DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੱਚ ਨੂੰ ਮਿਲਦਿਆਂ...

ਤ੍ਰੈਲੋਚਨ ਲੋਚੀ ਸੱਚੀਓਂ ਹੀ ਸੱਚ ਬੋਲਣ ਨੂੰ ਦਿਲ ਕਰਦਾ ਏ। ਹੁਣ ਸੂਲੀ ’ਤੇ ਲਟਕਣ ਨੂੰ ਦਿਲ ਕਰਦਾ ਏ। ਆਪਣਾ ਹੀ ਉਪਰੋਕਤ ਸ਼ਿਅਰ ਗੁਣਗੁਣਾਉਂਦਿਆਂ ਮਨ ਮਸਤੀ ਵਿੱਚ ਝੂਮ ਰਿਹਾ ਏ। ਨਾਲ ਨਾਲ ਇਹ ਵੀ ਸੋਚ ਰਿਹਾ ਹਾਂ ਕਿ ਇਸ ਧਰਤੀ ’ਤੇ...
  • fb
  • twitter
  • whatsapp
  • whatsapp
Advertisement

ਤ੍ਰੈਲੋਚਨ ਲੋਚੀ

ਸੱਚੀਓਂ ਹੀ ਸੱਚ ਬੋਲਣ ਨੂੰ ਦਿਲ ਕਰਦਾ ਏ।

Advertisement

ਹੁਣ ਸੂਲੀ ’ਤੇ ਲਟਕਣ ਨੂੰ ਦਿਲ ਕਰਦਾ ਏ।

ਆਪਣਾ ਹੀ ਉਪਰੋਕਤ ਸ਼ਿਅਰ ਗੁਣਗੁਣਾਉਂਦਿਆਂ ਮਨ ਮਸਤੀ ਵਿੱਚ ਝੂਮ ਰਿਹਾ ਏ। ਨਾਲ ਨਾਲ ਇਹ ਵੀ ਸੋਚ ਰਿਹਾ ਹਾਂ ਕਿ ਇਸ ਧਰਤੀ ’ਤੇ ਸੱਚੇ ਬੰਦਿਆਂ ਦੀ ਥਾਵੇਂ ਝੂਠਿਆਂ ਦੀ ਤਾਦਾਦ ਦਿਨ-ਬ-ਦਿਨ ਕਿਉਂ ਵਧਦੀ ਹੀ ਜਾ ਰਹੀ ਹੈ। ਸੱਚੇ-ਸੁੱਚੇ ਲੋਕ ਤਾਂ ਲੱਭਿਆਂ ਵੀ ਕਿਉਂ ਨਹੀਂ ਲੱਭਦੇ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਸੱਚੇ-ਸੁੱਚੇ ਬੰਦੇ ਦੇ ਬੋਲਾਂ ਵਿੱਚ ਜੋ ਕਸ਼ਿਸ਼ ਹੁੰਦੀ ਹੈ, ਉਸ ਨੂੰ ਸੁਣਦਿਆਂ ਹੀ ਮਨ ਝੂਮ ਉੱਠਦਾ ਹੈ ਪਰ ਝੂਠ ਦੀ ਦਲਦਲ ਵਿੱਚ ਫਸੇ ਲੋਕਾਂ ਦੀ ਆਵਾਜ਼ ਕਿੱਡੀ ਡਰੀ ਡਰੀ ਤੇ ਕਿੱਡੀ ਝੂਠੀ ਝੂਠੀ ਜਿਹੀ ਹੁੰਦੀ ਹੈ। ਸ਼ਾਇਦ ਦੀਨ ਈਮਾਨ ਦਾ ਤਾਂ ਅਜਿਹੇ ਲੋਕਾਂ ਨੇ ਨਾਮ ਵੀ ਨਹੀਂ ਸੁਣਿਆ ਹੁੰਦਾ।

ਹੁਣ ਜਦੋਂ ਸੱਚ ਤੇ ਝੂਠ ਦੀ ਗੱਲ ਤੁਰ ਹੀ ਪਈ ਤਾਂ ਇੱਕ ਘਟਨਾ ਮੇਰੇ ਚੇਤਿਆਂ ਵਿੱਚ ਘੁੰਮਣ ਲੱਗੀ ਏ ਜੋ ਪਾਠਕਾਂ ਨਾਲ ਸਾਂਝੀ ਕਰਨ ਨੂੰ ਮਨ ਕਰ ਆਇਆ ਏ।

ਕੁਝ ਮਹੀਨੇ ਪਹਿਲਾਂ ਸ਼ਾਮ ਦੀ ਇੱਕ ਖ਼ੂਬਸੂਰਤ ਮਹਿਫ਼ਿਲ ਵਿੱਚ ਬੈਠਿਆਂ ਸੁਰਜੀਤ ਪਾਤਰ ਹੁਰਾਂ ਨੇ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ। ਉਨ੍ਹਾਂ ‌ਦੱਸਿਆ ਕਿ ਕੁਝ ਸਾਲ ਪਹਿਲਾਂ ਉਹ ਆਪਣੀ ਕੈਨੇਡਾ ਫੇਰੀ ਮੌਕੇ ਆਪਣੇ ਇੱਕ ਬਹੁਤ ਹੀ ਪਿਆਰੇ ਵਿਦਿਆਰਥੀ ਦੇ ਘਰ ਠਹਿਰੇ ਹੋਏ ਸਨ। ਉਨ੍ਹਾਂ ਦਿਨਾਂ ਵਿੱਚ ਉਸ ਵਿਦਿਆਰਥੀ ਦੀ 13 ਕੁ ਸਾਲ ਦੀ ਬੇਟੀ ਸੁਪ੍ਰੀਤ ਆਪਣੇ ਸਕੂਲ ਵਿੱਚ ਸੰਗੀਤ ਦੀ ਸਿਖਲਾਈ ਲੈ ਰਹੀ ਸੀ। ਉਸ ਦੀ ਮਿਊਜ਼ਿਕ ਟੀਚਰ ਨੇ ਉਸ ਨੂੰ ਰੋਜ਼ ਇੱਕ ਘੰਟਾ ਪਿਆਨੋ ਦੀ ਪ੍ਰੈਕਟਿਸ ਕਰਨ ਵਾਸਤੇ ਕਿਹਾ ਹੋਇਆ ਸੀ ਤੇ ਉਹ ਰੋਜ਼ ਇੱਕ ਘੰਟਾ ਬੜੇ ਹੀ ਚਾਅ ਨਾਲ ਪਿਆਨੋ ਵਜਾਉਂਦੀ ਰਹਿੰਦੀ ਸੀ। ਇੱਕ ਵਾਰ ਕੁਝ ਹੋਰ ਰੁਝੇਵਿਆਂ ਕਰ ਕੇ ਉਹ ਘਰੇ ਪਿਆਨੋ ਦੀ ਪ੍ਰੈਕਟਿਸ ਨਾ ਕਰ ਸਕੀ। ਉਹ ਬਹੁਤ ਹੀ ਉਦਾਸ ਸੀ। ਜਦੋਂ ਦੂਜੇ ਦਿਨ ਉਹ ਆਪਣੇ ਸਕੂਲ ਜਾਣ ਲੱਗੀ ਤਾਂ ਉਹ ਡਰੀ ਡਰੀ ਤੇ ਬਹੁਤ ਹੀ ਸਹਿਮੀ ਸਹਿਮੀ ਜਿਹੀ ਆਵਾਜ਼ ਵਿੱਚ ਆਪਣੇ ਪਾਪਾ ਨੂੰ ਕਹਿਣ ਲੱਗੀ, ‘‘ਪਾਪਾ, ਕੱਲ੍ਹ ਮੈਂ ਪਿਆਨੋ ਲਈ ਵਕਤ ਨਹੀਂ ਕੱਢ ਸਕੀ ਤੇ ਇਸ ਕਰ ਕੇ ਅੱਜ ਮੈਨੂੰ ਮੈਡਮ ਬਹੁਤ ਹੀ ਗੁੱਸੇ ਹੋਣਗੇ।’’ ਕੁੜੀ ਦੇ ਬੋਲਾਂ ਵਿੱਚ ਡਰ ਸੀ। ਉਸ ਦੀ ਇਹ ਗੱਲ ਸੁਣ ਕੇ ਉਸ ਦਾ ਪਾਪਾ ਪੰਜਾਬੀ ਸੁਭਾਅ ਮੁਤਾਬਿਕ ਬੋਲਿਆ, ‘‘ਸੁਪ੍ਰੀਤ ਬੇਟੀ, ਇਸ ਵਿੱਚ ਡਰਨ ਵਾਲੀ ਕਿਹੜੀ ਗੱਲ ਐ। ਤੇਰੇ ਮੈਡਮ ਨੂੰ ਮੈਂ ਕਹਿ ਦਿਆਂਗਾ ਕਿ ਕੱਲ੍ਹ ਇਸ ਨੇ ਪਿਆਨੋ ਦੀ ਪ੍ਰੈਕਟਿਸ ਕੀਤੀ ਸੀ। ਤੇਰੇ ਮੈਡਮ ਨੂੰ ਕਿਹੜਾ ਸੁਫ਼ਨੇ ਆਉਂਦੇ ਨੇ ਕਿ ਤੂੰ ਕੱਲ੍ਹ ਪਿਆਨੋ ਵਜਾਇਆ ਕਿ ਨਹੀਂ!’’ ਆਪਣੇ ਪਾਪਾ ਦੇ ਇਹ ਬੋਲ ਸੁਣ ਕੇ ਕੁੜੀ ਹੈਰਾਨ ਤੇ ਪਰੇਸ਼ਾਨ ਹੋ ਗਈ ਤੇ ਹੈਰਾਨੀ ਭਰੇ ਬੋਲਾਂ ਨਾਲ ਕਹਿਣ ਲੱਗੀ, ‘‘ਪਾਪਾ, ਤੁਸੀਂ ਝੂਠ ਬੋਲੋਗੇ, ਮੇਰੇ ਮੈਡਮ ਸਾਹਮਣੇ ਏਨਾ ਵੱਡਾ ਝੂਠ ਬੋਲੋਗੇ?’’ ਕੁੜੀ ਭਾਵੁਕ ਹੁੰਦੀ ਹੋਈ ਪਾਤਰ ਸਾਹਬ ਨੂੰ ਮੁਖ਼ਾਤਿਬ ਹੋ ਕੇ ਕਹਿਣ ਲੱਗੀ, ‘‘ਪਾਤਰ ਅੰਕਲ, ਤੁਸੀਂ ਹੀ ਦੱਸੋ ਕੀ ਕਦੇ ਏਦਾਂ ਹੋ ਸਕਦਾ ਹੈ? ਏਨਾ ਵੱਡਾ ਝੂਠ ਬੋਲਿਆ ਜਾ ਸਕਦਾ ਹੈ ਕਿ ਮੇਰੇ ਪਾਪਾ ਸਕੂਲ ਵਿੱਚ ਜਾ ਕੇ ਮੇਰੇ ਮੈਡਮ ਨੂੰ ਝੂਠ ਬੋਲਣ!’’ ਪਾਤਰ ਹੋਰਾਂ ਨੇ ਦੱਸਿਆ ਕਿ ਕੁੜੀ ਦੇ ਇਹ ਸੱਚੇ-ਸੁੱਚੇ ਬੋਲ ਸੁਣ ਕੇ ਉਹ ਕਿਸੇ ਵੱਖਰੇ ਹੀ ਜਹਾਨ ਵਿੱਚ ਪਹੁੰਚ ਗਏ ਤੇ ਉਸ ਨਿੱਕੀ ਜਿਹੀ ਬਾਲੜੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ। ਉਸ ਵੇਲੇ ਮੈਨੂੰ ਇਉਂ ਲੱਗਿਆ ਜਿਵੇਂ ਸਾਰੇ ਜਹਾਨ ਦਾ ਸੱਚ ਮੇਰੇ ਕਲਾਵੇ ਵਿੱਚ ਹੋਵੇ।

ਇਹ ਘਟਨਾ ਸੁਣਦਿਆਂ ਸ਼ਾਮ ਦੀ ਮਹਿਫ਼ਿਲ ਹੋਰ ਵੀ ਖ਼ੂਬਸੂਰਤ ਹੋ ਗਈ ਸੀ ਤੇ ਮੇਰਾ ਮਨ ਅੰਬਰਾਂ ਵਿੱਚ ਉਡਾਰੀਆਂ ਭਰਨ ਲੱਗਿਆ। ਮੈਂ ਪੂਰੀ ਤਰ੍ਹਾਂ ਸਹਿਜ ਹੋਇਆ ਆਪਣੀ ਗ਼ਜ਼ਲ ਦਾ ਓਹੀ ਸ਼ਿਅਰ ‘ਸੱਚੀਓਂ ਹੀ ਸੱਚ ਬੋਲਣ ਨੂੰ ਦਿਲ ਕਰਦਾ ਏ...!’ ਮਸਤੀ ਵਿੱਚ ਗੁਣਗੁਣਾਉਣ ਲੱਗਿਆ ਤੇ ਨਾਲ ਨਾਲ ਇਹ ਵੀ ਸੋਚ ਰਿਹਾ ਸਾਂ ਕਿ ਕਾਸ਼! ਸਾਡੇ ਮੁਲਕ ਵਿੱਚ ਵੀ ਝੂਠ ਬੋਲਣਾ ਤੇ ਝੂਠ ਕਹਿਣਾ ਗੁਨਾਹ ਹੋ ਜਾਵੇ।

ਸੰਪਰਕ: 98142-53315

Advertisement
×