ਸ਼ਬਦਾਂ ਦੀ ਭਾਵ ਜੁਗਤ
ਬੂਟਾ ਸਿੰਘ ਬਰਾੜ
ਭਾਸ਼ਾ ਮਨੁੱਖੀ ਮਨ ਦੇ ਪ੍ਰਗਟਾਵੇ ਦਾ ਬਹੁਤ ਹੀ ਸੂਖ਼ਮ ਮਾਧਿਅਮ ਹੈ। ਸਾਡੇ ਰੋਜ਼ਾਨਾ ਜੀਵਨ ਦੀ ਆਮ ਗੱਲਬਾਤ ਤੋਂ ਲੈ ਕੇ ਸਾਹਿਤਕ, ਦਾਰਸ਼ਨਿਕ ਅਤੇ ਵਿਗਿਆਨਕ ਵਿਚਾਰਾਂ ਦਾ ਸੰਚਾਰ ਭਾਸ਼ਾ ਆਸਰੇ ਹੀ ਹੁੰਦਾ ਹੈ।ਮਨੁੱਖੀ ਸੂਝ-ਸਮਝ ਦੇ ਪੱਧਰ ਮੁਤਾਬਕ ਇੱਕੋ ਹੀ ਵਿਚਾਰ ਜਾਂ ਭਾਵ ਨੂੰ ਕਈ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ। ਇਉਂ ਮਨੁੱਖੀ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਅਨੇਕਾਂ ਸ਼ਬਦ ਵੀ ਸਿਰਜੇ ਜਾਂਦੇ ਰਹਿੰਦੇ ਹਨ। ਕਿਸੇ ਵੀ ਮਨੁੱਖੀ ਭਾਈਚਾਰੇ ਦੀ ਸਭਿਆਚਾਰਕ ਉਸਾਰੀ ਵਿੱਚ ਭਾਸ਼ਾ ਕੇਂਦਰੀ ਥੰਮ੍ਹ ਹੁੰਦੀ ਹੈ ਅਤੇ ਇਸ ਭਾਸ਼ਾਈ ਥੰਮ੍ਹ ਦੀ ਉਸਾਰੀ ਸ਼ਬਦ ਰੂਪੀ ਇੱਟਾਂ ਨਾਲ ਹੁੰਦੀ ਹੈ। ਸ਼ਬਦ ਤਿੰਨ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ। ਇਸ ਵਿੱਚ ਧੁਨੀ ਅਤੇ ਅਰਥ ਜੈਵਿਕ ਰੂਪ ਵਿੱਚ ਸਮੋਏ ਹੋਏ ਹਨ। ਇਨ੍ਹਾਂ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ। ਸ਼ਬਦ ਦਾ ਚਿਹਨਕੀ ਵਰਤਾਰਾ ਵਿਚਾਰਾਂ ਅਤੇ ਮਨੋਭਾਵਾਂ ਦੀਆਂ ਗੁੰਝਲਾਂ ਨੂੰ ਹੱਲ ਕਰਦਾ ਹੈ। ਭਾਸ਼ਾ ਰੂਪੀ ਮਹਿਲ ਵਿੱਚ ਹਰੇਕ ਸ਼ਬਦ ਦੀ ਆਪਣੀ ਹੈਸੀਅਤ ਹੁੰਦੀ ਹੈ। ਸ਼ਬਦ ਹੀ ਭਾਸ਼ਾ ਦੇ ਮਾਧਿਅਮ ਰਾਹੀਂ ਮਨੁੱਖੀ ਸ਼ਖ਼ਸੀਅਤ ਨੂੰ ਉਭਾਰਦੇ ਹਨ।
ਭਾਸ਼ਾ ਵਿੱਚ ਹਰ ਸ਼ਬਦ ਦਾ ਆਪਣਾ ਮਹੱਤਵ ਹੁੰਦਾ ਹੈ। ਵਿਆਕਰਨ ਵਿੱਚ ਕੁਝ ਸ਼ਬਦ ਸ਼੍ਰੇਣੀਆਂ ਨੂੰ ਮਹਿਜ਼ ਵਿਆਕਰਨ ਮਹੱਤਵ ਵਾਲੀਆਂ ਹੀ ਤਸੱਵਰ ਕਰ ਲਿਆ ਜਾਂਦਾ ਹੈ। ਭਾਵ-ਜੁਗਤ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਹਰੇਕ ਸ਼ਬਦ ਹੀ ਮਨੁੱਖੀ ਜੀਵਨ ਦੀ ਮਾਨਸਿਕਤਾ ਨੂੰ ਪੇਸ਼ ਕਰਦਾ ਹੈ। ਹਰੇਕ ਸ਼ਬਦ ਸਮੁੱਚੇ ਵਾਕ ਦਾ ਭਾਵ ਬਦਲਣ ਦੀ ਸ਼ਕਤੀ ਰੱਖਦਾ ਹੈ। ਕਹਿੰਦੇ ਇੱਕ ਵਾਰ ਮਿਰਜ਼ਾ ਗ਼ਾਲਿਬ ਦਾ ਇੱਕ ਦੋਸਤ ਗਲੀ ਕਾਸਿਮ ਜਾਨ ਸਥਿਤ ਉਸ ਦੀ ਰਿਹਾਇਸ਼ਗਾਹ ਵਿਖੇ ਮਿਲਣ ਗਿਆ। ਘਰ ਦੇ ਬਾਹਰ ਪਿਆ ਕੂੜਾਦਾਨ ਅੰਬਾਂ ਦੀਆਂ ਗੁਠਲੀਆਂ ਤੇ ਛਿਲਕਿਆਂ ਨਾਲ ਨੱਕੋ-ਨੱਕ ਭਰਿਆ ਪਿਆ ਸੀ। ਇਤਫ਼ਾਕਵੱਸ, ਇੱਕ ਗਧਾ ਉੱਥੋਂ ਦੀ ਲੰਘਿਆ। ਗਧੇ ਨੇ ਅੰਬਾਂ ਦੀ ਉਸ ਰਹਿੰਦ-ਖੂੰਦ ਨੂੰ ਸੁੰਘਿਆ ਤੇ ਕੁਝ ਖਾਧੇ ਬਿਨਾਂ ਹੀ ਚਲਾ ਗਿਆ। ਗ਼ਾਲਿਬ ਦੇ ਮਿੱਤਰ ਨੇ ਕਿਹਾ, ‘‘ਗਾਲਿਬ ਸਾਹਿਬ, ਅੱਜਕੱਲ੍ਹ ਅੰਬ ਤਾਂ ਗਧੇ ਵੀ ਨਹੀਂ ਖਾਂਦੇ।’’ ਗ਼ਾਲਿਬ ਬੜਾ ਹਾਜ਼ਰ-ਜਵਾਬ ਸੀ। ਉਸ ਨੇ ਝੱਟ ਹੀ ਜਵਾਬ ਦਿੰਦਿਆਂ ਕਿਹਾ, ‘‘ਹਾਂ ਮੇਰੇ ਦੋਸਤ, ਸਿਰਫ਼ ਗਧੇ ਹੀ ਅੰਬ ਨਹੀਂ ਖਾਂਦੇ।’’ ਹੁਣ ਇਨ੍ਹਾਂ ਦੋਹਾਂ ਵਾਕਾਂ ਵਿੱਚ ‘ਵੀ’ ਅਤੇ ‘ਹੀ’ ਸ਼ਬਦਾਂ ਦੀ ਵਰਤੋਂ ਨਾਲ ਪੂਰੇ ਵਾਕ ਦੇ ਭਾਵ ਹੀ ਬਦਲ ਗਏ ਹਨ। ਵਿਆਕਰਨ ਵਿੱਚ ਅਜਿਹੇ ਸ਼ਬਦਾਂ ਨੂੰ ਦਬਾ-ਸੂਚਕ ਜਾਂ ਨਿਪਾਤ ਸ਼ਬਦ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਭਾਵ ਜਿਨ੍ਹਾਂ ਸ਼ਬਦਾਂ ਦਾ ਕੋਈ ਖ਼ਾਸ ਵਿਆਕਰਨਕ ਕਾਰਜ ਨਹੀਂ ਹੁੰਦਾ। ਪਰ ਦੇਖੋ ਅਰਥ ਪੱਖ ਤੋਂ ਇਨ੍ਹਾਂ ਸ਼ਬਦਾਂ ਦਾ ਕਿੰਨਾ ਮਹੱਤਵ ਹੈ।
ਇਸੇ ਤਰ੍ਹਾਂ ਸਹਿ-ਸੰਬੰਧਕ ਅਤੇ ਸ਼ਰਤਬੋਧਕ ‘ਜੇ’ ਜਾਂ ‘ਜੇ-ਤਾਂ’ ਸ਼ਬਦ, ਯੋਜਕ ਦੀ ਸ਼੍ਰੇਣੀ ਨਾਲ ਸੰਬੰਧਿਤ ਹਨ। ਇਨ੍ਹਾਂ ਦਾ ਵਿਆਕਰਨਕ ਕਾਰਜ ਵਾਕਾਂ, ਉਪਵਾਕਾਂ, ਵਾਕੰਸ਼ਾਂ ਨੂੰ ਜੋੜਨਾ ਹੈ, ਪਰ ਜੇ-ਯੋਜਕ ਸਿਰਫ਼ ਉਪਵਾਕਾਂ ਨੂੰ ਹੀ ਨਹੀਂ ਜੋੜਦਾ ਬਲਕਿ ਇਸ ਰਾਹੀਂ ਮਨੁੱਖੀ ਮਾਨਸਿਕਤਾ ਦੇ ਅਨੇਕਾਂ ਪਹਿਲੂ ਵੀ ਉਜਾਗਰ ਹੁੰਦੇ ਹਨ। ਬੰਦੇ ਦੀਆਂ ਆਸਾਂ, ਉਮੀਦਾਂ ਤੇ ਪਛਤਾਵਾ ਆਦਿ ਇਸ ਰਾਹੀਂ ਪ੍ਰਗਟ ਹੁੰਦੇ ਹਨ। ਪੰਜਾਬੀ ਸਾਹਿਤ ਦੇ ਪਹਿਲੇ ਸਾਹਿਤਕਾਰ ਸ਼ੇਖ਼ ਫ਼ਰੀਦ ਦੀ ਬਾਣੀ ਵਿੱਚ ‘ਜੇ’ ਸ਼ਬਦ ਦਾ ਪ੍ਰਗਟਾਵਾ ਬਾਈ ਵਾਰ ਕਈ ਸੰਦਰਭਾਂ ਵਿੱਚ ਹੋਇਆ ਹੈ। ਮਿਸਾਲ ਵਜੋਂ:
ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ।।
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ।।
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ।।
ਫਰੀਦਾ ਥੀਉ ਪਵਾਹੀ ਦਭੁ।। ਜੇ ਸਾਈਂ ਲੋੜਹਿ ਸਭੁ।।
ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ।।
ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ।।
ਉਕਤ ਪ੍ਰਸੰਗਾਂ ਵਿੱਚ ‘ਜੇ’ ਦੀ ਵਰਤੋਂ ਨਾਲ ਪੂਰੀ ਸਤਰ ਦੀ ਕੈਫ਼ੀਅਤ ਹੀ ਬਦਲ ਜਾਂਦੀ ਹੈ। ਪਾਠਕ-ਮਨ ਅੰਦਰ ਇੱਕ ਅਕੱਥ ਜਿਹਾ ਤੌਖ਼ਲਾ, ਪਛਤਾਵਾ ਅਤੇ ਵਿਆਪਕ ਦਵੰਦ ਪੈਦਾ ਹੋ ਜਾਂਦਾ ਹੈ। ਇਉਂ ‘ਜੇ’ ਦੀ ਵਰਤੋਂ ਨਾਲ ਬਾਬਾ ਫਰੀਦ ਨੇ ਆਪਣੀ ਵਿਸ਼ੇਸ਼ ਭਾਵਨਾ ਨੂੰ ਹੀ ਰੂਪਮਾਨ ਨਹੀਂ ਕੀਤਾ ਬਲਕਿ ਇੱਕ ਵਿਸ਼ਵ ਦਰਸ਼ਨ ਦੀ ਸੰਭਾਵਨਾ ਨੂੰ ਵੀ ਉਜਾਗਰ ਕਰ ਦਿੱਤਾ ਹੈ।
ਅਸਲ ਵਿੱਚ, ਮਨੁੱਖ ਆਪਣੇ ਸਮਾਜਿਕ ਜੀਵਨ ਵਿੱਚ ਕਈ ਤਰ੍ਹਾਂ ਦੇ ਫ਼ੈਸਲੇ ਲੈਂਦਾ ਹੈ। ਕਈ ਵਾਰੀ ਉਹ ਚਾਹੁੰਦਾ ਕੁਝ ਹੋਰ ਹੁੰਦਾ ਹੈ ਪਰ ਹੋ ਕੁਝ ਹੋਰ ਹੀ ਜਾਂਦਾ ਹੈ। ਉਸ ਨੂੰ ਜਾਪਦਾ ਹੈ ਕਿ ਇਸ ਨਾਲੋਂ ਤਾਂ ਵਧੀਆ ਫ਼ੈਸਲਾ ਹੋਰ ਕੋਈ ਹੋ ਹੀ ਨਹੀਂ ਸਕਦਾ। ਪਰ ਜਦ ਉਸ ਦਾ ਫ਼ੈਸਲਾ ਗ਼ਲਤ ਸਾਬਤ ਹੋ ਜਾਂਦਾ ਹੈ ਤਾਂ ਆਪਣੇ ਦੋਸ਼ ਦਾ ਪ੍ਰਗਟਾਵਾ ‘ਜੇ’ ਨਾਲ ਕਰਦਾ ਹੈ। ਅਕਸਰ ਮਨੁੱਖ ਆਪਣੀਆਂ ਗ਼ਲਤੀਆਂ ਦਾ ਪਛਤਾਵਾ ਇਸ ‘ਜੇ’ ਨਾਲ ਕਰਦਾ ਹੈ। ਜਿਵੇਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਦੇ ਸਮੇਂ ਦੌਰਾਨ ਆਵਾਰਾਗਰਦੀ ਕਰਦਿਆਂ ਜਾਂ ਗ਼ਲਤ ਸੰਗਤ ਵਿੱਚ ਪੈ ਜਾਣ ਕਾਰਨ ਪੜ੍ਹ ਨਹੀਂ ਸਕੇ ਤਾਂ ਬਾਅਦ ਵਿੱਚ ਕਹਿੰਦੇ ਹਨ: ਜੇ ਮੈਂ ਪੜ੍ਹ ਲੈਂਦਾ ਤਾਂ ਅੱਜ ਮੈਂ ਦਰ ਦਰ ਦੀਆਂ ਠੋਕਰਾਂ ਨਾ ਖਾਂਦਾ। ਜੇ ਮੈਂ ਮਿਹਨਤ ਕਰ ਲੈਂਦਾ ਤਾਂ ਅੱਜ ਮੈਂ ਕੁਝ ਬਣਿਆ ਹੁੰਦਾ। ਇਸੇ ਤਰ੍ਹਾਂ ਵਪਾਰੀ ਬਿਰਤੀ ਦੇ ਲੋਕ ਕਹਿਣਗੇ: ਜੇ ਮੈਂ ਸਹੀ ਸਮੇਂ ’ਤੇ ਸ਼ਹਿਰੀ ਜਾਇਦਾਦ ਖ਼ਰੀਦੀ ਹੁੰਦੀ ਤਾਂ ਅੱਜ ਵੱਡੀ ਕਮਾਈ ਹੋ ਜਾਣੀ ਸੀ।
ਇਸ ਤਰ੍ਹਾਂ ਦੇ ਅਨੇਕਾਂ ਪਛਤਾਵੇ ਇਸ ‘ਜੇ’ ਨਾਲ ਕੀਤੇ ਜਾਂਦੇ ਹਨ। ਯੋਜਕ ‘ਜੇ’ ਦੀ ਵਰਤੋਂ ਨਸੀਹਤ ਦੇਣ ਲਈ ਵੀ ਕੀਤੀ ਜਾਂਦੀ ਹੈ। ਮਸਲਨ ਅਕਸਰ ਅਧਿਆਪਕ ਵਿਦਿਆਰਥੀਆਂ ਨੂੰ ਕਹਿੰਦੇ ਹਨ: ਬੱਚਿਓ ਜੇ ਚੰਗੇ ਨੰਬਰ ਲੈ ਕੇ ਪਾਸ ਹੋਣਾ ਹੈ ਤਾਂ ਦੱਬ ਕੇ ਮਿਹਨਤ ਕਰੋ, ਮਨ ਲਾ ਕੇ ਪੜ੍ਹਾਈ ਕਰੋ। ਡਾਕਟਰ ਅਕਸਰ ਆਪਣੇ ਮਰੀਜ਼ ਨੂੰ ਕਹਿੰਦਾ ਹੈ: ਜੇ ਲੰਮੀ ਉਮਰ ਭੋਗਣੀ ਹੈ ਤਾਂ ਰੋਜ਼ਾਨਾ ਸੈਰ ਕਰੋ; ਕਸਰਤ ਕਰੋ ਆਦਿ। ਇਸੇ ਤਰ੍ਹਾਂ ਕਿਹਾ ਜਾਂਦਾ ਹੈ: ਜੇ ਪਾਣੀ ਦੋ ਵਰਤੋਂ ਸੰਜਮ ਨਾਲ ਕਰੋਗੇ ਤਾਂ ਧਰਤੀ ਉੱਤੇ ਮਨੁੱਖੀ ਜੀਵਨ ਸੁਰੱਖਿਅਤ ਰਹੇਗਾ।
ਦਰਅਸਲ, ਮਨੁੱਖ ਦੀਆਂ ਖ਼ਾਹਿਸ਼ਾਂ, ਚਾਹਤਾਂ ਦਾ ਕੋਈ ਅੰਤ ਨਹੀਂ ਹੈ। ਮਨੁੱਖ ਹਮੇਸ਼ਾ ਕਲਪਨਾਵਾਂ ਕਰਦਾ ਰਹਿੰਦਾ ਹੈ ਪਰ ਬਹੁਤੀ ਵਾਰ ਉਸ ਦੀਆਂ ਇੱਛਾਵਾਂ ਸੁਪਨੇ ਹੀ ਬਣ ਕੇ ਰਹਿ ਜਾਂਦੀਆਂ ਹਨ। ਅਸਲ ਵਿੱਚ ਵੱਡੇ ਸੁਪਨੇ ਵੇਖਣਾ ਵੀ ਕੋਈ ਅਕਲਮੰਦੀ ਨਹੀਂ ਹੈ। ਪੰਜਾਬੀ ਦੇ ਇਸ ਅਖਾਣ ਮੁਤਾਬਿਕ ਕਿ ‘ਬੰਦੇ ਨੂੰ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ’ ਦਾ ਵੀ ਇਹੋ ਅਰਥ ਹੈ ਕਿ ਆਪਣੀ ਸਮਰੱਥਾ ਮੁਤਾਬਿਕ ਹੀ ਖ਼ਿਆਲਾਂ ਦੇ ਪੁਲਾਓ ਬਣਾਓ। ਏਨੀ ਵੱਡੀ ਛਾਲ ਨਾ ਮਾਰੋ ਕਿ ਤੁਹਾਡੀ ਹੱਡੀ-ਪਸਲੀ ਹੀ ਟੁੱਟ ਜਾਵੇ। ਆਪਣੀ ਸਮਰੱਥਾ ਮੁਤਾਬਿਕ ਹੀ ਸੁਪਨੇ ਲਓ। ਹਾਂ, ਏਨਾ ਜ਼ਰੂਰ ਹੈ ਕਿ ਕਿਸੇ ਵੀ ਕੰਮ ਲਈ ਪਹਿਲਾਂ ਯੋਜਨਾ ਬਣਾਓ ਅਤੇ ਫਿਰ ਉਸ ਉੱਤੇ ਮਿਹਨਤ ਤੇ ਲਗਨ ਨਾਲ ਕੰਮ ਕਰੋ ਤਾਂ ਇੱਕ ਦਿਨ ਸਫਲਤਾ ਜ਼ਰੂਰ ਹਾਸਲ ਹੋਵੇਗੀ। ਵੈਸੇ ਵੀ ਵਿਹਲਾ ਮਨੁੱਖ ਨਿਕੰਮਾ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਦਾ ਬਚਨ ਹੈ: ਕਿਰਤ ਕਰੋ ਵੰਡ ਛਕੋ।
ਬੀਤ ਚੁੱਕੇ ਵੇਲੇ ਬਾਰੇ ਸੋਚ ਕੇ ਪਛਤਾਵਾ ਹੀ ਕਰਦੇ ਰਹਿਣ ਨਾਲ ਵੀ ਕੁਝ ਹੱਥ ਪੱਲੇ ਨਹੀਂ ਪੈਂਦਾ ਜਾਂ ਵਿਹਾਰਕ ਰੂਪ ਵਿੱਚ ਕਰੋ ਕੁਝ ਨਾ, ਬਸ ਐਵੇਂ ਵਿਉਂਤਾਂ ਹੀ ਬਣਾਈ ਜਾਵੋ ਤਾਂ ਵੀ ਸਮੇਂ ਦੀ ਬਰਬਾਦੀ ਹੈ। ਜੋ ਸੋਚੋ ਉਸ ’ਤੇ ਅਮਲ ਕਰੋ। ਸੰਤ ਕਬੀਰ ਦਾ ਬਚਨ ਹੈ:
ਕਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ।
ਪਲ ਮੈਂ ਪ੍ਰਲਯ ਹੋਏਗੀ, ਬਹੁਰਿ ਕਰੇਗਾ ਕਬ।
ਭਾਵ ਅੱਜ ਦਾ ਕੰਮ ਕੱਲ੍ਹ ’ਤੇ ਨਾ ਛੱਡੋ।
ਇਸ ਲਈ ਸ਼ਬਦਾਂ ਦੀ ਵਰਤੋਂ ਸਿਰਫ਼ ਵਿਆਕਰਨਕ ਸੰਬੰਧਾਂ ਦੇ ਪ੍ਰਗਟਾਵੇ ਹਿੱਤ ਹੀ ਨਹੀਂ ਕੀਤੀ ਜਾਂਦੀ ਬਲਕਿ ਹਰ ਸ਼ਬਦ ਵਰਗ ਦਾ ਆਪਣਾ ਦਰਸ਼ਨ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਮਨੁੱਖ ਦੇ ਨਿੱਤ ਦੇ ਕੰਮਾਂ-ਧੰਦਿਆਂ ਅਤੇ ਸੋਚਾਂ, ਸਿੱਖਿਆਵਾਂ, ਸੁਪਨਿਆਂ ਆਦਿ ਅਨੇਕਾਂ ਸੰਦਰਭਾਂ ਵਿੱਚ ਕੀਤੀ ਜਾਂਦੀ ਹੈ। ਸ਼ਬਦ-ਰੂਪ ਮਨੁੱਖੀ ਮਨ ਦਾ ਦਰਪਣ ਹੁੰਦੇ ਹਨ ਅਤੇ ਹਰੇਕ ਸ਼ਬਦ-ਵਰਗ ਦਾ ਮਨੁੱਖੀ ਜੀਵਨ ਵਿੱਚ ਬੜਾ ਮਹੱਤਵ ਹੁੰਦਾ ਹੈ। ਪੰਚਤੰਤਰ ਵਿੱਚ ਲਿਖਿਆ ਹੈ: ਅਜਿਹਾ ਕੋਈ ਅੱਖਰ ਨਹੀਂ, ਜੋ ਮੰਤਰ ਨਾ ਹੋਵੇ ਭਾਵ ਹਰੇਕ ਅੱਖਰ/ਸ਼ਬਦ ਮੰਤਰ ਹੈ। ਇਸ ਦੇ ਬਾਵਜੂਦ ਅਜੋਕਾ ਮਨੁੱਖ ਸ਼ਬਦ ਦੇ ਇਸ ਦਾਰਸ਼ਨਿਕ ਮਾਨਵੀ ਪੱਖ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਦੋਂਕਿ ਮਨੁੱਖੀ ਜੀਵਨ ਦਾ ਸੁਹਜ, ਚੱਜ-ਆਚਾਰ ਅਤੇ ਸੋਚ ਉਡਾਰੀ ਆਦਿ ਅਨੇਕਾਂ ਅਹਿਸਾਸਾਂ ਦਾ ਰਹੱਸ ਸ਼ਬਦ ਦੀ ਭਾਵ-ਜੁਗਤ ਵਿੱਚ ਹੀ ਲੁਕਿਆ ਹੈ।