ਦਿਲਕਸ਼ ਅਦਾਕਾਰਾ ਸੀ ਕਾਮਿਨੀ ਕੌਸ਼ਲ
ਕਾਮਿਨੀ ਕੌਸ਼ਲ ਇੱਕ ਅਜਿਹੀ ਅਦਾਕਾਰਾ ਸੀ ਜਿਸ ਦਾ ਦਿਲਕਸ਼ ਅੰਦਾਜ਼ ਉਸ ਦੀ ਉਮਰ ਦੇ ਨਾਲ ਨਾਲ ਵਧਦਾ ਗਿਆ। 1946 ਵਿੱਚ ਆਪਣੀ ਪਹਿਲੀ ਫਿਲਮ ‘ਨੀਚਾ ਨਗਰ’ ਨਾਲ ਭਾਰਤੀ ਸਿਨੇਮਾ ਦੀ ਦਹਿਲੀਜ਼ ’ਤੇ ਪੈਰ ਧਰਨ ਵਾਲੀ ਕਾਮਿਨੀ ਕੌਸ਼ਲ ਨੇ ਲਗਪਗ 8 ਦਹਾਕੇ ਲਗਾਤਾਰ ਕੰਮ ਕੀਤਾ ਹੈ। ਇਸ ਅਦਾਕਾਰਾ ਦੇ ਤੁਰ ਜਾਣ ਨਾਲ ਭਾਰਤੀ ਸਿਨੇਮਾ ਦੇ ਇਤਿਹਾਸ ਦਾ ਇੱਕ ਅਧਿਆਇ ਖ਼ਤਮ ਹੋ ਗਿਆ ਹੈ। ਕਾਮਿਨੀ ਕੌਸ਼ਲ, ਜਿਸ ਦਾ ਪਹਿਲਾ ਨਾਮ ਉਮਾ ਕਸ਼ਯਪ ਸੀ, 24 ਫਰਵਰੀ 1927 ਨੂੰ ਲਾਹੌਰ ਵਿੱਚ ਜੰਮੀ ਤੇ ਉਹ ਦੋ ਭਰਾਵਾਂ ਅਤੇ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ। ਉਸ ਦੇ ਪਿਤਾ ਪ੍ਰੋਫੈਸਰ ਸ਼ਿਵ ਰਾਮ ਕਸ਼ਯਪ ਲਾਹੌਰ, ਬ੍ਰਿਟਿਸ਼ ਭਾਰਤ (ਮੌਜੂਦਾ ਪਾਕਿਸਤਾਨ) ਵਿੱਚ ਪੰਜਾਬ ਯੂਨੀਵਰਸਿਟੀ ’ਚ ਬਨਸਪਤੀ ਵਿਗਿਆਨ ਦੇ ਪ੍ਰੋਫੈਸਰ ਸਨ। ਕਾਮਿਨੀ ਕੌਸ਼ਲ ਸਿਰਫ ਸੱਤ ਸਾਲਾਂ ਦੀ ਸੀ ਜਦੋਂ 26 ਨਵੰਬਰ 1934 ਨੂੰ ਪਿਤਾ ਦਾ ਹੱਥ ਸਿਰ ਤੋਂ ਉੱਠ ਗਿਆ। ਕਾਮਿਨੀ ਕੌਸ਼ਲ ਉਨ੍ਹਾਂ ਭਾਰਤੀ ਕਲਾਕਾਰਾਂ ਵਿੱਚੋਂ ਹੈ ਜਿਨ੍ਹਾਂ ਆਪਣੇ ਕੰਮ ਨਾਲ ਪ੍ਰਸ਼ੰਸਕਾਂ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ। ਜ਼ਿੰਦਗੀ ਭਰ ਕੰਮ ਨਾਲ ਜੁੜੀ ਰਹੀ ਇਹ ਅਦਾਕਾਰਾ ਪਿਛਲੇ ਕੁਝ ਸਮੇਂ ਤੋਂ ਉਮਰਦਰਾਜ਼ ਹੋਣ ਕਰਕੇ ਸਿਹਤ ਪੱਖੋਂ ਦਿੱਕਤਾਂ ਨਾਲ ਜੂਝ ਰਹੀ ਸੀ ਤੇ ਅਖੀਰ 98 ਸਾਲ ਦੀ ਉਮਰ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਕਾਮਿਨੀ ਕੌਸ਼ਲ ਨਾ ਸਿਰਫ਼ ਸੋਹਣੀ ਸੂਰਤ ਦੀ ਮਾਲਕ ਸੀ ਸਗੋਂ ਉਸ ਦੀ ਅਦਾਕਾਰੀ ਦਾ ਅੰਦਾਜ਼ ਵੀ ਦਰਸ਼ਕਾਂ ਨੂੰ ਟੁੰਬਣ ਵਾਲਾ ਸੀ। ਉਸ ਨੇ 8 ਦਹਾਕਿਆਂ ਦੌਰਾਨ 90 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ।
ਕਾਮਿਨੀ ਨੇ ਲਾਹੌਰ ਦੇ ਸਰਕਾਰੀ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ.ਏ. (ਆਨਰਜ਼) ਕੀਤੀ। 1942 ਤੋਂ 1945 ਤੱਕ ਆਪਣੇ ਕਾਲਜ ਦੇ ਦਿਨਾਂ ਦੌਰਾਨ ਦਿੱਲੀ ਵਿੱਚ ਸਟੇਜ ਅਦਾਕਾਰਾ ਵੀ ਰਹੀ। ਉਸ ਨੇ ਵੰਡ ਤੋਂ ਪਹਿਲਾਂ 1937 ਤੋਂ 1940 ਤੱਕ ਲਾਹੌਰ ਵਿੱਚ ‘ਉਮਾ’ ਨਾਮ ਨਾਲ ਰੇਡੀਓ ਬਾਲ ਕਲਾਕਾਰ ਵਜੋਂ ਕੰਮ ਕੀਤਾ। 1946 ਵਿੱਚ ਆਈ ਪਹਿਲੀ ਫਿਲਮ ਵਿੱਚ ਕੀਤੇ ਸ਼ਾਨਦਾਰ ਕੰਮ ਲਈ ‘ਮਾਂਟਰੀਅਲ ਫਿਲਮ ਫੈਸਟੀਵਲ’ ਵਿੱਚ ਉਸ ਨੂੰ ਪੁਰਸਕਾਰ ਨਾਲ ਸਨਮਾਨਿਆ ਗਿਆ। ਇਹ ਫਿਲਮ ਉਸ ਨੇ ਵਿਆਹ ਤੋਂ ਪਹਿਲਾਂ ਕੀਤੀ ਸੀ ਜੋ ਮਗਰੋਂ 1946 ਵਿੱਚ ਰਿਲੀਜ਼ ਹੋਈ।
ਪੰਜਾਬ ਦਾ ਚੰਡੀਗੜ੍ਹ ਸ਼ਹਿਰ ਕਾਮਿਨੀ ਦੀਆਂ ਯਾਦਾਂ ਵਿੱਚ ਸਦਾ ਸ਼ਾਮਲ ਰਿਹਾ। ਪਿਛਲੀ ਵਾਰ ਉਹ 2013 ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤੇ ਜਾਣ ਮੌਕੇ ਚੰਡੀਗੜ੍ਹ ਆਈ ਸੀ। ਦੂਰਦਰਸ਼ਨ ਚੰਡੀਗੜ੍ਹ ਵਿੱਚ ਇੱਕ ਮੁਲਾਕਾਤ ਦੌਰਾਨ ਉਸ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਮਜ਼ੇਦਾਰ ਕਿੱਸੇ ਵੀ ਸਾਂਝੇ ਕੀਤੇ ਸਨ।
ਜਵਾਨੀ ਵੇਲੇ ਦੀ ਗੱਲ ਕਰਦਿਆਂ ਇੰਟਰਵਿਊ ਦੌਰਾਨ ਉਸ ਨੇ ਕਿਹਾ ਸੀ, ‘ਮੇਰੇ ਕੋਲ ਮਜ਼ਾਕ ਕਰਨ ਦਾ ਸਮਾਂ ਨਹੀਂ ਸੀ, ਨਾ ਹੀ ਕਿਸੇ ਨੂੰ ਪਸੰਦ ਕਰਨ ਦਾ ਸਮਾਂ ਸੀ। ਮੈਂ ਤੈਰਾਕੀ, ਘੋੜਸਵਾਰੀ, ਸਕੇਟਿੰਗ ਅਤੇ ਆਕਾਸ਼ਵਾਣੀ ’ਤੇ ਰੇਡੀਓ ਨਾਟਕ ਕਰਨ ਵਿੱਚ ਰੁੱਝੀ ਹੋਈ ਸਾਂ, ਜਿਸ ਲਈ ਮੈਨੂੰ 10 ਰੁਪਏ ਮਿਲਦੇ ਸਨ।’ ਇੱਕ ਇੰਟਰਵਿਊ ਦੌਰਾਨ ਕਾਮਿਨੀ ਨੇ ਦੱਸਿਆ ਕਿ ਬਚਪਨ ਵਿੱਚ ਉਸ ਦੀ ਅਦਾਕਾਰਾ ਬਣਨ ਦੀ ਬਹੁਤ ਇੱਛਾ ਸੀ। ਉਸ ਦੱਸਿਆ, ‘ਮੈਂ ਇੱਕ ਬੁੱਧੀਜੀਵੀ ਪਰਿਵਾਰ ਤੋਂ ਹਾਂ। ਮੇਰੇ ਪਿਤਾ ਨੇ ਬੌਟਨੀ ’ਤੇ ਲਗਪਗ 50 ਕਿਤਾਬਾਂ ਲਿਖੀਆਂ ਹਨ। ਮੇਰੇ ਪਰਿਵਾਰ ਵਿੱਚ ਪੜ੍ਹਾਈ-ਲਿਖਾਈ ਅਤੇ ਗਿਆਨ ਪ੍ਰਾਪਤ ਕਰਨ ’ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਸੀ, ਪਰ ਕਦੇ ਵੀ ਸਾਨੂੰ ਕੁਝ ਕਰਨ ਤੋਂ ਰੋਕਿਆ ਨਹੀਂ ਸੀ ਗਿਆ।’
ਇਸ ਤੋਂ ਪਹਿਲਾਂ ਕਿ ਕਾਮਿਨੀ ਆਪਣੇ ਜੀਵਨ ਵਿੱਚ ਅੱਗੇ ਕੋਈ ਹੋਰ ਫੈਸਲਾ ਲੈਂਦੀ, ਇੱਕ ਕਾਰ ਹਾਦਸੇ ਵਿੱਚ ਉਸ ਦੀ ਵੱਡੀ ਭੈਣ ਦੀ ਮੌਤ ਹੋ ਗਈ, ਜਿਸ ਦੀਆਂ ਦੋ ਧੀਆਂ ਸਨ। ਇਸ ਮਗਰੋਂ ਕਾਮਿਨੀ ਕੌਸ਼ਲ ਨੂੰ 1948 ਵਿੱਚ ਆਪਣੇ ਜੀਜਾ ਬੀ.ਐੱਸ. ਸੂਦ ਨਾਲ ਵਿਆਹ ਕਰਵਾਉਣਾ ਪਿਆ। ਉਹ ਬੰਬਈ (ਮੁੰਬਈ) ਆ ਵਸੀ, ਜਿਥੇ ਉਸ ਦਾ ਪਤੀ ਬੰਬਈ ਪੋਰਟ ਟਰੱਸਟ ਵਿੱਚ ਮੁੱਖ ਇੰਜੀਨੀਅਰ ਵਜੋਂ ਤਾਇਨਾਤ ਸੀ। 1950 ਦੇ ਦਹਾਕੇ ਦੌਰਾਨ ਉਹ ਮਝਗਾਂਵ ਵਿੱਚ ਇੱਕ ਵੱਡੀ ਹਵੇਲੀ ‘ਗੇਟਸਾਈਡ’ ਵਿੱਚ ਰਹੇ, ਜੋ ਬੀ.ਪੀ.ਟੀ. ਵੱਲੋਂ ਉਸ ਦੇ ਪਤੀ ਨੂੰ ਅਲਾਟ ਕੀਤਾ ਗਿਆ ਸੀ।
ਕਾਮਿਨੀ ਕੌਸ਼ਲ ਨੇ 1946 ਤੋਂ 1963 ਤੱਕ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਉਂਦਿਆਂ ਅਸ਼ੋਕ ਕੁਮਾਰ, ਰਾਜ ਕਪੂਰ, ਦੇਵ ਆਨੰਦ, ਰਾਜ ਕੁਮਾਰ ਅਤੇ ਦਿਲੀਪ ਕੁਮਾਰ ਵਰਗੇ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ। 1940 ਤੋਂ 60 ਤੱਕ ਉਹ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਅਦਾਕਾਰਾ ਰਹੀ। ਜੇਕਰ ਸਨਮਾਨਾਂ ਦੀ ਗੱਲ ਕਰੀਏ ਤਾਂ 1956 ਵਿੱਚ ਕਾਮਿਨੀ ਨੂੰ ‘ਬਿਰਾਜ ਬਹੂ’ ਲਈ ਸਰਬੋਤਮ ਅਦਾਕਾਰਾ ਦਾ ਐਵਾਰਡ ਮਿਲਿਆ। ਇਸ ਮਗਰੋਂ 1964 ਵਿੱਚ ਫਿਲਮ ‘ਸ਼ਹੀਦ’ ਲਈ ਸਰਬੋਤਮ ਸਹਾਇਕ ਅਦਾਕਾਰਾ (ਹਿੰਦੀ) ਸ਼੍ਰੇਣੀ ਵਿੱਚ ਬੀ.ਐੱਫ.ਜੇ.ਏ. ਐਵਾਰਡ, 2011 ਵਿੱਚ ਕਲਾਕਾਰ ਐਵਾਰਡਜ਼ ਵੱਲੋਂ ਲਾਈਫਟਾਈਮ ਐਚੀਵਮੈਂਟ ਐਵਾਰਡ, 2013 ਵਿੱਚ ਕਲਪਨਾ ਚਾਵਲਾ ਐਕਸੀਲੈਂਸ ਐਵਾਰਡ, 2015 ਵਿੱਚ ਫਿਲਮਫੇਅਰ ਲਾਈਫਟਾਈਮ ਐਚੀਵਮੈਂਟ ਐਵਾਰਡ, ਇਸੇ ਸਾਲ ਬੀਬੀਸੀ ਵੱਲੋਂ ਪ੍ਰਕਾਸ਼ਿਤ ਸੌ ਮਹਿਲਾਵਾਂ ਦੀ ਸੂਚੀ ਵਿੱਚ ਵੀ ਉਸ ਨੇ ਨਾਂ ਦਰਜ ਕਰਵਾਇਆ। ਇਸ ਮਗਰੋਂ 2020 ਵਿੱਚ ਫਿਲਮ ‘ਕਬੀਰ ਸਿੰਘ’ ਵਿੱਚ ਸਰਬੋਤਮ ਸਹਿ-ਕਲਾਕਾਰ ਦੀ ਸ਼੍ਰੇਣੀ ਵਿੱਚ ਸਕਰੀਨ ਐਵਾਰਡ ਹਾਸਲ ਕੀਤਾ ਤੇ ਮਗਰੋਂ ਇਸੇ ਸ਼੍ਰੇਣੀ ਤਹਿਤ ਫਿਲਮਫੇਅਰ ਐਵਾਰਡ ਲਈ ਵੀ ਨਾਮਜ਼ਦ ਹੋਈ।
ਕਾਮਿਨੀ ਨੂੰ ਹਿੰਦੀ ਸਿਨੇਮਾ ਦੀਆਂ ਸਰਬੋਤਮ ਅਦਾਕਾਰਾਂ ਵਿੱਚ ਗਿਣਿਆ ਜਾਂਦਾ ਹੈ। 1946 ਤੋਂ 1963 ਤੱਕ ‘ਦੋ ਭਾਈ’ (1947), ‘ਸ਼ਹੀਦ’ (1948), ‘ਨਦੀਆ ਕੇ ਪਾਰ’ (1948), ‘ਜ਼ਿੱਦੀ’ (1948), ‘ਸ਼ਬਨਮ’ (1949), ‘ਪਾਰਸ’ (1949), ‘ਨਮੂਨਾ’ (1949), ‘ਆਰਜ਼ੂ’ (1950), ‘ਝਾਂਜਰ’ (1953), ‘ਆਬਰੂ’ (1956), ‘ਬੜੇ ਸਰਕਾਰ’ (1957), ‘ਜੇਲਰ’ (1958), ‘ਨਾਈਟ ਕਲੱਬ’ (1958) ਅਤੇ ‘ਗੋਦਾਨ’ (1963) ਵਿੱਚ ਕਾਮਿਨੀ ਨੇ ਮੁੱਖ ਭੂਮਿਕਾ ਨਿਭਾਈ। 1963 ਤੋਂ ਬਾਅਦ ਕਾਮਿਨੀ ਜ਼ਿਆਦਾਤਰ ਕਿਰਦਾਰ ਮੁਖੀ ਫਿਲਮਾਂ ਵਿੱਚ ਨਜ਼ਰ ਆਈ, ਜਿਨ੍ਹਾਂ ਵਿੱਚੋਂ ‘ਸ਼ਹੀਦ’ (1965) ਵਿੱਚ ਉਸ ਦੇ ਕੰਮ ਨੂੰ ਕਾਫ਼ੀ ਸਰਾਹਿਆ ਗਿਆ। ਉਹ ਰਾਜੇਸ਼ ਖੰਨਾ ਦੀਆਂ ਤਿੰਨ ਫਿਲਮਾਂ, ‘ਦੋ ਰਾਸਤੇ’ (1969), ‘ਪ੍ਰੇਮ ਨਗਰ’ (1974), ‘ਮਹਾ ਚੋਰ’ (1976), ਸੰਜੀਵ ਕੁਮਾਰ ਨਾਲ ‘ਅਨਹੋਨੀ’ (1973) ਅਤੇ ਮਨੋਜ ਕੁਮਾਰ ਨਾਲ ਅੱਠ ਫਿਲਮਾਂ ‘ਸ਼ਹੀਦ’, ‘ਉਪਕਾਰ’ (1967), ‘ਪੂਰਬ ਔਰ ਪਸ਼ਚਿਮ’ (1970), ‘ਸ਼ੋਰ’ (1972), ‘ਰੋਟੀ ਕਪੜਾ ਔਰ ਮਕਾਨ’ (1974), ‘ਸੰਨਿਆਸੀ’ (1975), ‘ਦਸ ਨੰਬਰੀ’ (1976) ਤੇ ‘ਸੰਤੋਸ਼’ (1989) ਵਿੱਚ ਨਜ਼ਰ ਆਈ।
1990 ਦੇ ਦਹਾਕੇ ਤੋਂ ਬਾਅਦ ਫਿਲਮਾਂ ਵਿੱਚ ਕਾਮਿਨੀ ਕਾਫ਼ੀ ਘੱਟ ਨਜ਼ਰ ਆਈ। ਹਾਲ ਹੀ ਵਿੱਚ, ਉਹ ‘ਚੇਨੱਈ ਐਕਸਪ੍ਰੈੱਸ’ (2013) ਅਤੇ ਰੋਮਾਂਟਿਕ ਫਿਲਮ ‘ਕਬੀਰ ਸਿੰਘ’ (2019) ਵਿੱਚ ਨਜ਼ਰ ਆਈ ਸੀ ਤੇ ਦੋਵੇਂ ਫ਼ਿਲਮਾਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ’ਚ ਸ਼ਾਮਲ ਹਨ। 2022 ਵਿੱਚ ਆਈ ‘ਲਾਲ ਸਿੰਘ ਚੱਢਾ’ ਉਸ ਦੀ ਆਖਰੀ ਫਿਲਮ ਸੀ, ਜਿਸ ਵਿੱਚ ਉਸ ਦੀ ਛੋਟੀ ਜਿਹੀ ਭੂਮਿਕਾ ਸੀ।
ਇੱਕ ਟੀਵੀ ਇੰਟਰਵਿਊ ਦੌਰਾਨ ਆਪਣੀ ਪਹਿਲੀ ਫਿਲਮ ਦਾ ਕਿੱਸਾ ਸਾਂਝਾ ਕਰਦਿਆਂ ਕਾਮਿਨੀ ਨੇ ਦੱਸਿਆ ਸੀ ਕਿ ਰਵੀਸ਼ੰਕਰ ਉਸ ਵੇਲੇ ਨਵੇਂ ਸਨ ਤੇ ਉਨ੍ਹਾਂ ਹਾਲੇ ਕਿਸੇ ਲਈ ਸੰਗੀਤ ਨਹੀਂ ਸੀ ਦਿੱਤਾ। ਇਹ ਜ਼ੋਹਰਾ ਸਹਿਗਲ ਦੀ ਪਹਿਲੀ ਫਿਲਮ ਸੀ। ਉਮਾ ਆਨੰਦ (ਚੇਤਨ ਦੀ ਪਤਨੀ) ਕਾਮਿਨੀ ਨਾਲ ਕਾਲਜ ਵਿੱਚ ਸੀ। ਚੇਤਨ ਦੂਨ ਸਕੂਲ ਵਿੱਚ ਪੜ੍ਹਾਉਂਦੇ ਸਨ ਤੇ ਕਾਮਿਨੀ ਦੇ ਭਰਾ ਰਾਹੀਂ ਉਹ ਕਾਮਿਨੀ ਤੱਕ ਪਹੁੰਚੇ ਸਨ।’ ਕਾਮਿਨੀ ਕੌਸ਼ਲ ਦੀ ਫਿਲਮ ‘ਜ਼ਿੱਦੀ’ ਵਿੱਚ ਪਹਿਲੀ ਵਾਰ ਲਤਾ ਮੰਗੇਸ਼ਕਰ ਨੇ ਮੁੱਖ ਨਾਇਕਾ ਲਈ ਗੀਤ ਗਾਇਆ ਸੀ। ਕਾਮਿਨੀ ਨੇ ਇੱਕ ਇੰਟਰਵਿਊ ਵਿੱਚ ਕਿਹਾ, ‘ਲਤਾ ਨੇ ਪਹਿਲੀ ਵਾਰ ‘ਜ਼ਿੱਦੀ’ ਵਿੱਚ ਮੇਰੇ ਲਈ ਗਾਇਆ ਸੀ। ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਕਿਸੇ ਫਿਲਮ ਵਿੱਚ ਮੁੱਖ ਨਾਇਕਾ ਲਈ ਗਾਇਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਸਹਿ-ਨਾਇਕਾਵਾਂ ਲਈ ਹੀ ਆਵਾਜ਼ ਦਿੱਤੀ ਸੀ।’
ਇੱਕ ਦਿਲਚਸਪ ਕਿੱਸਾ ਕਾਮਿਨੀ ਤੇ ਦਿਲੀਪ ਕੁਮਾਰ ਦੀ ਨੇੜਤਾ ਦਾ ਵੀ ਹੈ। ਦਿਲੀਪ ਕੁਮਾਰ ਨੇ ਆਪਣੀ ਜੀਵਨੀ ਵਿੱਚ ਜ਼ਿਕਰ ਕੀਤਾ ਹੈ ਕਿ ਫਿਲਮਾਂ ਵਿੱਚ ਕੰਮ ਕਰਦਿਆਂ ਉਹ ਕਾਮਿਨੀ ਨੂੰ ਪਸੰਦ ਕਰਨ ਲੱਗ ਪਏ ਸਨ। ਪਰ ਕਾਮਿਨੀ ਨੇ ਉਨ੍ਹਾਂ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਕਿਉਂਕਿ ਉਹ ਪਹਿਲਾਂ ਹੀ ਵਿਆਹੀ ਹੋਈ ਸੀ ਤੇ ਆਪਣੀ ਵੱਡੀ ਭੈਣ ਦੇ ਬੱਚਿਆਂ ਦੀ ਦੇਖਭਾਲ ਕਰ ਰਹੀ ਸੀ। ਦਿਲੀਪ ਨੇ ਕਿਤਾਬ ਵਿੱਚ ਕਾਮਿਨੀ ਨੂੰ ਆਪਣਾ ਪਹਿਲਾ ਪਿਆਰ ਦੱਸਿਆ ਹੈ। ਇਸ ਬਾਰੇ ਇੱਕ ਇੰਟਰਵਿਊ ਦੌਰਾਨ ਕਾਮਿਨੀ ਨੇ ਕਿਹਾ, ‘ਅਸੀਂ ਇਕ ਦੂਜੇ ਨਾਲ ਬਹੁਤ ਖੁਸ਼ ਸੀ। ਸਾਡੇ ਵਿਚਾਲੇ ਇੱਕ ਸ਼ਾਨਦਾਰ ਤਾਲਮੇਲ ਦੀ ਸਾਂਝ ਸੀ।’
ਕਾਮਿਨੀ ਕੌਸ਼ਲ ਨੇ ਕੌਮੀ ਚੈਨਲ ‘ਦੂਰਦਰਸ਼ਨ’ ਲਈ ਇੱਕ ਪ੍ਰਸਿੱਧ ਕਠਪੁਤਲੀ ਸ਼ੋਅ ਬਣਾਇਆ, ਜੋ 1989 ਤੋਂ 1991 ਤੱਕ ਚੱਲਿਆ। ਹਿੰਦੀ ਵਿੱਚ ਬੱਚਿਆਂ ਲਈ ਇਹ ਪਹਿਲਾ ਅਜਿਹਾ ਲੜੀਵਾਰ ਸੀ। ਉਹ ਇੱਕ ਪ੍ਰਸਿੱਧ ਬ੍ਰਿਟਿਸ਼ ਟੈਲੀਵਿਜ਼ਨ ਲੜੀਵਾਰ ‘ਦਿ ਜਵੈੱਲ ਇਨ ਦਿ ਕ੍ਰਾਊਨ’ (1984) ਵਿੱਚ ਆਂਟੀ ਸ਼ਾਲਿਨੀ ਦੀ ਭੂਮਿਕਾ ਵਿੱਚ ਵੀ ਨਜ਼ਰ ਆਈ। ਉਹ ਆਖਰੀ ਵਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ (ਕੈਮਿਓ) ਵਿੱਚ ਨਜ਼ਰ ਆਈ। ਇਸ ਤੋਂ ਪਹਿਲਾਂ ਉਹ ‘ਕਬੀਰ ਸਿੰਘ’ ਵਿੱਚ ਉਹ ਸ਼ਾਹਿਦ ਕਪੂਰ ਦੀ ਦਾਦੀ ਬਣੀ ਸੀ।
ਕਾਮਿਨੀ ਕੌਸ਼ਲ ਇੱਕ ਅਦਭੁਤ ਸ਼ਖ਼ਸੀਅਤ ਦੀ ਮਾਲਕਣ ਸੀ ਜਿਸ ਨੇ ਨਾ ਸਿਰਫ ਆਪਣੇ ਪਰਿਵਾਰ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਸਿਰ ਮੱਥੇ ਲੈ ਕੇ ਹੰਢਾਇਆ, ਸਗੋਂ ਆਪਣੀ ਬਚਪਨ ਦੀ ਇੱਛਾ ਪੂਰੀ ਕਰਦਿਆਂ ਅਦਾਕਾਰੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ।
* ਸੀਨੀਅਰ ਬ੍ਰਾਡਕਾਸਟ ਤੇ ਮੀਡੀਆ ਵਿਸ਼ਲੇਸ਼ਕ
