ਗਿਆਨੀ ਗੁਰਦਿੱਤ ਸਿੰਘ ਦੇ 102ਵੇਂ ਜਨਮ ਦਿਨ ਮੌਕੇ ਅਸੀਂ ਉਨ੍ਹਾਂ ਦੀ ਸ਼ਾਹਕਾਰ ਰਚਨਾ ‘ਮੇਰਾ ਪਿੰਡ’ ਦੇ ਕੁਝ ਦਿਲਚਸਪ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। ਪੰਜਾਬ ਦੇ ਪੇਂਡੂ ਜੀਵਨ ਦੀ ਤਸਵੀਰ ਪੇਸ਼ ਕਰਦੀ ਇਸ ਪੁਸਤਕ ਨੂੰ ਪੰਜਾਬੀ ਸਾਹਿਤ ’ਚ ਰੂਸੀ ਲੇਖਕ ਰਸੂਲ ਹਮਜ਼ਾਤੋਵ ਦੀ ਪੁਸਤਕ ‘ਮੇਰਾ ਦਾਗਿਸਤਾਨ’ ਵਾਲਾ ਰੁਤਬਾ ਹਾਸਲ ਹੈ। ਪੰਜਾਬ ਦੇ ਤਿੱਥ ਤਿਉਹਾਰ, ਰੀਤੀ ਰਿਵਾਜ, ਵਹਿਮ ਭਰਮ ਤੇ ਲੋਕ ਸਿਆਣਪਾਂ ਸਮੇਤ ਜ਼ਿੰਦਗੀ ਦਾ ਹਰ ਰੰਗ ਇਸ ਪੁਸਤਕ ’ਚ ਮਿਲਦਾ ਹੈ।
ਮੇਰੇ ਦਾਦੇ ਪੜਦਾਦੇ-ਵੱਡ-ਵਡੇਰੇ, ਕਿਸੇ ਰਾਜੇ ਨਵਾਬ ਦੇ ਨੌਕਰ, ਰਈਸ ਜਾਂ ਬਖ਼ਤਾਵਰ ਬੰਦੇ ਨਹੀਂ ਸਨ। ਨਾ ਹੀ ਉਹ ਅਧਿਆਤਮਕ ਖੇਤਰ ਵਿੱਚ ਕੋਈ ਦਰਜਾ ਰੱਖਦੇ ਸੀ ਤੇ ਵਿਦਵਾਨ ਹੋਣਾ ਤਾਂ ਉਨ੍ਹਾਂ ਲਈ ਇਕਦਮ ਹੀ ਅਜਨਬੀ ਹੋਇਆ।
ਉਹ ਕੇਵਲ ਆਪਣੇ ਜ਼ਮਾਨੇ ਦੇ ਮਨੁੱਖ ਸਨ। ਮੇਰੇ ਵੱਡੇ ਵਡੇਰੇ ਜੇ ਕਿਸੇ ਰਾਜੇ ਨਵਾਬ ਦੇ ਮੁਲਾਜ਼ਮ ਹੁੰਦੇ ਤਾਂ ਅਸੀਂ ਵੀ ਕਿਸੇ ਦਫ਼ਤਰ ਦੇ ਕਲਰਕ, ਬਹੁਤਾ ਕਰਕੇ ਹੈੱਡ ਕਲਰਕ ਹੋ ਕੇ, ਨੱਬਿਆਂ ਦੇ ਲੇਖੇ ਵਿੱਚ ਪਏ ਹੋਣਾ ਸੀ। ਜਾਂ ਕਿਤੇ ਨਿੱਕੀ ਮੋਟੀ ਫੋਕੀ ਅਫ਼ਸਰੀ ਛਾਂਟਦੇ ਹੁੰਦੇ। ਜੇ ਉਹ ਵਿਸਵੇਦਾਰ ਜਾਂ ਜਗੀਰਦਾਰ ਹੁੰਦੇ ਤਾਂ ਅਸੀਂ ‘ਗਿਆਨੀ’ ਹੋਣ ਦੀ ਥਾਂ ਸ਼ਿਕਾਰੀ ਹੁੰਦੇ, ਕੁੱਤਿਆਂ ਤੇ ਬੰਦੂਕਾਂ ਦੇ ਦਲਾਂ ਨਾਲ ‘ਦਲ-ਭੰਜਨੀ’ ਸ਼ਸਤ੍ਰ ਤੇ ਸਮਿਆਨ ਲੈ ਕੇ ਰੋਹੀਆਂ ਕੱਛਦੇ ਫਿਰਦੇ। ਜੇ ਉਹ ਅਧਿਆਤਮਕ ਭਾਵਾਂ ਵਾਲੇ ਪੂਜਨੀਕ ਹੁੰਦੇ ਤਾਂ ਅਸੀਂ ਕਿਸੇ ਡੇਰੇ ਦੀ ਮਹੰਤੀ ਸੰਭਾਲੀ ਹੁੰਦੀ, ਜਿਨ੍ਹਾਂ ਡੇਰਿਆਂ ਦੇ ਮਹੰਤਾਂ ਦਾ ਕੰਮ ਅੱਜਕੱਲ੍ਹ ਕਥਾ ਕੀਰਤਨ ਦੀ ਥਾਂ ਸਵੇਰੇ ਸਵੇਰੇ ਆਪਣੇ ਹਾਲੀਆਂ ਪਾਲੀਆਂ ਨੂੰ ਧੰਦੇ ਲਗਾਉਣਾ, ਟਿਊਬਵੈਲਾਂ ਤੇ ਟਰੈਕਟਰ ਚਲਾਉਣਾ ਰਹਿ ਗਿਆ ਹੈ। ਸਾਡੇ ਵੱਡੇ ਵਡੇਰੇ ਜੋ ਵੀ ਸਨ, ਠੀਕ ਹੀ ਸਨ। ਆਪਣੇ ਵੱਡੇ ਵਡੇਰਿਆਂ ਦਾ ਵਰਨਣ ਮੈਂ ‘ਪਿਦਰਮ ਸੁਲਤਾਨ ਬੂਦ’ ਦਾ ਰੋਹਬ ਜਮਾਉਣ ਲਈ ਨਹੀਂ, ਇਸ ਕਰ ਕੇ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਮੇਰੇ ਪਿੰਡ ਦੇ ਆਪਣੇ ਵੇਲੇ ਦੇ ਜਾਂ ਇਉਂ ਕਹੋ ਕਿ ਉਹ ਪੁਰਾਣੇ ਪੰਜਾਬ ਦੇ ਇੱਕ ਨਮੂਨੇ ਦੇ ਪੁਰਖੇ ਸਨ। ਮੈਂ ਆਪਣੇ ਦਾਦੇ ਬਾਬੇ ਅੱਖੀਂ ਨਹੀਂ ਦੇਖੇ। ਉਨ੍ਹਾਂ ਦੀਆਂ ਕਹਾਣੀਆਂ ਹੀ ਕੰਨੀਂ ਸੁਣੀਆਂ ਨੇ। ਉਹ ਕਥਾਵਾਂ ਹੁਣ ਵੀ ਮੇਰੇ ਪਿੰਡ ਦੇ ਕਿਸੇ ਪੁਰਾਣੇ ਆਦਮੀ ਤੋਂ ਸੁਣੀਆਂ ਜਾ ਸਕਦੀਆਂ ਹਨ। ਜਦੋਂ ਮੈਂ ਪਿੰਡ ਰਹਿੰਦਾ ਹੁੰਦਾ, ਮੇਰੀਆਂ ਪਾਈਆ ਕੁ ਹੱਡੀਆਂ ਤੇ ਇਕਹਿਰੇ ਕਾਰੰਗੇ ਵਾਲਾ ਪਤਲਾ ਜੁੱਸਾ ਦੇਖ ਕੇ ਪਿੰਡ ਦੇ ਪੁਰਾਣੇ ਲੋਕ ਕਿਹਾ ਕਰਦੇ- ‘ਵੇਖ ਖਾਂ ਕਾਗਜ਼ੀ ਭਲਵਾਨ! ਕਿਵੇਂ ਕੁੱਲ ਨੂੰ ਲੀਕ ਲਾਉਣ ਵਾਲਾ ਇਹ ਜ਼ੋਰਾਵਰ ਬਾਬਿਆਂ ਦੇ ਘਰ ਨਕਵਾਇਆ ਪੁੱਤ ਜੰਮ ਪਿਆ ਏ, ਜੇ ਅੱਜ ਇਸ ਦੇ ਦਾਦੇ ਆ ਕੇ ਦੇਖਣ ਵਈ, ਸਾਡੀ ਆਲ ਔਲਾਦ ਵਿੱਚ ਇਹ ਵੀ ਇੱਕ ‘ਚੰਨ-ਚਰਾਗ’ ਹੈ ਤਾਂ ਦੋਹੱਥੜੀ ਪਏ ਪਿੱਟਣ! ਕਿੱਥੇ ਉਹ ਦਿਉਆਂ ਜੇਡੇ ਵੱਡੇ ਕੱਦ-ਕਾਠ ਵਾਲੇ ਬੰਦੇ ਕਿੱਥੇ ਇਹ ‘ਬਲੂੰਗੜਾ ਜਿਹਾ ਕਾਗਜ਼ੀ ਭਲਵਾਨ!’
ਮੇਰੇ ਵੱਡੇ ਵਡੇਰਿਆਂ ਦੀਆਂ ਕਈ ਮਜ਼ੇਦਾਰ ਕਹਾਣੀਆਂ ਹਨ ਜਿਨ੍ਹਾਂ ਨੂੰ ਪਿੰਡ ਦੇ ਸਿਆਣੇ ਲੋਕ ਤੇ ਗਾਲੜੀ ਚਟਖਾਰੇ ਲਾ ਲਾ ਸੁਣਾਇਆ ਕਰਦੇ ਹਨ। ਮੇਰੇ ਦਾਦੇ ਚਾਰ ਸਕੇ ਭਰਾ ਸਨ। ਉਨ੍ਹਾਂ ਦੇ ਨਾਂ ਸਨ: ਦਾਸ, ਪੁਨੂੰ, ਰਾਮ ਦਿਤਾ ਤੇ ਸਾਹਿਬ ਸਿੰਘ। ਉਦੋਂ ਕੱਛ ਪਾਉਣੀ ਬੜੀ ਵਚਿੱਤਰ ਗੱਲ ਮੰਨੀ ਜਾਂਦੀ ਸੀ, ਛੋਟੇ ਬਾਬੇ ਦੇ ਕੱਛ ਦੇਖ ਕੇ ਲੋਕ ਉਸ ਨੂੰ ਖਿਝਾਉਣ ਲਈ ‘ਸਿੱਖ’ ਜਾਂ ‘ਕੱਛਵਾਲਾ’ ਵੀ ਆਖਦੇ ਸਨ।
ਚਾਰੇ ਭਰਾ ਕੱਦ ਵੱਲੋਂ ਏਨੇ ਨਰੋਏ ਤੇ ਕੱਦਾਵਰ, ਰੱਜ ਕੇ ਖਾਣ ਤੇ ਦੱਬ ਕੇ ਵਾਹੁਣ ਵਾਲੇ ਇਹੋ ਜਿਹੇ ਜ਼ੋਰਾਵਰ ਬੰਦੇ ਸੀ ਕਿ ਆਸ ਪਾਸ ਦੇ ਪਿੰਡਾਂ ਲਈ ਹਊਆ ਬਣੇ ਹੋਏ ਸਨ। ਜਿਧਰੋਂ ਦੀ ਉਹ ਲੰਘ ਜਾਣ ਖੇਤ ਵਿੱਚੋਂ ਦੀ ਡੰਡੀ ਆਪੇ ਪੈ ਜਾਂਦੀ। ਸਾਡੇ ਵੱਡਿਆਂ ਦੇ ਨੇੜੇ ਦੇ ਪਿੰਡ ‘ਛਾਪੇ’, ਲਹੂ ਦਾ ਰਿਸ਼ਤਾ ਹੋਣ ਕਰਕੇ ਵਰਤ-ਵਰਤਾਰਾ ਸੀ। ਉਨ੍ਹਾਂ ਨੇ ਇੱਕ ਵਿਆਹ ਸਮੇਂ ਮੇਰੇ ਦਾਦਿਆਂ ਨੂੰ ਰੋਟੀ ਉੱਤੇ ਸੱਦਿਆ। ਉਹ ਉਸ ਦਿਨ ਖੇਤਾਂ ਵਿੱਚ ਹਲ ਵਾਹੁੰਦੇ ਸੀ, ਉੱਥੋਂ ਹੀ ਬਲਦ ਪਿੰਡ ਨੂੰ ਤੋਰ ਕੇ ਸਿੱਧੇ ਦੁਪਹਿਰ ਦੀ ਰੋਟੀ ਵੇਲੇ ਨੂੰ ਪਿੰਡ ‘ਛਾਪੇ’ ਜਾ ਪੁੱਜੇ। ਅੱਗੋਂ ਵਿਆਹ ਵਾਲਿਆਂ ਨੇ ਮੇਲ੍ਹ-ਗੇਲ੍ਹ ਲਈ ਇੱਕ ਕੜਾਹਾ ਗੁੜ ਦੇ ਪ੍ਰਸ਼ਾਦ ਦਾ ਕੱਢਿਆ ਹੋਇਆ ਸੀ। ਅਗਲਿਆਂ ਨੇ ਕਿਹਾ, ਪਹਿਲਾਂ ਸ਼ਰੀਕੇ ਨੂੰ ਖਵਾ ਲਈਏ ਤੇ ਸਾਡੇ ਬਾਬੇ ਕੜਾਹ ਖਾਣ ਲਈ ਪਹਿਲਾਂ ਹੀ ਬੈਠ ਗਏ। ਚਾਰੇ ਭਾਈ ਜਿਉਂ ਨੀਵੀਂ ਪਾ ਕੇ ਖਾਣ ਲੱਗੇ, ਪ੍ਰਸ਼ਾਦ ਦਾ ਸਾਰਾ ਕੜਾਹਾ ਸਮੇਟ ਛੱਡਿਆ। ਉਨ੍ਹਾਂ ਦੇ ਵਰਤਾਵਿਆਂ ਨੇ ਬਥੇਰਾ ਏਧਰ ਉੱਧਰ ਦੇਖਿਆ ਵਈ ਕਿਧਰੇ ਇਹ ਕੜਾਹ ਪ੍ਰਸ਼ਾਦ ਕਿਸੇ ਹੋਰ ਚੀਜ਼ ਵਿੱਚ ਸੁੱਟੀ ਤਾਂ ਨਹੀਂ ਜਾ ਰਹੇ। ਪਰ ਉਨ੍ਹਾਂ ਦੇ ਕੱਦ ਕਾਠ ਤੇ ਖੁਰਾਕ ਈ ਏਨੀ ਸੀ ਕਿ ਇੱਕ ਕੜਾਹਾ ਹੋਰ ਬਣਿਆ ਹੁੰਦਾ ਤਾਂ ਅੱਧ ਪਚੱਧ ਉਸ ਵਿੱਚੋਂ ਕੇਹੜਾ ਨਾ ‘ਚਰ’ ਜਾਂਦੇ?
ਸਾਡੇ ਉਨ੍ਹਾਂ ਸਬੰਧੀਆਂ ਨੇ ਇਨ੍ਹਾਂ ਮਹਾਨ ਪੁਰਖਾਂ ਦੀ ਇਹ ਕਹਾਣੀ ‘ਕਰਣੀ ਕਮਾਈ’ ਦਾ ਧਿਆਨ ਧਰ ਕੇ ਫ਼ੈਸਲਾ ਲਿਆ ਕਿ ਅੱਗੇ ਨੂੰ ਏਨ੍ਹਾਂ ਦੇ ਨਾ ਕਦੇ ਵਿਆਹ-ਸ਼ਾਦੀ ’ਤੇ ਜਾਣਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਮੁੜ ਸੱਦਣਾ ਹੈ। ਜਦੋਂ ਮੇਰੇ ਜਿਹੇ ਛਟਾਂਕੀਆਂ ਖਾਣ ਵਾਲੇ ਓਸ ਕੁਲ ਵਿੱਚ ‘ਚੰਨ-ਚਰਾਗ’ ਪ੍ਰਗਟ ਹੋਏ, ਫਿਰ ਜਾ ਕੇ ਦੋ ਪੀੜ੍ਹੀਆਂ ਦੀ ਟੁੱਟੀ ਗੰਢੀ ਗਈ।
ਖਾਣ-ਪੀਣ ਦੇ ਪੱਖ ਨਾਲੋਂ ਵੱਧ ਪ੍ਰਸਿੱਧੀ, ਉਨ੍ਹਾਂ ਦੇ ਜ਼ੋਰਾਵਰੀ ਦੇ ਸਾਕਿਆਂ ਦੀ ਸੀ। ਲੋਕ ਗੱਲਾਂ ਸੁਣਾਉਂਦੇ ਹਨ: ਪੁਰਾਣੇ ਜ਼ਮਾਨੇ ਵਿੱਚ ਪਹਿਲਵਾਨ, ਢੋਲ ਵਾਲੇ ਨੂੰ ਨਾਲ ਲੈ ਕੇ ਦਿੱਗ-ਵਿਜੈ ਦਾ ਝੰਡਾ ਫੜ ਕੇ ਚੜ੍ਹਦੇ ਹੁੰਦੇ। ਇੱਕ ਪਿੰਡ ਫ਼ਤਿਹ ਕਰਨਾ, ਦੂਜੇ ਪਿੰਡ ਉੱਤੇ ਚੜ੍ਹਾਈ ਕਰ ਦੇਣੀ। ਨਾਲ ਮੁੰਡੀਹਰ ਤੇ ਉਨ੍ਹਾਂ ਦੇ ਕਈ ਪੱਠੇ ਮੁਫ਼ਤ ਦੀਆਂ ਨਿਹਾਰੀਆਂ ਖਾ ਖਾ ਕੇ ਚਾਂਭਲੇ ਫਿਰਦੇ। ਜਿਸ ਪਿੰਡ ਉਹ ਪੁੱਜਦੇ, ਪਿੰਡ ਦੇ ਲੋਕਾਂ ਲਈ ਪਹਿਲਵਾਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ। ਉਹ ਸਵਾਗਤ ਪਿੱਛੋਂ ਸਭਾ ਵਿੱਚ ਝੰਡਾ ਗੱਡ ਦੇਂਦੇ, ਵਈ ‘ਜੇ ਕੋਈ ਬੰਦਾ ਏਥੇ ਜ਼ੋਰ ਵਾਲਾ ਰਹਿੰਦਾ ਹੈ ਤਾਂ ਸਾਡੇ ਨਾਲ ਘੁਲ ਲਵੇ।’
ਇਸ ਤਰ੍ਹਾਂ ਦਾ ਇੱਕ ‘ਜੰਗਲ-ਬਰਨਾਲੇ’ ਵੱਲ ਦਾ ਭੂਸਰਿਆ ਹੋਇਆ ਪਹਿਲਵਾਨ ਆਪਣੀ ‘ਬਿਜੈਪਤਾਕਾ’ ਲਹਿਰਾਉਂਦਾ ਸਾਡੇ ਪਿੰਡ ਵੀ ਆ ਗੱਜਿਆ। ਪਿੰਡ ਦਾ ਚੌਧਰੀ ਚੜ੍ਹਤ ਸਿੰਘ ਉਸ ਦੇ ਸੁਆਗਤ ਲਈ ਗਿਆ। ਇੱਕ ਸਬਾਤ (ਬੈਠਕ) ਵਿੱਚ ਉਸ ਦਾ ਉਤਾਰਾ ਕਰਾਇਆ ਗਿਆ। ਸਾਡਾ ਛੋਟਾ ਜਿਹਾ ਪਿੰਡ ਦੇਖਕੇ ਪਹਿਲਵਾਨ ਹੋਰ ਹੰਕਾਰ ਗਿਆ। ਉਹ ਬਿੰਦੇ ਝੱਟੇ ਆਖੇ, ‘ਇੱਥੇ ਦਾ ਤਾਂ ਕਦੇ ਕੋਈ ਪਹਿਲਵਾਨ ਸੁਣਿਆ ਈ ਨਹੀਂ? ਤੁਸੀਂ ਪੱਕੀ ਰਸਤ ਸਾਡੇ ਹਵਾਲੇ ਕਰੋ ਅਸੀਂ ਅਗਲੇ ਪਿੰਡ ਜਾਈਏ।’ ਪਿੰਡ ਦਾ ਚੌਧਰੀ ਸਿਆਣਾ ਸੀ, ਉਸ ਨੇ ਕਿਹਾ- ‘ਰਸਤ ਨੂੰ ਕੇਹੜਾ ਜੀ ਅਸੀਂ ਕੋਈ ਨਾਂਹ ਨੁੱਕਰ ਕਰਨੀ ਏ, ਅਸੀਂ ਕਿਸੇ ਚੀਜ਼ ਤੋਂ ਨਾਬਰ ਨਹੀਂ, ਚੰਗੇ ਭਾਗਾਂ ਨੂੰ ਪਿੰਡ ਵਿੱਚ ਮਸਾਂ ਮਸਾਂ ਭਲਵਾਨ ਦੇ ਚਰਨ ਪਏ ਨੇ- ਇੱਕ ਰਾਤ ਤਾਂ ਕੱਟੋ, ਹੁਣੇ ਖਾਣ ਪੀਣ ਜੋਗੀ ਰਸਤ ਬਸਤ ਭੇਜ ਦਿੰਦੇ ਹਾਂ, ਦਿਨ ਚੜ੍ਹਦੇ ਨੂੰ ਰਹਿੰਦੀ ਗੱਲ ਨਜਿੱਠ ਲਵਾਂਗੇ।’
ਓਸ ਪੁਰਾਣੇ ਜ਼ਮਾਨੇ ਵਿੱਚ ਪਹਿਲਵਾਨਾਂ ਨੂੰ ਪਿੰਡ ਦੇ ਲੋਕ ਘਰ ਘਰ ਵਿੱਚੋਂ ਘਿਓ ਇਕੱਠਾ ਕਰਕੇ ਦਿੰਦੇ ਹੁੰਦੇ, ਗੁੜ ਤੇ ਕੱਪੜਿਆਂ ਦੇ ਥਾਨਾਂ ਦੀਆਂ ਪੰਡਾਂ ਬੰਨ੍ਹ ਦੇਂਦੇ। ਸਰਦੀ ਪੁੱਜਦੀ ਨਗਦੀ ਵੀ ਪੀਰਾਂ ਫ਼ਕੀਰਾਂ ਵਾਂਗ ਚੜ੍ਹਾਈ ਜਾਂਦੀ ਸੀ। ਇਹ ਪਹਿਲਵਾਨ ਪਿਛਲੇ ਪਿੰਡਾਂ ਤੋਂ ਕਾਫ਼ੀ ਸਮੱਗਰੀ, ਘਿਉ ਤੇ ਕਈ ਤਰ੍ਹਾਂ ਦੇ ਬਦਾਮ ਆਦਿ ਮੇਵੇ ਤੇ ਹੋਰ ਗੁੜ-ਗੰਡੂ, ਪੂਰੇ ਗੱਡੇ ਦਾ ਲੱਦ ਇਕੱਠਾ ਕਰੀ, ਨਾਲੋ ਨਾਲ ਚੁੱਕੀ ਫਿਰਦਾ ਸੀ। ਉਪਰੋਂ ਫ਼ਸਲਾਂ ਨੂੰ ਔੜ ਲੱਗਣ ਕਾਰਨ ਪਾਣੀ ਖੁਣੋਂ ਅੰਨ ਨੂੰ ਕਾਲ ਪਿਆ ਹੋਇਆ ਸੀ। ਮੀਂਹ ਨਾ ਵਰ੍ਹਨ ਕਰਕੇ ਕਹਿਤ ਪੈਣ ਕਾਰਨ ਏਧਰ ਖਾਣ ਨੂੰ ਦਲੀਆ ਨਾ ਜੁੜੇ, ਪਹਿਲਵਾਨ ਨੇ ਆ ਕੇ ਪੱਕੀ ਰਸਤ ਦੀ ਨਵੀਂ ਚੱਟੀ ਲਗਾ ਦਿੱਤੀ। ਪੱਕੀ ਰਸਤ, ਘੱਟੋ ਘੱਟ ਧੜੀ ਘਿਓ, ਏਨੀ ਹੀ ਬੂਰਾ-ਖੰਡ, ਬਦਾਮ ਤੇ ਹੋਰ ਸੀਧਾ-ਬਾਧਾ, ਤਕੜਾ ਬੰਧੇਜ ਹੁੰਦਾ ਸੀ। ਰਸਤ ਤਾਂ ਦੇਣੀ ਏਨੀ ਔਖੀ ਸ਼ਾਇਦ ਕਿਸੇ ਕਾਲ ਵੇਲੇ ਵੀ ਨਾ ਮੰਨੀ ਜਾਂਦੀ ਪਰ ਪਿੰਡ ਦੀ ਹਲੱਤਣ (ਹੱਤਕ) ਝੱਲਣੀ ਬਹੁਤ ਬੁਰੀ ਲੱਗੀ। ਪਹਿਲਵਾਨਾਂ ਦੇ ਜਥੇ ਨੂੰ ਰਾਤ ਨੂੰ ਰਸਤ ਦੇ ਕੇ ਚੜ੍ਹਤ ਸਿੰਘ ਚੌਧਰੀ, ਬਾਬੇ ‘ਪੁਨੂੰ’ ਕੋਲ ਆਇਆ। ਪਿੰਡ ਦੇ ਚੌਧਰੀ ਨੂੰ ਘਰੇ ਆਇਆ ਦੇਖ ਕੇ ਬੈਠਣ ਲਈ ਪੀਹੜੀ ਦਿੱਤੀ ਤੇ ਪੁੱਛਿਆ, ‘ਚੌਧਰੀ ਅੱਜ ਕੁਵੇਲੇ ਕਿਵੇਂ ਆਉਣਾ ਹੋਇਆ?’ ਚੌਧਰੀ ਨੇ ਸਾਰੀ ਗੱਲ ਸੁਣਾਈ, ਨਾਲ ਈ ਪਿੰਡ ਦੀ ਇੱਜ਼ਤ ਦਾ ਵਾਸਤਾ ਪਾ ਕੇ ਕਿਹਾ, ‘ਬਾਬਾ! ਇਸ ਵੇਲੇ ਤੂੰ ਹੀ ਪਿੰਡ ਦੀ ਲਾਜ ਰੱਖ ਸਕਦਾ ਹੈਂ। ਬੱਸ ਮੈਨੂੰ ਇੱਕ ਵਾਰੀ ਹਾਂ ਕਰ ਦੇ।’ ਚੌਧਰੀ ਨੂੰ ਬਾਬੇ ਦੀ ਤਾਕਤ ਦਾ ਪਤਾ ਸੀ ਵਈ ਉਹ ਕਈ ਪਹਿਲਵਾਨਾਂ ਨਾਲੋਂ ਵੱਧ ਤਾਕਤਵਰ ਹੈ। ਇਸ ਲਈ ਉਸ ਨੇ ‘ਹਾਂ’ ਦੀ ਹੀ ਮੰਗ ਕੀਤੀ।
ਸੋਚ ਸੋਚ ਕੇ ਪੁਨੂੰ ਬਾਬੇ ਨੇ ਕਿਹਾ, ਚੌਧਰੀ ਦਾ ਕਹਿਣਾ ਮੋੜਨਾ ਵੀ ਔਖਾ ਹੈ, ਹੰਮਾ ਕਰਕੇ ਆਇਆ ਹੈ, ਪਰ ਉੱਤੋਂ ਲਵੇਰੀਆਂ ਦੇ ਦੁੱਧ ਤਾਂ ਇੱਕ ਪਾਸੇ, ਰੁੱਖ ਵੀ ਸੁੱਕ ਗਏ ਨੇ, ਖਾਣ ਪੀਣ ਨੂੰ ਚੱਜ ਹਾਲ ਦੀ ਰੋਟੀ ਵੀ ਨਹੀਂ ਜੁੜਦੀ, ‘ਦੇਖੀਂ ਚੌਧਰੀ ਕਿਤੇ ਸੁੱਕ ਹੱਡੀਂ ਮਰਵਾ ਦੇਵੇਂ!’ ਬਾਬੇ ਨੇ ਨੀਮ-ਰਜ਼ਾਮੰਦੀ ਪ੍ਰਗਟ ਕਰਦਿਆਂ ਨਿਹੋਰੇ ਨਾਲ ਕਿਹਾ।
ਚੌਧਰੀ ਨੇ ਕਿਹਾ- ‘ਬਾਬਾ ਤੂੰ ਫ਼ਿਕਰ ਨਾ ਕਰ, ਮੈਂ ਇੱਕ ਦੋ ਦਿਨ ਤੈਨੂੰ ਤਿਉੜ ਕਰਕੇ ਮੋਠ-ਬਾਜਰੇ ਦੀ ਰੱਜਵੀਂ ਖਿੱਚੜੀ ਭੇਜਦਾ ਰਹੂੰਗਾ, ਤੂੰ ਜ਼ਰਾ ਆਸ ਬੰਨ੍ਹਾ, ਆਪਾਂ ਤੋਂ ਪਿੰਡ ਦੀ ਹੀਣਤਾ ਨਹੀਂ ਝੱਲੀ ਜਾਂਦੀ।’ ਇਹ ਕਹਿ ਕੇ ਚੌਧਰੀ ਨੇ ਬਾਬੇ ਦੀ ਬੀਰਤਾ ਟੁੰਬ ਜਗਾਈ।
ਦੂਜੇ ਦਿਨ ਚੌਧਰੀ ਨੇ ਪਹਿਲਵਾਨ ਨੂੰ ਆਖ ਦਿੱਤਾ, ‘ਜੀ! ਅਸੀਂ ਪੱਕੀ ਰਸਤ ਦੇਣ ਦੀ ਥਾਂ ਜਿੱਦਣ ਕਹੋ ਦੋ ਹੱਥ ਈ ਕਰਕੇ ਦੇਖਾਂਗੇ। ਪਿੰਡ ਦੀ ਇਸ ਤਰ੍ਹਾਂ ਦੀ ਹਲੱਤਣ- ਲੋਕ ਕਹਿੰਦੇ ਨੇ- ਜੀ ਸਾਥੋਂ ਝੱਲੀ ਨਹੀਂ ਜਾਂਦੀ।’ ਦਿਨ ਬੰਨ੍ਹਿਆ ਗਿਆ, ਆਸ ਪਾਸ ਦੇ ਪਿੰਡ ਟੁੱਟ ਕੇ ਤਮਾਸ਼ਾ ਵੇਖਣ ਆ ਗਏ। ਬਹੁਤ ਹੈਰਾਨੀ ਇਹ, ਟਿੱਡੇ ਜਿੱਡਾ ਪਿੰਡ, ਏਥੇ ਨਾਮੀ ਪਹਿਲਵਾਨ ਨਾਲ ਕੇਹੜਾ ਲੋਹਾ ਲੈਣ ਵਾਲਾ ਜੰਮ ਪਿਆ ਹੈ। ਚਲੋ ਦੇਖੀਏ ਤਾਂ ਸਹੀ।
ਢੋਲ ਵੱਜਿਆ, ਛਿੰਝ ਮਘ ਗਈ, ਪਹਿਲਵਾਨ ਦਾ ਨਿਹਾਰੀਆਂ ਖਾ ਖਾ ਗੁੰਨ੍ਹਿਆ ਸਰੀਰ ਤੇ ਨਿੱਤ ਦਾ ਕਰਤਬੀ ਜੁੱਸਾ ਦੇਖ ਕੇ ਸਾਰੇ ਲੋਕ ਹੈਰਾਨ, ਵਈ ਏਸ ਚੁਸਤ ਜੁਆਨ ਨਾਲ ਕੌਣ ਘੁਲੇਗਾ? ਬਾਬਾ ਪੁਨੂੰ ਅਖਾੜੇ ਦੇ ਇੱਕ ਪਾਸੇ ਖੇਸ ਦੀ ਬੁੱਕਲ ਮਾਰੀ ਬੈਠਾ ਸੀ। ਪਹਿਲਵਾਨ ਅਖਾੜੇ ਵਿੱਚ ਗੇੜੇ ਮਾਰ ਮਾਰ ਕੇ ਰੋਹਬ ਪਾਉਂਦਾ ਤੇ ਆਪਣੇ ਸਰੀਰ ਦੇ ਸੋਹਣੇ ਅੰਗ ਚਟਕਾਉਂਦਾ, ਮਟਕਾਉਂਦਾ ਦਿਖਾਉਂਦਾ ਫਿਰਦਾ ਰਿਹਾ। ਜਦੋਂ ਅਖਾੜਾ ਜੰਮ ਗਿਆ; ਚੌਧਰੀ ਚੜ੍ਹਤ ਸਿੰਘ, ਬਾਬੇ ਪੁਨੂੰ ਕੋਲ ਆਇਆ। ਮੱਥਾ ਟੇਕ ਕੇ ਕਿਹਾ ‘ਬਾਬਾ- ਰੱਖ ਪਿੰਡ ਦੀ ਪੱਤ, ਰੱਬ ਤੇਰੇ ਵਿੱਚ ਸਤ ਪਾਵੇ।’ ਬਾਬੇ ਨੇ ਖੇਸ ਲਾਹ ਕੇ ਅਖਾੜੇ ਵਿੱਚ ਛਾਲ ਮਾਰ ਦਿੱਤੀ। ਕਿੱਥੇ ਨਾਗ ਵਾਂਗ ਲਿਸ਼ਕਦੇ ਜਿਸਮ ਵਾਲਾ ਪਹਿਲਵਾਨ ਦਾ ਜੁੱਸਾ ਕਿੱਥੇ ਬਾਬਾ ਪੁਨੂੰ ਦਾ ਖੱਦਰ ਵਰਗਾ ਸਾਦਾ ਖੁਰਦਰਾ ਪਿੰਡਾ, ਜਿਸ ਦੇ ਪਿੰਡੇ ਨੂੰ ਤੇਲ ਦੀ ਤਿੱਪ ਵੀ ਨਹੀਂ ਛੋਹੀ ਹੋਈ ਸੀ। ਪਹਿਲਾਂ ਤਾਂ ਬਾਬੇ ਪੁਨੂੰ ਨੂੰ ਦੇਖ ਕੇ ਪਹਿਲਵਾਨ ਖਿੜ ਖਿੜਾ ਕੇ ਹੱਸਿਆ। ਫਿਰ ਰਹਿਮ ਦੇ ਘਰ ਆ ਕੇ ਬੋਲਿਆ, ‘ਕਿਉਂ ਵਿਚਾਰੇ ਕਬੀਲਦਾਰ ਬੰਦੇ ਨੂੰ ਮਰਵਾਉਣ ਲੱਗੇ ਓ, ਕਿਸੇ ਪਹਿਲਵਾਨ ਨੂੰ ਕੱਢੋ ਜੇ ਦੋ ਹੱਥ ਕਰਨੇ ਈ ਹਨ।’
ਬਾਬੇ ਪੁਨੂੰ ਨੇ ਧੀਰਜ ਨਾਲ ਕਿਹਾ, ‘ਕੋਈ ਨਾ ਭਾਈ, ਪਹਿਲਵਾਨ ਕਦੇ ਫੇਰ ਕੱਢਾਂਗੇ, ਪਹਿਲਾਂ ਤੂੰ ਮੇਰੇ ਅੱਖੜ ਜਿਹੇ ਬੰਦੇ ਨਾਲ ਈ ਦੋ ਹੱਥ ਕਰਕੇ ਦੇਖ ਲੈ।’ ਇੱਕ ਦੋ ਆਰੰਭਕ ਹੱਥ ਕਰਨ ਪਿੱਛੋਂ, ਬਾਬੇ ਪੁਨੂੰ ਨੇ ਪਹਿਲਵਾਨ ਦੀ ਠੋਡੀ ਹੇਠਾਂ ਕੂਹਣੀ ਦਾ ਹੋੜਾ ਦੇ ਕੇ, ਮਗਰੋਂ ਗਰਦਨ ਵੱਲੋਂ ਵਲੇਵੇਂ ਨਾਲ ਉਤਾਂਹ ਨੂੰ ਉਗੀਸ ਕੇ ਪਹਿਲਵਾਨ ਨੂੰ ਧਰਤੀ ਤੋਂ ਬਾਹਾਂ ਉਪਰ, ਉੱਤੇ ਵੱਲ ਨੂੰ ਅਜਿਹਾ ਚੁੱਕਿਆ ਕਿ ਉਸ ਦੇ ਪੈਰ ਧਰਤੀ ਉੱਤੋਂ ਉੱਚੇ ਹੋ ਗਏ। ਸਾਰਾ ਭਾਰ ਠੋਡੀ ਤੇ ਗਰਦਨ ਉੱਤੇ ਆ ਪਿਆ। ਥੋੜ੍ਹੇ ਚਿਰ ਪਿੱਛੋਂ ਜਦੋਂ ਉਸ ਦੇ ਅੱਖਾਂ ਦੇ ਆਨੇ ਬਾਹਰ ਆਉਣ ਲੱਗੇ, ਸਿਰ ਚਕਰਾਇਆ ਤਾਂ ਲੱਗਾ ਘੋਰੜੂ ਵੱਜਣ। ਪਹਿਲਵਾਨ ਸਾਹਿਬ ਦੇ ਸਾਥੀ ਲੱਗੇ ਡੌਰ ਭੌਰ ਹੋ ਕੇ ਦੇਖਣ। ਮਸਾਂ ਮਸਾਂ ਇਸ਼ਾਰਿਆਂ ਨਾਲ ਜਾਨ ਬਖ਼ਸ਼ਾਉਣ ਦੇ ਵਾਸਤੇ ਪਾ ਕੇ ਪਹਿਲਵਾਨ ਨੇ ਖਹਿੜਾ ਛੁਡਾਇਆ। ਬਾਬੇ ਪੁਨੂੰ ਨੇ ਲੋਕਾਂ ਨੂੰ ਕਿਹਾ, ‘ਦੇਖੋ ਭਾਈ ਅਸੀਂ ਹਾਲਾਂ ਘੁਲੇ ਨਹੀਂ, ਏਸ ਪਹਿਲਵਾਨ ਨੂੰ ਕਹੋ ਜਿੰਨਾ ਚਿਰ ਇੱਕ ਜਣਾ ਪੁੱਠਾ ਸਿੱਧਾ ਨਹੀਂ ਹੋ ਜਾਂਦਾ ਉਤਨਾ ਚਿਰ ਕੁਸ਼ਤੀ ਪੂਰੀ ਨਹੀਂ ਹੁੰਦੀ।’ ਲੋਕ ਉਸ ਪਹਿਲਵਾਨ ਨੂੰ ਘੇਰ ਕੇ ਅਖਾੜੇ ਵੱਲ ਖਿੱਚਣ ਤੇ ਉਹ ਉੱਥੋਂ ਭੱਜਣ ਦੇ ਰਾਹ ਲੱਭੇ। ਆਖ਼ਰ ਦਿਨ ਛਿਪਦੇ ਤੋਂ ਪਹਿਲਾਂ ਆਪਣਾ ਲੁੰਗ-ਲਾਣਾ ਉੱਥੇ ਈ ਛੱਡ ਕੇ ਪੱਤਰਾ ਵਾਚ ਗਿਆ। ‘ਬਾਬੇ ਪੁਨੂੰ ਦੀ ਜੈ’ ਦੀ ਧੁਨੀ ਲੋਕਾਂ ਦੇ ਦਿਲਾਂ ਵਿੱਚ ਕਈ ਵਰ੍ਹੇ ਗੂੰਜਦੀ ਰਹੀ।
* * *
ਇਹ ਭੀ ਕਥਾ ਹੈ: ਬਾਬਿਆਂ ਦੀ ਇੱਕ ਭੈਣ ਚੜਿੱਕ ਵਿੱਚ ਵਿਆਹੀ ਹੋਈ ਸੀ। ਪਹਿਲਾਂ ਪਹਿਲ ਸਹੁਰੇ ਗਈ ਤਾਂ ਸ਼ਾਮ ਨੂੰ ਬਾਹਰ ਜਾਣ ਵੇਲੇ ਰਾਹ ਵਿੱਚ ਇੱਕ ਪਹਿਲਵਾਨ ਮੁਗਦਰ ਚੁੱਕਦਾ ਵੇਖਿਆ। ਵਾਪਸ ਘਰ ਆਉਣ ਵੇਲੇ ਅਖਾੜਾ ਵਿੱਛੜ ਚੁੱਕਾ ਸੀ, ਬਾਬਿਆਂ ਦੀ ਭੈਣ ਨੇ ਆਪਣੀ ਸੱਸ ਨੂੰ ਪੁੱਛਿਆ, ‘ਅੰਮਾਂ! ਮੁੰਡੇ ਜਿਹੇ ਏਥੇ ਖੜ੍ਹੇ ਕੀ ਕਰਦੇ ਸੀ?’
‘ਧੀਏ ਇਹ ਮੁਗਦਰ ਚੁੱਕਦੇ ਸੀ, ਪਿੰਡ ਦਾ ਇੱਕ ਪਹਿਲਵਾਨ ਬੜਾ ਨਰੋਆ ਹੈ ਉਸ ਬਿਨਾਂ ਹੋਰ ਕੋਈ ਨੇੜੇ ਦੇ ਪਿੰਡ ਵਿੱਚ ਮੁਗਦਰ ਨਹੀਂ ਚੁੱਕ ਸਕਦਾ, ਬਾਕੀ ਲੋਕ ਦੂਰੋਂ ਨੇੜਿਉਂ ਉਸ ਨੂੰ ਦੇਖਣ ਆਏ ਹੋਏ ਸੀ।’ ਸਾਹਮਣੇ ਮੁਗਦਰ ਪਿਆ ਸੀ। ‘ਅੰਮਾਂ ਜੀ ਏਸ ਨੂੰ ਮੁਗਦਰ ਆਖਦੇ ਹਨ’ - ਆਖ ਕੇ ਉਸ ਨੇ ਜਿਉਂ ਚੁੱਕਿਆ ਨਾਲ ਲਗਦੇ ਇੱਕ ਖੋਲ੍ਹੇ ਵਿੱਚ ਵਗਾਹ ਸੁੱਟਿਆ।
ਦਿਨ ਚੜ੍ਹਿਆ ਤਾਂ ਲੋਕ ਲੱਗੇ ਮੁਗਦਰ ਦੀ ਭਾਲ ਕਰਨ। ਆਖ਼ਰ ਨਾਲ ਦੇ ਖੋਲ੍ਹੇ ਵਿੱਚੋਂ ਪਿਆ ਮਿਲ ਗਿਆ, ਜਿਵੇਂ ਕਿਸੇ ਨੇ ਰਾਹ ਵਿੱਚ ਲਗਦਾ ਅੜਿੱਕਾ ਦੂਰ ਕਰਨ ਲਈ ਇੱਕ ਰੋੜਾ ਪਰ੍ਹੇ ਵਗਾਹ ਸੁੱਟਿਆ ਹੋਵੇ! ਇਸ ਤਰ੍ਹਾਂ ਹੋਰ ਥਾਵੇਂ ਮੁਗਦਰ ਪਿਆ ਦੇਖਿਆ ਤਾਂ ਚਾਰ ਪੰਜ ਜਣੇ ਰੇੜ੍ਹ ਕੇ ਮੁੜ ਉੱਥੇ ਲੈ ਆਏ। ਪਹਿਲਵਾਨ ਨੂੰ ਪਤਾ ਲੱਗਿਆ ਉਹ ਭਮੱਤਰ ਗਿਆ ਵਈ ਮੇਰੇ ਬਿਨਾਂ ਏਸ ਮੁਗਦਰ ਨੂੰ ਹਿਲਾਉਣ ਵਾਲਾ ਏਥੇ ਕੌਣ ਆ ਗਿਆ ਹੈ?
ਦੂਜੇ ਦਿਨ ਫੇਰ ਸ਼ਾਮ ਨੂੰ ਜਦ ਤੀਵੀਆਂ ਬਾਹਰ ਗਈਆਂ। ਮੁਗਦਰ ਉੱਥੇ ਪਿਆ ਦੇਖ ਕੇ ਕਿਹਾ, ‘ਇਹ ਜਾਏ ਖਾਣਾ ਫੇਰ ਰਾਹ ਵਿੱਚ ਪਿਆ ਹੈ,’ ਆਖਦਿਆਂ ਆਖਦਿਆਂ ਬਾਬਿਆਂ ਦੀ ਭੈਣ ਨੇ ਏਨੇ ਜ਼ੋਰ ਨਾਲ ਵਗਾਹਿਆ ਕਿ ਅਗਲੇ ਖੋਲ੍ਹੇ ਦੀ ਕੰਧ ਢਹਿ ਗਈ। ਲੋਕਾਂ ਨੂੰ ਪਤਾ ਲੱਗ ਗਿਆ, ਪਹਿਲਵਾਨ ਦੀ ਖਾਨਿਉਂ ਗਈ। ਦੂਜੇ ਦਿਨ ਥਾਲੀ ਵਿੱਚ 101 ਰੁਪਏ, ਸੁੱਚਾ ਤਿੱਲੇ ਵਾਲਾ ਤਿਓਰ ਲੈ ਕੇ ਪਹਿਲਵਾਨ ਆਇਆ ਤੇ ਬਾਬਿਆਂ ਦੀ ਭੈਣ ਨੂੰ ਨਜ਼ਰਾਨਾ ਪੇਸ਼ ਕਰਕੇ ਕਿਹਾ, ‘ਚਾਚੀ ਤੂੰ ਮੇਰੀ ਧਰਮ ਦੀ ਭੈਣ ਹੋਈ, ਧੰਨ ਤੂੰ ਧੰਨ ਤੇਰੇ ਜਣਦੇ, ਮੈਂ ਤਾਂ ਬੱਸ ਦਰਸ਼ਨਾਂ ਲਈ ਆਇਆ ਹਾਂ, ਵਈ ਅਜਿਹੀ ਸ਼ਕਤੀ ਵਾਲੀ ਦੇਵੀ ਏਥੇ ਕੌਣ ਹੈ? ਮੈਂ ਅੱਜ ਤੋਂ ਪਹਿਲਵਾਨੀ ਛੱਡੀ।’ ਕਹਿੰਦੇ ਜੀ ਜਿਤਨਾ ਚਿਰ ਪਹਿਲਵਾਨ ਜਿਊਂਦਾ ਰਿਹਾ, ਹਰ ਇੱਕ ਤਿੱਥ-ਤਿਉਹਾਰ ਉੱਤੇ ਬਾਬਿਆਂ ਦੀ ਭੈਣ ਨੂੰ ਤਿਓਰ ਤੇ ਕੱਪੜੇ ਲੀੜੇ ਚੜ੍ਹਾਉਂਦਾ ਰਿਹਾ।
ਬਾਬਿਆਂ ਦੀ ਉਸ ਭੈਣ ਦੇ ਦੋ ਪੁੱਤ ਜਨਮੇ। ਕਹਿੰਦੇ, ਦੁੱਧ ਰਿੜਕਣ ਵੇਲੇ ਉਹ ਦੋਹਾਂ ਨੂੰ ਕੋਲੇ ਸੱਦ ਲੈਂਦੀ ਤੇ ਜੋ ਮਖਣੀ ਨਿਕਲਦੀ ਅੱਧੋ-ਅੱਧ ਵੰਡ ਕੇ ਖਵਾਉਂਦੀ, ਫੇਰ ਦੌੜਾਉਂਦੀ, ਨਸਾਉਂਦੀ ਤੇ ਜ਼ੋਰ ਕਰਾਉਂਦੀ। ਉਨ੍ਹਾਂ ਵਿੱਚੋਂ ਇੱਕ ਵੱਡਾ, ਮੰਗਲ ਸਿੰਘ ਨਾਮੀ ਪਹਿਲਵਾਨ ਹੋਇਆ। ਉਹ ਆਪਣੇ ਮਾਮਿਆਂ ਨੂੰ ਮਿਲਣ ਲਈ ਮੇਰੇ ਪਿੰਡ ਆਇਆ। ਲੋਕਾਂ ਨੇ ਇੱਕ ਮਹੀਨੇ ਲਈ ਘੁਲਣ ਖੇਡਣ ਵਾਸਤੇ ਰੱਖ ਲਿਆ। ਉਹ ਸਵਾ ਸਵਾ ਮਣ ਦੀਆਂ ਮੂੰਗਲੀਆਂ ਫੇਰਿਆ ਕਰਦਾ ਸੀ। ਮਹੀਨਾ ਭਰ ਮੂੰਗਲੀਆਂ ਫੇਰਦਾ ਰਿਹਾ, ਸਾਰਾ ਪਿੰਡ ਦੇਖਣ ਜਾਂਦਾ, ਬਾਹਰੋਂ ਵੀ ਲੋਕ ਦੇਖਣ ਆਉਂਦੇ, ਪਰ ਮੇਰੇ ਬਾਬੇ ਹੁਰੀਂ ਨਾ ਗਏ। ਇੱਕ ਦਿਨ ਚੌਧਰੀ ਨੇ ਕਿਹਾ, ‘ਬਾਬਾ! ਥੋਡਾ ਭਾਣਜਾ ਆਇਆ ਹੋਇਐ, ਕਿਸੇ ਦਿਨ ਉਸ ਦਾ ਕਰਤਬ ਦੇਖ ਕੇ ਹੌਸਲਾ ਅਫ਼ਜ਼ਾਈ ਤਾਂ ਕਰ ਆਵੋ।’
ਬਾਬੇ ਨੇ ਕਿਹਾ, ‘ਐਵੇਂ ਕਿਧਰੇ ਨਮੋਸ਼ੀ ਨਾ ਦਿਵਾ ਦੇਵੇ। ਚੰਗਾ, ਕਿਸੇ ਦਿਨ ਆ ਜਾਵਾਂਗੇ।’ ਅਗਲੇ ਦਿਨ ਜਦੋਂ ਬਾਬਾ ਗਿਆ ਤਾਂ ਉਸ ਪਹਿਲਵਾਨ ਭਾਣਜੇ ਦੇ ਮੂੰਹ ’ਤੇ ਲਾਲੀਆਂ ਆ ਗਈਆਂ। ਉਸ ਨੇ ਕਿਹਾ, ‘20-25 ਸੇਰ ਦੇ ਅੱਜ ਹੋਰ ਦੋ ਸੰਗਲ ਮੂੰਗਲੀਆਂ ਨੂੰ ਬੰਨ੍ਹ ਦੇਵੋ, ਮੇਰਾ ਮਾਮਾ ਵੀ ਦੇਖਣ ਆਇਆ ਹੈ।’ ਜਦੋਂ ਉਸ ਨੇ ਸੰਗਲ ਬੰਨ੍ਹ ਕੇ ਮੂੰਗਲੀਆਂ ਫੇਰੀਆਂ, ਮਾਮੇ ਨੇ ਆਪਣੇ ਭਾਣਜੇ ਨੂੰ ਭੱਜ ਕੇ ਕੁੱਛੜ ਵਿੱਚ ਲੈ ਲਿਆ, ‘ਪੁੱਤਾ ਤੂੰ ਲਾਜ ਰੱਖੇਂਗਾ ਸਾਡੀ’ - ਆਖ ਕੇ ਇੱਕ ਚਾਂਦੀ ਦਾ ਡਬਲ ਰੁਪਈਆ ਦਿੱਤਾ ਅਤੇ ਧੜੀ ਘਿਉ ਦਾ ਤੌਲਾ ਤੇ ਕਿੰਨਾ ਕੁਝ ਹੋਰ। ਪਿੰਡ ਦੇ ਲੋਕਾਂ ਨੇ ਵੀ ਬੜਾ ਕੁਝ ਦਿੱਤਾ। ਮੇਰੇ ਪਿੰਡ, ਸਾਧਾਂ ਦੇ ਡੇਰੇ ਪਈਆਂ ਉਹ ਮੂੰਗਲੀਆਂ ਮੈਂ ਅੱਖੀਂ ਦੇਖੀਆਂ ਹਨ। ਇਹ ਕਥਾਵਾਂ ਮੈਂ ਸੁਣੀਆਂ ਹਨ, ਅੱਖੀਂ ਤੱਕੀਆਂ ਨਹੀਂ। ਆਪਣੇ ਵੱਡੇ-ਵਡੇਰਿਆਂ ਦੀਆਂ ਗੱਲਾਂ ਸੁਣ ਕੇ ਕਈ ਵਾਰ ਖ਼ਿਆਲ ਆਉਂਦਾ, ਕਿਧਰੇ ਸਾਡੇ ਬਾਬੇ ਵੀ ਕੋਈ ਦਿਓ ਦਾਨੋਂ ਤਾਂ ਨਹੀਂ ਸਨ? ਪੁਰਾਣੇ ਪੰਜਾਬੀਆਂ ਦੇ ਲੋਕਾਂ ਦੇ ਬਲ ਦੀ ਹੰਢਾਈ ਹੋਈ ਏਨੀ ਪ੍ਰਮਾਣਿਕ ਤਸਵੀਰ ਕਿਵੇਂ ਛੁਪਾ ਕੇ ਰੱਖੀ ਜਾ ਸਕਦੀ ਸੀ? ਇਹ ਜ਼ਾਹਰ ਕਰਨੀ ਹੀ ਠੀਕ ਸਮਝੀ ਹੈ।
‘‘ਆਪਣੇ ਵੱਡੇ ਵਡੇਰਿਆਂ ਦਾ ਵਰਨਣ ਮੈਂ ‘ਪਿਦਰਮ ਸੁਲਤਾਨ ਬੂਦ’ ਦਾ ਰੋਹਬ ਜਮਾਉਣ ਲਈ ਨਹੀਂ, ਇਸ ਕਰ ਕੇ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਮੇਰੇ ਪਿੰਡ ਦੇ ਆਪਣੇ ਵੇਲੇ ਦੇ ਜਾਂ ਇਉਂ ਕਹੋ ਕਿ ਉਹ ਪੁਰਾਣੇ ਪੰਜਾਬ ਦੇ ਇੱਕ ਨਮੂਨੇ ਦੇ ਪੁਰਖੇ ਸਨ।’’
- ਗਿਆਨੀ ਗੁਰਦਿੱਤ ਸਿੰਘ