DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਾਲਾਬੰਦੀ

ਵਿਅੰਗ
  • fb
  • twitter
  • whatsapp
  • whatsapp
featured-img featured-img
Door chain
Advertisement

ਇੰਦਰ ਸਿੰਘ ਮਾਨ

ਮੈਂ ਦਫ਼ਤਰ ਤੋਂ ਆ ਕੇ, ਮੂੰਹ-ਹੱਥ ਧੋ, ਕੱਪੜੇ ਬਦਲ ਕੇ ਆਪਣੀ ਪਤਨੀ ਨਾਲ ਚਾਹ ਪੀਂਦਾ ਹਾਂ। ਕੁਝ ਆਪਣੀਆਂ ਦਿਨ ਭਰ ਦੀਆਂ ਤੇ ਕੁਝ ਪਤਨੀ ਦੀਆਂ ਦਿਨ ਭਰ ਦੀਆਂ ਸੁਣਦਿਆਂ ਸੁਣਾਉਂਦਿਆਂ ਗ੍ਰਹਿਸਥੀ ਜੀਵਨ ਦਾ ਆਨੰਦ ਮਾਣਦਾ ਹਾਂ। ਦੋਵਾਂ ਬੱਚਿਆਂ ਦੀਆਂ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲੈਂਦਾ ਹੋਇਆ ਕੁਝ ਸਮਾਂ ਉਨ੍ਹਾਂ ਨਾਲ ਵੀ ਹੱਸ ਖੇਡ ਲੈਂਦਾ ਹਾਂ। ਲਗਪਗ ਦੋ ਘੰਟਿਆਂ ਬਾਅਦ ਹਲਕੇ ਫੁਲਕੇ ਮੂਡ ਵਿੱਚ ਦੋਸਤਾਂ ਨੂੰ ਮਿਲਣ ਚਲਾ ਜਾਂਦਾ ਹਾ। ਜਿੱਥੇ ਗੱਪ-ਸ਼ੱਪ ਦੇ ਨਾਲ ਥੋੜ੍ਹਾ ਬਹੁਤ ਪੈੱਗ ਪਿਆਲਾ ਵੀ ਹੋ ਜਾਂਦਾ ਹੈ।

Advertisement

ਅੱਜ ਵੀ ਰੋਜ਼ ਦੀ ਰੁਟੀਨ ਪੂਰੀ ਕਰਕੇ ਜਦੋਂ ਮੈਂ ਦਰਵਾਜ਼ੇ ਦੇ ਕੋਲ ਪਹੁੰਚਿਆ ਤਾਂ ਦਰਵਾਜ਼ੇ ਨੂੰ ਅੰਦਰੋਂ ਜਿੰਦਰਾ ਲੱਗਾ ਵੇਖ ਕੇ ਮੈਂ ਤ੍ਰਹਿ ਗਿਆ। ਮੈਂ ਮੱਥੇ ’ਤੇ ਹੱਥ ਮਾਰਦਿਆਂ ਸੋਚਣ ਲੱਗਾ, ਇਹ ਕਿਸ ਦਾ ਕੰਮ ਹੋ ਸਕਦਾ ਹੈ। ਕਿਤੇ ਕੋਈ ਬਾਹਰੋਂ ਆ ਕੇ ਅੰਦਰ ਹੀ ਨਾ ਸ਼ਹਿ ਲਾ ਕੇ ਬਹਿ ਗਿਆ ਹੋਵੇ। ਹੁਣੇ ਜਾਹ ਜਾਂਦੀ ਹੋ ਜੇ। ਮੈਂ ਘਬਰਾਹਟ ਵਿੱਚ ਆਪਣੀ ਪਤਨੀ ਨੂੰ ਆਵਾਜ਼ ਮਾਰੀ। ਮੇਰੀ ਆਵਾਜ਼ ਭਰੜਾ ਰਹੀ ਸੀ। ਮੇਰਾ ਸਰੀਰ ਕੰਬ ਰਿਹਾ ਸੀ। ਮੇਰੀਆਂ ਅੱਖਾਂ ਅੱਗੇ ਭੰਬੂ ਤਾਰੇ ਨੱਚ ਰਹੇ ਸਨ। ਕਿਉਂਕਿ ਅੱਧੀ ਉਮਰ ਬੀਤ ਚੱਲੀ ਸੀ ਪਰ ਇੰਜ ਕਦੇ ਵੀ ਨਹੀਂ ਹੋਇਆ।

ਆਵਾਜ਼ ਸੁਣ ਕੇ ਆਉਂਦੀ ਪਤਨੀ ਨੇ ਪੁੱਛਿਆ, ‘‘ਜੀ, ਕੀ ਹੋ ਗਿਆ ਹੈ, ਇੰਨੇ ਘਬਰਾਏ ਹੋਏ ਕਿਉਂ ਹੋ?’’

ਮੈਂ ਹੱਥ ਨਾਲ ਇਸ਼ਾਰਾ ਕਰਦਿਆਂ ਬੂਹੇ ਨੂੰ ਵੱਜੇ ਜਿੰਦਰੇ ਬਾਰੇ ਦੱਸਿਆ। ‘‘ਓ ਹੋ, ਜਿੰਦਰਾ ਹੀ ਵੱਜਾ ਹੈ। ਕੀ ਹੋ ਗਿਆ ਤੁਹਾਨੂੰ? ਮੈਂ ਮਾਰਿਆ ਹੈ ਜਿੰਦਰਾ। ਤਾਲਾਬੰਦੀ ਕੀਤੀ ਹੈ ਤੁਹਾਡੀ।’’ ਮੇਰੀ ਪਤਨੀ ਦੇ ਹੱਥ ਉਸ ਦੇ ਲੱਕ ’ਤੇ ਆ ਗਏ।

ਮੈਂ ਲੰਮਾ ਸਾਹ ਖਿੱਚਦਿਆਂ ਆਪਣੇ ਆਪ ਨੂੰ ਥਾਂ ਸਿਰ ਕੀਤਾ। ਜਦੋਂ ਮੇਰੇ ਸਾਹ ਨਾਲ ਸਾਹ ਰਲੇ ਤਾਂ ਮੈਂ ਪਤਨੀ ਨੂੰ ਪੁੱਛਿਆ, ‘‘ਭਾਗਵਾਨੇ, ਇਹ ਕੀ ਸੁੱਝਿਆ ਤੈਨੂੰ, ਕਾਹਦੀ ਤਾਲਾਬੰਦੀ, ਕੁਝ ਦੱਸ ਤਾਂ ਸਹੀਂ।’’

‘‘ਤੁਹਾਨੂੰ ਪਤਾ ਈ ਐ, ਕਿੰਨੀਆਂ ਖ਼ੌਫਨਾਕ ਖ਼ਬਰਾਂ ਆ ਰਹੀਆਂ ਨੇ, ਰੋਜ਼ ਹੀ ਨੌਜਵਾਨ ਨਸ਼ੇ ਨਾਲ ਮਰ ਰਹੇ ਨੇ। ਤੁਸੀਂ ਹੋ ਕੇ ਸਾਫ਼ਾ ਲਪੇਟ ਕੇ ਰੋਜ਼ ਹੀ ਤੁਰ ਪੈਂਦੇ ਹੋ ਦਾਰੂ ਪੀਣ।’’ ਮੇਰੀ ਪਤਨੀ ਗੁੱਸੇ ਨਾਲ ਭਰੀ ਪਈ ਸੀ।

‘‘ਓ ਭਾਗਵਾਨੇ, ਉਹ ਸ਼ਰਾਬ ਨਾਲ ਨਹੀਂ ਮਰ ਰਹੇ। ਇੱਕ ਅੱਧਾ ਪੈੱਗ ਤਾਂ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਕੁੰਜੀ ਲਿਆ ਤੇ ਜਿੰਦਰਾ ਖੋਲ੍ਹ। ਮੇਰੇ ਯਾਰ ਉਡੀਕਦੇ ਹੋਣੇ ਨੇ।’’ ਮੈਂ ਦਲੀਲ ਦਿੰਦਿਆਂ ਆਪਣੀ ਗੱਲ ਪੂਰੀ ਕੀਤੀ।

‘‘ਵਾਹ ਕਿਆ ਬਾਤ ਹੈ ਸਾਬ੍ਹਾਂ ਦੀ। ਤੁਸੀਂ ਮੈਨੂੰ ਕਮਲੀ ਸਮਝਦੇ ਹੋ। ਨਸ਼ਾ ਕੋਈ ਵੀ ਹੈ, ਉਹਨੇ ਸਿਹਤ ਖ਼ਰਾਬ ਕਰਨੀ ਹੀ ਐ। ਨਸ਼ੇ ਨੇ ਕੁਝ ਨਹੀਂ ਵੇਖਣਾ ਨਾ ਉਮਰ, ਨਾ ਮਾਂ-ਪਿਓ, ਨਾ ਭੈਣ-ਭਰਾ, ਨਾ ਬੱਚੇ, ਨਾ ਘਰਦੀ। ਹੁਣ ਤਾਂ ਨਸ਼ਾ ਵੀ ਮਿਲਾਵਟ ਵਾਲਾ ਮਿਲਦਾ ਹੈ। ਮੁਨਾਫ਼ੇ ਦੀ ਦੌੜ ਲੱਗੀ ਹੈ। ਚਲੋ ਅੰਦਰ ਬੈਠੋ।’’ ਮੇਰੀ ਪਤਨੀ ਨੇ ਗੱਲ ਮੁਕਾਉਂਦਿਆਂ ਕਿਹਾ।

‘‘ਭਾਗਵਾਨੇ, ਅਸੀਂ ਤਾਂ ਠੇਕੇ ਤੋਂ ਸ਼ਰਾਬ ਲੈਂਦੇ ਹਾਂ, ਸਾਫ਼-ਸੁਥਰੀ, ਬਸ ਗੱਪ-ਸ਼ੱਪ ਲਾਉਣ ਲਈ। ਇਸੇ ਬਹਾਨੇ ਹੱਸ ਖੇਡ ਲਈਦੈ। ਦਫ਼ਤਰ ਦੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਈਦਾ ਹੈ। ਘਰ ਆ ਕੇ ਚੱਜ ਨਾਲ ਰੋਟੀ ਖਾਧੀ ਜਾਂਦੀ ਹੈ। ਤੈਨੂੰ ਖ਼ੁਸ਼ ਬੰਦਾ ਪਸੰਦ ਨਹੀਂ?’’ ਮੈਂ ਫਿਰ ਦਲੀਲ ਦਾ ਤੀਰ ਛੱਡਿਆ।

‘‘ਸਭ ਕੁਝ ਪਸੰਦ ਹੈ ਤੁਹਾਡਾ। ਪਰ ਇਹ ਜਿਹੜੀ ਹਨੇਰੀ ਚੱਲੀ ਐ, ਪਤੈ ਇਸ ਹਨੇਰੀ ਵਿੱਚ ਕਿੰਨੇ ਘਰ ਉੱਜੜ ਗਏ ਨੇ। ਘਰ ਉਜਾੜਨ ਵਾਲੇ ਨਸ਼ਿਆਂ ਵਿੱਚ ਕੀ ਕੁਝ ਮਿਲਾਈ ਜਾਂਦੇ ਨੇ, ਕੁਝ ਪਤਾ ਵੀ ਐ!’’ ਮੇਰੀ ਪਤਨੀ ਦਾ ਪਾਰਾ ਥੱਲੇ ਹੀ ਨਹੀਂ ਸੀ ਆ ਰਿਹਾ।

‘‘ਹਾਂ, ਮੈਂ ਪੜ੍ਹਿਐ, ਤੂੰ ਚਾਬੀ ਲਿਆ। ਸ਼ਰਾਬ ਵਿੱਚ ਅਸੀਂ ਸਿਰਫ਼ ਪਾਣੀ ਜਾਂ ਸੋਡਾ ਹੀ ਮਿਲਾਉਂਦੇ ਹਾਂ। ਉਸ ਵਿੱਚ ਹੋਰ ਕੋਈ ਮਿਲਾਵਟ ਨਹੀਂ ਹੁੰਦੀ।’’ ਮੈਂ ਫਿਰ ਆਪਣੇ ਵੱਲੋਂ ਵਧੀਆ ਦਲੀਲ ਦਿੱਤੀ।

‘‘ਮੈਂ ਜਿੰਦਰਾ ਖੋਲ੍ਹਣ ਵਾਸਤੇ ਨਹੀਂ ਮਾਰਿਆ। ਅੱਜ ਦੀ ਅਖ਼ਬਾਰ ਵੇਖੋ। ਬੈਟਰੀਆਂ ਵਿੱਚੋਂ ਨਿਕਲਣ ਵਾਲਾ ਸਫੈਦ ਪਾੂਡਰ, ਬਰਾਊਨ ਸ਼ੂਗਰ, ਨੀਲਾ ਥੋਥਾ, ਕੋਬਰਾ ਸੱਪ ਸਾੜ ਕੇ ਉਸ ਦੀ ਸੁਆਹ, ਕਿਰਲੀਆਂ ਨੂੰ ਭੁੰਨ ਕੇ ਖਾਣਾ ਤੇ ਹਾਥੀ ਨੂੰ ਬੇਹੋਸ਼ ਕਰਨ ਵਾਲਾ ਟੀਕਾ ਵਰਤਿਆ ਜਾ ਰਿਹੈ। ਮਰ ਜਾਣ ਇਨ੍ਹਾਂ ਦੇ... ਇਹ ਤਾਂ ਨਿਰੀ ਮੌਤ ਹੈ। ਮੈਂ ਅਜੇ ਵਿਧਵਾ ਨਹੀਂ ਹੋਣਾ। ਚਲੋ ਅੰਦਰ ਜਾ ਕੇ ਬੈਠੋ।’’ ਮੇਰੀ ਪਤਨੀ ਨੇ ਆਪਣਾ ਅੰਦਰਲਾ ਗੁਬਾਰ ਕੱਢਦਿਆਂ ਕਿਹਾ।

‘‘ਭਾਗਵਾਨੇ, ਤੇਰੀ ਸਮਝ ਵਿੱਚ ਕਿਉਂ ਨਹੀਂ ਆਉਂਦਾ, ਸਾਰੇ ਨਸ਼ੇ ਇੱਕੋ ਜਿਹੇ ਨਹੀਂ ਹੁੰਦੇ।’’ ਮੈਂ ਆਖ਼ਰੀ ਤਰਲਾ ਮਾਰਿਆ।

‘‘ਐਵੇਂ ਬੁੱਧੂ ਨਾ ਬਣਾਓ, ਹਰ ਨਸ਼ਾ ਸਿਹਤ ਨੂੰ ਖ਼ਰਾਬ ਕਰਦੈ। ਦਾਰੂ ਵਾਲੀ ਬੋਤਲ ’ਤੇ ਵੀ ਲਿਖਿਆ ਹੁੰਦਾ ਐ ‘ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ।’ ਮਿਲਾਵਟ ਤੁਹਾਨੂੰ ਪੁੱਛ ਕੇ ਨਹੀਂ ਕਰਨੀ ਕਿਸੇ ਨੇ। ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੇ ਘੋਗਾ ਚਿੱਤ ਹੋ ਜਾਣੈ।’’ ਪਤਨੀ ਨੇ ਆਖ਼ਰੀ ਫ਼ੈਸਲਾ ਸੁਣਾਉਣ ਵਾਂਗ ਚਿਹਰੇ ਦੇ ਹਾਵ ਭਾਵ ਬਦਲਦਿਆਂ ਕਿਹਾ।

ਪਤਨੀ ਦੇ ਸਾਹਮਣੇ ਮੇਰੀ ਦੋਸਤਾਂ ਨੂੰ ਫੋਨ ਕਰਨ ਦੀ ਹਿੰਮਤ ਨਹੀਂ ਸੀ ਹੋ ਰਹੀ। ਪਰ ਮੈਨੂੰ ਗੁੱਸਾ ਇਸ ਗੱਲ ਦਾ ਆ ਰਿਹਾ ਸੀ ਕਿ ਸੱਜਣਾਂ ਵੱਲੋਂ ਵੀ ਕੋਈ ਫੋਨ ਨਹੀਂ ਆ ਰਿਹਾ ਸੀ। ਫੋਨ ਆਉਣ ’ਤੇ ਸ਼ਾਇਦ ਮੇਰੀ ਪਤਨੀ ਜਿੰਦਰਾ ਖੋਲ੍ਹ ਹੀ ਦੇਵੇ।

ਮੈਂ ਗਿਣਤੀਆਂ ਮਿਣਤੀਆਂ ਵਿੱਚ ਪਿਆ ਨਸ਼ਿਆਂ ਦੀ ਵਗਦੀ ਹਨੇਰੀ ਨੂੰ ਕੋਸਣ ਲੱਗ ਪਿਆ।

ਪਤਨੀ ਬੋਲੀ, ‘‘ਆਓ ਅੰਦਰ ਆ ਜੋ। ਰਲ ਕੇ ਗੰਢੇ ਚੀਰਦੇ ਹਾਂ। ਵਧੀਆ, ਸਵਾਦ ਸਬਜ਼ੀ ਬਣਾਉਂਦੇ ਹਾਂ। ਅੱਜ ਮੈਂ ਫੁਲਕੇ ਫੁਲਾ ਕੇ ਲਾਹੂੰਗੀ। ਮੇਰੇ ਲਾਗੇ ਬਹਿ ਕੇ ਰੋਟੀ ਖਾਇਓ।’’ ਪਤਨੀ ਅੰਦਰ ਵੱਲ ਜਾਂਦੀ ਬੋਲੀ।

ਮੈਂ ਤਾਲਾਬੰਦੀ ਤੋਂ ਦੁਖੀ ਹੋਇਆ ਆਪਣੀ ਪਤਨੀ ਦੇ ਨਵੇਂ ਰੂਪ ਦੇ ਪਿੱਛੇ-ਪਿੱਛੇ ਤੁਰ ਪਿਆ। ਕਾਸ਼ ਮਾਂ-ਪਿਓ ਵੀ ਜਵਾਨ ਬੱਚਿਆਂ ਦੀ ਤਾਲਾਬੰਦੀ ਕਰ ਕੇ ਉਨ੍ਹਾਂ ਨੂੰ ਵੀ ਆਪਣੇ ਪਿੱਛੇ ਤੋਰ ਲੈਣ। ਫਿਰ ਕਿਸੇ ਨੂੰ ਦੁਹੱਥੜਾਂ ਨਾਲ ਨਾ ਪਿੱਟਣਾ ਪਵੇ।

ਸੰਪਰਕ: 94172-79351

Advertisement
×