ਮੱਧ ਪੂਰਬ ਲਈ ਨਵਾਂ ਸੰਕਟ
ਅਮ੍ਰਤ
ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਇਰਾਨ ਦੇ ਪਰਮਾਣੂ ਅਤੇ ਫ਼ੌਜੀ ਟਿਕਾਣਿਆਂ ’ਤੇ ਜੰਗੀ ਹਵਾਈ ਜਹਾਜ਼ਾਂ ਅਤੇ ਡਰੋਨਾਂ ਨਾਲ ਹਮਲਾ ਕਰ ਕੇ ਮੱਧ ਪੂਰਬੀ ਖਿੱਤੇ ਨੂੰ ਇੱਕ ਨਵੇਂ ਜੰਗੀ ਮੁਹਾਣ ’ਤੇ ਖੜ੍ਹਾ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਦਰਮਿਆਨ ਖਿੱਚੋਤਾਣ ਤਾਂ ਪਹਿਲਾਂ ਹੀ ਚਲੀ ਆ ਰਹੀ ਸੀ ਪਰ ਇਸ ਦਾ ਤਤਕਾਲੀ ਕਾਰਨ ਇਰਾਨ ਦਾ ਪਰਮਾਣੂ ਪ੍ਰੋਗਰਾਮ ਬਣਿਆ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਇਹ ਹਮਲਾ ਕੀਤਾ ਗਿਆ ਹੈ। ਜੇ ਇਸ ’ਚ ਦੇਰ ਕੀਤੀ ਜਾਂਦੀ ਤਾਂ ਇਰਾਨ ਨੇ ਪਰਮਾਣੂ ਹਥਿਆਰ ਤਿਆਰ ਕਰ ਲੈਣੇ ਸਨ। ਇਜ਼ਰਾਇਲੀ ਹਮਲੇ ਦੇ ਜਵਾਬ ’ਚ ਇਰਾਨ ਨੇ ਵੀ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਦੀ ਝੜੀ ਲਗਾ ਦਿੱਤੀ ਜਿਸ ਨਾਲ ਯੇਰੂਸ਼ਲਮ ਅਤੇ ਤਲ-ਅਵੀਵ ’ਚ ਵੱਡਾ ਨੁਕਸਾਨ ਹੋਇਆ ਹੈ। ਰਾਤ ਭਰ ਆਸਮਾਨ ’ਤੇ ਮਿਜ਼ਾਈਲਾਂ ਸ਼ੂਕਦੀਆਂ ਰਹੀਆਂ ਅਤੇ ਧਮਾਕੇ ਸੁਣਾਈ ਦਿੰਦੇ ਰਹੇ।
ਇਸ ਤੋਂ ਪਹਿਲਾਂ ਇਜ਼ਰਾਈਲ ਨੇ ਗਾਜ਼ਾ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਇਜ਼ਰਾਇਲੀ ਹਮਲਿਆਂ ਨੇ ਉੱਥੇ ਵੀ ਭਾਰੀ ਤਬਾਹੀ ਮਚਾਈ ਹੈ। ਸੀਰੀਆ ਅਤੇ ਲਿਬਨਾਨ ਖ਼ਿਲਾਫ਼ ਵੀ ਇਜ਼ਰਾਈਲ ਦੀਆਂ ਧੱਕੇਸ਼ਾਹੀਆਂ ਕਿਸੇ ਨੂੰ ਭੁੱਲੀਆਂ ਨਹੀਂ। ਹੁਣ ਇਹ ਹਮਲਾ ਕੀਤੇ ਜਾਣ ਦਾ ਕਾਰਨ ਵੀਰਵਾਰ ਨੂੰ ਹੋਈ ਕੌਮਾਂਤਰੀ ਐਟਮੀ ਊਰਜਾ ਏਜੰਸੀ (ਆਈਏਈਏ) ਦੇ ਬੋਰਡ ਆਫ ਗਵਰਨਰਜ਼ ਦੀ ਮੀਟਿੰਗ ਬਣੀ। ਮੀਟਿੰਗ ’ਚ ਮਤਾ ਪਾਸ ਕੀਤਾ ਗਿਆ ਕਿ ਪਰਮਾਣੂ ਅਪਸਾਰ ਸੰਧੀ ਦਾ ਹਸਤਾਖਰੀ ਹੋਣ ਦੇ ਬਾਵਜੂਦ ਇਰਾਨ ਵੱਲੋਂ ਸੰਧੀ ਦੀਆਂ ਸ਼ਰਤਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਅਤੇ ਉਹ ਪਰਮਾਣੂ ਹਥਿਆਰਾਂ ਵਾਸਤੇ ਯੂਰੇਨੀਅਮ ਸੋਧ ਰਿਹਾ ਹੈ। ਹਾਲ ਹੀ ’ਚ ਆਈਏਈਏ ਵੱਲੋਂ ਕਰਵਾਈ ਗਈ ਜਾਂਚ ਤੋਂ ਇਹ ਪਤਾ ਲੱਗਣ ਦਾ ਦਾਅਵਾ ਕੀਤਾ ਗਿਆ ਸੀ ਕਿ ਇਰਾਨ ਵੱਲੋਂ ਤਿੰਨ ਥਾਵਾਂ ’ਤੇ ਖੁਫ਼ੀਆ ਤਰੀਕੇ ਨਾਲ ਪਰਮਾਣੂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸ ਰਿਪੋਰਟ ਦੇ ਆਧਾਰ ’ਤੇ ਹੀ ਇਰਾਨ ਖ਼ਿਲਾਫ਼ ਮਤਾ ਪਾਇਆ ਗਿਆ, ਹਾਲਾਂਕਿ ਪਿਛਲੇ ਦੋ ਦਹਾਕਿਆਂ ਦੌਰਾਨ ਇਹ ਅਜਿਹਾ ਪਹਿਲਾ ਮਤਾ ਹੈ। ਇਜ਼ਰਾਈਲ ਪਹਿਲਾਂ ਤੋਂ ਹੀ ਇਰਾਨ ਨੂੰ ਆਪਣੇ ਲਈ ਖ਼ਤਰਾ ਸਮਝਦਾ ਰਿਹਾ ਹੈ। ਜੇ ਇਰਾਨ ਪਰਮਾਣੂ ਹਥਿਆਰਾਂ ਨਾਲ ਲੈਸ ਹੋ ਜਾਂਦਾ ਹੈ ਤਾਂ ਉਹ ਉਸ ਲਈ ਹੋਰ ਵੱਡੀ ਚੁਣੌਤੀ ਬਣ ਸਕਦਾ ਹੈ। ਦਹਾਕਿਆਂ ਤੋਂ ਇਜ਼ਰਾਈਲ ਦਾ ਇਹ ਏਜੰਡਾ ਰਿਹਾ ਹੈ ਕਿ ਉਹ ਇਰਾਨ ਨੂੰ ਪਰਮਾਣੂ ਸ਼ਕਤੀ ਨਹੀਂ ਬਣਨ ਦੇਵੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਅਮਰੀਕਾ ਦੀ ਸ਼ਹਿ ਵੀ ਪ੍ਰਾਪਤ ਹੈ। ਨੇਤਨਯਾਹੂ ਦਾ ਕਹਿਣਾ ਹੈ ਕਿ ਇਰਾਨ ਨੇ ਪਰਮਾਣੂ ਹਥਿਆਰ ਵਿਕਸਤ ਕਰਨ ਲਈ ਹਾਲ ਹੀ ’ਚ ਕੁਝ ਅਜਿਹੀਆਂ ਕਾਰਵਾਈਆਂ ਕੀਤੀਆਂ ਹਨ ਜਿਨ੍ਹਾਂ ਨੂੰ ਰੋਕਿਆ ਜਾਣਾ ਜ਼ਰੂਰੀ ਹੈ। ਜੇ ਉਹ ਇਰਾਨ ਨੂੰ ਯੂਰੇਨੀਅਮ ਸੋਧਣ ਤੋਂ ਨਹੀਂ ਰੋਕਦੇ ਤਾਂ ਉਹ ਆਉਂਦੇ ਕੁਝ ਮਹੀਨਿਆਂ ਵਿੱਚ ਹੀ ਪਰਮਾਣੂ ਹਥਿਆਰ ਬਣਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹ ਸਾਰਾ ਘਟਨਾਕ੍ਰਮ ਉਦੋਂ ਵਾਪਰ ਰਿਹਾ ਹੈ ਜਦੋਂ ਇੱਕ ਪਾਸੇ ਇਹ ਰਿਪੋਰਟਾਂ ਆ ਰਹੀਆਂ ਸਨ ਕਿ ਇਰਾਨ ਅਤੇ ਅਮਰੀਕਾ ਵੱਲੋਂ ਕਿਸੇ ਅਜਿਹੀ ਸੰਧੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਜਿਸ ਮੁਤਾਬਕ ਇਰਾਨ ਨੂੰ ਪਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਮਨਾਇਆ ਜਾਵੇਗਾ ਤੇ ਬਦਲੇ ’ਚ ਉਸ ਖ਼ਿਲਾਫ਼ ਲਗਾਈਆਂ ਗਈਆਂ ਪਾਬੰਦੀਆਂ ’ਚ ਅਮਰੀਕਾ ਵੱਲੋਂ ਢਿੱਲ ਦਿੱਤੀ ਜਾਵੇਗੀ।
ਇਸ ਜੰਗੀ ਟਕਰਾਅ ਬਾਰੇ ਜੋ ਵੇਰਵੇ ਮਿਲ ਰਹੇ ਹਨ, ਉਨ੍ਹਾਂ ਮੁਤਾਬਕ ਦੋਹਾਂ ਪਾਸੇ ਹੀ ਤਬਾਹੀ ਦੇ ਮੰਜ਼ਰ ਹਨ। ਫ਼ੌਜੀ ਟਿਕਾਣਿਆਂ ਤੋਂ ਇਲਾਵਾ ਰਿਹਾਇਸ਼ੀ ਖੇਤਰ ਵੀ ਹਮਲਿਆਂ ਦੀ ਮਾਰ ਹੇਠ ਆ ਗਏ ਹਨ। ਮੁਢਲੀਆਂ ਰਿਪੋਰਟਾਂ ਮੁਤਾਬਕ ਸੰਯੁਕਤ ਰਾਸ਼ਟਰ ’ਚ ਇਰਾਨ ਦੇ ਸਫ਼ੀਰ ਨੇ ਜਾਣਕਾਰੀ ਦਿੱਤੀ ਹੈ ਕਿ ਘੱਟੋ ਘੱਟ 70 ਵਿਅਕਤੀ ਮਾਰੇ ਗਏ ਹਨ ਅਤੇ ਜ਼ਖਮੀਆਂ ਦੀ ਗਿਣਤੀ 320 ਤੋਂ ਵੱਧ ਹੈ। ਇਹ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਦੋਵੇਂ ਦੇਸ਼ ਹੀ ਹਮਲੇ ਜਾਰੀ ਰੱਖਣ ਲਈ ਅੜੇ ਹੋਏ ਹਨ। ਇਨ੍ਹਾਂ ਹਮਲਿਆਂ ਕਾਰਨ ਮੱਧ ਪੂਰਬ ਇੱਕ ਨਵੀਂ ਮੁਸੀਬਤ ਵੱਲ ਵਧਦਾ ਨਜ਼ਰ ਆ ਰਿਹਾ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਇਹ ਧਮਕੀ ਦੇ ਰਹੇ ਹਨ ਕਿ ਉਨ੍ਹਾਂ ਦਾ ਮਕਸਦ ਇਜ਼ਰਾਈਲ ਲਈ ਚੁਣੌਤੀ ਬਣਨ ਵਾਲੇ ਇਰਾਨ ਨੂੰ ਸਬਕ ਸਿਖਾਉਣਾ ਹੈ ਅਤੇ ਉਹ ਅਜਿਹੀ ਹਰ ਚੁਣੌਤੀ ਖ਼ਤਮ ਕਰ ਕੇ ਹੀ ਸਾਹ ਲੈਣਗੇ। ਦੂਜੇ ਪਾਸੇ ਉਹ ਇਹ ਵੀ ਚਾਹੁੰਦੇ ਹਨ ਕਿ ਇਰਾਨ ਦੇ ਲੋਕ ਆਪਣੇ ਆਗੂਆਂ ਖ਼ਿਲਾਫ਼ ਉੱਠ ਖੜ੍ਹੇ ਹੋਣ ਅਤੇ ਸਰਕਾਰ ਦਾ ਤਖ਼ਤਾ ਪਲਟਾ ਦੇਣ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਲੋਕ ਸਰਕਾਰ ਵਿਰੁੱਧ ਉੱਠ ਖੜ੍ਹੇ ਹੁੰਦੇ ਹਨ ਤਾਂ ਇਜ਼ਰਾਈਲ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ। ਦਰਅਸਲ ਇਜ਼ਰਾਈਲ ਦੀ ਮਨਸ਼ਾ ਹੈ ਕਿ ਇਸ ਖ਼ਿੱਤੇ ’ਚ ਕੋਈ ਵੀ ਉਸ ਦੇ ਸਾਹਮਣੇ ਸਿਰ ਨਾ ਚੁੱਕ ਸਕੇ।
ਉੱਧਰ ਇਰਾਨ ਨੇ ਇਜ਼ਰਾਈਲ ਦੀ ਧੌਂਸ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਰਾਨ ਦੇ ਸੁਪਰੀਮ ਆਗੂ ਆਇਤੁਲਾ ਅਲੀ ਖਮੇਨੀ ਨੇ ਨੇਤਨਯਾਹੂ ਨੂੰ ਵੰਗਾਰਦਿਆਂ ਕਿਹਾ ਹੈ ਕਿ ਉਹ ਇਸ ਗੁਨਾਹ ਬਦਲੇ ਇਜ਼ਰਾਈਲ ਨੂੰ ਸੌਖਿਆਂ ਬਚ ਕੇ ਨਹੀਂ ਨਿਕਲਣ ਦੇਣਗੇ ਤੇ ਹਰ ਗੁਨਾਹ ਦਾ ਹਿਸਾਬ ਲਿਆ ਜਾਵੇਗਾ। ਇਸ ਟਕਰਾਅ ਕਾਰਨ ਅਮਰੀਕਾ ਤੇ ਇਰਾਨ ਦਰਮਿਆਨ ਹੋਣ ਵਾਲੀ ਵਾਰਤਾ ’ਤੇ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਪਹਿਲਾਂ ਮਿੱਥੇ ਮੁਤਾਬਕ ਇਹ ਵਾਰਤਾ ਐਤਵਾਰ ਨੂੰ ਹੋਣੀ ਸੀ ਪਰ ਹੁਣ ਅਜਿਹਾ ਸ਼ਾਇਦ ਸੰਭਵ ਨਾ ਹੋਵੇ।
ਇਜ਼ਰਾਈਲ ਦੇ ਹਮਲਿਆਂ ਅਤੇ ਇਰਾਨ ਦੀ ਜਵਾਬੀ ਕਾਰਵਾਈ ਨੂੰ ਦੇਖਦਿਆਂ ਹਾਲਾਤ ਹੋਰ ਵਿਗੜਨ ਦੀ ਚਿੰਤਾ ਉਪਜਣ ਲੱਗੀ ਹੈ। ਜੇ ਰੂਸ-ਯੂਕਰੇਨ ਤੇ ਇਜ਼ਰਾਈਲ ਦੀਆਂ ਪਿਛਲੀਆਂ ਕਾਰਵਾਈਆਂ ਨੂੰ ਵਿਚਾਰਿਆ ਜਾਵੇ ਤਾਂ ਹਾਲੀਆ ਸਮੇਂ ਦੀ ਇਹ ਇੱਕ ਹੋਰ ਵੱਡੀ ਜੰਗੀ ਕਾਰਵਾਈ ਜਾਪਦੀ ਹੈ ਜੋ ਪਹਿਲਾਂ ਹੀ ਅੱਗ ਦੇ ਮੁਹਾਣੇ ’ਤੇ ਬੈਠੇ ਮੱਧ ਪੂਰਬ ਖ਼ਿੱਤੇ ਲਈ ਹਾਲਾਤ ਬਦ ਤੋਂ ਬਦਤਰ ਕਰ ਦੇਵੇਗੀ। ਖ਼ਿੱਤੇ ਦੇ ਹੋਰ ਦੇਸ਼ਾਂ ਦੇ ਆਗੂ ਅਜਿਹੇ ਵਿਗੜਦੇ ਹਾਲਾਤ ਤੋਂ ਚਿੰਤਾ ’ਚ ਹਨ ਅਤੇ ਇਸ ਕਾਰਵਾਈ ਦੀ ਨਿੰਦਾ ਕਰ ਰਹੇ ਹਨ। ਆਲਮੀ ਆਗੂਆਂ ਵੱਲੋਂ ਦੋਹਾਂ ਦੇਸ਼ਾਂ ਨੂੰ ਤੁਰੰਤ ਇਸ ਰਾਹ ਤੋਂ ਪਿੱਛੇ ਮੁੜਨ ਦੀ ਅਪੀਲ ਕੀਤੀ ਜਾ ਰਹੀ ਹੈ। ਇਜ਼ਰਾਈਲ ਵੱਲੋਂ ਕਾਫ਼ੀ ਸਮੇਂ ਤੋਂ ਅਜਿਹੀ ਕਾਰਵਾਈ ਦੀ ਧਮਕੀ ਦਿੱਤੀ ਜਾ ਰਹੀ ਸੀ ਪਰ ਅਮਰੀਕੀ ਪ੍ਰਸ਼ਾਸਨ ਇਸ ਨੂੰ ਰੋਕਣ ਦੇ ਯਤਨ ਕਰਦਾ ਆ ਰਿਹਾ ਸੀ। ਸਮੇਂ ਸਮੇਂ ਦੀਆਂ ਅਮਰੀਕੀ ਸਰਕਾਰਾਂ ਦਾ ਇਹ ਮੰਨਣਾ ਸੀ ਕਿ ਜੇ ਇੱਕ ਵਾਰ ਇਹ ਅੱਗ ਭੜਕ ਗਈ ਤਾਂ ਫਿਰ
ਮੱਧ ਪੂਰਬੀ ਖ਼ਿੱਤੇ ਨੂੰ ਲਪੇਟ ’ਚ ਲੈ ਲਵੇਗੀ ਅਤੇ ਇਹ ਵੀ ਹੋ ਸਕਦਾ ਹੈ ਕਿ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਿਆ ਨਾ ਜਾ ਸਕੇ ਪਰ ਹਮਾਸ ਵੱਲੋਂ ਅਕਤੂਬਰ 2023 ’ਚ ਕੀਤੇ ਗਏ ਹਮਲੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਰਾਦਾ ਬਦਲਦਿਆਂ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਉਨ੍ਹਾਂ ਇਜ਼ਰਾਈਲ ਨੂੰ ਆਪਣੀਆਂ ਧਮਕੀਆਂ ਨੂੰ ਅਮਲੀ ਰੂਪ ਦੇਣ ਲਈ ਖੁੱਲ੍ਹ ਦੇ ਦਿੱਤੀ ਹੈ।