DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਪਨਿਆਂ ਦੀ ਨਗਰੀ ਮੁੰਬਈ

ਮੁਹੰਮਦ ਅੱਬਾਸ ਧਾਲੀਵਾਲ ਮੈਨੂੰ ਮੁੰਬਈ ਜਾਣ ਦਾ ਪਹਿਲਾ ਮੌਕਾ 2008 ਅਤੇ ਦੂਜਾ ਮੌਕਾ 2011 ਵਿੱਚ ਮਿਲਿਆ। ਇਸ ਮਗਰੋਂ 2019 ਵਿੱਚ ਮੈਂ ਖਾਦਿਮ-ਉਲ-ਹੁਜਾਜ ਵਜੋਂ ਸਿਖਲਾਈ ਲੈਣ ਲਈ ਹੱਜ ਮੰਜ਼ਿਲ, ਮੁੰਬਈ ਗਿਆ। ਇਸ ਦੌਰਾਨ ਮੇਰੇ ਨਾਲ ਪੰਜਾਬ ਦੇ ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ ਸਾਹਿਬ...
  • fb
  • twitter
  • whatsapp
  • whatsapp
Advertisement

ਮੁਹੰਮਦ ਅੱਬਾਸ ਧਾਲੀਵਾਲ

ਮੈਨੂੰ ਮੁੰਬਈ ਜਾਣ ਦਾ ਪਹਿਲਾ ਮੌਕਾ 2008 ਅਤੇ ਦੂਜਾ ਮੌਕਾ 2011 ਵਿੱਚ ਮਿਲਿਆ। ਇਸ ਮਗਰੋਂ 2019 ਵਿੱਚ ਮੈਂ ਖਾਦਿਮ-ਉਲ-ਹੁਜਾਜ ਵਜੋਂ ਸਿਖਲਾਈ ਲੈਣ ਲਈ ਹੱਜ ਮੰਜ਼ਿਲ, ਮੁੰਬਈ ਗਿਆ। ਇਸ ਦੌਰਾਨ ਮੇਰੇ ਨਾਲ ਪੰਜਾਬ ਦੇ ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ ਸਾਹਿਬ ਵੀ ਸਨ। ਅਸੀਂ ਇਹ ਸਫ਼ਰ ਰੇਲਗੱਡੀ ਰਾਹੀਂ ਕੀਤਾ।

Advertisement

ਮੁੰਬਈ ਨੂੰ ਪਹਿਲਾਂ ਬੰਬਈ ਕਿਹਾ ਜਾਂਦਾ ਸੀ। ਇਹ ਭਾਰਤ ਦੇ ਮਹਾਰਾਸ਼ਟਰ ਸੂਬੇ ਦੀ ਰਾਜਧਾਨੀ ਹੈ। ਇਹ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਅਤੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰ ਹੈ। ਮੁੰਬਈ ਭਾਰਤ ਦੇ ਪੱਛਮੀ ਤੱਟ ਉੱਤੇ ਸਥਿਤ ਹੈ। ਇਸ ਦੀ ਆਬਾਦੀ ਲਗਭਗ 6 ਕਰੋੜ 60 ਲੱਖ ਹੈ। ਇਹ ਭਾਰਤ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਹੈ। ਇਸ ਦਾ ਗਠਨ ਲਾਵਾ ਨਿਰਮਿਤ ਸੱਤ ਛੋਟੇ-ਛੋਟੇ ਦੀਪਾਂ ਰਾਹੀਂ ਹੋਇਆ ਮੰਨਿਆ ਜਾਂਦਾ ਹੈ ਅਤੇ ਇਹ ਪੁਲਾਂ ਦੁਆਰਾ ਪ੍ਰਮੁੱਖ ਭੂ-ਖੰਡ ਨਾਲ ਜੁੜਿਆ ਹੋਇਆ ਹੈ।

ਜੇਕਰ ਮੁੰਬਈ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਨੇ ਪੁਰਤਗਾਲੀਆਂ ਨੂੰ ਹਰਾ ਕੇ ਬੰਬਈ ਉੱਤੇ ਕਬਜ਼ਾ ਕਰ ਲਿਆ। ਪੁਰਤਗਾਲੀਆਂ ਵੇਲੇ ਇਸ ਦਾ ਨਾਂ ਬੌਂਮਬੇਈਅਨ, ਬੌਂਬੇਈ, ਬੌਂਮਬੇਮ ਵੀ ਚਲਦਾ ਰਿਹਾ ਸੀ। 1507 ਵਿੱਚ ਵਸੇ 20,694 ਕਿਲੋਮੀਟਰ ਰਕਬੇ ਵਾਲੇ ਇਸ ਸ਼ਹਿਰ ਦੀ ਉਸ ਵਕਤ ਦੀ ਆਬਾਦੀ ਇੱਕ ਅੰਦਾਜ਼ੇ ਮੁਤਾਬਿਕ ਇੱਕ ਕਰੋੜ 84 ਲੱਖ ਤੋਂ ਵੀ ਵੱਧ ਸੀ ਅਤੇ ਇਹ ਭਾਰਤ ਦਾ ਸਭ ਤੋਂ ਵੱਡਾ ਨਗਰ ਸੀ। ਨਵੰਬਰ 1995 ਤੋਂ ਇਸ ਦਾ ਸਰਕਾਰੀ ਨਾਂ ਮੁੰਬਈ ਹੋ ਗਿਆ ਪਰ ਬਹੁਤੇ ਲੋਕ ਅਜੇ ਵੀ ਇਸ ਨੂੰ ਬੰਬਈ ਹੀ ਲਿਖਦੇ ਤੇ ਬੋਲਦੇ ਹਨ।

ਇਹ ਜ਼ਿਕਰਯੋਗ ਹੈ ਕਿ ਮੁੰਬਈ ਦੀ ਬੰਦਰਗਾਹ ਭਾਰਤ ਦੀ ਸਭ ਤੋਂ ਵੱਡੀ ਸਮੁੰਦਰੀ ਬੰਦਰਗਾਹ ਰੂਪ ਵਿੱਚ ਜਾਣੀ ਜਾਂਦੀ ਹੈ। ਮੁੰਬਈ ਦਾ ਸਮੁੰਦਰੀ ਕਿਨਾਰਾ ਕਟਿਆ-ਫਟਿਆ ਹੈ ਜਿਸ ਕਾਰਨ ਇਹ ਬੰਦਰਗਾਹ ਸੁਭਾਵਿਕ ਅਤੇ ਸੁਰੱਖਿਅਤ ਹੈ। ਯੂਰਪ, ਅਮਰੀਕਾ, ਅਫ਼ਰੀਕਾ ਆਦਿ ਦੇਸ਼ਾਂ ਨਾਲ ਜਲਮਾਰਗ ਜਾਂ ਵਾਯੂਮਾਰਗ ਰਾਹੀਂ ਆਉਣ ਵਾਲੇ ਜਹਾਜ਼ ਅਤੇ ਯਾਤਰੀ ਸਭ ਤੋਂ ਪਹਿਲਾਂ ਮੁੰਬਈ ਹੀ ਆਉਂਦੇ ਰਹੇ ਹਨ।

ਮੁੰਬਈ ਇੱਕ ਪ੍ਰਮੁੱਖ ਵਿੱਤੀ, ਵਪਾਰਕ ਅਤੇ ਮਨੋਰੰਜਨ ਕੇਂਦਰ ਹੈ, ਜਿਸ ਨੂੰ ਅਕਸਰ ‘ਸੁਪਨਿਆਂ ਦਾ ਸ਼ਹਿਰ’ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਮੌਕੇ ਅਤੇ ਬੌਲੀਵੁੱਡ ਫਿਲਮ ਇੰਡਸਟਰੀ ਹੈ।

ਭੂਗੋਲਿਕ ਅਤੇ ਮੌਸਮੀ ਪ੍ਰਸਥਿਤੀਆਂ ਨੂੰ ਵੇਖੀਏ ਤਾਂ ਮੁੰਬਈ ਭਾਰਤ ਦੇ ਪੱਛਮੀ ਤੱਟ ’ਤੇ ਅਰਬ ਸਾਗਰ ਦੇ ਕਿਨਾਰੇ ਸਥਿਤ ਹੈ। ਇਹ ਕਈ ਟਾਪੂਆਂ ’ਤੇ ਬਣਿਆ ਹੋਇਆ ਹੈ ਜੋ ਸਮੇਂ ਦੇ ਨਾਲ ਜ਼ਮੀਨ ਭਰਾਈ ਦੁਆਰਾ ਜੋੜੇ ਗਏ ਹਨ। ਸ਼ਹਿਰ ਵਿੱਚ ਜੂਨ ਤੋਂ ਸਤੰਬਰ ਤੱਕ ਮੌਨਸੂਨ ਦਾ ਮੌਸਮ ਹੁੰਦਾ ਹੈ, ਜੋ ਭਾਰੀ ਵਰਖਾ ਲਿਆਉਂਦਾ ਹੈ। ਸਾਲ ਦਾ ਬਾਕੀ ਸਮਾਂ ਆਮ ਤੌਰ ’ਤੇ ਗਰਮ ਅਤੇ ਨਮੀ ਵਾਲਾ ਹੁੰਦਾ ਹੈ। ਅਰਥਵਿਵਸਥਾ ਦੀ ਗੱਲ ਕਰੀਏ ਤਾਂ ਇਸ ਨੂੰ ਭਾਰਤ ਦੀ ਵਿੱਤੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਇਸ ਸਮੇਂ ਮੁੰਬਈ ਭਾਰਤ ਦਾ ਇੱਕ ਵੱਡਾ ਕਾਰੋਬਾਰੀ ਕੇਂਦਰ ਹੈ ਜਿਸ ਦੀ ਭਾਰਤ ਦੇ ਕੁੱਲ ਘਰੇਲੂ ਉਤਪਾਦ ਵਿੱਚ 5 ਫ਼ੀਸਦੀ ਭਾਗੀਦਾਰੀ ਮੰਨੀ ਜਾਂਦੀ ਹੈ। ਇਹ ਪੂਰੇ ਭਾਰਤ ਦੇ ਉਦਯੋਗਿਕ ਉਤਪਾਦ ਦਾ 25 ਫ਼ੀਸਦੀ, ਸਮੁੰਦਰੀ ਵਪਾਰ ਦਾ 40 ਫ਼ੀਸਦੀ ਅਤੇ ਭਾਰਤੀ ਅਰਥ ਵਿਵਸਥਾ ਦੇ ਪੂੰਜੀ ਲੈਣ ਦੇਣ ਦਾ 70 ਫ਼ੀਸਦੀ ਹਿੱਸੇਦਾਰ ਹੈ। ਇਹ ਸੰਸਾਰ ਦੇ ਸਰਬਉੱਚ ਦਸ ਕਾਰੋਬਾਰੀ ਕੇਂਦਰਾਂ ਵਿੱਚੋਂ ਇੱਕ ਹੈ। ਭਾਰਤ ਦੇ ਸਾਰੇ ਬੈਂਕਾਂ ਅਤੇ ਕਾਰੋਬਾਰੀਆਂ ਦੇ ਮੁੱਖ ਦਫ਼ਤਰ ਅਤੇ ਕਈ ਮਹੱਤਵਪੂਰਣ ਆਰਥਿਕ ਸੰਸਥਾਵਾਂ ਜਿਵੇਂ ਭਾਰਤੀ ਰਿਜ਼ਰਵ ਬੈਂਕ, ਬੰਬਈ ਸਟਾਕ ਐਕਸਚੇਂਜ, ਨੈਸ਼ਨਲ ਸਟਾਕ ਐਕਸਚੇਂਜ ਅਤੇ ਅਨੇਕ ਭਾਰਤੀ ਕੰਪਨੀਆਂ ਮੁੰਬਈ ਵਿੱਚ ਸਥਾਪਿਤ ਹਨ। ਇਸੇ ਲਈ ਇਸ ਨੂੰ ਭਾਰਤ ਦੀ ਆਰਥਿਕ ਰਾਜਧਾਨੀ ਵੀ ਕਹਿੰਦੇ ਹਨ। ਨਗਰ ਵਿੱਚ ਭਾਰਤ ਦਾ ਹਿੰਦੀ ਫਿਲਮ ਅਤੇ ਦੂਰਦਰਸ਼ਨ ਉਦਯੋਗ ਵੀ ਹੈ, ਜੋ ਬੌਲੀਵੁੱਡ ਨਾਮ ਨਾਲ ਪ੍ਰਸਿੱਧ ਹੈ। ਮੁੰਬਈ ’ਚ ਪੇਸ਼ੇਵਾਰਾਨਾ ਮੌਕੇ ਅਤੇ ਉੱਚ ਜੀਵਨ ਪੱਧਰ ਦੇਸ਼ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ, ਜਿਸ ਕਾਰਨ ਇਹ ਨਗਰ ਵੱਖ ਵੱਖ ਸਮਾਜਾਂ ਅਤੇ ਸੰਸਕ੍ਰਿਤੀਆਂ ਦਾ ਮਿਸ਼ਰਣ ਬਣ ਗਿਆ ਹੈ। ਮੁੰਬਈ ਪੱਤਣ ਭਾਰਤ ਦੇ ਲਗਭਗ ਅੱਧੇ ਸਮੁੰਦਰੀ ਮਾਲ ਦੀ ਆਵਾਜਾਈ ਕਰਦਾ ਹੈ।

ਜੇਕਰ ਮੁੰਬਈ ਦੇ ਉਦਯੋਗਾਂ ਦੀ ਗੱਲ ਕਰੀਏ ਤਾਂ ਇਸ ਦੇ ਮੁੱਖ ਉਦਯੋਗਾਂ ਵਿੱਚ ਵਿੱਤ, ਸੂਚਨਾ ਤਕਨਾਲੋਜੀ, ਟੈਕਸਟਾਈਲ ਅਤੇ ਮਨੋਰੰਜਨ ਆਦਿ ਸ਼ਾਮਲ ਹਨ। ਸ਼ਹਿਰ ਦੀ ਪ੍ਰਮੁੱਖ ਬੰਦਰਗਾਹ ਵਪਾਰ ਅਤੇ ਵਪਾਰੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

ਜੇਕਰ ਸੱਭਿਆਚਾਰ ਅਤੇ ਮਨੋਰੰਜਨ ਦੀ ਗੱਲ ਕਰੀਏ ਤਾਂ ਮੁੰਬਈ ਨੂੰ ਭਾਰਤੀ ਫਿਲਮ ਉਦਯੋਗ ਦਾ ਦਿਲ ਮੰਨਿਆ ਜਾਂਦਾ ਹੈ, ਜੋ ਹਰ ਸਾਲ ਹਿੰਦੀ ਅਤੇ ਹੋਰ ਭਾਸ਼ਾਵਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਕਰਦਾ ਹੈ। ਭਾਰਤੀ ਫਿਲਮਾਂ ਦੇ ਪ੍ਰਮੁੱਖ ਅਭਿਨੇਤਾ ਅਤੇ ਅਭਿਨੇਤਰੀਆਂ ਇੱਥੇ ਹੀ ਆਬਾਦ ਹਨ।

ਸੱਭਿਆਚਾਰ ਦੀ ਕਰੀਏ ਤਾਂ ਇਸ ਵਿੱਚ ਸੱਭਿਆਚਾਰਕ ਵੰਨ-ਸੁਵੰਨਤਾ ਪਾਈ ਜਾਂਦੀ ਹੈ। ਦਰਅਸਲ, ਇਹ ਸ਼ਹਿਰ ਸੱਭਿਆਚਾਰਾਂ ਦਾ ਸੁਮੇਲ ਹੈ, ਜਿੱਥੇ ਭਾਰਤ ਅਤੇ ਦੁਨੀਆ ਭਰ ਦੇ ਲੋਕ ਰਹਿੰਦੇ ਹਨ। ਇਹ ਵਿਭਿੰਨਤਾ ਇਸ ਦੇ ਤਿਉਹਾਰਾਂ, ਪਕਵਾਨਾਂ, ਅਤੇ ਰੋਜ਼ਾਨਾ ਜੀਵਨ ਵਿੱਚ ਵੀ ਭਲੀਭਾਂਤ ਵੇਖੀ ਜਾ ਸਕਦੀ ਹੈ।

ਮੁੰਬਈ ਦੀਆਂ ਪ੍ਰਸਿੱਧ ਥਾਵਾਂ ਵਿੱਚ ਗੇਟਵੇਅ ਆਫ ਇੰਡੀਆ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਪਹਿਲਾਂ ਵਿਕਟੋਰੀਆ ਟਰਮੀਨਸ), ਮਰੀਨ ਡ੍ਰਾਈਵ ਅਤੇ ਐਲੀਫੈਂਟਾ ਗੁਫ਼ਾਵਾਂ ਆਦਿ ਸ਼ਾਮਲ ਹਨ। ਆਵਾਜਾਈ ਲਈ ਸ਼ਹਿਰ ਵਿੱਚ ਇੱਕ ਵਿਸਤ੍ਰਿਤ ਸਬਅਰਬਨ ਰੇਲਵੇ ਨੈੱਟਵਰਕ ਹੈ, ਜੋ ਲੱਖਾਂ ਯਾਤਰੀਆਂ ਲਈ ਜੀਵਨ ਰੇਖਾ ਹੈ। ਮੁੰਬਈ ਮੈਟਰੋ ਅਤੇ ਮੋਨੋਰੇਲ ਪਬਲਿਕ ਟ੍ਰਾਂਸਪੋਰਟ ਸਿਸਟਮ ਵਿੱਚ ਹਾਲ ਹੀ ਵਿੱਚ ਜੋੜੇ ਗਏ ਹਨ। ਮੁੰਬਈ ਸੜਕਾਂ ਅਤੇ ਹਾਈਵੇਜ਼ ਦੇ ਨੈੱਟਵਰਕ ਦੁਆਰਾ ਜੁੜਿਆ ਹੋਇਆ ਹੈ, ਜਿਸ ਵਿੱਚ ਮੁੰਬਈ-ਪੁਣੇ ਐਕਸਪ੍ਰੈਸਵੇਅ ਵੀ ਸ਼ਾਮਲ ਹੈ। ਇੱਥੋਂ ਦਾ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਹੈ, ਜੋ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਸੰਭਾਲਦਾ ਹੈ।

ਮੁੰਬਈ ਵਿੱਚ ਪ੍ਰਸਿੱਧ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਮੁੰਬਈ ਯੂਨੀਵਰਸਿਟੀ, ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਬੌਂਬੇ, ਅਤੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ (TISS) ਸਥਿਤ ਹਨ। ਸ਼ਹਿਰ ਵਿੱਚ ਵਿਗਿਆਨ, ਤਕਨਾਲੋਜੀ ਅਤੇ ਦਵਾਈ ਵਰਗੇ ਵੱਖ-ਵੱਖ ਖੇਤਰਾਂ ਦੇ ਕਈ ਖੋਜ ਅਤੇ ਵਿਕਾਸ ਕੇਂਦਰ ਹਨ।

ਇੱਥੇ ਜ਼ਿਕਰਯੋਗ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ-ਝੌਂਪੜੀ ਇਲਾਕਿਆਂ ਵਿੱਚੋਂ ਇੱਕ ਧਾਰਾਵੀ, ਮੁੰਬਈ ਵਿਖੇ ਹੀ ਸਥਿਤ ਹੈ, ਜੋ ਸ਼ਹਿਰ ਦੀਆਂ ਗ਼ਰੀਬੀ ਅਤੇ ਸ਼ਹਿਰੀ ਯੋਜਨਾਬੰਦੀ ਦੀਆਂ ਸਮੱਸਿਆਵਾਂ ਨੂੰ ਜੱਗ ਜ਼ਾਹਿਰ ਕਰਦੀ ਹੈ।

ਮੁੰਬਈ ਨੂੰ ਜੀਵੰਤ, ਸਰਗਰਮੀ ਵਾਲੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਇਹ ਸ਼ਹਿਰ ਆਧੁਨਿਕ ਭਾਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਹ ਇੱਕ ਅਜਿਹੀ ਥਾਂ ਹੈ ਜਿੱਥੇ ਵੱਡੀ ਦੌਲਤ ਅਤੇ ਅਤਿ ਗ਼ਰੀਬੀ ਦੋਵੇਂ ਵੇਖੇ ਜਾ ਸਕਦੇ ਹਨ। ਆਪਣੀਆਂ ਚੁਣੌਤੀਆਂ ਦੇ ਬਾਵਜੂਦ ਮੁੰਬਈ ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ ਜੋ ਇਸ ਦੇ ਵਿਲੱਖਣ ਸੱਭਿਆਚਾਰਕ ਤਾਣੇ-ਬਾਣੇ ਦੀ ਸ਼ਾਹਦੀ ਭਰਦਾ ਹੈ।

ਸੰਪਰਕ: 98552-59650

Advertisement
×