DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾ ਤੇਰਾ ਨਾ ਮੇਰਾ ਪਾਸ਼

ਸ਼ਮਸ਼ੇਰ ਸੰਧੂ ਪਾਸ਼ ਵਰਗਾ ਸਰੋਤਾ ਕਿਸੇ ਨੇ ਕੀ ਬਣ ਜਾਣਾ। ਉਹ ਬੜੇ ਦਮਖ਼ਮ ਵਾਲਾ ਪਾਠਕ ਸੀ। ਉਹ ਕਿਸੇ ਲੇਖਕ ਦੀ ਰਚਨਾ ਸੁਣਦਿਆਂ ਨਾ ਅੱਕਦਾ ਸੀ ਨਾ ਥੱਕਦਾ ਸੀ। ਅਕੇਵਾਂ ਤਾਂ ਬਹੁਤ ਦੂਰ ਦੀ ਗੱਲ ਹੈ, ਸਗੋਂ ਉਹ ਤਾਂ ਸੁਣਾਉਣ ਵਾਲੇ...
  • fb
  • twitter
  • whatsapp
  • whatsapp
featured-img featured-img
ਫੋਟੋ: ਅਮਰਜੀਤ ਚੰਦਨ
Advertisement
ਸ਼ਮਸ਼ੇਰ ਸੰਧੂ

ਪਾਸ਼ ਵਰਗਾ ਸਰੋਤਾ ਕਿਸੇ ਨੇ ਕੀ ਬਣ ਜਾਣਾ। ਉਹ ਬੜੇ ਦਮਖ਼ਮ ਵਾਲਾ ਪਾਠਕ ਸੀ। ਉਹ ਕਿਸੇ ਲੇਖਕ ਦੀ ਰਚਨਾ ਸੁਣਦਿਆਂ ਨਾ ਅੱਕਦਾ ਸੀ ਨਾ ਥੱਕਦਾ ਸੀ। ਅਕੇਵਾਂ ਤਾਂ ਬਹੁਤ ਦੂਰ ਦੀ ਗੱਲ ਹੈ, ਸਗੋਂ ਉਹ ਤਾਂ ਸੁਣਾਉਣ ਵਾਲੇ ਦੀਆਂ ਕਈ ਵਾਰ ਗੋਡਣੀਆਂ ਲੁਆ ਦਿੰਦਾ ਸੀ। ਸੁਣਾਉਣ ਵਾਲੇ ਦੀ ਜੀਭ ਬਾਹਰ ਆ ਜਾਂਦੀ ਸੀ ਪਰ ਉਹਦੇ ਕੰਨ ਨਹੀਂ ਸੀ ਥੱਕਦੇ। ਬੰਗਿਆਂ ਦੇ ਸ.ਨ. ਕਾਲਜ ਵਿੱਚ ਸਾਡੇ ਪੰਜਾਬੀ ਵਿਭਾਗ ਦਾ ਮੁਖੀ ਹੁੰਦਾ ਸੀ ਡਾ.ਅਜੀਤ ਸਿੰਘ ਸਿੱਕਾ। ਉਹ ‘ਲੁਧਿਆਣੇ ਦਾ ਘੰਟਾ ਘਰ’ ਤੋਂ ਲੈ ਕੇ ‘ਸਾਇੰਸ ਤੇ ਧਰਮ’ ਤੱਕ 60-70 ਕਿਤਾਬਾਂ ਲਿਖ ਚੁੱਕਾ ਸੀ। ਉਹ ਨੇਕ, ਸਾਦਾ ਤੇ ਸਾਦ-ਮੁਰਾਦਾ ਮਨੁੱਖ ਸੀ। ਹਰੇਕ ਰਚਨਾ ਲਿਖ ਕੇ ਉਹ ਸਰੋਤੇ ਲੱਭਣ ਤੁਰ ਪੈਂਦਾ। ਉਹਦੇ ਬਾਰੇ ਮਸ਼ਹੂਰ ਸੀ ਕਿ ਬਾਜ਼ਾਰ ਵਿੱਚ ਵੀ ਕੋਈ ਵਾਕਫ਼ ਮਿਲ ਜਾਵੇ ਤਾਂ ਇੱਕ ਪਾਸੇ ਕਰਕੇ ਰਚਨਾਵਾਂ ਸੁਣਾਉਣ ਲੱਗ ਜਾਂਦਾ ਸੀ। ਇਹ ਗੱਲਾਂ 1976-77 ਦੀਆਂ ਹਨ। ਉਨ੍ਹਾਂ ਵੇਲਿਆਂ ਦੇ ਬਜ਼ੁਰਗ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਹਰਗੁਰਨਾਦ ਸਿੰਘ ਨੂੰ ਬੰਗਿਆਂ ਦੇ ਬਾਜ਼ਾਰ ਵਿੱਚ ਡਾ. ਸਿੱਕਾ ਦੀਆਂ ਰਚਨਾਵਾਂ ਸੁਣਦਿਆਂ ਮੈਂ ਆਪਣੇ ਅੱਖੀਂ ਕਈ ਵਾਰ ਦੇਖਿਆ ਸੀ।

ਇੱਕ ਦਿਨ ਪਾਸ਼ ਕਾਲਜ ਆਇਆ ਤਾਂ ਡਾ. ਅਜੀਤ ਸਿੰਘ ਸਿੱਕਾ ਨੇ ਆਪਣੀਆਂ ਪੰਜ-ਛੇ ਕਿਤਾਬਾਂ ਪਾਸ਼ ਨੂੰ ‘ਪਿਆਰ ਸਹਿਤ ਭੇਟ’ ਕਰ ਦਿੱਤੀਆਂ। ਇਨ੍ਹਾਂ ਵਿੱਚੋਂ ‘ਸਾਇੰਸ ਤੇ ਧਰਮ’ ਸਮੇਤ ਦੋ ਮਹਾਂ-ਕਾਵਿ ਸਨ। ਪਾਸ਼ ਨੇ ਰਾਤ ਨੂੰ ਹਜ਼ਾਰ-ਗਿਆਰਾਂ ਸੌ ਸਫ਼ੇ ਦਾ ਪੂਰਾ ਮਹਾਂਕਾਵਿ ਪੜ੍ਹ ਮਾਰਿਆ ਤੇ ਅਗਲੇ ਦਿਨ ਡਾ. ਸਿੱਕਾ ਨਾਲ ਉਸ ਪੁਸਤਕ ਬਾਰੇ ‘ਡੂੰਘੀ’ ਗੱਲਬਾਤ ਕਰਨ ਬੈਠ ਗਿਆ। ਸਰੋਤੇ, ਪਾਠਕ ਕਿੱਥੇ ਲੱਭਦੇ ਆ! ਖ਼ੁਸ਼ੀ ’ਚ ਆ ਕੇ ਡਾ. ਸਿੱਕਾ ਨੇ ਉਸ ਦਿਨ ਇੱਕ ਪੀਰੀਅਡ ਵੀ ਛੱਡ ਦਿੱਤਾ। ਪਾਸ਼ ਨੇ ਡਾ. ਸਿੱਕਾ ਤੋਂ ਦਰਜਨਾਂ ਹੀ ਚੌਬਰਗੇ ਤੇ ਰੁਬਾਈਆਂ ‘ਗੰਭੀਰ ਸਰੋਤਾ’ ਬਣ ਕੇ ਸੁਣੀਆਂ। ਅਖੀਰ ਡਾ. ਸਿੱਕਾ ਸੁਣਾਉਂਦਾ ਸੁਣਾਉਂਦਾ ਥੱਕ ਗਿਆ। ਪਾਸ਼ ਕਹੇ ਡਾ. ਸਾਹਿਬ ਇਹ ਸਾਰੇ ਚੌਬਰਗੇ ਤੇ ਰੁਬਾਈਆਂ ਇੱਕ ਵਾਰ ਫੇਰ ਸੁਣਾਓ। ਡਾ. ਸਿੱਕਾ ਆਖੇ, “ਪਾਸ਼ ਜੀ, ਤੁਸੀਂ ਇਹ ਕਿਤਾਬ ਘਰ ਲੈ ਜਾਓ, ਬਾਕੀ ਹਿੱਸਾ ਆਪ ਪੜ੍ਹ ਲੈਣਾ।’’ ਲਓ ਜੀ, ਲੇਖਕ ਹੀ ਮੈਦਾਨ ਛੱਡ ਗਿਆ, ਸਰੋਤਾ ਤਾਂ ਥਾਪੀਆਂ ਮਾਰਦਾ ਮੈਦਾਨ ਵਿੱਚ ਡਟਿਆ ਖੜੋਤਾ ਸੀ।

Advertisement

* * *

ਏਦਾਂ ਹੀ ਇੱਕ ਵਾਰ ਲੰਮਾ ਸਫ਼ਰ ਮੋਟਰ ਸਾਈਕਲ ’ਤੇ ਤੈਅ ਕਰਕੇ ਕਿਰਪਾਲ ਕਜ਼ਾਕ ਦੇ ਪਿੰਡ ਪੁੱਜੇ। ਉਹਦੀ ਬੜੀ ਦੇਰ ਦੀ ਤਮੰਨਾ ਸੀ ਕਿ ਤੁਸੀਂ ਗੁਰਚਰਨ ਚਾਹਲ ਭੀਖੀ ਦੇ ਪਿੰਡ ਹੋ ਆਏ ਓ, ਮੇਰੇ ਪਿੰਡ ਵੀ ਇੱਕ ਫੇਰੀ ਜ਼ਰੂਰ ਪਾਓ। ਸਿਆਲਾਂ ਦੀ ਨਿੱਘੀ ਧੁੱਪ। ਦੇਸੀ ਘਿਓ ਦੇ ਪਰੌਂਠੇ ਖੁਆ ਕੇ ਕਜ਼ਾਕ ਸਾਨੂੰ ਖੇਤਾਂ ਵਿੱਚ ਲੈ ਗਿਆ। ਪੀੜੇ ਹੋਏ ਕਮਾਦ ਦੀਆਂ ਪੱਛੀਆਂ ’ਚੋਂ ਗੁੜ ਵਰਗੀ ਮਹਿਕ ਆ ਰਹੀ ਸੀ। ਉੱਥੇ ਅਸੀਂ ਚੌਕੜੀਆਂ ਮਾਰ ਕੇ ਬੈਠ ਗਏ। ਏਨੇ ਨੂੰ ਘਰੋਂ ਲੂਣ ਘੁਲੀ ਲੱਸੀ ਆ ਗਈ। ਦੋ-ਦੋ ਗਲਾਸ ਲੱਸੀ ਦੇ ਚੜ੍ਹਾਏ। ਅਸੀਂ ਚਾਹੁੰਦੇ ਸੀ ਹਲਕੀਆਂ-ਫੁਲਕੀਆਂ ਤੇ ਏਧਰਲੀਆਂ-ਓਧਰਲੀਆਂ ਗੱਲਾਂ ਕੀਤੀਆਂ ਜਾਣ ਪਰ ਕਿਰਪਾਲ ਕਜ਼ਾਕ ਨਵੇਂ ਲਿਖੇ ਨਾਵਲ ਦਾ ਖਰੜਾ ਖੋਲ੍ਹ ਕੇ ਬਹਿ ਗਿਆ। ਉਸ ਨੂੰ ਸੁੱਝਿਆ ਹੋਣੈ ਕਿ ਦੋ ਸਰੋਤੇ ਕਾਬੂ ਆਏ ਨੇ। ਨਾਵਲ ਦਾ ਨਾਂ ਸ਼ਾਇਦ ‘ਕਾਲਾ ਇਲਮ’ ਸੀ। ਕਜ਼ਾਕ ਨੇ ਖਰੜੇ ਦਾ ਪਹਿਲਾ ਪੰਨਾ ਕੱਢਿਆ ਹੋਊ। ਮੈਂ ਤਾਂ ਕੂਹਣੀ ਭਾਰ ਹੋ ਕੇ ਪੱਛੀਆਂ ’ਤੇ ਟੇਢਾ ਲੇਟ ਗਿਆ ਤੇ ਫੇਰ ਸੌਂ ਗਿਆ। ਲੱਸੀ ਦੀ ਘੂਕੀ ਨੇ ਗੂੜ੍ਹੀ ਨੀਂਦ ਲਿਆ ਦਿੱਤੀ। ਓਧਰ ਪਾਸ਼ ਨੇ ‘ਮਹਾਨ ਸਰੋਤਾ’ ਬਣ ਕੇ ਮੋਰਚਾ ਸੰਭਾਲ ਲਿਆ। ਕਜ਼ਾਕ ਦੀ ਇੱਛਾ ਚਾਰ-ਪੰਜ ਵਰਕੇ ਸੁਣਾਉਣ ਦੀ ਹੀ ਸੀ ਪਰ ਪਾਸ਼ ਨੇ ਜ਼ੋਰ ਪਾ ਕੇ ਪੂਰਾ ਚੈਪਟਰ ਸੁਣ ਲਿਆ। ਸਰੋਤਾ ਮੈਦਾਨ ਵਿੱਚ ਥਾਪੀਆਂ ਮਾਰ ਰਿਹਾ ਸੀ ਪਰ ਲੇਖਕ ਦਾ ਦਮ ਉੱਖੜ ਰਿਹਾ ਸੀ। ਫਿਰ ਕਜ਼ਾਕ ਨੇ ਵਿਚਲੇ ਸਾਰੇ ਚੈਪਟਰ ਛੱਡ ਕੇ ਨਾਵਲ ਦਾ ਆਖ਼ਰੀ ਕਾਂਡ ਸੁਣਾ ਦਿੱਤਾ। ਪਾਸ਼ ਨੇ ਬਾਅਦ ’ਚ ਮੈਨੂੰ ਦੱਸਿਆ, ‘‘ਤੂੰ ਤਾਂ ਘੁਰਾੜੇ ਮਾਰਦਾ ਰਿਹਾ, ਪਰ ਮੈਂ ਓਧਰ ਕਜ਼ਾਕ ਨਾਲ ‘ਦਸਤ-ਪੰਜਾ’ ਪਾ ਬੈਠਾ। ਮੇਰਾ ਤਾਂ ਇਰਾਦਾ ਸੀ ਪੂਰਾ ਨਾਵਲ ਸੁਣਾ ਲਵੇ ਤੇ ਮੈਂ ਅੱਗਿਓਂ ਆਖ ਦੇਵਾਂ, ਇੱਕ ਵਾਰ ਫੇਰ ਨਾਵਲ ਸੁਣਾ, ਪਰ ਕਜ਼ਾਕ ਵਾਲ-ਵਾਲ ਬਚ ਗਿਆ...।’’

* * *

ਪਾਸ਼ ਨੂੰ ਫਿਰ ਇੱਕ ਵਾਰ ਨਕੋਦਰ ਪੁਲੀਸ ਫੜ ਲਿਆਈ। ਪਰ ਐਤਕੀਂ ਅੰਦਰ ਬੰਦ ਕਰਨ ਦੀ ਬਜਾਏ ਥਾਣੇਦਾਰ ਨੇ ਆਪਣੇ ਕੋਲ ਕੁਰਸੀ ’ਤੇ ਬਿਠਾ ਲਿਆ। ਪਾਸ਼ ਹੈਰਾਨ! ਚਾਹ ਮੰਗਵਾਈ ਗਈ। ਗੱਲਾਂ ਗੱਲਾਂ ਵਿੱਚ ਪਤਾ ਲੱਗਾ ਕਿ ਥਾਣੇਦਾਰ ਸਾਹਿਤਕ-ਮੱਸ ਵਾਲਾ ਬੰਦਾ ਹੈ। ਥਾਣੇਦਾਰ ਨੂੰ ਕਵਿਤਾ ਲਿਖਣ ਦਾ ਸ਼ੌਕ ਵੀ ਸੀ। ਪਾਸ਼ ਝੱਟ ਦੇਣੀ ਸਰੋਤਾ ਬਣ ਗਿਆ ਤੇ ਕਹਿਣ ਲੱਗਾ, ਸੁਣਾਓ, ਫੇਰ ਕਵਿਤਾਵਾਂ। ਦਰਾਜ਼ ’ਚੋਂ ਡਾਇਰੀ ਕੱਢ ਕੇ ਥਾਣੇਦਾਰ ਨੇ ਕਵਿਤਾ-ਪਾਠ ਸ਼ੁਰੂ ਕਰ ਦਿੱਤਾ:

ਹਾਏ ਨੀ, ਸੱਜਣੀ,

ਤੇਰੀ ਯਾਦ ਆਉਂਦੀ ਹੈ।

ਕਿਵੇਂ ਦੱਸਾਂ, ਕਿੰਨੀ ਤੇਰੀ,

ਯਾਦ ਆਉਂਦੀ ਹੈ।

ਯਾਦ ਤੇਰੀ ਮੈਨੂੰ ਬੜਾ,

ਹੀ ਤੜਫਾਉਂਦੀ ਹੈ....।

ਬੱਸ, ਏਦਾਂ ਦੀਆਂ ਹੀ ਕਈ ਹੋਰ ‘ਕਵਿਤਾਵਾਂ’! ਪਾਸ਼ ਮਿਥ ਕੇ ਦਾਦ ਦੇਈ ਜਾਵੇ, ‘‘ਕਿਆ ਬਾਤ ਐ, ਅਹਿ ਕਵਿਤਾ ਇੱਕ ਵਾਰ ਫੇਰ ਸੁਣਾਓ, ਆਏ ਹਾਏ... ਆਏ ਹਾਏ।’’ ਥਾਣੇਦਾਰ ਕਵਿਤਾਵਾਂ ਸੁਣਾ ਕੇ ਤੇ ਮਣਾਂ-ਮੂੰਹੀਂ ਦਾਦ ਲੈ ਕੇ ਬਾਗੋਬਾਗ ਹੋ ਗਿਆ! ਪਾਸ਼ ਨੂੰ ਥਾਣੇਦਾਰ ਨੇ ‘ਮੱਤ’ ਦਿੱਤੀ। ਕਹਿਣ ਲੱਗਾ, ‘‘ਤੁਸੀਂ ਲੋਕ ਵੀ ਏਦਾਂ ਦੀ ਸਾਡੇ ਵਰਗੀ ਕਵਿਤਾ ਲਿਖਿਆ ਕਰੋ। ਤੁਸੀਂ ਐਵੇਂ ਪੁਲੀਸ ਤੋਂ ਕੁੱਟ ਖਾਈ ਜਾਨੇ ਓਂ, ਕਿਉਂ ਐਵੇਂ ਜੇਲ੍ਹਾਂ ਵਿੱਚ ਰੁਲਦੇ ਫਿਰਦੇ ਓਂ, ਇਨਕਲਾਬ ਕਦੇ, ਕਿਸੇ ਨੇ ਦੇਖਿਆ, ਐਵੇਂ ਜਵਾਨੀਆਂ ਰੋਲਦੇ ਫਿਰਦੇ ਓਂ, ਸਾਡੇ ਵਰਗੀ ਕਵਿਤਾ ਲਿਖਿਆ ਕਰੋ...!’’

* * *

ਇਨਸਾਨ ਅਮਲੀ

ਪੰਜਾਬ ਵਿੱਚ ਉਨ੍ਹੀਂ ਦਿਨੀ ਜਦੋਂ ਕਿਧਰੇ ਕੋਈ ਵੱਡੀ ਹੜਤਾਲ ਹੋਣੀ ਤਾਂ ਨਕੋਦਰ ਇਲਾਕੇ ਦੀ ਪੁਲੀਸ ਨੇ ਪਾਸ਼ ਨੂੰ ਘਰੋਂ ਚੁੱਕ ਕੇ ਲੈ ਜਾਣਾ। ਇੱਕ ਵਾਰ ਦੇਸ਼ ਪੱਧਰ ’ਤੇ ਰੇਲਵੇ ਹੜਤਾਲ ਹੋਈ ਤਾਂ ਵੀ ਉਸ ਨੂੰ ਫੜ ਕੇ ਲੈ ਗਏ। ਪਾਸ਼ ਨੇ ਕਹਿਣਾ, ‘‘ਫੜਨ-ਫੜਾਉਣ ਦੇ ਮਾਮਲੇ ਵਿੱਚ ਤਾਂ ਪੁਲੀਸ ਮੈਨੂੰ ਇਉਂ ਲੈ ਜਾਇਆ ਕਰੇ ਜਿਵੇਂ ਮੈਂ ਕੋਈ ‘ਦਸ ਨੰਬਰੀਆ’ ਹੋਵਾਂ।’’ ਥਾਣੇ ਵਿੱਚ ਕਦੇ ਇੱਕ ਦਿਨ, ਇੱਕ ਰਾਤ ਬਿਤਾਉਣੀ ਪੈ ਜਾਂਦੀ। ਕਦੇ ਚਾਰ-ਪੰਜ ਘੰਟੇ ਬਿਠਾ ਕੇ ਹੀ ਛੱਡ ਦਿੰਦੇ।

ਇੱਕ ਵਾਰ ਥਾਣੇ ਦੇ ਬੰਦ ਕਮਰੇ ’ਚ ਉਸ ਦਾ ਵਾਹ ਕੁਝ ਅਮਲੀਆਂ ਨਾਲ ਪੈ ਗਿਆ। ਕੋਈ ਪਾਈਆ ਭੁੱਕੀ ਕਾਰਨ ਫੜਿਆ ਹੋਇਆ ਸੀ, ਕੋਈ ਅੱਧਾ ਤੋਲਾ ’ਫੀਮ ਰੱਖਣ ਦੇ ਦੋਸ਼ ਵਿੱਚ। ਪਾਸ਼ ਕਹਿੰਦਾ, ‘‘ਮੈਂ ਉਨ੍ਹਾਂ ਨੂੰ ’ਕੱਠਿਆਂ ਬਿਠਾ ਕੇ ‘ਮੱਤ’ ਦੇਣ ਲੱਗ ਪਿਆ। ਤੁਸੀਂ ਕਿਉਂ ਐਵੇਂ ਜ਼ਲੀਲ ਹੁੰਦੇ ਫਿਰਦੇ ਓਂ। ਭੁੱਕੀ ਤੇ ’ਫੀਮ ਦੀ ਖਾਤਰ ਤੁਸੀਂ ਕਦੇ ਕਿਸੇ ਦੇ ਕਦੇ ਕਿਸੇ ਦੇ ਖੇਤੋਂ ਚੀਜ਼ਾਂ ਚੁੱਕ ਕੇ ਵੇਚਦੇ ਓਂ, ਕਦੇ ਘਰੋਂ ਈ ਚੋਰੀ ਕਰ ਲੈਂਦੇ ਓ, ਛੱਡੋ ਇਹ ਨਸ਼ੇ...।’’

ਅੱਗੋਂ ਇੱਕ ਅਮਲੀ ਨੇ ‘ਦਲੀਲ’ ਨਾਲ ਜਵਾਬ ਦੇ ਕੇ ਪਾਸ਼ ਨੂੰ ਚੁੱਪ ਕਰਵਾ ਦਿੱਤਾ। ਕਹਿਣ ਲੱਗਾ, “ਪਾਸ਼ ਸਿਆਂ, ਜਿਹੜੇ ਅਮਲੀਆਂ ਦੀ ਤੂੰ ਗੱਲ ਕਰਦੈਂ ਅਸੀਂ ਉਨ੍ਹਾਂ ਵਿੱਚੋਂ ਨਈਂ। ਜਿਹੜੇ ‘ਇਨਸਾਨ ਅਮਲੀ’ ਹੁੰਦੇ ਆ, ਉਹ ਪਹਿਲੋਂ ਕਿਰਤ ਕਰਦੇ ਆ। ਆਪਣੀ ਕਮਾਈ ’ਚੋਂ, ਆਪਣੀ ਕਿਰਤ ਵਿੱਚੋਂ ਨਸ਼ਾ-ਪੱਤਾ ਖਰੀਦਦੇ ਆ। ਪਾਸ਼ ਸਿਆਂ ਅਸੀਂ ਤਾਂ ਇਨਸਾਨ ਅਮਲੀ ਆਂ, ਸਾਨੂੰ ਦੁੱਕੀ-ਤਿੱਕੀ ਨਾ ਸਮਝੀਂ।’’

ਮੀਸ਼ੇ ਬਾਰੇ ਕਵਿਤਾ

ਨਕੋਦਰ ਦੇ ਇੱਕ ਕਾਲਜ ਵਿੱਚ ਸਾਡੇ ਮਿੱਤਰ ਡਾ. ਰਣਧੀਰ ਸਿੰਘ ਚੰਦ ਨੂੰ ਸਾਲ ਦੋ ਸਾਲ ਲਈ ਪ੍ਰਿੰਸੀਪਲੀ ਮਿਲ ਗਈ। ਇੱਕ ਵਾਰ ਉਸ ਨੇ ਕਾਲਜ ਵਿੱਚ ਕਵੀ ਦਰਬਾਰ ਕਰਵਾਇਆ। ਸ.ਸ. ਮੀਸ਼ਾ ਉਸ ਕਵੀ ਦਰਬਾਰ ਵਿੱਚ ਰੂਹੇ-ਰਵਾਂ ਸੀ। ਸੋਹਣਾ ਸ਼ਮਿਆਨਾ ਲਾਇਆ ਗਿਆ। ਉੱਚੀ ਸਟੇਜ, ਚਿੱਟੀਆਂ ਚਾਦਰਾਂ, ਸੱਦੇ ਹੋਏ ਕਵੀਆਂ ਵਿੱਚ ਪਾਸ਼ ਵੀ ਸ਼ਾਮਲ ਸੀ। ਕਾਲਜ ਵਿੱਚ ਉਸ ਦਿਨ ਹੋਰਨਾਂ ਕਾਲਜਾਂ ਦੇ ਕੁੜੀਆਂ-ਮੁੰਡੇ ਵੀ ਵਾਹਵਾ ਪੁੱਜੇ ਹੋਏ ਸਨ। ਉਨ੍ਹਾਂ ਵਿੱਚੋਂ ਬਹੁਤੇ ਪਾਸ਼ ਨੂੰ ਦੇਖਣ ਤੇ ਸੁਣਨ ਲਈ ਉਤਾਵਲੇ ਸਨ।

ਪਾਸ਼ ਨੇ ਉੱਥੇ ਕਵਿਤਾ ਸੁਣਾਈ, ਕਲਾਮ ਮਿਰਜ਼ਾ। ਇਹ ਕਵਿਤਾ ਵਾਹਵਾ ਤਕੜੀ ਸੀ:

ਤੇਰੀ ਵੀ ਅੱਖ

ਸੁਣਿਆ ਸੁਰਮਾ ਨਹੀਂ ਝੱਲਦੀ

ਤੇ ਤੇਰੇ ਵੀ ਵਾਲਾਂ ਤੋਂ

ਕੰਘੀ ਤ੍ਰਭਕਦੀ ਹੈ...

ਇਸ ਕਵਿਤਾ ਵਿੱਚ ਜਿੱਥੇ ਕੁ ਇਹ ਸਤਰ ਆਉਂਦੀ ਸੀ, ਹੋ ਸਕਦੈ ਮੇਰੇ ਕਤਲ ਨੂੰ ਪੀਲੂ ਸ਼ਾਇਰ ਨਿਗੂਣੀ ਜਿਹੀ ਘਟਨਾ ਕਰਾਰ ਦੇ ਦੇਵੇ, ਉੱਥੇ ਪਾਸ਼ ਨੇ ਸ.ਸ. ਮੀਸ਼ਾ ਵੱਲ ਉਚੇਚੀ ਉਂਗਲ ਕਰਕੇ ਵਿਅੰਗ ਕੱਸਿਆ:

ਤੇ ਪੀਲੂ ਸ਼ਾਇਰ ਨੇ ਤਾਂ

ਜਲੰਧਰ ਅਕਾਸ਼ਵਾਣੀ ਵਿੱਚ

ਨੌਕਰੀ ਕਰ ਲਈ ਹੈ

ਸ਼ਾਇਦ ਉਹ ਮੇਰੇ ਕਤਲ ਨੂੰ

ਨਿਗੂਣੀ ਜਿਹੀ ਘਟਨਾ

ਕਰਾਰ ਦੇ ਦੇਵੇ

ਅਤੇ ਸ਼ਤਾਬਦੀਆਂ ਲਈ

ਕਿਰਾਏ ਦੀਆਂ ਨਜ਼ਮਾਂ ਰਹੇ ਲਿਖਦਾ।

ਸਰੋਤਿਆਂ ਨੇ ਖ਼ੂਬ ਤਾੜੀਆਂ ਮਾਰੀਆਂ। ਸਟੇਜ ’ਤੇ ਬੈਠੇ ਸ਼ਾਇਰ ਦੂਹਰੇ ਹੋ ਹੋ ਕੇ ਹੱਸਣ ਲੱਗੇ, ਪਰ ਮੀਸ਼ੇ ਨੇ ਸੋਹਣਾ ਮੌਕਾ ਸਾਂਭਿਆ। ਉਹਨੇ ਖ਼ੂਬ ਦਾਦ ਦਿੱਤੀ ਦੇ ਪਾਸ਼ ਨੂੰ ਕਿਹਾ, ‘‘ਇਹ ਮੇਰੇ ਬਾਰੇ ਸਤਰਾਂ ਦੋ-ਤਿੰਨ ਵਾਰ ਫੇਰ ਸੁਣਾ।”

* * *

ਦੋ ਪੈਰ ਵੱਧ ਤੁਰਨਾ...

ਪਾਸ਼ ਐਸੀ ਮਿੱਟੀ ਦਾ ਬਣਿਆ ਹੋਇਆ ਸੀ, ਉਹਦੀ ਤਾਂ ਨਿੱਕੀ ਨਿੱਕੀ ਗੱਲ ਵੀ ਭੁੱਲਣਯੋਗ ਨਹੀਂ। ਰਹਿ ਰਹਿ ਕੇ ਚੇਤੇ ਆਉਂਦੀ ਹੈ। ਉਹਦੀ ਆਮ ਜਿਹੀ ਗੱਲ ਵਿੱਚ ਵੀ ਬੜੀ ਗੱਲ ਹੁੰਦੀ ਸੀ। ਇੱਕ ਵਾਰ ਉਹਦੇ ਪਿੰਡ ਤਲਵੰਡੀ ਸਲੇਮ ਵਾਲੇ ਚੁਬਾਰੇ ਵਿੱਚ ਬੈਠੇ ਸੀ।

ਮੈਂ ਕਿਹਾ, “ਪਾਸ਼, ਤੂੰ ਭਾਈ, ਮੇਰੀ ਕਮਜ਼ੋਰੀ ਬਣਦਾ ਜਾ ਰਿਹੈਂ।”

ਪਾਸ਼ ਕਹਿਣ ਲੱਗਾ, “ਤੇਰੀ ਭਾਵਨਾ ਇਹੋ ਰਹੂਗੀ ਪਰ ਫਿਕਰੇ ਨੂੰ ਦਰੁਸਤ ਕਰ। ਇਹ ਫਿਕਰਾ ਗ਼ਲਤ ਹੈ। ਤੂੰ ਇਉਂ ਵੀ ਤਾਂ ਆਖ ਸਕਦੈਂ, ਪਾਸ਼ ਤੂੰ ਮੇਰੀ ਸ਼ਕਤੀ ਬਣਦਾ ਜਾ ਰਿਹੈਂ।”

ਫੇਰ ਬੋਲਿਆ, ‘‘ਲੋਕ ਅਕਸਰ ਕਹਿਣਗੇ, ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਮੇਰੀ ਜਾਚੇ ਇਉਂ ਆਖਣਾ ਚਾਹੀਦੈ, ਦੋ ਪੈਰ ਵੱਧ ਤੁਰਨਾ ਨਾਲੇ ਤੁਰਨਾ ਮੜਕ ਦੇ ਨਾਲ।”

ਸੰਪਰਕ: 98763-12860

Advertisement
×