੀ ਪਹਿਲੀ ਗਾਜ਼ ਉਨ੍ਹਾਂ ਕਲਾਧਾਰੀਆਂ ’ਤੇ ਹੀ ਡਿਗਦੀ ਹੈ ਜਿਨ੍ਹਾਂ ਦੀ ਆਪਣੇ ਸਮਿਆਂ ਦੀ ਡੂੰਘੀ ਜਾਣਕਾਰੀ ਸ਼ਬਦਾਂ ਦੇ ਨਸ਼ਤਰ ਬਣ ਉਨ੍ਹਾਂ ਨੂੰ ਚੁਭਦੀ ਹੈ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ। ਪਰ ਫਿਰ ਸਵਾਲ ਉੱਠਦਾ ਹੈ:

ਮੈਂ ਜਬ ਦਿਨ ਕੋ ਦਿਨ ਬੋਲੂੰ, ਮੈਂ ਜਬ ਰਾਤ ਕੋ ਰਾਤ ਕਹੂੰ,

ਮੁਝ ਸੇ ਖ਼ਫ਼ਾ ਕਿਉਂ ਹੋ ਜਾਤੇ ਹੋ, ਮੈਂ ਜਬ ਮਨ ਕੀ ਬਾਤ ਕਹੂੰ

ਪਰ ਇਸ ਖੰਡਿਤ ਯੁੱਗ ਵਿੱਚ ਵੀ ਪਾਤਰ ਆਸ ਦਾ ਪੱਲਾ ਨਹੀਂ ਛੱਡਦਾ ਅਤੇ ਚਹੁੰ ਕੂੰਟੀਂ ਪਸਰੇ ਹਨੇਰੇ ਨੂੰ ਗਿਆਨ ਦੀ ਲੋਅ ਨਾਲ ਚੀਰਨ ਦੀ ਆਸ ਰੱਖਦਾ ਹੈ:

ਨ੍ਹੇਰੇ ਨੂੰ ਲੋਹਾ ਨਹੀਂ, ਲੋਅ ਚੀਰਦੀ ਹੈ

ਗਿਆਨ ਵੀ ਹੈ ਖੜਗ, ਸਤਿਗੁਰ ਦਾ ਕਥਨ ਹੈ

ਇੰਝ ਉਹ ਗਿਆਨ ਨੂੰ ਖੜਗ ਦੇ ਸਨਮੁਖ ਲਿਆ ਖੜ੍ਹਾ ਕਰਦਾ ਹੈ। ਸ਼ਬਦ ਦੀ ਉਤਪਤਾ ਦਰਸਾਉਂਦਾ ਹੈ। ਗਿਆਨ ਨੂੰ ਉਹ ਗੁਰੂ ਦੁਆਰਾ ਼ਸ਼ਮਸ਼ੀਰ ਤੋਂ ਪਹਿਲਾਂ ਬਖਸ਼ਿਆ ਹੋਇਆ ਮੰਨਦਾ ਹੈ। ਗਿਆਨ ਨੂੰ ਹੀ ਖੜਗ ਰੂਪ ਮੰਨਦੇ ਹੋਏ ਉਹ ਅੱਲਾਮਾ ਇਕਬਾਲ ਦਾ ਸ਼ਿਅਰ ਦਰਜ ਕਰਦਾ ਹੈ:

ਯਕੀ ਮੁਹਕਮ, ਅਮਲ ਪੈਰਸ, ਮੁਹੱਬਤ ਫ਼ਤਿਹ ਏ

ਜਿਹਾਦੇ ਜ਼ਿੰਦਗਾਨੀ ਮੇਂ ਹੈ ਯੇ ਮਰਦੋਂ ਕੀ ਸ਼ਮਸ਼ੀਰੇ ਆਲਮ

ਪੱਕਾ ਨਿਸ਼ਚਾ, ਨਿਰੰਤਰ ਕਰਮ ਅਤੇ ਦੁਨੀਆ ਫਤਹਿ ਕਰਨ ਦੀ ਚਾਹਤ ਹੀ ਜ਼ਿੰਦਗੀ ਦੇ ਧਰਮ ਯੁੱਧ ਦੀਆਂ ਤਿੰਨ ਸ਼ਮਸ਼ੀਰਾਂ ਹਨ। ਜ਼ਿੰਦਗੀ ਦੇ ਹਨੇਰ ਵਿੱਚੋਂ ਬਾਹਰ ਨਿਕਲਣ ਦਾ ਇਹ ਵੀ ਸਾਧਨ ਹੈ।

ਭਾਵੇਂ ਵਰ੍ਹਾ ਬੀਤ ਗਿਆ ਹੈ ਪਰ ਸੁਰਜੀਤ ਪਾਤਰ ਮੈਨੂੰ ਅੱਜ ਵੀ ਚੜ੍ਹੀ ਧੁੱਪ ਵਾਂਗ ਹੀ ਯਾਦ ਹੈ ਅਤੇ ਯਾਦ ਹਨ ਉਸ ਨਾਲ ਸਮੇਂ-ਸਮੇਂ ਲੰਮੀਆਂ ਗੱਲਾਂ-ਬਾਤਾਂ। ਜੋ ਗੱਲ ਮੇਰੇ ਚੇਤੇ ਵਿੱਚ ਸਭ ਤੋਂ ਵੱਧ ਉੱਭਰਦੀ ਹੈ ਉਹ ਪਾਤਰ ਦੀ ਦੂਸਰੇ ਕਵੀਆਂ ਅਤੇ ਲੇਖਕਾਂ ਦੀ ਆਪ ਮੁਹਾਰੇ ਪ੍ਰਸ਼ੰਸਾ। ਉਸ ਨੂੰ ਅਨੇਕਾਂ ਕਵੀਆਂ ਦੀਆਂ ਗ਼ਜ਼ਲਾਂ ਕਵਿਤਾਵਾਂ ਦੇ ਬੋਲ ਜ਼ਬਾਨੀ ਯਾਦ ਹੁੰਦੇ ਅਤੇ ਅਕਸਰ ਗੱਲਬਾਤ ਵਿੱਚ ਆਪਣੀ ਕਵਿਤਾ ਦੀ ਥਾਂ ਕਿਸੇ ਹੋਰ ਦੇ ਸ਼ੇਅਰ ਜਾਂ ਕਾਵਿ-ਟੁਕੜੀ ਦਾ ਹਵਾਲਾ ਦਿੰਦਾ।

ਅੱਜ ਉਸ ਨੂੰ ਯਾਦ ਕਰਦਿਆਂ ਮੈਂ ਉਸ ਦੀ ਅਖੀਰਲੀ ਛਪੀ ਪੁਸਤਕ ‘ਇਹ ਬਾਤ ਨਿਰੀ ਏਨੀ ਹੀ ਨਹੀਂ’ ਅਤੇ ‘ਸੂਰਜ ਮੰਦਰ ਦੀਆਂ ਪੌੜੀਆਂ’ ਨੂੰ ਆਧਾਰ ਬਣਾਇਆ ਹੈ ਅਤੇ ਪਾਤਰ ਤੇ ਹੋਰਨਾਂ ਕਵੀਆਂ ਦੇ ਸਾਰੇ ਹਵਾਲੇ ਅਤੇ ਹੋਰ ਤੁਕਾਂ ਇਨ੍ਹਾਂ ਦੋਵਾਂ ਪੁਸਤਕਾਂ ਵਿੱਚੋਂ ਹੀ ਦਿੱਤੀਆਂ ਹਨ। ਮੇਰਾ ਮਕਸਦ ਪਾਠਕਾਂ ਨੂੰ ਪਾਤਰ ਦੀ ਕਵਿਤਾ ਦੇ ਨਾਲ ਉਸ ਦੀ ਪਸੰਦ ਦੀਆਂ ਕੁਝ ਹੋਰ ਕਵਿਤਾਵਾਂ ਦੇ ਰੂਬਰੂ ਕਰਵਾਉਣਾ ਹੈ। ਮੇਰਾ ਉਸ ਨੂੰ ਇਹੀ ਸਿਜਦਾ ਹੈ।

ਸੰਪਰਕ: 98150-00873

Advertisement