DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁੰਵਰ ਨੌਨਿਹਾਲ ਸਿੰਘ ਦੀ ਲਾਹੌਰ ਵਿਚਲੀ ਹਵੇਲੀ

ਸੁਭਾਸ਼ ਪਰਿਹਾਰ ਸਲਤਨਤ ਅਤੇ ਮੁਗ਼ਲ ਕਾਲ ਦੌਰਾਨ ਲਾਹੌਰ ਦਾ ਰੁਤਬਾ ਦੂਜੀ ਰਾਜਧਾਨੀ ਵਰਗਾ ਰਿਹਾ ਹੈ। ਕਈ ਬਾਦਸ਼ਾਹਾਂ, ਬੇਗ਼ਮਾਂ, ਸ਼ਹਿਜ਼ਾਦਿਆਂ ਅਤੇ ਹੋਰ ਅਮੀਰ ਲੋਕਾਂ ਨੇ ਇੱਥੇ ਆਪਣੇ ਪੱਕੇ ਟਿਕਾਣੇ ਬਣਵਾਏ ਹੋਏ ਸਨ। ਮੁਗ਼ਲ ਕਾਲ ਦੇ ਟਿਕਾਣਿਆਂ ਵਿੱਚੋਂ ਆਸਿਫ਼ ਖ਼ਾਨ ਦੀ ਹਵੇਲੀ,...

  • fb
  • twitter
  • whatsapp
  • whatsapp
featured-img featured-img
ਕੁੰਵਰ ਨੌਨਿਹਾਲ ਸਿੰਘ ਦੀ ਹਵੇਲੀ ਦਾ ਅੰਦਰੂਨੀ ਦ੍ਰਿਸ਼। ਫੋਟੋਆਂ: ਲੇਖਕ
Advertisement

ਸੁਭਾਸ਼ ਪਰਿਹਾਰ

ਸਲਤਨਤ ਅਤੇ ਮੁਗ਼ਲ ਕਾਲ ਦੌਰਾਨ ਲਾਹੌਰ ਦਾ ਰੁਤਬਾ ਦੂਜੀ ਰਾਜਧਾਨੀ ਵਰਗਾ ਰਿਹਾ ਹੈ। ਕਈ ਬਾਦਸ਼ਾਹਾਂ, ਬੇਗ਼ਮਾਂ, ਸ਼ਹਿਜ਼ਾਦਿਆਂ ਅਤੇ ਹੋਰ ਅਮੀਰ ਲੋਕਾਂ ਨੇ ਇੱਥੇ ਆਪਣੇ ਪੱਕੇ ਟਿਕਾਣੇ ਬਣਵਾਏ ਹੋਏ ਸਨ। ਮੁਗ਼ਲ ਕਾਲ ਦੇ ਟਿਕਾਣਿਆਂ ਵਿੱਚੋਂ ਆਸਿਫ਼ ਖ਼ਾਨ ਦੀ ਹਵੇਲੀ, ਮੀਆਂ ਖ਼ਾਨ ਦੀ ਹਵੇਲੀ, ਮੁਬਾਰਕ ਹਵੇਲੀ, ਪਰੀ ਮਹਿਲ, ਕੱਲੋ ਬਾਈ ਦੀ ਹਵੇਲੀ, ਅੰਨ੍ਹੀ ਹਵੇਲੀ, ਦੀਵਾਨ ਲਖਪਤ ਰਾਏ ਅਤੇ ਜਸਪਤ ਰਾਏ ਦੀਆਂ ਹਵੇਲੀਆਂ ਤੇ ਮੀਰ ਜਾਵੇਦ ਦੀ ਹਵੇਲੀ ਪ੍ਰਸਿੱਧ ਸਨ।

Advertisement

1799 ਵਿੱਚ ਲਾਹੌਰ ਮਹਾਰਾਜਾ ਰਣਜੀਤ ਸਿਘ ਦੀ ਰਾਜਧਾਨੀ ਬਣਿਆ ਤਾਂ ਉਸ ਦੇ ਸ਼ਹਿਜ਼ਾਦਿਆਂ, ਰਾਣੀਆਂ ਅਤੇ ਹੋਰ ਵੱਡੇ ਅਹਿਲਕਾਰਾਂ ਨੇ ਆਪੋ ਆਪਣੇ ਲਈ ਸ਼ਾਨਦਾਰ ਹਵੇਲੀਆਂ ਦੀ ਉਸਾਰੀ ਕਰਵਾਈ ਜਿਨ੍ਹਾਂ ’ਚੋਂ ਪ੍ਰਮੁੱਖ ਸਨ‘ ਕੁੰਵਰ ਨੌਨਿਹਾਲ ਸਿੰਘ ਦੀ ਹਵੇਲੀ, ਜਮਾਂਦਾਰ ਖੁਸ਼ਹਾਲ ਸਿੰਘ ਦੀ ਹਵੇਲੀ, ਰਾਜਾ ਧਿਆਨ ਸਿੰਘ ਦੀ ਹਵੇਲੀ, ਰਾਜਾ ਦੀਨਾ ਨਾਥ ਦੀ ਹਵੇਲੀ, ਨਵਾਬ ਇਮਾਮੂਦੀਨ ਦੀ ਹਵੇਲੀ, ਰਾਜਾ ਸੁਚੇਤ ਸਿੰਘ ਦੀ ਹਵੇਲੀ। ਸ਼ਾਨ-ਓ-ਸ਼ੌਕਤ ਵਿੱਚ ਇਨ੍ਹਾਂ ਸਾਰੀਆਂ ਹਵੇਲੀਆਂ ਵਿੱਚੋਂ ਨੌਨਿਹਾਲ ਸਿੰਘ ਦੀ ਹਵੇਲੀ ਦਾ ਕੋਈ ਸਾਨੀ ਨਹੀਂ ਹੈ। 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਉਸਾਰੀ ਗਈ ਇਸ ਹਵੇਲੀ ਨੂੰ ਲਾਹੌਰ ਵਿੱਚ ਸਿੱਖ ਇਮਾਰਤਸਾਜ਼ੀ ਦੀਆਂ ਬਿਹਤਰੀਨ ਮਿਸਾਲਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਆਪਣੇ ਸਮੇਂ ਦੀ ਇਹ ਇੱਕੋ-ਇੱਕ ਹਵੇਲੀ ਹੈ ਜਿਸ ਵਿੱਚ ਇਸ ਦੀ ਅਸਲ ਸਜਾਵਟ ਅਤੇ ਉਸ ਸਮੇਂ ਦੀ ਆਰਕੀਟੈਕਚਰਲ ਸ਼ੈਲੀ ਕਾਫ਼ੀ ਹੱਦ ਤੀਕ ਸੁਰੱਖਿਅਤ ਹੈ।

Advertisement

ਕੁੰਵਰ ਨੌਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਅਤੇ ਟਿੱਕਾ ਖੜਕ ਸਿੰਘ ਦਾ ਪੁੱਤਰ ਸੀ। ਮਹਾਰਾਜੇ ਦੀ ਮੌਤ ਤੋਂ ਬਾਅਦ ਦਾ ਦਹਾਕਾ ਰਾਜਨੀਤਕ ਅਸਥਿਰਤਾ ਦਾ ਸਮਾਂ ਸੀ। ਰਵਾਇਤ ਮੁਤਾਬਿਕ ਜੂਨ 1839 ਵਿੱਚ ਉਸ ਦਾ 39 ਸਾਲਾ ਜੇਠਾ ਪੁੱਤਰ ਖੜਕ ਸਿੰਘ ਗੱਦੀ ’ਤੇ ਬੈਠਾ। ਉਦੋਂ ਲਾਹੌਰ ਦਰਬਾਰ ਸੱਚੀਆਂ ਝੂਠੀਆਂ ਅਫ਼ਵਾਹਾਂ ਅਤੇ ਸਾਜ਼ਿਸ਼ਾਂ ਦਾ ਗੜ੍ਹ ਬਣ ਚੁੱਕਾ ਸੀ। ਇੱਕ ਅਫ਼ਵਾਹ ਇਹ ਵੀ ਸੀ ਕਿ ਮਹਾਰਾਜਾ ਖੜਕ ਸਿੰਘ ਅਤੇ ਉਸ ਦਾ ਦੂਰ ਦਾ ਰਿਸ਼ਤੇਦਾਰ ਚੇਤ ਸਿੰਘ ਬਾਜਵਾ ਕੁਝ ਸ਼ਰਤਾਂ ’ਤੇ ਲਾਹੌਰ ਰਾਜ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਹਵਾਲੇ ਕਰਨ ਦੀ ਯੋਜਨਾ ਬਣਾ ਰਹੇ ਸਨ। ਨੌਨਿਹਾਲ ਸਿੰਘ ਨੂੰ ਨਾਲ ਲੈ ਕੇ ਧਿਆਨ ਸਿੰਘ ਡੋਗਰਾ ਨੇ ਅਕਤੂਬਰ ਵਿੱਚ ਖੜਕ ਸਿੰਘ ਦੀਆਂ ਅੱਖਾਂ ਸਾਹਮਣੇ ਚੇਤ ਸਿੰਘ ਨੂੰ ਕਤਲ ਕਰ ਦਿੱਤਾ। ਖੜਕ ਸਿੰਘ ਇੱਕ ਤਰ੍ਹਾਂ ਨਾਲ ਧਿਆਨ ਸਿੰਘ ਦਾ ਬੰਦੀ ਬਣ ਗਿਆ ਅਤੇ ਗੱਦੀ ’ਤੇ ਕੁੰਵਰ ਨੌਨਿਹਾਲ ਸਿੰਘ ਨੂੰ ਬਿਠਾ ਦਿੱਤਾ ਗਿਆ। ਪੰਜ ਨਵੰਬਰ 1840 ਨੂੰ ਖੜਕ ਸਿੰਘ ਦੀ ਮੌਤ ਹੋ ਗਈ। ਇਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ ਜਿਨ੍ਹਾਂ ਵਿੱਚੋਂ ਇੱਕ ਇਹ ਵੀ ਸੀ ਕਿ ਖੜਕ ਸਿੰਘ ਨੂੰ ਕੈਦ ਦੌਰਾਨ ਧੀਮਾ ਜ਼ਹਿਰ ਦਿੱਤਾ ਗਿਆ ਸੀ। ਜਦੋਂ ਖੜਕ ਸਿੰਘ ਦਾ ਸਸਕਾਰ ਕਰ ਕੇ ਨੌਨਿਹਾਲ ਸਿੰਘ ਮੁੜ ਰਿਹਾ ਸੀ ਤਾਂ ਉਸ ’ਤੇ ਹਜ਼ੂਰੀ ਬਾਗ ਦਾ ਗੇਟ ਡਿੱਗ ਗਿਆ ਜਿਸ ਕਾਰਨ ਉਸ ਦਾ ਵੀ ਅੰਤ ਹੋ ਗਿਆ। ਅਜਿਹੀਆਂ ਮੌਕਾ-ਮੇਲ਼ ਘਟਨਾਵਾਂ ਪਿੱਛੇ ਸਾਜ਼ਿਸ਼ ਦੀ ਸੰਭਾਵਨਾ ਨੂੰ ਵੀ ਮੂਲੋਂ ਰੱਦ ਨਹੀਂ ਕੀਤਾ ਜਾ ਸਕਦਾ। ਦਰਅਸਲ, ਸਿਆਸਤ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ। ਮਹਾਰਾਜਾ ਰਣਜੀਤ ਸਿੰਘ ਦੀ ਦੁਖਦਾਈ ਪਰਿਵਾਰਕ ਕਹਾਣੀ ਇੱਥੇ ਹੀ ਬੰਦ ਕਰਦੇ ਹਾਂ ਕਿਉਂਕਿ ਬਾਅਦ ਦੀਆਂ ਘਟਨਾਵਾਂ ਦਾ ਇਸ ਲੇਖ ਨਾਲ ਕੋਈ ਸਬੰਧ ਨਹੀਂ ਹੈ।

ਮੀਨਾਕਾਰੀ ਵਾਲਾ ਬੁਖਾਰਚਾ/ਝਰੋਖਾ।

ਕੁੰਵਰ ਨੌਨਿਹਾਲ ਸਿੰਘ ਦੀ ਹਵੇਲੀ ਉਸ ਦੀ ਨਿੱਜੀ ਰਿਹਾਇਸ਼ ਸੀ ਜਿਸ ਦੀ ਉਸਾਰੀ ਬਾਰੇ ਮੰਨਿਆ ਜਾਂਦਾ ਹੈ ਕਿ 1830 ਦੇ ਅੰਤ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ। ਪਰ ਇਹ ਠੀਕ ਨਹੀਂ ਜਾਪਦਾ ਕਿਉਂਕਿ ਉਸ ਸਮੇਂ ਨੌਨਿਹਾਲ ਸਿੰਘ ਦੀ ਉਮਰ 10 ਸਾਲ ਵੀ ਨਹੀਂ ਸੀ। ਅਜਿਹੀ ਛੋਟੀ ਉਮਰ ਦੇ ਸ਼ਹਿਜ਼ਾਦੇ ਲਈ ਵੱਖਰੀ ਹਵੇਲੀ ਦੀ ਉਸਾਰੀ ਕਰਵਾਉਣ ਦੀ ਗੱਲ ਜਚਦੀ ਨਹੀਂ। ਹੋ ਸਕਦਾ ਹੈ ਕਿ ਇਹ ਹਵੇਲੀ 1837 ਵਿੱਚ ਕੁੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਸਮੇਂ ਉਸਰਵਾਈ ਗਈ ਹੋਵੇ। ਇਹ ਹਵੇਲੀ ਚਾਰਦੀਵਾਰੀ ਨਾਲ ਘਿਰੇ ਪੁਰਾਤਨ ਲਾਹੌਰ ਵਿੱਚ ਮੋਰੀ ਗੇਟ ਨੇੜੇ ਸਥਿਤ ਹੈ।

ਇਸ ਚਾਰ-ਮੰਜ਼ਿਲੀ ਹਵੇਲੀ ਮੋਟੇ ਤੌਰ ’ਤੇ ਆਇਤਾਕਾਰ ਹੈ ਜਿਸ ਦਾ ਪ੍ਰਵੇਸ਼ ਦੁਆਰ ਪੱਛਮੀ ਪਾਸੇ ਹੈ। ਹਵੇਲੀ ਦੇ ਪ੍ਰਵੇਸ਼ ਦੇ ਉੱਪਰ ਇੱਕ ਵੱਡੀ ਝਰੋਖਾ ਬਾਲਕੋਨੀ ਬਣੀ ਹੋਈ ਹੈ। ਸ਼ਾਇਦ ਇਸ ਝਰੋਖੇ ਵਿੱਚੋਂ ਮਹਾਰਾਜਾ ਹੇਠਾਂ ਇਕੱਠੀ ਹੋਈ ਆਪਣੀ ਪਰਜਾ ਨੂੰ ਦਰਸ਼ਨ ਦਿੰਦਾ ਹੋਵੇ। ਹਵੇਲੀ ਦਾ ਅੰਦਰਲਾ ਭਾਗ ਖੁੱਲ੍ਹੇ ਵਿਹੜੇ ਦੁਆਲੇ ਦੋ-ਮੰਜ਼ਿਲੇ ਕਮਰਿਆਂ ਦੇ ਰੂਪ ਵਿੱਚ ਹੈ।

ਤੀਜੀ ਮੰਜ਼ਿਲ ’ਤੇ ਕਮਰੇ ਘੱਟ ਹਨ ਕਿਉਂਕਿ ਇਹ ਮੰਜ਼ਿਲ ਅੰਸ਼ਕ ਤੌਰ ’ਤੇ ਢਹਿ ਚੁੱਕੀ ਹੈ ਅਤੇ ਚੌਥੀ ਮੰਜ਼ਿਲ ਸਿਰਫ਼ ਇੱਕ ਕਮਰੇ ਦੇ ਰੂਪ ਵਿੱਚ ਹੈ ਜਿਸ ਨੂੰ ‘ਰੰਗ ਮਹਿਲ’ ਜਾਂ ‘ਸ਼ੀਸ਼ ਮਹਿਲ’ ਕਿਹਾ ਜਾਂਦਾ ਹੈ। ਆਪਣੀ ਉਚਾਈ ਕਾਰਨ ਇਹ ਕਮਰਾ ਸਭ ਤੋਂ ਵੱਧ ਹਵਾਦਾਰ ਹੈ। ਇੱਕੋ ਜਿਹੇ ਨਾਂ ਹੋਣ ਦੇ ਬਾਵਜੂਦ ਇਸ ਸ਼ੀਸ਼ ਮਹਿਲ ਦੀ ਤੁਲਨਾ ਕਿਸੇ ਵੀ ਤਰ੍ਹਾਂ ਲਾਹੌਰ ਕਿਲ੍ਹੇ ਦੇ ਸ਼ੀਸ਼ ਮਹਿਲ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਪੂਰੀ ਤਰਾਂ ਮੁਗ਼ਲ ਸ਼ੈਲੀ ਵਿੱਚ ਹੈ।

ਨੌਨਿਹਾਲ ਸਿੰਘ ਦੀ ਹਵੇਲੀ ਦਾ ਮੁੱਖ ਆਕਰਸ਼ਣ ਇਸ ਦੀ ਸਜਾਵਟ ਹੈ ਜਿਸ ਨਾਲ ਇਸ ਦਾ ਅੰਗ-ਅੰਗ ਕੱਜਿਆ ਹੋਇਆ ਹੈ। ਭਾਵੇਂ ਇਮਾਰਤ ਦੇ ਕੁਝ ਹਿੱਸਿਆਂ ’ਤੇ ਹੁਣ ਸਫ਼ੈਦੀ ਕਰ ਦਿੱਤੀ ਗਈ ਹੈ। ਫਿਰ ਵੀ ਕਾਫ਼ੀ ਸਜਾਵਟ ਬਚੀ ਹੋਈ ਹੈ। ਕੁਝ ਸਜਾਵਟ ਉੱਕਰੀ ਹੋਈ ਹੈ ਪਰ ਜ਼ਿਆਦਾਤਰ ਇਹ ਰੰਗਾਂ ਨਾਲ ਕੀਤੀ ਹੋਈ ਹੈ। ਕੁਝ ਨਮੂਨੇ ਇੱਟਾਂ ਤਰਾਸ਼ ਕੇ ਬਣਾਏ ਹੋਏ ਹਨ। ਇੱਟਾਂ ਦੀ ਨੱਕਾਸ਼ੀ ਇੰਨੀ ਤਿੱਖੀ ਅਤੇ ਸਟੀਕ ਹੈ ਕਿ ਇੱਟਾਂ ਪੱਕੀ ਹੋਈ ਮਿੱਟੀ ਦੀ ਬਜਾਏ ਮੋਮ ਦੀਆਂ ਬਣੀਆਂ ਜਾਪਦੀਆਂ ਹਨ। ਵਰਤਮਾਨ ਪੂਰਬੀ ਪੰਜਾਬ ਵਿੱਚ ਇਹ ਸ਼ੈਲੀ ਇੱਕ ਵਾਰ ਫੇਰ ਵਿਕਸਿਤ ਹੋ ਰਹੀ ਹੈ। ਕਿਤੇ ਕਿਤੇ ਗੱਚ (stucco) ਵਰਕ ਵੀ ਹੈ। ਸਜਾਵਟ ਦੇ ਕੁਝ ਨਮੂਨੇ ਤਾਂ ਇਸਲਾਮੀ ਕਲਾ ਤੋਂ ਲਏ ਗਏ ਹਨ ਪਰ ਜ਼ਿਆਦਾਤਰ ਚਿੱਤਰਾਂ ਦਾ ਵਿਸ਼ਾ ਹਿੰਦੂ ਧਰਮ ਦੇ ਪੌਰਾਣਿਕ ਗ੍ਰੰਥਾਂ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਪ੍ਰਮੁੱਖ ਦ੍ਰਿਸ਼ ‘ਹਰੀਵੰਸ਼ ਪੁਰਾਣ’ ਵਿੱਚ ਵਰਣਿਤ ਕ੍ਰਿਸ਼ਨ ਅਤੇ ਰਾਧਾ ਦਾ ਜੀਵਨ ਦਰਸਾਉਂਦੇ ਹਨ। ਜਾਪਦਾ ਹੈ ਕਿ ਇਹ ਕੰਮ ਪਹਾੜੀ ਚਿੱਤਰਕਾਰਾਂ ਦਾ ਹੈ। ਉੱਨ੍ਹੀਵੀਂ ਸਦੀ ਦੇ ਮੰਦਿਰਾਂ, ਗੁਰਦੁਆਰਿਆਂ ਅਤੇ ਹਵੇਲੀਆਂ ਵਿੱਚ ਅਜਿਹੇ ਚਿੱਤਰ ਹੀ ਵੇਖਣ ਨੂੰ ਮਿਲਦੇ ਹਨ। ਵੱਖ-ਵੱਖ ਆਕਾਰ ਅਤੇ ਡਿਜ਼ਾਈਨ ਦੇ ‘ਝਰੋਖੇ’ ਯਾਨੀ ਲਟਕਦੀਆਂ ਬਾਲਕੋਨੀਆਂ ਹਵੇਲੀ ਦੀ ਇੱਕ ਅਦਭੁੱਤ ਵਿਸ਼ੇਸ਼ਤਾ ਹਨ ਜੋ ਜਾਨਵਰਾਂ ਅਤੇ ਮਨੁੱਖੀ ਆਕ੍ਰਿਤੀਆਂ ਦੇ ਰੂਪਾਂ ਵਿੱਚ ਤਰਾਸ਼ੀਆਂ ਬਰੈਕਟਾਂ ਉੱਪਰ ਟਿਕੇ ਹੋਏ ਹਨ। ਇਨ੍ਹਾਂ ਝਰੋਖਿਆਂ ਦੀ ਚੌਂਕੀ ਨੂੰ ਫੁੱਲਦਾਰ ਡਿਜ਼ਾਈਨਾਂ ਨਾਲ ਸਜਾਇਆ ਗਿਆ ਹੈ।

ਕਮਰਿਆਂ ਦੀਆਂ ਛੱਤਾਂ ਬਣਤਰ ਵਿੱਚ ਸੰਦੂਕੀ ਹਨ ਜੋ ਲੱਕੜ ਦੇ ਛੋਟੇ-ਛੋਟੇ ਟੁਕੜਿਆਂ ਨੂੰ ਜਿਓਮੈਟ੍ਰੀਕਲ ਡਿਜ਼ਾਈਨਾਂ ਵਿੱਚ ਜੋੜ ਕੇ ਬਣਾਈਆਂ ਹੋਈਆਂ ਹਨ। ਇਨ੍ਹਾਂ ਡਿਜ਼ਾਈਨਾਂ ਵਿੱਚ ਕਿਤੇ ਕਿਤੇ ਸ਼ੀਸ਼ੇ ਵੀ ਜੜੇ ਹੋਏ ਹਨ। ਨਾਲ ਹੀ ਕਈ ਥਾਈਂ ਛੱਤਾਂ ਦੇ ਕੇਂਦਰੀ ਹਿੱਸੇ ਵਿੱਚ ਕਿਰਨਾਂ ਬਿਖੇਰਦੇ ਸੂਰਜ ਦੇ ਨਮੂਨੇ ਵੀ ਹਨ। ਹਵੇਲੀ ਦੇ ਸਾਹਮਣੇ ਖੁੱਲ੍ਹਾ ਮੈਦਾਨ ਹੈ ਜੋ ਕਦੇ ਹਵੇਲੀ ਦੇ ਬਾਗ ਵਜੋਂ ਵਰਤਿਆ ਜਾਂਦਾ ਸੀ। 1975 ਵਿੱਚ ਇਸ ਇਮਾਰਤ ਨੂੰ ਪੁਰਾਤਨਤਾ ਕਾਨੂੰਨ ਦੁਆਰਾ ਸੁਰੱਖਿਅਤ ਕਰਾਰ ਦਿੱਤਾ ਹੋਇਆ ਹੈ ਪਰ ਇਹ ‘ਸੁਰੱਖਿਆ ਬਹੁਤੀ ਕਾਰਗਰ ਨਹੀਂ ਹੋ ਸਕਦੀ ਕਿਉਂਕਿ ਇਮਾਰਤ ਵਿੱਚ ਸਰਕਾਰੀ ਵਿਕਟੋਰੀਆ ਗਰਲਜ਼ ਸਕੂਲ ਹੈ।

ਹਵੇਲੀ ਦੇ ਕੁਝ ਹਿੱਸਿਆਂ ਦੀ ਮੁਰੰਮਤ ਕੀਤੀ ਗਈ ਹੈ ਜੋ ਬਹੁਤ ਨੀਵੇਂ ਪੱਧਰ ਦੀ ਹੈ। ਦਰਅਸਲ, ਇਤਿਹਾਸਕ ਇਮਾਰਤਾਂ ਦੀ ਮੁਰੰਮਤ ਦਾ ਕੰਮ ਮਾਫ਼ੀਆ ਦਾ ਰੂਪ ਲੈ ਚੁੱਕਾ ਹੈ ਜਿਸ ਵਿੱਚ ਠੇਕੇਦਾਰ ਕਿਸਮ ਦੇ ਲੋਕ ਪਰਵੇਸ਼ ਕਰ ਗਏ ਹਨ ਜਿਨ੍ਹਾਂ ਨੂੰ ਇਤਿਹਾਸ ਜਾਂ ਇਮਾਰਤਸਾਜ਼ੀ ਦਾ ਊੜਾ-ਐੜਾ ਵੀ ਨਹੀਂ ਪਤਾ। ਇਹੋ ਹਾਲ ਭਾਰਤ ਵਿੱਚ ਹੈ। ਪਿਛਲੇ ਸਾਲਾਂ ਵਿੱਚ ਦਿੱਲੀ ਦੀ ਵਿਸ਼ਵ ਪ੍ਰਸਿੱਧ ਇਤਿਹਾਸਕ ਇਮਾਰਤ ਹਮਾਯੂੰ ਦੇ ਮਕਬਰੇ ਦੀ ਕਰੋੜਾਂ ਰੁਪਏ ਖਰਚ ਕਰਕੇ ਕਰਵਾਈ ਮੁਰੰਮਤ ਨੇ ਇਸ ਦਾ ਸਰੂਪ ਹੀ ਵਿਗਾੜ ਦਿੱਤਾ ਅਤੇ ਖ਼ਾਸੀ ਬਦਨਾਮੀ ਖੱਟੀ ਹੈ। ਅੰਮ੍ਰਿਤਸਰ ਦੇ ਰਾਮਬਾਗ ਦੀ ਮੁਰੰਮਤ ਨੇ ਵੀ ਇਸ ਦਾ ਸਰੂਪ ਵਿਗਾੜਿਆ ਹੀ ਹੈ। ਦਰਅਸਲ, ਗੰਧਲੇ ਸਮਾਜ ਦੀ ਕੋਈ ਵੀ ਸੰਸਥਾ ਸਾਫ਼-ਸੁਥਰੀ ਰਹਿ ਹੀ ਨਹੀਂ ਸਕਦੀ।

ਸੰਪਰਕ: 98728-22417

Advertisement
×