DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

1965 ਦੀ ਜੰਗ ਦਾ ਨਾਇਕ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ

1965 ਦੀ ਭਾਰਤ-ਪਾਕਿਸਤਾਨ ਜੰਗ 5 ਅਗਸਤ ਤੋਂ ਸ਼ੁਰੂ ਹੋ ਕੇ 23 ਸਤੰਬਰ ਤੱਕ ਚੱਲੀ। ਉਸ ਵੇਲੇ ਹਰਬਖਸ਼ ਸਿੰਘ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਸਨ, ਜਿਸ ਦਾ ਤਕਨੀਕੀ ਹੈੱਡਕੁਆਟਰ ਅੰਬਾਲੇ ਸੀ। ਪਾਕਿਸਤਾਨ ਨੇ ਸੋਚ ਸਮਝ ਕੇ ਅਖਨੂਰ ਸੈਕਟਰ ’ਤੇ ਹਮਲਾ ਕੀਤਾ ਸੀ ਕਿਉਂਕਿ ਭਾਰਤ ਵਾਲੇ ਪਾਸਿਉਂ ਉਸ ਦਾ ਉੱਥੇ ਸਾਹਮਣਾ ਕਰਨਾ ਔਖਾ ਸੀ। ਇਸ ਲਈ ਜਨਰਲ ਹਰਬਖਸ਼ ਸਿੰਘ ਨੂੰ ਭਾਰਤ ਦੇ ਤਤਕਾਲੀ ਫ਼ੌਜ ਮੁਖੀ ਨੇ ਅਖਨੂਰ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਇਸ ਹਮਲੇ ਨੂੰ ਰੋਕਣ ਲਈ ਉਨ੍ਹਾਂ ਨੂੰ ਸਰਕਾਰ ਤੋਂ ਪੰਜਾਬ ਰਾਹੀਂ ਲਾਹੌਰ ’ਤੇ ਹਮਲਾ ਕਰਨ ਦੀ ਇਜਾਜ਼ਤ ਲੈਣ।

  • fb
  • twitter
  • whatsapp
  • whatsapp
Advertisement

ਤੇਈ ਸਤੰਬਰ ਦੇ ਦਿਨ ਭਾਰਤ ਪਾਕਿਸਤਾਨ ਦਰਮਿਆਨ 1965 ਵਿੱਚ ਇੱਕ ਮਹੀਨਾ, ਦੋ ਹਫ਼ਤੇ ਅਤੇ ਚਾਰ ਦਿਨ ਚੱਲੀ ਜੰਗ ਦੀ ਜੰਗਬੰਦੀ ਦਾ ਐਲਾਨ ਹੋਇਆ ਸੀ। ਜੇ 1965 ਦੀ ਪਾਕਿਸਤਾਨ ਨਾਲ ਜੰਗ ਵੇਲੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਸ. ਹਰਬਖਸ਼ ਸਿੰਘ ਨਾ ਹੁੰਦੇ ਤਾਂ ਸਰਹੱਦ ਵਾਹਗੇ ਦੀ ਥਾਂ ਬਿਆਸ ਦਰਿਆ ’ਤੇ ਹੋਣੀ ਸੀ ਅਤੇ ਸਿੱਖਾਂ ਦੀ ਅਰਦਾਸ ਵਿੱਚ ਵਿੱਛੜ ਗਏ ਧਾਰਮਿਕ ਸਥਾਨਾਂ ਵਿੱਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵੀ ਸ਼ਾਮਲ ਹੋ ਜਾਣਾ ਸੀ।

ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦਾ ਜਨਮ 1 ਅਕਤੂਬਰ 1913 ਨੂੰ ਸੰਗਰੂਰ ਜ਼ਿਲ੍ਹੇ ਵਿੱਚ ਵਸਦੇ ਪਿੰਡ ਬਡਰੁੱਖਾਂ ਵਿੱਚ ਹੋਇਆ। ਉਨ੍ਹਾਂ ਨੂੰ ਸੰਨ 1965 ਦੀ ਭਾਰਤ- ਪਾਕਿਸਤਾਨ ਜੰਗ ਵਿੱਚ ਨਿਡਰ ਅਤੇ ਫੈਸਲਾਕੁੰਨ ਭੂਮਿਕਾ ਨਿਭਾਉਣ ਸਦਕਾ ਯਾਦ ਕੀਤਾ ਜਾਂਦਾ ਹੈ।

Advertisement

1965 ਦੀ ਭਾਰਤ-ਪਾਕਿਸਤਾਨ ਜੰਗ 5 ਅਗਸਤ ਤੋਂ ਸ਼ੁਰੂ ਹੋ ਕੇ 23 ਸਤੰਬਰ ਤੱਕ ਚੱਲੀ। ਉਸ ਵੇਲੇ ਹਰਬਖਸ਼ ਸਿੰਘ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਸਨ, ਜਿਸ ਦਾ ਤਕਨੀਕੀ ਹੈੱਡਕੁਆਟਰ ਅੰਬਾਲੇ ਸੀ। ਪਾਕਿਸਤਾਨ ਨੇ ਸੋਚ ਸਮਝ ਕੇ ਅਖਨੂਰ ਸੈਕਟਰ ’ਤੇ ਹਮਲਾ ਕੀਤਾ ਸੀ ਕਿਉਂਕਿ ਭਾਰਤ ਵਾਲੇ ਪਾਸਿਉਂ ਉਸ ਦਾ ਉੱਥੇ ਸਾਹਮਣਾ ਕਰਨਾ ਔਖਾ ਸੀ।

ਇਸ ਲਈ ਜਨਰਲ ਹਰਬਖਸ਼ ਸਿੰਘ ਨੂੰ ਭਾਰਤ ਦੇ ਤਤਕਾਲੀ ਫ਼ੌਜ ਮੁਖੀ ਨੇ ਅਖਨੂਰ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਇਸ ਹਮਲੇ ਨੂੰ ਰੋਕਣ ਲਈ ਉਨ੍ਹਾਂ ਨੂੰ ਸਰਕਾਰ ਤੋਂ ਪੰਜਾਬ ਰਾਹੀਂ ਲਾਹੌਰ ’ਤੇ ਹਮਲਾ ਕਰਨ ਦੀ ਇਜਾਜ਼ਤ ਲੈ ਕੇ ਦੇਣ। ਫ਼ੌਜ ਮੁਖੀ ਦੇ ਨਾਂਹ ਨੂੱਕਰ ਕਰਨ ’ਤੇ ਸ. ਹਰਬਖਸ਼ ਸਿੰਘ ਨੇ ਕਿਹਾ, ‘‘ਤੁਸੀਂ ਮੈਨੂੰ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਜੀ ਨਾਲ ਸਿੱਧੀ ਗੱਲ ਕਰਨ ਦੀ ਆਗਿਆ ਦੇਵੋ। ਮੈਂ ਗੱਲ ਕਰ ਲੈਂਦਾ ਹਾਂ।’’ ਅਖੀਰ ਇਜਾਜ਼ਤ ਮਿਲ ਗਈ ਤਾਂ ਭਾਰਤੀ ਫ਼ੌਜ ਦੇ ਲਾਹੌਰ ਵੱਲ ਹਮਲੇ ਨੇ ਦੁਸ਼ਮਣ ਨੂੰ ਹੈਰਾਨ ਕਰ ਦਿੱਤਾ।

ਅੱਠ ਸਤੰਬਰ ਨੂੰ ਸ. ਹਰਬਖਸ਼ ਸਿੰਘ ਨੂੰ ਫ਼ੌਜ ਦੀ 11ਵੀਂ ਕੋਰ ਦੇ ਕਮਾਂਡਿੰਗ ਅਫਸਰ ਵੱਲੋਂ ਇੱਕ ਹੱਥਲਿਖਤ ਖ਼ਤ ਮਿਲਿਆ, ਜਿਸ ਵਿੱਚ ਜੰਗ ਦੇ ਮੈਦਾਨ ਦੀ ਹਾਲਤ ਦਾ ਵਰਣਨ ਸੀ। ਇਸ ਵਿੱਚ ਲਿਖਿਆ ਸੀ ਕਿ ਫ਼ੌਜੀਆਂ ਦੇ ਚਿਹਰੇ ਉਤਰੇ ਹੋਏ ਹਨ; ਕੁਝ ਫ਼ੌਜੀ ਦੁਸ਼ਮਣ ਦੇ ਹਮਲੇ ਦਾ ਸ਼ਿਕਾਰ ਹੋ ਗਏ ਹਨ ਅਤੇ ਕਾਫ਼ੀ ਭਗੌੜੇ ਹੋ ਗਏ ਹਨ; 75 ਫ਼ੀਸਦੀ ਨਫ਼ਰੀ ਬਚੀ ਹੈ ਅਤੇ ਫ਼ੌਜ ਨੂੰ ਸੌਂਪਿਆ ਇੱਕ ਵੀ ਨਿਸ਼ਾਨਾ ਹਾਸਲ ਨਹੀਂ ਹੋ ਸਕਿਆ। ਖ਼ਤ ਵਿੱਚ ਮੰਗ ਕੀਤੀ ਗਈ ਸੀ ਕਿ ਫ਼ੌਜ ਦੀ ਡਿਵੀਜ਼ਨ 4 ਨੂੰ ਤੁਰੰਤ ਬਦਲਿਆ ਜਾਵੇ। ਸਿਤਮ ਦੀ ਗੱਲ ਇਹ ਸੀ ਕਿ ਫ਼ੌਜ ਮੁਖੀ ਨੇ ਫ਼ੌਜ ਦੀ ਸਿਰਫ਼ ਇੱਕੋ-ਇੱਕ ਕੋਰ ਨੂੰ ਜਨਰਲ ਹਰਬਖਸ਼ ਸਿੰਘ ਨੂੰ ਬਿਨਾਂ ਦੱਸੇ ਸਿਆਲਕੋਟ ਏਰੀਏ ਵਿੱਚ ਭੇਜ ਦਿੱਤਾ। ਹਾਲਾਂਕਿ, ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਇਹ ਸੁਝਾਅ ਦਿੱਤਾ ਸੀ ਕਿ ਇੱਥੇ ਰਿਜ਼ਰਵ ਫੋਰਸ ਰੱਖੀ ਜਾਵੇ।

ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਜਾ ਕੇ ਦੇਖਿਆ ਕਿ ਭਾਵੇਂ ਸਥਿਤੀ ਗੰਭੀਰ ਸੀ ਪਰ ਡਿਵੀਜ਼ਨ ਬਦਲਣ ਦੀ ਲੋੜ ਨਹੀਂ ਸੀ। ਉਨ੍ਹਾਂ ਨੇ ਕਮਾਂਡਰ ਨੂੰ ਕਿਹਾ ਕਿ ਕੋਈ ਗੱਲ ਨਹੀਂ, ਘਬਰਾਉਣ ਦੀ ਲੋੜ ਨਹੀਂ, ਜੰਗ ਵਿੱਚ ਅਜਿਹੇ ਹਾਲਾਤ ਅਕਸਰ ਆ ਜਾਂਦੇ ਨੇ।ਹਰਬਖਸ਼ ਸਿੰਘ ਨੇ ਆਪ ਨਾਲ ਲੱਗ ਕੇ ਬਾਰੂਦੀ ਸੁਰੰਗਾਂ ਵਿਛਾਈਆਂ ਅਤੇ ਰੀਐਨਫੋਰਸਮੈਂਟ ਨਾ ਹੋਣ ’ਤੇ ਵੀ ਡਟੇ ਰਹਿਣ ਲਈ ਕਿਹਾ।

ਨੌਂ ਸਤੰਬਰ ਨੂੰ ਹਰਬਖਸ਼ ਸਿੰਘ ਆਪਣੇ ਆਪਰੇਸ਼ਨਜ਼ ਰੂਮ (ਅੰਬਾਲਾ) ਵਿੱਚ ਬੈਠੇ ਇਹ ਸੋਚ ਰਹੇ ਸਨ ਕਿ ਡਵੀਜ਼ਨ ਨੰਬਰ 4 ਨੂੰ ਅਸਲ ਉਤਾੜ ਵਿੱਚ ਰੀਐਨਫੋਰਸ ਕਿਵੇਂ ਕੀਤਾ ਜਾਵੇ ਤਾਂ ਏਡੀਸੀ ਅਮਰਿੰਦਰ ਸਿੰਘ (ਹੁਣ ਸਾਬਕਾ ਮੁੱਖ ਮੰਤਰੀ, ਪੰਜਾਬ) ਨੇ ਦੱਸਿਆ ਕਿ 17 ਸਿੱਖ ਰੈਜੀਮੈਂਟ ਦਾ ਮੇਜਰ ਆਪ ਨੂੰ ਮਿਲਣਾ ਚਾਹੁੰਦਾ ਹੈ। ਮਿਲਣ ’ਤੇ ਉਸ ਨੇ ਦੱਸਿਆ ਕਿ ਉਹ ਅੰਬਾਲੇ 17 ਸਿੱਖ ਐਡਵਾਂਸ ਪਾਰਟੀ ਨਾਲ ਆਇਆ ਹੈ। ਸ. ਹਰਬਖਸ਼ ਸਿੰਘ ਨੇ ਹੁਕਮ ਦਿੱਤਾ ਕਿ ਦੁਪਹਿਰ 1 ਵਜੇ ਤੱਕ ਅਸਲ ਉਤਾੜ ਵਿਖੇ ਡਿਵੀਜ਼ਨ 4 ਨਾਲ ਜੰਗ ਦੇ ਮੈਦਾਨ ’ਚ ਡਟਣ ਲਈ ਰਵਾਨਾ ਹੋਵੋ।

ਜਦੋਂ ਨੌਂ ਦਸ ਸਤੰਬਰ ਦੀ ਰਾਤ ਨੂੰ ਪਾਕਿਸਤਾਨੀ ਫ਼ੌਜ ਨੇ ਪੈਟਨ ਟੈਂਕਾਂ ਨਾਲ ਹਮਲਾ ਕੀਤਾ ਤਾਂ 17 ਸਿੱਖ ਕੰਪਨੀ ਨੇ ਟੈਂਕਾਂ ਦੇ ਪਰਖਚੇ ਉਡਾ ਦਿੱਤੇ ਅਤੇ ‘ਬੈਟਲ ਆਨਰ ਆਫ਼ ਅਸਲ ਉਤਾੜ’ ਦਾ ਖਿਤਾਬ ਹਾਸਲ ਕੀਤਾ।ਪਾਕਿਸਤਾਨ ਦੇ 26 ਅਫਸਰਾਂ ਨੇ ਆਤਮ-ਸਮਰਪਣ ਕੀਤਾ, ਜਿਨ੍ਹਾਂ ਵਿੱਚ ਛੇ ਮੇਜਰ ਤੇ ਕਮਾਂਡਿੰਗ ਅਫਸਰ ਸਨ। ਭਾਰਤੀ ਫ਼ੌਜ ਨੇ 10 ਤਰੀਕ ਨੂੰ ਦੁਸ਼ਮਣ ਦੀ ਵਾਇਰਲੈੱਸ ਤੋਂ ਸੁਨੇਹਾ ਪਕੜਿਆ ਕਿ ਪਾਕਿਸਤਾਨ ਦਾ ਡਿਵੀਜ਼ਨਲ ਕਮਾਂਡਰ ਇਹ ਜਾਇਜ਼ਾ ਲੈਣ ਲਈ ਆ ਰਿਹਾ ਹੈ ਕਿ ਪੈਟਨ ਟੈਂਕ ਅੱਗੇ ਕਿਉਂ ਨਹੀਂ ਵਧ ਰਹੇ। ਭਾਰਤੀ ਫ਼ੌਜ ਨੇ ਪਾਕਿਸਤਾਨੀ ਡਿਵੀਜ਼ਨਲ ਕਮਾਂਡਰ ਦੀ ਸਾਰੀ ਪਾਰਟੀ ਨੂੰ ਭੁੰਨ ਦਿੱਤਾ। ਇਸ ਜੰਗ ਵਿੱਚ ਹੀ ਹਵਾਲਦਾਰ ਅਬਦੁਲ ਹਮੀਦ ਨੇ ਪਰਮਵੀਰ ਚੱਕਰ ਪ੍ਰਾਪਤ ਕੀਤਾ ਸੀ।

ਜਦੋਂ ਕੈਵੇਲਰੀ ਯੂਨਿਟ ਦੇ ਹੈੱਡਕੁਆਰਟਰ ’ਤੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਗਏ ਤਾਂ ਦੇਖਿਆ ਕਿ ਭਾਰਤੀ ਫ਼ੌਜ ਨੇ ਕਿਵੇਂ ਪਾਕਿਸਤਾਨੀ ਪੈਟਨ ਟੈਂਕਾਂ ਦੀਆਂ ਧੱਜੀਆਂ ਉਡਾਈਆਂ ਸਨ। ਦੁਸ਼ਮਣ ਦੇ ਕਈ ਟੈਂਕ ਕਬਜ਼ੇ ਵਿੱਚ ਲਏ ਹੋਏ ਸਨ। ਇੱਕ ਸਿੱਖ ਦਫੇਦਾਰ (ਸਾਰਜੈਂਟ) ਨੇ ਹਰਬਖਸ਼ ਸਿੰਘ ਨੂੰ ਪੈਟਨ ਟੈਂਕ ਵਿੱਚ ਬਿਠਾ ਕੇ ਹੂਟਾ ਦਿੱਤਾ ਤੇ ਬੱਚਿਆਂ ਦੇ ਨਵੇਂ ਖਿਡੌਣੇ ਵਾਂਗੂੰ ਟੈਂਕ ਦੀ ਨਵੀਂ ਤਕਨੀਕ ਦੀਆਂ ਗੱਲਾਂ ਦੱਸੀਆਂ। ਜਦੋਂ ਹਰਬਖਸ਼ ਸਿੰਘ ਨੇ ਪੁੱਛਿਆ ਕਿ ਤੁਸੀਂ ਏਨੀ ਜ਼ਬਰਦਸਤ ਮਸ਼ੀਨ ਨੂੰ ਕਾਬੂ ਕਿਵੇਂ ਕੀਤਾ? ਤਾਂ ਦਾਫੇਦਾਰ ਕਹਿੰਦਾ, ‘‘ਮੇਰੀ ਸਿਖਲਾਈ ਹੀ ਐਸੀ ਸੀ ਜਨਾਬ ਕਿ ਮੈਂ ਸੈਂਚੁਰੀਅਨ ਟੈਂਕ ਨਾਲ 1000 ਗਜ਼ ਤੋਂ ਵੀ ਮੱਖੀ ਬੈਠੀ ’ਤੇ ਨਿਸ਼ਾਨਾ ਲਗਾ ਸਕਦਾ ਹਾਂ। ਜਦੋਂ ਪੈਟਨ ਟੈਂਕ ਗੰਨੇ ਦੇ ਖੇਤ ਵਿੱਚੋਂ ਬਾਹਰ ਆਉਂਦੇ ਤਾਂ ਮਸਾਂ 500 ਗਜ਼ ਦੀ ਦੂਰੀ ’ਤੇ ਹੁੰਦੇ ਅਤੇ ਅਸੀਂ ਇਨ੍ਹਾਂ ਨੂੰ ਮੱਕੀ ਦੇ ਦਾਣਿਆਂ ਵਾਂਗੂੰ ਭੁੰਨ ਦਿੰਦੇ।’’

ਪੈਟਨ ਟੈਂਕ ਦੇ ਚਾਲਕ ਇੱਕ ਪਾਕਿਸਤਾਨੀ ਫ਼ੌਜੀ ਨੇ ਆਤਮ-ਸਮਰਪਣ ਮਗਰੋਂ ਦੱਸਿਆ ਕਿ ਉਨ੍ਹਾਂ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਭਾਰਤੀ ਫ਼ੌਜ ਨੇ ਕਿਸੇ ਬਾਬੇ ਰਾਹੀਂ ਬੰਬਾਂ ਨੂੰ ਕੀਲ ਰੱਖਿਆ ਹੈ ਤਾਂ ਹੀ ਇਹ ਸਟੀਲ ਦੇ ਟੈਂਕਾਂ ਦੇ ਐਨ ਅੰਦਰ ਵੜ ਜਾਂਦੇ ਹਨ। ਜਨਰਲ ਹਰਬਖਸ਼ ਮਨ ਹੀ ਮਨ ਹੱਸੇ ਕਿ ‘ਹਾਂ, ਸਾਡੇ ਕੋਲ ਬੰਬਾਂ ਨੂੰ ਕੀਲਣ ਵਾਲਾ ‘ਬਾਬਾ’ ਹੈ- ਭਾਬਾ (ਹੋਮੀ ਭਾਬਾ) - ਪਰਮਾਣੂ ਊਰਜਾ ਕਮਿਸ਼ਨ ਦਾ ਚੈਅਰਮੈਨ’। ਹਾਲਾਂਕਿ, ਉਨ੍ਹਾਂ ਨੇ ਇਹ ਗੱਲ ਉਸ ਪਾਕਿਸਤਾਨੀ ਫ਼ੌਜੀ ਨਾਲ ਸਾਂਝੀ ਨਹੀਂ ਕੀਤੀ ਤਾਂ ਕਿ ਬੰਬ ਕੀਲਣ ਵਾਲੇ ‘ਬਾਬੇ’ ਦਾ ਭਰਮ ਉਨ੍ਹਾਂ ਵਿੱਚ ਬਣਿਆ ਰਹੇ।

ਨੌਂ ਸਤੰਬਰ ਦੀ ਰਾਤ ਨੂੰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਫ਼ੌਜ ਮੁਖੀ ਦਾ ਸੁਨੇਹਾ ਮਿਲਿਆ ਸੀ ਕਿ ਉਨ੍ਹਾਂ ਨੂੰ ਪਿੱਛੇ ਹਟ ਕੇ ਬਿਆਸ ਦਰਿਆ ’ਤੇ ਪੁਜ਼ੀਸ਼ਨ ਲੈਣੀ ਚਾਹੀਦੀ ਹੈ। ਇਸ ਦੇ ਉਲਟ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਪਹਿਲਾਂ ਫ਼ੌਜ ਮੁਖੀ ਨੂੰ ਰਾਇ ਦਿੱਤੀ ਸੀ ਕਿ ਸਾਡੀ ਹੱਦ ਵਿੱਚ ਸਾਨੂੰ ਦਰਿਆ ਰਾਵੀ ਪਾਰ ਕਰਨਾ ਚਾਹੀਦਾ ਹੈ। ਹਰਬਖਸ਼ ਸਿੰਘ ਇਹ ਸੁਨੇਹਾ ਸੁਣ ਕੇ ਹੱਕੇ ਬੱਕੇ ਰਹਿ ਗਏ ਤੇ ਉਨ੍ਹਾਂ ਨੇ ਕਿਹਾ, ‘‘ਇਹ ਟੈਕਟੀਕਲ ਹੁਕਮ ਹੈ, ਤੁਸੀਂ ਯੁੱਧ ਦੇ ਮੈਦਾਨ ਵਿੱਚ ਆ ਕੇ ਸਥਿਤੀ ਦਾ ਮੁਆਇਨਾ ਕਰਕੇ ਹੁਕਮ ਦੇ ਸਕਦੇ ਹੋ।’’ ਫ਼ੌਜ ਮੁਖੀ ਨੇ ਸ. ਹਰਬਖਸ਼ ਸਿੰਘ ਨੂੰ ਕਿਹਾ, ‘‘ਤੁਸੀਂ ਹੈੱਡਕੁਆਰਟਰ (ਅੰਬਾਲਾ) ਹੀ ਰਹਿਣਾ, ਮੈਂ ਕੱਲ੍ਹ ਅੰਬਾਲੇ ਆਵਾਂਗਾ।’’ ਉਸ ਵੇਲੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਫ਼ੌਜ ਮੁਖੀ ਨਾਲ ਬਹਿਸ ਹੋਈ। ਹਰਬਖਸ਼ ਸਿੰਘ ਇਸ ਗੱਲ ’ਤੇ ਅੜੇ ਰਹੇ, ‘‘ਮੇਰੇ ਨਾਲ ਜੰਗ ਦੇ ਮੈਦਾਨ ਵਿੱਚ ਚੱਲ ਕੇ ਸਥਿਤੀ ਦਾ ਜ਼ਾਇਜਾ ਲੈ ਕੇ ਟੈਕਟੀਕਲ ਹੁਕਮ ਦੇਵੋ। ਫਿਰ ਮੈਂ ਦੇਖਾਂਗਾ ਕਿ ਮੰਨਣਾ ਹੈ ਜਾਂ ਨਹੀਂ।’’ ਫ਼ੌਜ ਮੁਖੀ ਦੁਪਹਿਰ ਦਾ ਖਾਣਾ ਖਾ ਕੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਬਜਾਏ ਵਾਪਸ ਦਿੱਲੀ ਚਲੇ ਗਏ ਤੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਪਾਕਿਸਤਾਨ ਖ਼ਿਲਾਫ਼ ਲੜਾਈ ਦੀ ਯੋਜਨਾ ਘੜਨ ਲਈ ਆਪਣੇ ਆਪਰੇਸ਼ਨਜ਼ ਰੂਮ ਵਿੱਚ ਆ ਗਏ।

ਜਨਰਲ ਹਰਬਖਸ਼ ਸਿੰਘ ਨੇ ਆਪਣੀ ਸਵੈਜੀਵਨੀ ‘ਇਨ ਦਿ ਲਾਈਨ ਆਫ ਡਿਊਟੀ - ਏ ਸੋਲਜਰ ਰਿਮੈਂਬਰਜ਼’ ਵਿੱਚ ਫ਼ੌਜ ਮੁਖੀ ਜਨਰਲ ਚੌਧਰੀ ਦੀ ਭੂਮਿਕਾ ਬਾਰੇ ਲਿਖਿਆ ਹੈ ਕਿ ਜੰਗ ਇੱਕ ਮਹੀਨਾ, ਦੋ ਹਫ਼ਤੇ ਅਤੇ ਚਾਰ ਦਿਨ ਚੱਲੀ ਅਤੇ ਇਸ ਅਰਸੇ ਦੌਰਾਨ ਉਨ੍ਹਾਂ ਇੱਕ ਵੀ ਦਿਨ ਫ਼ੌਜ ਦੀ ਹੌਸਲਾ ਅਫ਼ਜ਼ਾਈ ਲਈ ਜੰਗ ਦੇ ਮੈਦਾਨ ਦਾ ਦੌਰਾ ਨਹੀਂ ਕੀਤਾ। ਇੰਨੇ ਅਰਸੇ ਵਿੱਚ ਸਿਰਫ਼ ਤਿੰਨ ਦਿਨ ਅੰਬਾਲਿਓ ਆ ਕੇ ਹੀ ਮੁੜਦੇ ਰਹੇ। 23 ਸਤੰਬਰ ਨੂੰ ਜਦੋਂ ਜੰਗਬੰਦੀ ਦਾ ਐਲਾਨ ਹੋਇਆ ਤਾਂ ਸਭ ਤੋਂ ਪਹਿਲਾਂ ਕੈਮਰੇ ਵਾਲਿਆਂ ਨੂੰ ਲੈ ਕੇ ਇਛੋਗਿੱਲ ਨਹਿਰ (ਸਰਹੱਦ ਤੋਂ 11 ਕਿਲੋਮੀਟਰ ਪਾਕਿਸਤਾਨੀ ਇਲਾਕੇ ਵਿੱਚ) ’ਤੇ ਜਾ ਅੱਪੜਿਆ। ਇਨਾਮਾਂ ਸਨਮਾਨਾਂ ਦੀ ਗੱਲ ਆਈ ਤਾਂ ਜਨਰਲ ਹਰਬਖਸ਼ ਸਿੰਘ ਨਾਲ ਬਿਨਾਂ ਸਲਾਹ ਕੀਤਿਆਂ ਸੂਚੀਆਂ ਤਿਆਰ ਕਰ ਲਈਆਂ।

ਪੰਜਾਬ ਦੇ ਲੋਕਾਂ ਨੇ ਜੰਗ ਵਿੱਚ ਦਲੇਰੀ ਨਾਲ ਹਿੱਸਾ ਪਾਇਆ। ਕਿਸਾਨ ਬੰਬਾਂ ਦੀ ਵਰਖ਼ਾ ਵਿੱਚ ਨਰਮੇ ਸੀਲਦੇ ਰਹੇ। ਟਰੱਕ ਡਰਾਈਵਰ ਫ਼ੌਜ ਦਾ ਸਾਜ਼ੋ-ਸਾਮਾਨ ਦੇਣ ਗਏ ਮੁੜੇ ਨਹੀਂ, ਫ਼ੌਜ ਨਾਲ ਸਰਹੱਦ ’ਤੇ ਹੀ ਡਟੇ ਗਏ।ਲੋਕਾਂ ਨੇ ਪਾਕਿਸਤਾਨ ਦੇ ਪੈਰਾਟਰੂਪਰਜ਼ ਨੂੰ ਖੇਤਾਂ ਵਿੱਚ ਹੀ ਦਬੋਚ ਲਿਆ।ਲੋਕਾਂ ਨੇ ਭਾਰਤੀ ਫ਼ੌਜ ਅਤੇ ਜੰਗੀ ਕੈਦੀਆਂ ਨੂੰ ਵੀ ਪੂਰੀਆਂ ਤੇ ਪ੍ਰਸ਼ਾਦ ਖੁਆਇਆ।

ਇਸ ਜੰਗ ਵਿੱਚ ਕੁਝ ਫ਼ੌਜੀ ਭਗੌੜੇ ਤਾਂ ਹੋਏ, ਪਰ ਬਹੁਤੇ ਸੀਸ ਤਲੀ ’ਤੇ ਧਰ ਕੇ ਲੜੇ। ਕਈ ਛੁੱਟੀ ’ਤੇ

ਸਨ ਪਰ ਬਿਨਾਂ ਬੁਲਾਏ ਜੰਗ ਵਿੱਚ ਆ ਕੁੱਦੇ ਜਦੋਂਕਿ ਕਈ ਬੁਲਾਉਣ ’ਤੇ ਵੀ ਨਹੀਂ ਆਏ। ਕੁੱਲ ਮਿਲਾ ਕੇ 1965 ਦੀ ਜੰਗ ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ ਦੀ ਬਦੌਲਤ ਹੀ ਜਿੱਤੀ ਗਈ ਸੀ। ਉਹ ਸ਼ੇਰ ਸੀ ਵੱਡੇ ਜਿਗਰੇ ਦਾ ਮਾਲਕ।

ਸੰਪਰਕ: 94174-28643

Advertisement
×