ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਾਏ! ਜਿੱਥੇ ਲੱਛੀ ਪਾਣੀ ਡੋਲ੍ਹਦੀ...

ਹਰੀਸ਼ ਜੈਨ ਗੱਲ ਦਾ ਮੁੱਢ ਭਗਤ ਸਿੰਘ ਦਾ ਇੱਕ ਲੇਖ ਪੜ੍ਹਦਿਆਂ ਬੱਝਿਆ ਸੀ। ਉਸ ਦੇ ਪ੍ਰਾਪਤ ਲੇਖਾਂ ਵਿੱਚ ਸ਼ਾਇਦ ਇਹ ਸਭ ਤੋਂ ਪਹਿਲਾ ਹੈ। ਪ੍ਰੋ. ਜਗਮੋਹਨ ਸਿੰਘ ਅਨੁਸਾਰ 1923-24 ਦੌਰਾਨ ਪੰਜਾਬ ਹਿੰਦੀ ਸਾਹਿਤ ਸੰਮੇਲਨ ਨੇ ‘ਪੰਜਾਬ ਦੀ ਭਾਸ਼ਾ ਅਤੇ ਲਿੱਪੀ’...
ਉਸਤਾਦ ਅਬਦੁਲ ਰਹੀਮ ਅਤੇ ਗਾਇਕਾ ਰਤਨ ਦੇਵੀ (ਅਸਲ ਨਾਂ ਐਲਿਸ)।
Advertisement
ਹਰੀਸ਼ ਜੈਨ

ਗੱਲ ਦਾ ਮੁੱਢ ਭਗਤ ਸਿੰਘ ਦਾ ਇੱਕ ਲੇਖ ਪੜ੍ਹਦਿਆਂ ਬੱਝਿਆ ਸੀ। ਉਸ ਦੇ ਪ੍ਰਾਪਤ ਲੇਖਾਂ ਵਿੱਚ ਸ਼ਾਇਦ ਇਹ ਸਭ ਤੋਂ ਪਹਿਲਾ ਹੈ। ਪ੍ਰੋ. ਜਗਮੋਹਨ ਸਿੰਘ ਅਨੁਸਾਰ 1923-24 ਦੌਰਾਨ ਪੰਜਾਬ ਹਿੰਦੀ ਸਾਹਿਤ ਸੰਮੇਲਨ ਨੇ ‘ਪੰਜਾਬ ਦੀ ਭਾਸ਼ਾ ਅਤੇ ਲਿੱਪੀ’ ਸਬੰਧੀ ਲੇਖ ਮੰਗੇ ਸਨ ਅਤੇ ਸਭ ਤੋਂ ਵਧੀਆ ਲੇਖ ਨੂੰ ਪੰਜਾਹ ਰੁਪਏ ਦਾ ਇਨਾਮ ਦਿੱਤਾ ਜਾਣਾ ਸੀ। ਉਸ ਸਮੇਂ ਪੰਜਾਬ ਭਰ ਵਿੱਚ ਭਾਸ਼ਾ ਦੇ ਮਸਲੇ ’ਤੇ ਬਹਿਸ ਚੱਲ ਰਹੀ ਸੀ। ਭਗਤ ਸਿੰਘ ਉਸ ਸਮੇਂ ਨੈਸ਼ਨਲ ਕਾਲਜ ਦਾ ਵਿਦਿਆਰਥੀ ਸੀ। ਭਗਤ ਸਿੰਘ ਨੇ ਵੀ ਇਸ ਮੁਕਾਬਲੇ ’ਚ ਹਿੱਸਾ ਲਿਆ। ਉਸ ਦਾ ਲੇਖ ਸਰਵੋਤਮ ਗਿਣਿਆ ਗਿਆ ਸੀ। ਇਸ ਲਈ ਇਹ ਸੰਮੇਲਨ ਦੇ ਪ੍ਰਧਾਨ ਭੀਮਸੈਨ ਵਿਦਿਆਲੰਕਾਰ ਕੋਲ ਸਾਂਭਿਆ ਪਿਆ ਰਿਹਾ। ਉਨ੍ਹਾਂ ਇਸ ਨੂੰ 28 ਫਰਵਰੀ 1933 ਨੂੰ ‘ਹਿੰਦੀ ਸੰਦੇਸ਼’ ਨਾਮੀ ਅਖ਼ਬਾਰ ਵਿੱਚ ਛਾਪਿਆ। ਭਗਤ ਸਿੰਘ ਦਾ ਤਰਕ, ਵਿਗਿਆਨਕ ਅਤੇ ਲੋਕਪੱਖੀ ਸੀ। ਇਹ ਲੇਖ ਭਗਤ ਸਿੰਘ ਦੀ ਸੋਚ ਵਿੱਚ ਉਸ ਸਮੇਂ ਤੱਕ ਆ ਚੁੱਕੀ ਪਕਿਆਈ ਨੂੰ ਭਲੀਭਾਂਤ ਪ੍ਰਗਟ ਕਰਦਾ ਹੈ। ਭਾਸ਼ਾ ਬਾਰੇ ਉਸ ਸਮੇਂ ਦੀ ਬਹਿਸ ਇੱਕ ਬੰਨੇ ਪੰਜਾਬੀ ਅਤੇ ਗੁਰਮੁਖੀ ਲਿੱਪੀ ਦੀ ਸੀ ਅਤੇ ਦੂਜੇ ਬੰਨੇ ਉਰਦੂ ਅਤੇ ਹਿੰਦੀ ਬਾਰੇ ਸੀ। ਪੰਜਾਬੀ ਭਾਸ਼ਾ ਦੇ ਹੱਕ ਵਿੱਚ ਸਾਰੀਆਂ ਦਲੀਲਾਂ ਦੇਣ ਤੋਂ ਬਾਅਦ ਭਗਤ ਸਿੰਘ ਨੇ ਪੰਜਾਬੀ ਭਾਸ਼ਾ ਦੀ ਖ਼ੂਬਸੂਰਤੀ ਬਾਰੇ ਉਜਰ ਕਰਨ ਵਾਲਿਆਂ ਲਈ ਕਿਹਾ, ‘‘ਬਹੁਤ ਸਾਰੇ ਸੱਜਣਾਂ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਮਿਠਾਸ, ਸੁੰਦਰਤਾ ਅਤੇ ਭਾਵੁਕਤਾ ਨਹੀਂ ਹੈ। ਇਹ ਸਰਾਸਰ ਬੇਬੁਨਿਆਦ ਹੈ। ਅਜੇ ਉਸ ਦਿਨ ‘‘ਲੱਛੀਏ ਜਿੱਥੇ ਤੂੰ ਪਾਣੀ ਡੋਲ੍ਹਿਆ, ਉੱਥੇ ਉੱਗ ਪਏ ਸੰਦਲ ਦੇ ਬੂਟੇ’’ ਵਾਲੇ ਗੀਤ ਦੀ ਮਿਠਾਸ ਨੇ ਕਵੀਇੰਦਰ ਰਾਵਿੰਦਰ (ਰਾਬਿੰਦਰਨਾਥ ਟੈਗੋਰ) ਤੱਕ ਨੂੰ ਮੋਹਿਤ ਕਰ ਲਿਆ ਸੀ ਅਤੇ ਉਹ ਝੱਟ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਲੱਗੇ

‘O Lachhi where thy spilt water, where thy spilt water... etc. etc.’।’’

Advertisement

ਗੀਤ ਦੀ ਇਹ ਸਤਰ ਪੜ੍ਹਦਿਆਂ ਮੈਨੂੰ ਇਹ ਬਹੁਤ ਜਾਣਿਆ ਪਛਾਣਿਆ ਜਾ ਲੱਗਿਆ ਅਤੇ ਮੈਂ ਇਸ ਦਾ ਪੂਰਾ ਪਾਠ ਲੱਭਣ ਲੱਗ ਗਿਆ। ਪਰੰਤੂ ਮਾਰੂਥਲ ਦੀ ਮ੍ਰਿਗਤ੍ਰਿਸ਼ਨਾ ਵਾਂਗ ਇਹ ਭਾਲ ਅਗਾਂਹ ਅਗਾਂਹ ਭੱਜਦੀ ਗਈ ਅਤੇ ਗੀਤ ਦੇ ਬੋਲ ਅਨੇਕਾਂ ਸਰੋਤ ਫਰੋਲਣ ਦੇ ਬਾਅਦ ਵੀ ਕਿਤੇ ਨਾ ਲੱਭੇ। ਲੇਖ ਵਿੱਚ ਕਿਉਂਕਿ ਰਾਬਿੰਦਰ ਨਾਥ ਟੈਗੋਰ ਦਾ ਹਵਾਲਾ ਸੀ ਤਾਂ ਮੈਂ ਉਨ੍ਹਾਂ ਦਾ ਕੀਤਾ ਅਨੁਵਾਦ ਵੀ ਭਾਲਣ ਲੱਗਿਆ। ਇਹ ਵੀ ਗੀਤ ਦੇ ਬੋਲਾਂ ਵਾਂਗ ਕਿਤੇ ਦੂਰ ਦੁਰਾਡੇ ਹੀ ਘੁੰਮਦਾ ਰਿਹਾ ਅਤੇ ਹੱਥ ਨਾ ਆਇਆ। ਪਰੰਤੂ ਜੇ ਕਿਸੇ ਭਾਲ ਵਿੱਚ ਨਿਰੰਤਰ ਲੱਗੇ ਰਹੋ ਤਾਂ ਕੁਝ ਹੱਥ ਪੱਲੇ ਜ਼ਰੂਰ ਪੈਂਦਾ ਹੈ। ਮੈਨੂੰ ਗੀਤ ਦਾ ਅੰਗਰੇਜ਼ੀ ਅਨੁਵਾਦ ਲੱਭ ਗਿਆ। ਲੱਭਣ ਵਿੱਚ ਔਕੜਾਂ ਆਉਣ ਦੇ ਕਈ ਕਾਰਨ ਸਨ। ਗੀਤ ਦਾ ਅਨੁਵਾਦ ਟੈਗੋਰ ਨੇ ਨਹੀਂ ਅਨੰਦ ਕੇ. ਕੁਮਾਰਸਵਾਮੀ ਨੇ ਕੀਤਾ ਸੀ। ਉਸਦੀ ਲੰਡਨ ਤੋਂ 1913 ਵਿੱਚ ਛਪੀ ਇਸ ਪੁਸਤਕ ਦੀ ਭੂਮਿਕਾ ਰਾਬਿੰਦਰਨਾਥ ਟੈਗੋਰ ਨੇ ਲਿਖੀ ਸੀ। ਪੁਸਤਕ ਵਿੱਚ ਦਰਜ ਗੀਤ ਐਲਿਸ ਕੁਮਾਰਸਵਾਮੀ ਨੇ ਗਾਏ ਅਤੇ ਰਿਕਾਰਡ ਕੀਤੇ ਸਨ। ਐਲਿਸ ਦਾ ਪ੍ਰਚੱਲਿਤ ਨਾਂ ਰਤਨ ਦੇਵੀ ਸੀ। ਇਸ ਨਾਂ ਹੇਠ ਹੀ ਉਸ ਨੇ ਇੰਗਲੈਂਡ ਅਤੇ ਅਮਰੀਕਾ ਵਿੱਚ ਭਾਰਤੀ ਸੰਗੀਤ ਦੇ ਸ਼ੋਅ ਕੀਤੇ ਜਿਹੜੇ ਬਹੁਤ ਕਾਮਯਾਬ ਰਹੇ।

ਅਨੰਦ ਕੁਮਾਰਸਵਾਮੀ ਅਤੇ ਉਸ ਦੀ ਪਤਨੀ ਐਲਿਸ 1911 ਵਿੱਚ ਭਾਰਤ ਆਏ ਅਤੇ ਸ੍ਰੀਨਗਰ ਵਿਖੇ ਇੱਕ ਹਾਊਸਬੋਟ ਵਿੱਚ ਰਹੇ। ਰਤਨ ਦੇਵੀ ਦਾ ਗੁਰੂ ਕਪੂਰਥਲੇ ਦਾ ਉਸਤਾਦ ਅਬਦੁਲ ਰਹੀਮ ਵੀ ਉਨ੍ਹਾਂ ਦੇ ਨਾਲ ਰਿਹਾ। ਐਲਿਸ ਨੇ ਆਪਣੇ ਉਸਤਾਦ ਨਾਲ ਇੱਥੇ ਹੀ ਸੰਗੀਤ ਕਲਾ ਦੀ ਪ੍ਰਾਪਤੀ ਅਤੇ ਰਿਆਜ਼ ਕੀਤਾ ਜਿਸ ਵਿੱਚ ਸ਼ਾਸਤਰੀ ਸੰਗੀਤ ਅਤੇ ਲੋਕ ਧੁਨਾਂ ਦੋਵੇਂ ਸ਼ਾਮਿਲ ਸਨ। ਉਸਤਾਦ ਅਬਦੁਲ ਰਹੀਮ ਤੋਂ ਸਿੱਖੇ ਗੀਤ ਪੰਜਾਬੀ, ਡੋਗਰੀ, ਕਸ਼ਮੀਰੀ, ਹਿੰਦੀ ’ਚ ਸਨ ਅਤੇ ਕੁਝ ਸੂਫ਼ੀ ਗੀਤ ਉਰਦੂ, ਫ਼ਾਰਸੀ ਅਤੇ ਕਸ਼ਮੀਰੀ ਵਿੱਚ ਸਨ। ਅਨੰਦ ਕੁਮਾਰਸਵਾਮੀ ਨੇ ਇਨ੍ਹਾਂ ਗੀਤਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਅਤੇ ਬਹੁਤ ਸਾਰਿਆਂ ਦਾ ਰੋਮਨ ਲਿਪੀਅੰਤਰ ਵੀ ਕੀਤਾ। ਐਲਿਸ ਨੇ ਇਨ੍ਹਾਂ ਗੀਤਾਂ ਦੀਆਂ ਕੰਪੋਜ਼ੀਸ਼ਨਾਂ ਦੀ ਨੋਟੇਸ਼ਨ ਲਿਖੀ। ਕੁਮਾਰਸਵਾਮੀ ਨੇ ਇਨ੍ਹਾਂ ਤੀਹ ਗੀਤਾਂ ਨੂੰ ਇੱਕ ਕਿਤਾਬ ਵਿੱਚ ਆਪਣੀ ਭੂਮਿਕਾ ਨਾਲ ਸੰਗ੍ਰਹਿ ਕੀਤਾ ਜਿਸਦੇ ‘ਦੋ ਸ਼ਬਦ’ ਰਾਬਿੰਦਰਨਾਥ ਟੈਗੋਰ ਨੇ ਲਿਖੇ ਸਨ। ਭਗਤ ਸਿੰਘ ਨੇ ਇਹ ਗੀਤ ਇਸ ਪੁਸਤਕ ਵਿੱਚੋਂ ਹੀ ਦੇਖਿਆ ਹੋਵੇਗਾ ਅਤੇ ਭੁਲੇਖੇ ਨਾਲ ਅਨੁਵਾਦਕ ਦਾ ਨਾਂ ਰਾਬਿੰਦਰਨਾਥ ਟੈਗੋਰ ਦਰਜ ਕਰ ਲਿਆ ਹੋਵੇਗਾ। ਆਪਣੇ ਦੋ ਸ਼ਬਦਾਂ ਵਿੱਚ ਟੈਗੋਰ ਲਿਖਦੇ ਹਨ, ‘‘ਰਤਨ ਦੇਵੀ ਦੇ ਮੂੰਹੋਂ ਗੀਤਾਂ ਨੂੰ ਸੁਣਦਿਆਂ ਮੈਂ ਇਸ ਗੱਲੋਂ ਕਾਇਲ ਹੋ ਗਿਆ ਹਾਂ ਕਿ ਸਾਡਾ ਸੰਗੀਤ ਬ੍ਰਹਿਮੰਡੀ ਭਾਵਨਾਵਾਂ ਨਾਲ ਭਰਿਆ ਹੋਇਆ ਹੈ... ਉਸ ਦੀ ਸੁੰਦਰ ਆਵਾਜ਼ ਵਿੱਚ ਸਹਿਜ ਸੀ... ਰਤਨ ਦੇਵੀ ਨੇ ਕੰਦਰਾ ਵਿੱਚ ਅਲਾਪ ਗਾਇਆ ਤਾਂ ਮੈਂ ਭੁੱਲ ਗਿਆ ਕਿ ਮੈਂ ਲੰਡਨ ਦੇ ਇੱਕ ਘਰ ਵਿੱਚ ਬੈਠਾ ਹਾਂ।’’ ਇੰਝ ਹੀ ਕੁਮਾਰਸਵਾਮੀ ਨੇ ਆਪਣੀ ਭੂਮਿਕਾ ਵਿੱਚ ਬਹੁਤ ਗਹਿਰ ਗੰਭੀਰ ਤੱਥ ਲਿਖਿਆ ਕਿ ‘‘ਸੰਗੀਤ ਭਾਰਤੀ ਕਲਾਵਾਂ ਵਿੱਚੋਂ ਸਜੀਵ ਰਹਿਣ ਵਾਲਾ ਮਹੱਤਵਪੂਰਨ ਅੰਸ਼ ਹੈ। ਭਾਰਤੀ ਸੱਭਿਅਤਾ ਦੀ ਸ਼ਾਇਦ ਇਹ ਸਭ ਤੋਂ ਮਹਾਨ ਕਲਾਤਮਕ ਪ੍ਰਾਪਤੀ ਹੈ।’’

ਕੁਮਾਰਸਵਾਮੀ ਲਿਖਦੇ ਹਨ ਕਿ ਉਸਤਾਦ ਅਬਦੁਲ ਰਹੀਮ ਅਤੇ ਰਤਨਾ ਦੇਵੀ ਵਿੱਚ ਉਸਤਾਦ ਸ਼ਿਸ਼ ਵਾਲਾ ਰਿਸ਼ਤਾ ਸੀ। ਕਪੂਰਥਲਾ ਰਿਆਸਤ ਵੱਲੋਂ ਉਸ ਨੂੰ ‘ਕਲਾਂਤ’ ਦੀ ਪੈਨਸ਼ਨ ਮਿਲਦੀ ਸੀ। ਉਹ ਔਰੰਗਜ਼ੇਬ ਦੇ ਕਾਲ ਵਿੱਚ ਬ੍ਰਾਹਮਣ ਤੋਂ ਮੁਸਲਮਾਨ ਬਣਿਆ ਸੀ ਅਤੇ ਬਹੁਤ ਸਾਰੀਆਂ ਹਿੰਦੂ ਰੀਤਾਂ ਨੂੰ ਪੂਰੀ ਮਾਨਤਾ ਦਿੰਦਾ ਸੀ। ਉਹ ਜੱਦੀ ਤੌਰ ’ਤੇ ਕਲਾ ਦਾ ਗੁਣੀ ਸੀ ਪਰੰਤੂ ਸਮੇਂ ਦੇ ਸਿੱਖਿਆ ਬੋਰਡਾਂ ਜਾਂ ਯੂਨੀਵਰਸਿਟੀਆਂ ਲਈ ਉਹ ਕਿਸੇ ਯੋਗ ਨਹੀਂ ਸੀ। ਅਬਦੁਲ ਰਹੀਮ ਨੂੰ ਬਹੁਤ ਸਾਰੇ ਸ਼ਾਸਤਰੀ ਰਾਗਾਂ ਅਤੇ ਲੋਕ ਧੁਨਾਂ ਦਾ ਡੂੰਘਾ ਗਿਆਨ ਸੀ। ਉਸ ਦੀ ਆਵਾਜ਼ ਮਿੱਠੀ ਸੀ ਪਰ ਬਹੁਤਾ ਜ਼ੋਰ ਨਹੀਂ ਲੈ ਸਕਦੀ ਸੀ। ਉਸ ਨੇ ਕਦੇ ਵੀ ਤੰਬੂਰੇ ਅਤੇ ਢੋਲਕ ਤੋਂ ਬਿਨਾਂ ਕਿਸੇ ਹੋਰ ਸਾਜ਼ ਨਾਲ ਨਹੀਂ ਸੀ ਗਾਇਆ। ਉਸ ਸਮੇਂ ਹਾਰਮੋਨੀਅਮ ਦੀ ਪਈ ਹੋੜ ਤੋਂ ਉਹ ਅਣਭਿੱਜ ਰਿਹਾ। ਉਸ ਦੇ ਗਾਏ ਗੀਤ ਸਾਹਿਤਕ ਵੀ ਹਨ ਅਤੇ ਫੋਕ ਵੀ। ਕੁਮਾਰਸਵਾਮੀ ਦੀ ਕਿਤਾਬ ਦੇ ਤੀਹ ਗੀਤਾਂ ਵਿੱਚ ਜ਼ਿਆਦਾਤਰ ਕਸ਼ਮੀਰੀ ਹਨ ਅਤੇ ਕੁਝ ਹਿੰਦੀ, ਫਾਰਸੀ ਆਦਿ। ਪੁਸਤਕ ਵਿੱਚ ਉਪਲਬਧ ਪੰਜਾਬੀ ਗੀਤਾਂ ਨੂੰ ਇੱਥੇ ਦਰਜ ਕੀਤਾ ਜਾ ਰਿਹਾ ਹੈ।

ਰਾਗ ਪਹਾੜੀ ਵਿੱਚ ਗਾਇਆ ਪਹਿਲਾ ਪੰਜਾਬੀ ਗੀਤ ਇੱਕ ਪਿਆਰ ਗੀਤ ਹੈ ਜਿਸਦੇ ਬੋਲ ਹਨ:

ਹਾਲ ਦਿਆ ਮਿਹਰਬਾਨ ਵੇ ਢੋਲਾ

ਮੇਰੇ ਹਾਲ ਦਿਆ ਮਿਹਰਬਾਨ ਵੇ ਢੋਲਾ!

ਬਜ਼ਾਰ ਵਿਕੇਂਦੀਆਂ ਵੇ ਹੋਲਾਂ

ਘਰ ਆਵੇਂ ਤਾਂ ਦੁਖ ਸੁਖ ਫੋਲਾਂ।

ਮੇਰੇ ਦੁਖੇਂਦੀਆਂ ਜਮਨਾਂ ਵੇ ਢੋਲਾ

ਮੇਰੇ ਹਾਲ ਦਿਆ...

ਮੇਰੇ ਦਾਜ ਦਿਆ ਵੇ ਕਟੋਰਿਆ

ਹਾਂ ਹਾਂ ਹਾਂ ਤੈਨੂੰ ਆਂ ਉਹ!

ਮੇਰੇ ਹਾਲ ਦਿਆ ਮਿਹਰਬਾਨ ਵੇ ਢੋਲਾ,

ਹੋਰ ਪਛਤਾਈਆਂ ਵੇ ਢੋਲਾ,

ਮੇਰੇ ਹਾਲ ਦਿਆ...

ਮੇਰੇ ਦਾਜ ਦਿਆ ਵੇ ਦੁਪੱਟਿਆ,

ਯਾਰੀ ਲਾ ਕੇ ਕੁਝ ਨਾ ਖੱਟਿਆ।

ਕਰੀ ਬਦਨਾਮੀ ਵੇ ਢੋਲਾ

ਮੇਰੇ ਹਾਲ ਦਿਆ...

ਉੱਚੀ ਮਾੜੀ ਤੇ ਦੁੱਧ ਪਿਆ ਰਿੜਕਾਂ

ਮੈਨੂੰ ਸਾਰੇ ਦੀਆਂ ਝਿੜਕਾਂ

ਤੇਰਾ ਵੇ ਦਿਲਾਸਾ ਵੇ ਢੋਲਾ

ਮੇਰੇ ਹਾਲ ਦਿਆ...

ਬਜ਼ਾਰ ਵਿਕੇਂਦਾ ਤਕਲਾ,

ਨਾਲੇ ਸੋਹਣਾ ਨਾਲੇ ਪਤਲਾ,

ਅੱਖਾਂ ਮਸਤਾਨੀਆਂ ਵੇ ਢੋਲਾ,

ਮੇਰੇ ਹਾਲ ਦਿਆ...

ਬਜ਼ਾਰੇ ਵਿਕੇਂਦਾ ਸੌਂਫ ਵੇ

ਸੁਖ ਵਸੇ ਮੀਰਾਂ ਜੀ ਦਾ ਚੌਕ ਵੇ

ਜਿੱਥੇ ਗੱਲਾਂ ਕੀਤੀਆਂ ਵੇ ਢੋਲਾ,

ਮੇਰੇ ਹਾਲ ਦਿਆ...

ਬਜ਼ਾਰ ਵਿਕੇਂਦੀ ਦਹੀਂ ਵੇ,

ਕਿਸੇ ਕੰਜਰੀ ਕੋਲ ਨਾ ਬੈਠੀਂ ਵੇ,

ਲੁੱਚਾ ਵੇ ਕਹਾਵਾਂਗਾ ਵੇ ਢੋਲਾ,

ਮੇਰੇ ਹਾਲ ਦਿਆ ...

ਇਹ ਗੀਤ ਕਿਸੇ ਲੋਕਗੀਤ ’ਤੇ ਆਧਾਰਿਤ ਹੈ ਪਰ ਇਸ ਨੂੰ ਕਾਫ਼ੀ ਸ਼ਿੰਗਾਰਿਆ ਗਿਆ ਹੈ। ਪੰਜਾਬ ਦੇ ਲੋਕਗੀਤਾਂ ਦਾ ਇਹ ਗੁਣ ਹੈ ਕਿ ਬੰਦ ਦੇ ਪਹਿਲੇ ਹਿੱਸੇ ਦੀ ਲੋੜ ਸਿਰਫ਼ ਦੂਸਰੇ ਹਿੱਸੇ ਨੂੰ ਤੁਕਾਂਤ ਦੇਣ ਲਈ ਹੁੰਦੀ ਹੈ। ਗੀਤ ਦੇ ਕਾਵਿਕ ਥੀਮ ਲਈ ਸਿਰਫ਼ ਦੂਜਾ ਹਿੱਸਾ ਮਹੱਤਵਪੂਰਨ ਹੁੰਦਾ ਹੈ। ਇਸ ਗੀਤ ਦੇ ਬੋਲ ਇਸ ਦੀ ਹਾਮੀ ਭਰਦੇ ਹਨ। ਪਹਿਲੇ ਬੰਦ ਨੂੰ ਛੱਡ ਕੇ ਬਾਕੀ ਦੇ ਸਾਰੇ ਬੰਦਾਂ ਦਾ ਭਾਵ ਉਨ੍ਹਾਂ ਦੇ ਦੂਜੇ ਹਿੱਸੇ ਵਿੱਚ ਪਿਆ ਹੈ। ਇਨ੍ਹਾਂ ਗੀਤਾਂ ਵਿੱਚ ਸਥਾਈ ਅਤੇ ਅੰਤਰਾ ਕੋਈ ਅਰਥ ਨਹੀਂ ਰੱਖਦੇ।

ਹੇਠ ਲਿਖਿਆ ਗੀਤ ਡੋਗਰੀ ਹੈ ਅਤੇ ਰਾਗ ਚੰਬਾ ਪਹਾੜੀ ਵਿੱਚ ਗਾਇਆ ਗਿਆ ਹੈ:

ਆਂਗਨ ਫੂਲੀ ਚੰਬਾ ਮਾਲਤੀ ਆ,

ਖਟ ਨਾਲ ਉਏ ਛੋੜ੍ਹੀ ਬਾਸ,

ਜਮੂਆਂ ਦੀ ਕਰਨੀ ਪਿਆਰੀ ਆ,

ਚਾਕਰੀ ਕਸ਼ਮੀਰ ਦੀ ਪਾਈ ਮੁਹਿੰਮ।

ਚਿੱਠੀਆਂ ਭੇਜਦੀ,

ਕੋਈ ਨਹੀਂ ਆਉਂਦਾ ਤੇਰੀ ਸੁਖ ਸਾਂਦ।

ਇਸ ਗੀਤ ਵਿੱਚ ਟੱਪੇ ਵਰਗੀਆਂ ਛੋਟੀਆਂ, ਪਰ ਤੇਜ਼ ਤਾਨਾਂ ਦਿਖਾਈ ਦਿੰਦੀਆਂ ਹਨ।

ਅਗਲਾ ਛੋਟਾ ਜਿਹਾ ਗੀਤ ਆਸਾ ਰਾਗ ਵਿੱਚ ਹੈ:

ਖੇਡਣ ਦੇ ਦਿਨ ਚਾਰ ਨੀ ਮਾਏ,

ਖੇਡਣ ਦੇ ਦਿਨ ਚਾਰ

ਖੇਡਦੀ ਖਡੰਦਰੀ ਨੂੰ ਰਾਤਾਂ ਪਈਆਂ

ਵਿੱਛੜ ਗਿਆ ਘਰ ਬਾਰ ਯਾਰ,

ਨੀ ਮਾਏਂ ਖੇਡਣ ਦੇ ਦਿਨ ਚਾਰ

ਜੋ ਮਾਏਂ ਤੂੰ ਕੱਤਿਆ ਲੋੜੇਂ

ਤੱਕਲੇ ਨੂੰ ਵਲ਼ ਚਾਰ,

ਨੀ ਮਾਏਂ ਖੇਡਣ ਦੇ ਦਿਨ ਚਾਰ

ਇਸ ਤੋਂ ਅਗਾਂਹ ਇੱਕ ਪੰਜਾਬੀ ਗ਼ਜ਼ਲ ਹੈ। ਇਹ ਵੀ ਆਸਾ ਰਾਗ ਵਿੱਚ ਹੈ:

ਖੋਲ ਘੂੰਘਟ ਮੁਖ ਦੇਖਾਂ ਪਿਆਰਿਆ।

ਮੈਂ ਤਾਲਿਬ ਦੀਦਾਰ ਦੀ ਆਂ

ਇੱਕ ਪਲ ਦੇ ਮੁਖ ਦੇਖਣ ਕਾਰਨ

ਤੈਂ ਪਰ ਸੌ ਸਿਰ ਵਾਰਨੀਆਂ

ਮੇਰੇ ਨਾਲ ਦੀਆਂ ਸਭ ਗਈਆਂ,

ਨਾਲ ਕੌਂਤਾਂ ਚੜ੍ਹ ਛੱਜੇ ਪਈਆਂ।

ਮੈਂ ਕਮਲੀ ... ਰਹੀਆਂ

ਰੋ ਰੋ ਅਖੀਆਂ ਮਰਦੀਆਂ।

ਇੱਕ ਭਰ ਆਈਆਂ, ਇੱਕ ਭਰ ਚੱਲੀਆਂ,

ਇਕਨਾਂ ਦੀਆਂ ਆਈਆਂ ਵਾਰੀਆਂ

ਇੱਕ ਪਾਣੀ ਤੋਂ ਤਰਸੇਂਦੀਆਂ

ਇੱਕ ਲੈਣ ਸਰਾਂ ਤਾਰੀਆਂ

ਇੱਕ ਘਰੋਂ ਬੁਲਾਈਆਂ ਸੀਨੇ ਲਾਈਆਂ

ਇੱਕ ਛਜੋਂ ਪਕੜ ਉਤਾਰੀਆਂ

ਮੇਰਾ ਮੁੱਢ ਕੁਚੱਜੀ ਦਾ ਕੁਝ ਨਾ ਥੀਵੇ

ਜੇ ਸਾਈਂ ਨੇ ਮਨੋ ਵਿਸਾਰੀ ਆਂ

ਅਗਲਾ ਗੀਤ ਪੰਜਾਬੀ ’ਚ ਹੈ: ਮੌਤ

ਪੇਸ਼ੀ ਦਾ ਰੁੱਠੜ ਢੋਲਾ ਮੁੜ ਨਾ ਬਹੁੜਿਆ।

ਪੱਕੀਆਂ ਸੀ ਕਣਕਾਂ ਫੁੱਲ ਪਿਆ ਗੁਲਾਬ ਨੂੰ,

ਖੱਟਣ ਤੇਰਾ ਛੱਡਿਆ ਮੁੜ ਆਵੀਂ ਪੰਜਾਬ ਨੂੰ,

ਆਪ ਚੜ੍ਹ ਚਲਿਉਂ ਰਹਿ ਗਿਆ ਕਿਹੜਾ

ਸੁੰਨੀ ਪਈ ਵੇ ਹਵੇਲੀ, ਡਰਾਵੇ ਖਾਲੀ ਵਿਹੜਾ।

ਇਸ ਗੀਤ ਦਾ ਸਿਰਲੇਖ ਥੋੜ੍ਹਾ ਅਜੀਬ ਹੈ ਜਾਂ ਇਸ ਦੇ ਨਾਇਕ ਦੀ ਮੌਤ ਹੋ ਚੁੱਕੀ ਹੈ। ਸ਼ਬਦ ‘ਪੇਸ਼ੀ’ ਵੀ ਨਾਇਕਾ ਦਾ ਨਾਂ ਲੱਗਦਾ ਹੈ।

ਹੀਰ ਰਾਂਝੇ ਨੂੰ ਕਿਵੇਂ ਮਿਲੀ?

ਸਈਆਂ ਤੈਨੂੰ ਪੁੱਛਦੀਆਂ ਕਮਲੀਏ

ਹੀਰੇ! ਨੀਂ ਤੂੰ ਕਿਸ ਗੁਣ ਰਾਂਝਾ ਪਾਇਆ।

ਕੱਤਣਾ ਛੱਡਿਆ ਤੁੰਬਣਾ ਛੱਡਿਆ,

ਲੂੰ ਲੂੰ ਇਸ਼ਕ ਰਚਾਇਆ।

ਨੀ ਮੈਂ ਇਸ ਗੁਣ ਰਾਂਝਾ ਪਾਇਆ,

ਇਕਦਮ ਭੁੱਲ ਗਈ ਕਮਈਏ ਜਾਨ,

ਰਾਤੀਂ ਰਾਂਝਾ ਨਾ ਆਇਆ।

ਅਗਲਾ ਗੀਤ ਪੰਜਾਬੀ ’ਚ ਹੈ ਅਤੇ ਬਿਹਾਗ ਜਾਂ ਮਾਲਕੌਂਸ ਰਾਗ ਵਿੱਚ ਗਾਇਆ ਜਾਂਦਾ ਹੈ:

ਦਿਲ ਵਿੱਚ ਸੋਜ਼ ਫਰਾਕ ਪੁੰਨੂੰ ਦਾ

ਜਿਹੜਾ ਰੋਜ਼ ਅਲਾਂਬਾ ਬਾਲੇ

ਬਿਰਹੋਂ ਆਤਿਸ਼ ਅਰਾਮ ਨਾ ਦੇਂਦਾ

ਵਾਂਗ ਚਿਖਾ ਨਿੱਤ ਜਾਲੇ

ਆਪ ਆਤਿਸ਼ ਆਪੇ ਪਟਿਹਾਰਾ

ਆਪ ਜਲੇ ਨਿੱਤ ਜਾਲੇ

ਹਾਸ਼ਮ ਫਿਰ ਕਿਹਾ ਸੁਖ ਸਾਂਦ ਸੌਣਾ

ਜਦ ਪੀਲੇ ਪ੍ਰੇਮ ਪਿਆਲੇ

ਲੇਖ ਦੀ ਸ਼ੁਰੂਆਤ ‘ਲੱਛੀ’ ਦੇ ਗੀਤ ਤੋਂ ਹੋਈ ਸੀ ਜਿਸਦਾ ਹਵਾਲਾ ਭਗਤ ਸਿੰਘ ਦੇ ਲੇਖ ਵਿੱਚ ਆਇਆ ਸੀ। ਇਸ ਗੀਤ ਦਾ ਮੂਲ ਪਾਠ ਕੁਮਾਰਸਵਾਮੀ ਦੀ ਪੁਸਤਕ ਵਿੱਚ ਵੀ ਨਹੀਂ ਹੈ, ਸਿਰਫ਼ ਇਸ ਦਾ ਅੰਗਰੇਜ਼ੀ ਅਨੁਵਾਦ ਹੈ। ਭਗਤ ਸਿੰਘ ਨੇ ਵੀ ਇਸ ਅਨੁਵਾਦ ਤੋਂ ਹੀ ਪੰਜਾਬੀ ਦੀ ਸਤਰ ਬਣਾਈ ਹੋਵੇਗੀ। ਇਸ ਲਈ ਪਾਠਕਾਂ ਦੀ ਜਗਿਆਸਾ ਪੂਰੀ ਕਰਨ ਲਈ ਅੰਗਰੇਜ਼ੀ ਦੇ ਅਨੁਵਾਦ ਤੋਂ ਪੰਜਾਬੀ ਦਾ ਅਨੁਵਾਦ ਦਰਜ ਕਰ ਰਹੇ ਹਾਂ ਜਿਹੜਾ ਗੀਤ ਦਾ ਮੂਲ ਪਾਠ ਤਾਂ ਨਹੀਂ ਹੈ ਪਰ ਉਸ ਦੇ ਨੇੜੇ ਤੇੜੇ ਜ਼ਰੂਰ ਹੈ। ਸੇਵਾ ਸਿੰਘ ਨੌਰਥ ਨੇ ਇਸ ਦੀ ਤਰਜ਼ ਬਣਾਈ ਹੈ।

ਹਾਏ! ਜਦੋਂ ਲੱਛੀ ਪਾਣੀ ਡੋਲ੍ਹਦੀ

ਪਾਣੀ ਡੋਲ੍ਹਦੀ, ਪਾਣੀ ਡੋਲ੍ਹਦੀ, ਪਾਣੀ ਡੋਲ੍ਹਦੀ,

ਉੱਥੇ ਉੱਗੇ ਚੰਦਨ ਦਾ ਬੂਟਾ- ਜਿੱਥੇ ਲੱਛੀ ਪਾਣੀ ਡੋਲ੍ਹਦੀ।

ਹਾਏ! ਲੱਛੀ ਪੁੱਛੇ ਕੁੜੀਆਂ ਨੂੰ

ਦੁਪੱਟਾ ਖਿੜੇ ਕਿਹੜੇ ਰੰਗ ਦਾ ਗੋਰੇ ਵੰਨ੍ਹ ਤੇ?

ਹਾਏ! ਕੁੜੀਆਂ ਸੱਚ ਬੋਲੀਆਂ

ਸੱਚ ਬੋਲੀਆਂ, ਸੱਚ ਬੋਲੀਆਂ, ਸੱਚ ਬੋਲੀਆਂ

ਦੁਪੱਟਾ ਸਜੇ ਕਾਲੇ ਰੰਗ ਦਾ ਗੋਰੇ ਵੰਨ੍ਹ ਤੇ!

ਕਿਹੜੇ ਤੇਰੇ ਭਾਗ ਲੱਛੀਏ?

ਤੇਰੇ ਭਾਗ ਲੱਛੀਏ, ਤੇਰੇ ਭਾਗ ਲੱਛੀਏ, ਤੇਰੇ ਭਾਗ ਲੱਛੀਏ

ਮੁੰਡਾ ਮਿਲਿਆ ਤੈਨੂੰ ਚੰਨ ਵਰਗਾ, ਕਿਹੜੇ ਤੇਰੇ ਭਾਗ ਲੱਛੀਏ

ਕਿਹੜਾ ਦੇਊ ਤੈਨੂੰ ਦੁੱਧ ਪੀਣ ਨੂੰ ਲੱਛੀਏ?

ਪੀਣ ਨੂੰ ਲੱਛੀਏ, ਪੀਣ ਨੂੰ ਲੱਛੀਏ, ਪੀਣ ਨੂੰ ਲੱਛੀਏ

ਯਾਰੀ ਤੇਰੀ ਨਾਲ ਪਾਲੀਆਂ ਟੁੱਟੀ।

ਕੌਣ ਦੇਊ ਦੁੱਧ ਪੀਣ ਨੂੰ।

(ਇਹ ਗੀਤ ਨਿਰੋਲ ਲੋਕ ਧੁਨਾਂ ’ਤੇ ਆਧਾਰਿਤ ਹੈ, ਕਿਸੇ ਨਿਸ਼ਚਿਤ ਰਾਗ ਵਿੱਚ ਨਹੀਂ)

ਭਗਤ ਸਿੰਘ ਦੀ ਹਵਾਲਾ ਸਤਰ ਵੀ ਅੰਗਰੇਜ਼ੀ ਅਨੁਵਾਦ ਦਾ ਅਨੁਵਾਦ ਹੀ ਹੈ। ਬਾਕੀ ਦੇ ਉਪਰੋਕਤ ਗੀਤਾਂ ਦਾ ਪੁਸਤਕ ’ਚ ਰੋਮਨ ਲਿਪੀ ਦਾ ਲਿਪੀਅੰਤਰ ਉਪਲੱਬਧ ਸੀ ਅਤੇ ਉਸ ਤੋਂ ਹੀ ਮੁੜ ਗੁਰਮੁਖੀ ਲਿਪੀਅੰਤਰ ਕੀਤਾ ਗਿਆ ਹੈ। ਆਸ ਹੈ ਗੀਤ-ਸੰਗੀਤ ਦੇ ਸਬੁੱਧ ਪਾਠਕ ਇਨ੍ਹਾਂ ਗੀਤਾਂ ਬਾਰੇ ਹੋਰ ਚਾਨਣਾ ਪਾਉਣਗੇ।

ਸੰਪਰਕ: 98150-00873

Advertisement