DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਡ ਭਾਸ਼ਾ

ਕਥਾ ਪ੍ਰਵਾਹ
  • fb
  • twitter
  • whatsapp
  • whatsapp
Advertisement

ਹਰਪਾਲ ਸਿੰਘ ਸੰਧਾਵਾਲੀਆ

ਉਹ ਇੱਕ ਪੰਜਾਬੀ ਸਾਹਿਤਕਾਰ ਹੈ। ਇਸ ਲਈ ਪੰਜਾਬੀ ਮਾਂ ਬੋਲੀ ਦਾ ਉਹਨੂੰ ਫ਼ਿਕਰ ਵੀ ਬਹੁਤ ਰਹਿੰਦਾ ਹੈ। ਉਹਨੂੰ ਇੰਜ ਲੱਗਦਾ ਏ ਜਿਵੇਂ ਪੰਜਾਬ ਵਾਲੇ ਹੀ ਪੰਜਾਬੀ ਨੂੰ ਮਾਰਨ ’ਤੇ ਤੁਲੇ ਹੋਣ। ਉਹ ਕਿਸੇ ਨੂੰ ਵੀ ਪੰਜਾਬੀ ਤੋਂ ਬਗੈਰ ਕੋਈ ਹੋਰ ਭਾਸ਼ਾ ਬੋਲਦਿਆਂ ਸੁਣਦਾ ਏ ਤਾਂ ਖਿਝ ਉੱਠਦਾ ਏ। ਇਸੇ ਲਈ ਉਹ ਦਫ਼ਤਰ, ਬਾਜ਼ਾਰ ਜਾਂ ਘਰ, ਜਿੱਥੇ ਵੀ ਹੋਵੇ, ਅਕਸਰ ਖਿਝਿਆ ਹੀ ਰਹਿੰਦਾ ਏ। ਹੁਣ ਖਿਝੇ ਬੰਦੇ ਲਈ ਲਿਖਣਾ ਕਿਹੜਾ ਸੌਖਾ ਹੁੰਦਾ ਏ, ਪਰ ਨਵਰੀਤ ਸਿੰਘ ‘ਰੀਤ’ ਸਿਰੜੀ ਲੇਖਕ ਹੈ। ਪੰਜਾਬੀ ਦਾ ਇੱਕ ਉੱਭਰਦਾ ਹੋਇਆ ਕਹਾਣੀਕਾਰ। ਕਹਾਣੀ ਲਿਖਦਾ ਵੀ ਹੈ ਤੇ ਨਿੱਠ ਕੇ ਪੜ੍ਹਦਾ ਵੀ।ਉਹ ਆਸ਼ਾਵਾਦੀ ਲੇਖਕ ਹੈ। ਨਾਇਕ ਪਾਤਰ ਸਿਰਜਦਾ ਹੈ। ਉਹਦੀਆਂ ਕਹਾਣੀਆਂ ਅਖ਼ਬਾਰਾਂ, ਰਸਾਲਿਆਂ ’ਚ ਛਪਦੀਆਂ ਨੇ। ਉਹਨੂੰ ਯਾਰਾਂ ਦੋਸਤਾਂ ਵੱਲੋਂ ਹੱਲਾਸ਼ੇਰੀ ਮਿਲਦੀ ਹੈ। ਖ਼ਾਸ ਕਰ ਕੇ ਮਲਹੋਤਰਾ ਉਹਨੂੰ ਅਕਸਰ ਕਹਿੰਦਾ ਹੈ, ‘‘ਰੀਤ ਤੂੰ ਬਹੁਤ ਵਧੀਆ ਲਿਖਦਾ ਏਂ, ਤੇਰੀ ਕਹਾਣੀ ਪੜ੍ਹ ਕੇ ਬੰਦਾ ਹਲੂਣਿਆ ਜਾਂਦੈ।’’

Advertisement

ਇਹ ਸੁਣ ਕੇ ਰੀਤ ਨੂੰ ਵਧੀਆ ਲੱਗਦਾ ਏ ਤੇ ਉਹ ਹੋਰ ਵਧੀਆ ਕਹਾਣੀਆਂ ਲਿਖਣ ਦਾ ਯਤਨ ਕਰਦਾ ਏ।

ਮਲਹੋਤਰਾ ਉਹਦਾ ਪੱਕਾ ਪਾਠਕ ਹੀ ਨਹੀਂ, ਪੱਕਾ ਦੋਸਤ ਵੀ ਹੈ। ਉਹ ਜੇ ਕੋਲ ਹੋਵੇ ਤਾਂ ਰੀਤ ਦੀ ਖਿਝ ਨੂੰ ਕੁਝ ਸ਼ਾਂਤ ਕਰ ਦਿੰਦਾ ਹੈ। ਦਫ਼ਤਰ ਵਿੱਚ ਤਾਂ ਉਹ ਹਰ ਵੇਲੇ ਕੋਲ ਹੀ ਹੁੰਦਾ ਹੈ। ਵੈਸੇ ਤਾਂ ਦਫ਼ਤਰ ਵਿੱਚ ਰੀਤ ਨੂੰ ਖਿਝ ਚੜ੍ਹਾਉਣ ਵਾਲੇ ਕਈ ਆਉਂਦੇ ਨੇ, ਪਰ ਮਿਸਿਜ਼ ਨਲਿਨੀ ਤਾਂ ਹੈ ਹੀ ਦਫ਼ਤਰ ਦੀ ਮੁਲਾਜ਼ਮ।

ਰੀਤ ਨੂੰ ਉਹਦੇ ’ਤੇ ਖਿਝ ਚੜ੍ਹਣੀ ਆਮ ਗੱਲ ਹੈ ਕਿਉਂਕਿ ਉਹ ਦਫ਼ਤਰ ’ਚ ਹਿੰਦੀ, ਅੰਗਰੇਜ਼ੀ ਜਿਹੀ ਬੋਲਦੀ ਰਹਿੰਦੀ ਹੈ। ਉਹਨੇ ਦਸਵੀਂ ਸ਼ਹਿਰ ਦੇ ਕਾਨਵੈਂਟ ਸਕੂਲ ’ਚੋਂ ਪਾਸ ਕੀਤੀ ਸੀ। ਫਿਰ ਬੀ.ਐੱਡ. ਕਰਕੇ ਕਿਸੇ ਪ੍ਰਾਈਵੇਟ ਸਕੂਲ ’ਚ ਟੀਚਰ ਲੱਗੀ ਰਹੀ। ਹੁਣ ਦਫ਼ਤਰ ’ਚ ਸਰਕਾਰੀ ਨੌਕਰੀ ਮਿਲੀ ਤਾਂ ਤਨਖ਼ਾਹ ਇੱਥੋਂ ਵਾਲੀ, ਪਰ ਭਾਸ਼ਾ ਉੱਥੋਂ ਵਾਲੀ। ਰੀਤ ਉਹਦੀ ਹਿੰਦੀ, ਅੰਗਰੇਜ਼ੀ ਜਿਹੀ ਸੁਣ ਕੇ ਖਿਝ ਉੱਠਦਾ ਏ। ਉਹ ਗੁੱਸੇ ਵਿੱਚ ਕਹਿੰਦਾ ਹੈ, ‘‘ਮੈਡਮ, ਆਪਾਂ ਪੰਜਾਬ ’ਚ ਰਹਿਨੇ ਆਂ, ਆਪਾਂ ਨੂੰ ਪੰਜਾਬੀ ਬੋਲਣੀ ਚਾਹੀਦੀ ਏ। ਪਤਾ ਨਹੀਂ ਤੁਹਾਨੂੰ ਪੰਜਾਬੀ ਬੋਲਣ ਵਿੱਚ ਸ਼ਰਮ ਕਿਉਂ ਆਉਂਦੀ ਏ। ਆਹ ਹਿੰਦੀ, ਅੰਗਰੇਜ਼ੀ ਜਿਹੀ ਬੋਲ ਕੇ ਤੁਹਾਡੀ ਕੋਈ ਬਾਹਲੀ ਇੱਜ਼ਤ ਨਹੀਂ ਬਣਦੀ।’’ ਪਰ ਉਹ ਤਾਂ ਜਿਵੇਂ ਰੀਤ ਨੂੰ ਚਿੜਾਉਣ ਲਈ ਹੀ ਹਿੰਦੀ, ਅੰਗਰੇਜ਼ੀ ਜਿਹੀ ਬੋਲੀ ਜਾਂਦੀ, ‘‘ਰੀਤ ਸਰ, ਪਲੀਜ਼ ਰਿਸੀਵ ਦਿਸ ਫਾਈਲ, ਆਪ ਕੀ ਸੀਟ ਸੇ ਸਬੰਧਤ ਹੈ... ... ...।’’

ਹੁਣ ਅੱਕ ਕੇ ਰੀਤ ਨੇ ਵੀ ਲੀਕ ਹੀ ਮਾਰ ਦਿੱਤੀ ਏ, ‘‘ਜਿਹੜਾ ਪੰਜਾਬੀ ਬੋਲੇ, ਉਹੀ ਮੇਰੇ ਨਾਲ ਬੋਲੇ, ਨਹੀਂ ਤਾਂ ਦਫ਼ਤਰੀ ਕੰਮ ਸਿਰਫ਼ ‘ਲਿਖਤੀ ਪੜ੍ਹਤੀ’।’’

ਦਫ਼ਤਰ ਵਿੱਚ ਹੀ ਨਹੀਂ, ਮਲਹੋਤਰਾ ਤਾਂ ਜਿੱਥੇ ਵੀ ਰੀਤ ਦੇ ਨਾਲ ਹੋਵੇ ਉਹਨੂੰ ਸ਼ਾਂਤ ਕਰਦਾ ਏ। ਜਿਵੇਂ ਇੱਕ ਵਾਰ ਰੀਤ ਦੇ ਦੰਦ ਵਿੱਚ ਦਰਦ ਸੀ।ਮਲਹੋਤਰਾ ਨੇ ਹੀ ਕਿਹਾ ਸੀ, ‘‘ਚੱਲ ਰੀਤ, ਆਪਾਂ ਡਾਕਟਰ ਬਰਾੜ ਵਾਲੇ ਕਲੀਨਿਕ ਚੱਲਦੇ ਆਂ। ਥੋੜ੍ਹਾ ਮਹਿੰਗਾ ਤਾਂ ਹੈ ਪਰ ਇਲਾਜ ਵਧੀਆ ਏ।’’

ਅਗਲੇ ਦਿਨ ਰੀਤ ਆਪਣੀ ਪਤਨੀ ਅਤੇ ਮਲਹੋਤਰਾ ਨਾਲ ਡਾ. ਬਰਾੜ ਦੇ ਕਲੀਨਿਕ ਚਲਾ ਗਿਆ। ਉੱਥੇ ਜਾ ਕੇ ਉਹਨੂੰ ਪਤਾ ਲੱਗਾ ਕਿ ਇਹ ਥੋੜ੍ਹਾ ਨਹੀਂ ਸਗੋਂ ਵਾਹਵਾ ਹੀ ਮਹਿੰਗਾ ਹੈ। ਉੱਤੋਂ ਸਿਤਮ ਇਹ ਕਿ ਉੱਥੇ ਸਾਰੇ ਡਾਕਟਰ ਤੇ ਮਰੀਜ਼ ਵੀ ਹਿੰਦੀ ਹੀ ਬੋਲਣ, ਕਦੇ ਕਦੇ ਅੰਗਰੇਜ਼ੀ ਵੀ। ਪੰਜਾਬੀ ਤਾਂ ਜਿਵੇਂ ਉਨ੍ਹਾਂ ਦੇ ਸ਼ੀਸ਼ੇ ਵਾਲੇ ਗੇਟ ਤੋਂ ਅੱਗੇ ਹੀ ਨਹੀਂ ਸੀ ਲੰਘ ਸਕਦੀ। ਰੀਤ ਨੂੰ ਉੱਥੇ ਕਿੰਨੀ ਦੇਰ ਸ਼ੀਸ਼ੇ ਵਾਲੇ ਗੇਟ ਦੇ ਅੰਦਰ ਬਣੇ ਵੇਟਿੰਗ ਰੂਮ ’ਚ ਬੈਠਣਾ ਪਿਆ। ‘ਗ਼ੈਰ ਭਾਸ਼ਾ’ ਸੁਣ ਸੁਣ ਉਹਦਾ ਬੀ.ਪੀ. ਵਧਣ ਲੱਗਾ। ਆਖ਼ਰ ਨੂੰ ਉਹਦੀ ਵਾਰੀ ਆਈ। ਇੱਕ ਨਵੀਂ ਬਣੀ ਡਾਕਟਰ ਨੇ ਉਹਨੂੰ ਸਪੈਸ਼ਲ ਜਿਹੀ ਕੁਰਸੀ ’ਤੇ ਬਿਠਾਇਆ। ਮੂੰਹ ਵਿੱਚ ਤੇਜ਼ ਲਾਈਟ ਮਾਰ ਕੇ ਚੈੱਕ ਕੀਤਾ ਅਤੇ ਬੋਲੀ, ‘‘ਸਰ, ਆਪ ਕੀ ਆਰ.ਸੀ.ਟੀ. ਹੋਗੀ, ਤੀਨ ਸਿਟਿੰਗ ਲੇਨੀ ਪੜੇਂਗੀ।’’

ਰੀਤ ਇਹ ਸੁਣ ਕੇ ਬੜਾ ਦੁਖੀ ਹੋਇਆ। ਇਸ ਕਰਕੇ ਨਹੀਂ ਕਿ ਉਹਨੂੰ ਤਿੰਨ ਵਾਰ ਆਉਣਾ ਪੈਣਾ ਸੀ ਸਗੋਂ ਇਸ ਕਰਕੇ ਕਿ ਡਾਕਟਰ ਨੇ ਹਿੰਦੀ ਬੋਲੀ ਸੀ। ਉਹਨੇ ਕਿਹਾ, ‘‘ਡਾਕਟਰ ਸਾਹਬ, ਮੈਂ ਤਿੰਨ ਵਾਰ ਆ ਜਾਊਂ, ਕੋਈ ਗੱਲ ਨਹੀਂ। ਪਰ ਤੁਸੀਂ ਮੇਰੇ ਨਾਲ ਪੰਜਾਬੀ ’ਚ ਗੱਲ ਕਰੋ। ਆਪਾਂ ਪੰਜਾਬ ’ਚ ਆਂ ਆਖ਼ਰ।’’ ਡਾਕਟਰ ਥੋੜ੍ਹਾ ਪ੍ਰੇਸ਼ਾਨ ਜਿਹੀ ਹੋ ਗਈ। ਉਹ ਬੋਲੀ, ‘‘ਕੋਈ ਬਾਤ ਨਹੀਂ ਸਰ, ਅਗਰ ਆਪ ਕੋ ਹਿੰਦੀ ਸਮਝਨੇ ਮੇਂ ਪ੍ਰਾਬਲਮ ਹੋਤੀ ਹੈ ਤੋ ਮੈਂ ਪੰਜਾਬੀ ਮੇਂ ਬਤਾ ਦੂੰਗੀ ਆਪ ਕੋ।’’

ਰੀਤ ਪਹਿਲਾਂ ਨਾਲੋਂ ਜ਼ਰਾ ਹੋਰ ਉੱਚੀ ਆਵਾਜ਼ ਵਿੱਚ ਬੋਲਿਆ, ‘‘ਡਾਕਟਰ ਸਾਹਬ, ਗੱਲ ਸਮਝਣ ਦੀ ਨਹੀਂ, ਤੁਹਾਨੂੰ ਕਿਹੜਾ ਪੰਜਾਬੀ ਬੋਲਣੀ ਨਹੀਂ ਆਉਂਦੀ। ਹਿੰਦੀ ਬੋਲ ਕੇ ਤੁਹਾਡੀ ਕੋਈ ਬਾਹਲੀ ਇੱਜ਼ਤ ਨਹੀਂ ਬਣ ਜਾਂਦੀ... ਤੇ ਨਾ ਹੀ ਕਲੀਨਿਕ ਦੀ।’’

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਡਾਕਟਰ ਬਰਾੜ ਆਪ ਆ ਗਈ। ਉਹਨੇ ਨਵੀਂ ਡਾਕਟਰ ਨੂੰ ਨਰਮ ਜਿਹੀ ਝਿੜਕ ਦਿੱਤੀ, ‘‘ਡਾਕਟਰ ਨਿਧੀ, ਕੋਈ ਬਾਤ ਨਹੀਂ, ਆਪ ਇਨ ਸੇ ਪੰਜਾਬੀ ਮੇਂ ਹੀ ਬਾਤ ਕਰੇਂ।’’

ਡਾਕਟਰ ਨਿਧੀ ਨੇ ਥੋੜ੍ਹੀ ਦੇਰ ਪੰਜਾਬੀ ਬੋਲੀ, ਪਰ ਛੇਤੀ ਹੀ ਉਹਦੇ ਮੂੰਹੋਂ ਫਿਰ ਹਿੰਦੀ ਨਿਕਲਣੀ ਸ਼ੁਰੂ ਹੋ ਗਈ। ਹਿੰਦੀ ਸੁਣ ਸੁਣ ਕੇ ਰੀਤ ਦੀ ਅੰਦਰਲੀ ਪੀੜ ਉਹਦੇ ਦੰਦ ਦੀ ਪੀੜ ਨਾਲੋਂ ਵੀ ਵਧ ਗਈ। ਉਹ ਖਿਝਿਆ ਤਪਿਆ ਬਾਹਰ ਨਿਕਲਿਆ ਤੇ ਆ ਕੇ ਮਲਹੋਤਰਾ ਕੋਲ ਗਿਲ਼ਾ ਕੀਤਾ, ‘‘ਯਾਰ, ਇਨ੍ਹਾਂ ਨੂੰ ਚੰਗੀ ਭਲੀ ਪੰਜਾਬੀ ਆਉਂਦੀ ਐ, ਫਿਰ ਵੀ ਹਿੰਦੀ ਜਿਹੀ ਬੋਲੀ ਜਾਂਦੇ, ਇਹ ਪੰਜਾਬ ’ਚ ਈ ਪੰਜਾਬੀ ਨੂੰ ਮਾਰਨ ਲੱਗੇ ਨੇ।’’

ਮਲਹੋਤਰਾ ਨੇ ਉਹਨੂੰ ਹਾਸੇ ਜਿਹੇ ’ਚ ਹੌਸਲਾ ਦਿੰਦਿਆਂ ਗੱਲ ਟਾਲਣ ਦੀ ਕੋਸ਼ਿਸ਼ ਕੀਤੀ, ‘‘ਤੂੰ ਐਵੇਂ ਬਾਹਲਾ ਘਬਰਾਇਆ ਨਾ ਕਰ ਯਾਰ, ਕੁਝ ਨਹੀਂ ਹੁੰਦਾ ਪੰਜਾਬੀ ਨੂੰ, ਬੜੀਆਂ ਡੂੰਘੀਆਂ ਜੜ੍ਹਾਂ ਨੇ ਇਹਦੀਆਂ। ਨਾਲੇ ਪੰਜਾਬ ’ਚ ਜਿੰਨੀ ਮਰਜ਼ੀ ਹਿੰਦੀ ਆ ਵੜੇ, ਇਹ ਹੋਊ ਪੰਜਾਬੀ ਵਰਗੀ ਹੀ। ਤੇ ਆਪਾਂ ਵੀ ਜਿੰਨੇ ਮਰਜ਼ੀ ਬੰਨ੍ਹ ਮਾਰ ਲਈਏ, ਆਪਣੀ ਪੰਜਾਬੀ ਵੀ ਤਾਂ ਥੋੜ੍ਹੀ ਬਹੁਤ ਬਦਲਣੀ ਈ ਆ।’’

ਰੀਤ ਦੀ ਤਸੱਲੀ ਨਾ ਹੋਈ। ਉਹਨੇ ਸੋਚਿਆ, ‘ਬੇਸ਼ੱਕ ਪੰਜਾਬ ਵਿੱਚ ਹਿੰਦੀ, ਪੰਜਾਬੀ ਵਰਗੀ ਹੀ ਹੋਊ, ਪਰ ਇਹ ਪੰਜਾਬੀ ਤਾਂ ਨਹੀਂ ਨਾ ਹੋਣੀ।’

ਪਤਨੀ ਨੇ ਵੀ ਕਿਹਾ, ‘‘ਤੁਸੀਂ ਇਲਾਜ ਕਰਾਉ, ਆਹ ਹਿੰਦੀ ਪੰਜਾਬੀ ਦੇ ਚੱਕਰ ’ਚ ਕਿਉਂ ਪੈਂਦੇ ਹੋ।’’

ਪਰ ਰੀਤ ਨੇ ਫਿਰ ਉਸ ਕਲੀਨਿਕ ਵਿੱਚੋਂ ਆਪਣਾ ਇਲਾਜ ਨਹੀਂ ਕਰਵਾਇਆ। ਵੈਸੇ ਵੀ ਇਸ ਵਿਸ਼ੇ ’ਤੇ ਪਤਨੀ ਦੀ ਨਾ ਉਹਨੇ ਸੁਣਨੀ ਸੀ ਤੇ ਨਾ ਸੁਣੀ। ਇਸੇ ਗੱਲੋਂ ਤਾਂ ਘਰ ਵਿੱਚ ਕਲੇਸ਼ ਰਹਿੰਦਾ ਸੀ। ਜਿਵੇਂ ਉਸ ਦਿਨ ਹੋਇਆ ਸੀ। ਐਤਵਾਰ ਸੀ ਉਸ ਦਿਨ। ਰੀਤ ਦਾ ਪੱਕਾ ਇਰਾਦਾ ਸੀ ਕਿ ਅੱਜ ਕਹਾਣੀ ਪੂਰੀ ਕਰਨੀ ਹੈ। ਕਈ ਹਫ਼ਤਿਆਂ ਦੀ ਅਧੂਰੀ ਪਈ ਕਹਾਣੀ। ਗਿਆਰਾਂ ਵਜੇ ਤੱਕ ਨਹਾ ਧੋ ਕੇ, ਨਾਸ਼ਤਾ ਵਗੈਰਾ ਕਰਕੇ, ਉਹ ਗੱਤਾ ਕਾਗਜ਼ ਲੈ ਕੇ ਬੈਠ ਗਿਆ। ਕਿਸੇ ਵਿਚਾਰ ਬਾਰੇ ਵਿਚਾਰ ਕਰ ਹੀ ਰਿਹਾ ਸੀ ਕਿ ਟੀਸੀ ਉਹਦੀ ਗੋਦੀ ਵਿੱਚ ਆਣ ਬੈਠੀ। ‘ਟੀਸੀ’ ਰੀਤ ਦੀ ਧੀ, ਦੋ ਕੁ ਸਾਲ ਦੀ ਹੋਵੇਗੀ। ਉਹ ਹਰ ਵਾਰ ਇੰਜ ਹੀ ਕਰਦੀ, ਰੀਤ ਨੂੰ ਲਿਖਣ ਨਾ ਦਿੰਦੀ।

ਹੁਣ ਵੀ ਗੋਦੀ ਵਿੱਚ ਬਹਿੰਦਿਆਂ ਹੀ ਉਹਨੇ ਆਪਣੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ। ਉਂਗਲੀ ਦਾ ਪੈੱਨ ਬਣਾ ਲਿਆ। ਰੀਤ ਦੀ ਰੀਸ ਕਰਦਿਆਂ ਕਾਗਜ਼ ’ਤੇ ਉਂਗਲੀ ਫੇਰਨ ਲੱਗੀ ਜਿਵੇਂ ਕੁਝ ਲਿਖ ਰਹੀ ਹੋਵੇ। ਹੁਣ ਤਾਂ ਉਹਨੇ ਰੀਤ ਦੇ ਹੱਥੋਂ ਪੈੱਨ ਹੀ ਲੈ ਲਿਆ। ਕਾਗਜ਼ ’ਤੇ ਵਿੰਗੀਆਂ ਟੇਢੀਆਂ ਜਿਹੀਆਂ ਲਕੀਰਾਂ ਮਾਰਨ ਲੱਗ ਪਈ। ਹੱਥ ਮਾਰ ਕੇ ਗੱਤੇ ਉੱਤੋਂ ਕਾਗਜ਼ ਉਡਾ ਦਿੱਤਾ ਤੇ ਨਾਲ ਹੀ ਰੀਤ ਦੇ ਦਿਮਾਗ਼ ਵਿੱਚ ਮਸਾਂ ਮਸਾਂ ਆਇਆ ਵਿਚਾਰ ਵੀ। ਰੀਤ ਕਿਸੇ ਤਰ੍ਹਾਂ ਟੀਸੀ ਦੇ ਹੱਥ ਪੈਰ ਸੰਭਾਲਦਾ ਹੋਇਆ ਲਿਖਣ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਟੀਸੀ ਦੇ ਹੱਥ ਵੀ ਤਾਂ ਆਖ਼ਰ ਬਚਪਨ ਦੀ ਜੂਨ ਵਿੱਚ ਸਨ, ਆਪਣੀ ਮਰਜ਼ੀ ਦੇ ਮਾਲਕ।

ਉਹ ਅਜੇ ਆਪਣੇ ਵਿਚਾਰਾਂ ਅਤੇ ਟੀਸੀ ਦੀਆਂ ਹਰਕਤਾਂ ਵਿੱਚ ਹੀ ਉਲਝਿਆ ਹੋਇਆ ਸੀ ਕਿ ਰਸੋਈ ਵਿੱਚੋਂ ਪਤਨੀ ਦੀ ਆਵਾਜ਼ ਆ ਗਈ, ‘‘ਆਪਾਂ ਬਾਜ਼ਾਰ ਜਾਣੈ, ਫਰੂਟ ਤੇ ਗਰਾਸਰੀ ਲਿਆਉਣੀ ਏ।’’

ਲਉ, ਟੀਸੀ ਨੂੰ ਸੰਭਾਲਣਾ ਤਾਂ ਫਿਰ ਵੀ ਸੌਖਾ ਹੈ, ਪਰ ਹੁਣ ਪਤਨੀ ਦਾ ਕੀ ਕਰੇ। ਅੱਜ ਐਤਵਾਰ ਵੀ ਕੁਝ ਹੋਰ ਨਹੀਂ ਲੱਭਾ ਤਾਂ ਬਾਜ਼ਾਰ ਜਾਣਾ ਹੈ। ਗੁੱਸਾ ਤਾਂ ਬੰਦੇ ਨੂੰ ਆਊ ਹੀ ਨਾ। ਪਰ ਜ਼ਿਆਦਾ ਗੁੱਸਾ ਤਾਂ ਇਸ ਕਰਕੇ ਆਇਆ ਕਿ ਪੰਜਾਬੀ ਲੇਖਕ ਦੀ ਪਤਨੀ ਹੋ ਕੇ ਵੀ ਉਹਨੇ ਬਜ਼ਾਰੋਂ ‘ਫਰੂਟ’ ਤੇ ‘ਗਰਾਸਰੀ’ ਲੈਣ ਜਾਣਾ ਕਿਹਾ, ‘ਫਲ’ ਤੇ ‘ਸੌਦਾ ਪੱਤਾ’ ਨਹੀਂ।

ਉਹਨੂੰ ਗੁੱਸਾ ਆਉਂਦਾ ਏ ਪਤਨੀ ਦੇ ਹਿੰਦੀ, ਅੰਗਰੇਜ਼ੀ ਜਿਹੀ ਬੋਲਣ ’ਤੇ। ਖ਼ਾਸਕਰ ਜਦੋਂ ਟੀਸੀ ਨਾਲ ਵੀ ਉਹ ਇੰਜ ਹੀ ਬੋਲਦੀ, ‘‘ਟੀਸੀ ਕਮ ਹਿਅਰ... ਯਹ ਖਾਉ... ਵੁਹ ਕਰੋ... ਯਹ ਮਤ ਕਰੋ... ਡਰਟੀ ਗਰਲ... ... ...।’’

ਉਹਨੂੰ ਤਾਂ ਡਰ ਲੱਗਦਾ ਕਿ ਟੀਸੀ ਜਦੋਂ ਬੋਲਣ ਲੱਗੂ, ਪੰਜਾਬੀ ਬੋਲੂ ਜਾਂ ‘ਹਮਕੋ ਤੁਮਕੋ’ ਜਿਹੀ ਕਰੂ। ਉਹ ਸੋਚਦਾ ਕਿ ਜਦੋਂ ਉਹ, ਉਹਦੇ ਨਾਲ ਪੰਜਾਬੀ ’ਚ ਗੱਲ ਕਰ ਸਕਦੀ ਹੈ, ਪੇਕੇ ਜਾ ਕੇ ਪੰਜਾਬੀ ਬੋਲ ਸਕਦੀ ਹੈ ਤਾਂ ਫਿਰ ਟੀਸੀ ਨਾਲ ਗੱਲ ਕਰਦਿਆਂ ਜਾਂ ਬਾਜ਼ਾਰ ਜਾ ਕੇ ਉਹਨੂੰ ਹਿੰਦੀ ਜਿਹੀ ਦਾ ਦੌਰਾ ਕਿਉਂ ਪੈਂਦਾ ਹੈ। ਇਸੇ ਦੌਰੇ ਕਰਕੇ ਹੀ ਤਾਂ ਰੀਤ ਹਮੇਸ਼ਾਂ ਫਲਾਂ ਵਾਲੀ ਰੇਹੜੀ ’ਤੇ ਮੋਟਰਸਾਈਕਲ ਰੋਕਦਿਆਂ ਹੀ ਪਹਿਲਾਂ ਬੋਲ ਪੈਂਦਾ,

‘‘ਅੰਗੂਰ ਦੇਈਂ ਯਾਰ ਵਧੀਆ ਜਿਹੇ।’’

ਪਰ ਪਤਨੀ ਵੀ ਨਹੀਂ ਟਲ਼ਦੀ, ਵਿੱਚੋਂ ਜ਼ਰੂਰ ਬੋਲੂ, ‘‘ਬ੍ਹਈਆ, ਅੱਛੇ ਦੇਨਾ ਗਰੇਪਸ, ਖੱਟੇ ਨਹੀਂ ਹੋਨੇ ਚਾਹੀਏ, ਨਹੀਂ ਤੋ ਬੱਚਾ ਖਾਏਗਾ ਨਹੀਂ।’’

ਰੇਹੜੀ ਵਾਲਾ ਵੀ ਹੁਣ ਤੱਕ ਉਨ੍ਹਾਂ ਦੇ ਇਸ ਵਿਚਾਰ-ਵਖਰੇਵੇਂ ਤੋਂ ਜਾਣੂ ਹੋ ਚੁੱਕਾ ਸੀ, ਪਰ ਉਹਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਉਹਨੂੰ ਤਾਂ ਪੈਸਿਆਂ ਨਾਲ ਮਤਲਬ ਸੀ ਤੇ ਪੈਸਿਆਂ ਦੀ ਕੋਈ ਭਾਸ਼ਾ ਨਹੀਂ ਹੁੰਦੀ।

ਵੈਸੇ ਰੀਤ ਦੇ ਸੁਭਾਅ ਕਰਕੇ ਹੀ, ਪਤਨੀ ਨੇ ਟੀਸੀ ਨਾਲ ਪੰਜਾਬੀ ਨਾ ਬੋਲਣ ਦੀ ਆਪਣੀ ਮਜਬੂਰੀ ਬਾਰੇ ਉਹਨੂੰ ਕਦੇ ਨਹੀਂ ਸੀ ਦੱਸਿਆ। ਉਹ ਜਾਣਦੀ ਸੀ, ਜੇ ਰੀਤ ਨੂੰ ਪਤਾ ਲੱਗ ਗਿਆ ਕਿ ਸਕੂਲ ਵਿੱਚ ਪੰਜਾਬੀ ਬੋਲਣ ਕਾਰਨ ਟੀਸੀ ਨੂੰ ਇਸ ਸਾਲ ਹੀ ਦੋ ਵਾਰ ਜ਼ੁਰਮਾਨਾ ਭਰਨਾ ਪਿਆ ਹੈ ਤਾਂ ਰੀਤ ਨੇ ਟੀਸੀ ਨੂੰ ਫਿਰ ਉਸ ਸਕੂਲ ਵਿੱਚ ਨਹੀਂ ਜਾਣ ਦੇਣਾ। ਸਕੂਲ ਨਾਲ ਲੜਾਈ ਝਗੜਾ ਵੱਖਰਾ।

ਰਸੋਈ ਵਿੱਚੋਂ ਪਤਨੀ ਦੀ ਹੁਣ ਦੂਜੀ ਆਵਾਜ਼ ਆ ਗਈ ਸੀ, ‘‘ਜਲਦੀ ਹੋ ਜਾਉ ਤਿਆਰ, ਬਾਜ਼ਾਰ ਜਾਣਾ ਏ।’’

ਰੀਤ ਪਹਿਲਾਂ ਹੀ ਖਿਝਿਆ ਹੋਇਆ ਸੀ। ਉਹ ਗੁੱਸੇ ਨਾਲ ਉੱਚੀ ਆਵਾਜ਼ ’ਚ ਬੋਲਿਆ, ‘‘ਮੈਥੋਂ ਨਹੀਂ ਜਾਇਆ ਜਾਣਾ ਅੱਜ, ਐਤਵਾਰ ਵੀ ਨਹੀਂ ਟਿਕਣ ਦੇਂਦੀ... ਹੁਣ ਨਾ ਆਖੀਂ ਮੈਨੂੰ।’’

ਰੀਤ ਦੀ ਏਨੀ ਉੱਚੀ ਅਤੇ ਗੁੱਸੇ ਭਰੀ ਆਵਾਜ਼ ਸੁਣ ਕੇ ਟੀਸੀ ਡਰ ਗਈ।ਡਰ ਕੇ ਉਹਨੇ ਅੱਖ ਬੰਦ ਕਰ ਲਈਆਂ ਅਤੇ ਰੀਤ ਦੇ ਨਾਲ ਹੀ ਚਿੰਬੜ ਗਈ। ਪਤਨੀ ਚੁੱਪ ਸੀ, ਪਰ ਹਮੇਸ਼ਾ ਵਾਂਗ ਉਹਦਾ ਮੂੰਹ ਜਿਹਾ ਬਣ ਗਿਆ ਸੀ। ਰੀਤ ਦਾ ਧਿਆਨ ਹੁਣ ਲਿਖਣ ਵੱਲੋਂ ਉਟਕ ਚੁੱਕਾ ਸੀ। ਉਹਨੇ ਗੱਤਾ ਅਤੇ ਕਾਗਜ਼ ਮੇਜ਼ ’ਤੇ ਰੱਖ ਦਿੱਤਾ। ਉਹਨੂੰ ਧਿਆਨ ਦੁਬਾਰਾ ਇਕਾਗਰ ਕਰਨਾ ਪੈਣਾ ਸੀ। ਸੋ ਉਹਨੇ ਅੱਖਾਂ ਬੰਦ ਕਰ ਲਈਆਂ। ਲੰਮੇ ਲੰਮੇ ਸਾਹ ਲੈਣ ਲੱਗਾ। ਕੁਝ ਦੇਰ ਇੰਜ ਕਰਨ ਨਾਲ ਮਨ ਥੋੜ੍ਹਾ ਸ਼ਾਂਤ ਹੋਣ ਲੱਗਾ। ਟੀਸੀ ਵੀ ਹੁਣ ਤੱਕ ਥੋੜ੍ਹਾ ਠੀਕ ਹੋ ਗਈ। ਹੌਲੀ ਹੌਲੀ ਆਪਣੀਆਂ ਹਰਕਤਾਂ ’ਤੇ ਵਾਪਸ ਆ ਗਈ, ਦੁਬਾਰਾ ਹੱਥ ਪੈਰ ਚਲਾਉਣ ਲੱਗੀ। ਰੀਤ ਉਹਦੇ ਹੱਥ ਸੰਭਾਲਦਾ ਹੋਇਆ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਟੀਸੀ ਦੇ ਹੱਥ ਉਹਦੇ ’ਤੋਂ ਸੰਭਲ ਨਹੀਂ ਰਹੇ। ਉਹ ਤਾਂ ਆਖ਼ਰ ਬਚਪਨ ਦੀ ਜੂਨ ਵਿੱਚ ਸਨ, ਆਪਣੀ ਮਰਜ਼ੀ ਦੇ ਮਾਲਕ। ਰੀਤ ਖਿਝ ਰਿਹਾ ਸੀ ਕਿ ਐਤਵਾਰ ਬੀਤ ਰਿਹਾ ਏ ਤੇ ਕਹਾਣੀ ਕਿਸੇ ਪਾਸੇ ਲੱਗ ਨਹੀਂ ਰਹੀ। ਉਧਰ ਹੁਣ ਟੀਸੀ ਦਾ ਹੱਥ ਖੇਡਦੇ ਖੇਡਦੇ ਗੱਤੇ ਨੂੰ ਜਾ ਵੱਜਾ। ਗੱਤਾ ਹੇਠਾਂ ਡਿੱਗਦੇ ਹੀ ਰੀਤ ਦੀ ਖਿਝ ਗੁੱਸੇ ’ਚ ਬਦਲ ਗਈ ਅਤੇ ਉਹਨੇ ਟੀਸੀ ਦੇ ਮੂੰਹ ’ਤੇ ਜ਼ਿੰਦਗੀ ਦੀ ਪਹਿਲੀ ਚਪੇੜ ਕੱਢ ਮਾਰੀ। ਟੀਸੀ ਡਰ ਨਾਲ ਕੰਬਣ ਲੱਗੀ।ਉੱਚੀ ਉੱਚੀ ਰੋਂਦੀ ਰਸੋਈ ਵੱਲ ਭੱਜ ਪਈ। ਜਾ ਕੇ ਆਪਣੀ ਮੰਮੀ ਨੂੰ ਚਿੰਬੜ ਗਈ। ਮੰਮੀ ਦੇ ਵੀ ਰੋਕੇ ਹੋਏ ਅੱਥਰੂ ਵਗ ਤੁਰੇ। ਟੀਸੀ ਨੂੰ ਗੋਦੀ ’ਚ ਚੁੱਕ ਉਹ ਬੈੱਡਰੂਮ ਵਿੱਚ ਲੈ ਗਈ।

ਰੀਤ ਨੇ ਦੁਖੀ ਮਨ ਨਾਲ ਗੱਤਾ ਤੇ ਕਾਗ਼ਜ਼ ਪਾਸੇ ਰੱਖ ਦਿੱਤੇ। ਉਹਦਾ ਮਨ ਹੁਣ ਅੰਤਾਂ ਦਾ ਬੇਚੈਨ ਹੋ ਗਿਆ ਸੀ। ਮਨ ਨੂੰ ਸ਼ਾਂਤ ਕਰਨ ਲਈ ਉਹ ਅੱਖਾਂ ਬੰਦ ਕਰਕੇ ਬੈਠ ਗਿਆ। ਲੰਮੇ ਲੰਮੇ ਸਾਹ ਲੈਣ ਲੱਗਾ, ਪਰ ਮਨ ਸ਼ਾਂਤ ਨਹੀਂ ਸੀ ਹੋ ਰਿਹਾ। ਟੀਸੀ ਦਾ ਡਰਿਆ ਚਿਹਰਾ ਉਹਨੂੰ ਲਗਾਤਾਰ ਅਸ਼ਾਂਤ ਕਰ ਰਿਹਾ ਸੀ। ਅੰਤ ਹਾਰ ਕੇ ਉਹ ਸੋਫੇ ਤੋਂ ਉੱਠਿਆ। ਬੈੱਡਰੂਮ ਵਿੱਚ ਟੀਸੀ ਆਪਣੀ ਮੰਮੀ ਦੀ ਗੋਦੀ ਵਿੱਚ ਬੈਠੀ ਅਜੇ ਵੀ ਰੋ ਰਹੀ ਸੀ। ਰੀਤ ਉਹਦੇ ਵੱਲ ਹੋਇਆ, ਪਰ ਉਹ ਡਰ ਕੇ ਫਿਰ ਆਪਣੀ ਮੰਮੀ ਨਾਲ ਚਿੰਬੜ ਗਈ।ਹੋਰ ਉੱਚੀ ਰੋਣ ਲੱਗੀ। ਰੀਤ ਬੇਚੈਨੀ ਜਿਹੀ ਵਿੱਚ ਇਧਰ ਉਧਰ ਚੱਕਰ ਕੱਟਣ ਲੱਗਾ। ਆਖ਼ਰ ਮੋਟਰਸਾਈਕਲ ਲੈ ਕੇ ਬਾਹਰ ਨਿਕਲ ਗਿਆ।

ਉਹਨੇ ਬੇਧਿਆਨੀ ਜਿਹੀ ਵਿੱਚ ਮੋਟਰਸਾਈਕਲ ਦਫ਼ਤਰ ਵੱਲ ਨੂੰ ਮੋੜ ਲਿਆ। ਦਫ਼ਤਰ ਪਹੁੰਚਿਆ ਤਾਂ ਵੇਖਿਆ ਕਿ ਇਹ ਤਾਂ ਬੰਦ ਸੀ। ਉਹਨੂੰ ਯਾਦ ਆਇਆ ਕਿ ਅੱਜ ਤਾਂ ਐਤਵਾਰ ਹੈ। ਉਹ ਘਰ ਮੁੜ ਆਇਆ। ਰਾਹ ਵਿੱਚ ਉਹਨੇ ਮੋਟਰਸਾਈਕਲ ਅੰਗੂਰਾਂ ਵਾਲੀ ਰੇਹੜੀ ਕੋਲ ਰੋਕ ਲਿਆ। ਸਟੈਂਡ ਲਾ ਕੇ ਬੇਧਿਆਨੀ ਜਿਹੀ ਵਿੱਚ ਹੀ ਬੋਲਿਆ, ‘‘ਗਰੇਪਸ ਦੇਨਾ ਏਕ ਕਿੱਲੋ... ਅੱਛੇ ਦੇਨਾ...।’’

ਰੇਹੜੀ ਵਾਲਾ ਰੀਤ ਵੱਲ ਹੈਰਾਨੀ ਨਾਲ ਵੇਖਣ ਲੱਗਾ। ਫਿਰ ਛੇਤੀ ਹੀ ਲਿਫ਼ਾਫ਼ਾ ਫੜ ਕੇ ਆਪਣੇ ਕੰਮ ਲੱਗ ਗਿਆ ਕਿਉਂਕਿ ਉਹਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਸੀ।

ਸੰਪਰਕ: 89683-52349

Advertisement
×