DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ੰਜੀਰਾਂ ਕੱਟਦੀ ਰਬਾਬ ਦੀ ਜਾਈ ਪਾਲ ਕੌਰ

  ਕੰਵਲਜੀਤ ਕੌਰ ਸੁਖਾਲਾ ਨਹੀਂ ਰਿਹਾ ਜ਼ਿੰਦਗੀ ਦਾ ਸਫ਼ਰ ਪਾਲ ਕੌਰ ਦਾ ਜਨਮ ਪਿੰਡ ਕਾਹਲੋਂ ਮਾਜਰਾ ਤਹਿਸੀਲ ਰਾਜਪੁਰਾ ਵਿਖੇ ਹੋਇਆ। ਉਹ ਆਪਣੇ ਮਾਪਿਆਂ ਦੀ ਛੇਵੀਂ ਔਲਾਦ ਸੀ। ਉਹ ਆਪਣੇ ਦੋ ਵੱਡੇ ਭਰਾਵਾਂ ਨਾਲ ਸਕੂਲ ਦਾਖ਼ਲ ਹੋਣ ਦੀ ਉਮਰ ਤੋਂ ਪਹਿਲਾਂ...
  • fb
  • twitter
  • whatsapp
  • whatsapp
Advertisement

ਕੰਵਲਜੀਤ ਕੌਰ

Advertisement

ਸੁਖਾਲਾ ਨਹੀਂ ਰਿਹਾ ਜ਼ਿੰਦਗੀ ਦਾ ਸਫ਼ਰ

ਪਾਲ ਕੌਰ ਦਾ ਜਨਮ ਪਿੰਡ ਕਾਹਲੋਂ ਮਾਜਰਾ ਤਹਿਸੀਲ ਰਾਜਪੁਰਾ ਵਿਖੇ ਹੋਇਆ। ਉਹ ਆਪਣੇ ਮਾਪਿਆਂ ਦੀ ਛੇਵੀਂ ਔਲਾਦ ਸੀ। ਉਹ ਆਪਣੇ ਦੋ ਵੱਡੇ ਭਰਾਵਾਂ ਨਾਲ ਸਕੂਲ ਦਾਖ਼ਲ ਹੋਣ ਦੀ ਉਮਰ ਤੋਂ ਪਹਿਲਾਂ ਹੀ ਉਨ੍ਹਾਂ ਨਾਲ ਸਕੂਲ ਨੂੰ ਤੁਰ ਜਾਂਦੀ। ਜਦੋਂ ਉਸ ਦੀ ਉਮਰ ਪਹਿਲੀ ਜਮਾਤ ਵਿੱਚ ਦਾਖ਼ਲ ਹੋਣ ਜੋਗੀ ਹੋਈ ਤਾਂ ਅਧਿਆਪਕਾਂ ਨੇ ਆਪਣੇ ਆਪ ਹੀ ਉਸ ਨੂੰ ਦਾਖ਼ਲ ਕਰ ਲਿਆ। ਤੀਜੀ ਜਮਾਤ ਤੱਕ ਪੜ੍ਹਾਈ ਪਿੰਡੋਂ ਹੀ ਕੀਤੀ ਤੇ ਫਿਰ ਉਸ ਦੇ ਪਿਤਾ ਗੁਰਦੁਆਰੇ ਦੇ ਗ੍ਰੰਥੀ ਦੇ ਤੌਰ ’ਤੇ ਖਰੜ ਆ ਗਏ। ਉਹ ‘ਅਕਾਲੀ ਦਫ਼ਤਰ ਸਕੂਲ’ ਖਰੜ ਵਿਖੇ ਦਾਖ਼ਲ ਹੋ ਗਈ ਜਿਸ ਨੂੰ ਖਾਲਸਾ ਸਕੂਲ ਵੀ ਕਿਹਾ ਜਾਂਦਾ ਸੀ। ਪੰਜਵੀਂ ਜਮਾਤ ਵਿੱਚ ਉਸ ਨੇ ਵਜੀਫ਼ੇ ਦਾ ਇਮਤਿਹਾਨ ਪਾਸ ਕਰ ਲਿਆ ਪਰ ਉਸ ਦੇ ਮਾਪੇ ਉਸ ਨੂੰ ਪੰਜਵੀਂ ਤੋਂ ਬਾਅਦ ਪੜ੍ਹਾਉਣਾ ਨਹੀਂ ਸੀ ਚਾਹੁੰਦੇ, ਉਨ੍ਹਾਂ ਦਾ ਖ਼ਿਆਲ ਸੀ ਕਿ ਕੁੜੀ ਚਿੱਠੀ ਪੜ੍ਹਨ ਜੋਗੀ ਹੋ ਗਈ ਹੈ, ਬਸ ਹੋਰ ਪੜ੍ਹਾਈ ਕਰਕੇ ਕੀ ਕਰਨਾ ਹੈ। ਪਰ ਵਜੀਫ਼ਾ ਤਾਂ ਹੀ ਮਿਲ ਸਕਦਾ ਸੀ ਜੇ ਉਹ ਪੜ੍ਹਾਈ ਜਾਰੀ ਰੱਖਦੀ, ਸੋ ਇਸ ਕਰਕੇ ਉਸ ਦਾ ਅੱਗੇ ਪੜ੍ਹਨਾ ਜਾਰੀ ਰਹਿ ਸਕਿਆ। ਉਸ ਦੇ ਮਾਪੇ ਰਾਜਪੁਰਾ ਮੁੜ ਗਏ। ਉਸ ਨੇ 8ਵੀਂ ਤੇ 10ਵੀਂ ਜਮਾਤ ਸਰਕਾਰੀ ਹਾਈ ਸਕੂਲ (ਲੜਕੀਆਂ) ਰਾਜਪੁਰਾ ਤੋਂ ਪਾਸ ਕੀਤੀ। ਪਾਲ ਦਾ ਵੱਡਾ ਭਰਾ ਆਪਣੀ ਜਵਾਨੀ ਵੇਲੇ ਪ੍ਰਗਤੀਵਾਦੀ ਵਿਚਾਰਾਂ ਦੇ ਧਾਰਨੀ ਲੋਕਾਂ ਨਾਲ ਵਿਚਰਦਾ ਸੀ। ਉਸ ਨੇ ਹੀ ਆਪਣੇ ਪਿਤਾ ਨੂੰ ਕਹਿ ਕੇ ਪਾਲ ਨੂੰ ਐੱਮਸੀਐੱਮ ਡੀਏਵੀ ਕਾਲਜ ਸੈਕਟਰ 36 ਚੰਡੀਗੜ੍ਹ ਵਿੱਚ ਪ੍ਰੈੱਪ ’ਚ ਦਾਖਲਾ ਦਿਵਾਇਆ। ਪਿਤਾ ਵੱਡੇ ਭਰਾ ਦੀ ਗੱਲ ਟਾਲ ਨਹੀਂ ਸੀ ਸਕਦਾ। ਪ੍ਰੈੱਪ ਕਰਨ ਮਗਰੋਂ ਉਸ ਦੇ ਪਿਤਾ ਨੇ ਮੁੜ ਪਾਲ ਨੂੰ ਪੜ੍ਹਨੋਂ ਤੋਂ ਹਟਾ ਲਿਆ ਕਿ ਉਹ ਉਸ ਦੀ ਫ਼ੀਸ ਨਹੀਂ ਸੀ ਭਰ ਸਕਦੇ। ਪਾਲ ਨੇ ਮੁੜ ਬੀ.ਏ. ਪਹਿਲੇ ਸਾਲ ਵਿੱਚ ਦਾਖ਼ਲਾ ਲਿਆ ਤੇ ਗਰਮੀ ਦੀਆਂ ਛੁੱਟੀਆਂ ਵਿੱਚ ਸਰਫ਼ ਵੇਚਣ ਦਾ ਕੰਮ ਕਰਕੇ ਆਪਣੀ ਫ਼ੀਸ ਦੇ ਪੈਸੇ ਜੁਟਾਏ, ਇਉਂ ਹੀ ਪਾਰਟ ਟਾਈਮ ਕੰਮ ਕਰ ਕੇ ਉਸ ਨੇ ਆਤਮ-ਨਿਰਭਰ ਹੋਣਾ ਸਿੱਖ ਲਿਆ। ਇਸ ਤੋਂ ਬਾਅਦ ਪਾਲ ਨੇ ਆਪਣੀ ਸਾਰੀ ਪੜ੍ਹਾਈ ਲਈ ਖ਼ੁਦ ਵਸੀਲੇ ਪੈਦਾ ਕਰਕੇ ਹੀ ਫ਼ੀਸਾਂ ਭਰੀਆਂ। ਅਜਿਹੇ ਹਾਲਾਤ ਨੇ ਹੀ ਉਸ ਨੂੰ ਬੇਬਾਕੀ ਤੇ ਆਪਣੇ ਦਮ ’ਤੇ ਜਿਊਣ ਦੀ ਹਿੰਮਤ ਦਿੱਤੀ। ਉਸ ਨੇ ਐੱਮ.ਏ. ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਤੇ ਪੀਐੱਚਡੀ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕੀਤੀ। ਤੀਹ ਸਾਲ ਦੀ ਉਮਰ ਵਿੱਚ ਪਾਲ ਕੌਰ ਨੇ ਬਤੌਰ ਪੰਜਾਬੀ ਲੈਕਚਰਾਰ ਐੱਸਏ ਜੈਨ ਕਾਲਜ ਅੰਬਾਲਾ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਤੀਹ ਸਾਲ ਦੀ ਨੌਕਰੀ ਤੋਂ ਬਾਅਦ ਇਸੇ ਕਾਲਜ ਤੋਂ ਬਤੌਰ ਪ੍ਰੋਫੈਸਰ ਸੇਵਾਮੁਕਤ ਹੋਈ। ਪਾਲ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਸੌਖਿਆਂ ਪ੍ਰਾਪਤ ਨਹੀਂ ਹੋਇਆ। ਉਸ ਨੇ ਹਾਲਾਤ ਨਾਲ ਲੜ ਕੇ ਆਪਣੇ ਦ੍ਰਿੜ੍ਹ ਨਿਸ਼ਚੇ ਨਾਲ ਇਕੱਲਿਆਂ ਹੀ ਜ਼ਿੰਦਗੀ ਦੀ ਜੱਦੋ-ਜਹਿਦ ਨਾਲ ਇਹ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ।

ਇਸ ਵਰ੍ਹੇ ਪੰਜਾਬੀ ਦੀ ਕਵਿੱਤਰੀ ਪਾਲ ਕੌਰ ਨੂੰ ਉਸ ਦੇ ਕਾਵਿ-ਸੰਗ੍ਰਹਿ ‘ਸੁਣ ਗੁਣਵੰਤਾ ਸੁਣ ਬੁਧਿਵੰਤਾ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਉਹ ਦਹਿਲੀਜ਼ ਦੇ ਆਰ-ਪਾਰ ਰਿੱਝਦੇ-ਪੱਕਦੇ ਰਿਸ਼ਤਿਆਂ ਦੀ ਰਮਜ਼ ਨੂੰ ਆਪਣੇ ਸਮੁੱਚੇ ਕਾਵਿ ਦਾ ਧਰਾਤਲ ਬਣਾਉਂਦੀ ਹੈ। ਘਰ-ਪਰਿਵਾਰ ਦੀ ਪਿੱਤਰੀ ਸੋਚ ਅਤੇ ਰਹਿਤਲ ਨੂੰ ਵੰਗਾਰਦੀ ਹੋਈ ਆਜ਼ਾਦ ਇਨਸਾਨੀ ਹਸਤੀ ਦੇ ਤੌਰ ’ਤੇ ਆਪਣੇ ਆਪ ਨੂੰ ਸਮਾਜਿਕ ਰਹਿਤਲ ਵਿੱਚ ਸਥਾਪਿਤ ਕਰਨ ਦੇ ਸੰਘਰਸ਼ ਦੀ ਗਾਥਾ ਹੈ ਪਾਲ ਕੌਰ। ਪਾਲ ਕੌਰ ਪੇਸ਼ੇ ਵਜੋਂ ਕਾਲਜ ਅਧਿਆਪਕ ਰਹੀ ਅਤੇ ਉਸ ਨੂੰ ਕਈ ਮੁਹਾਜ਼ਾਂ ਉੱਤੇ ਸੰਘਰਸ਼ ਕਰਨਾ ਪਿਆ। ਉਹੀ ਕੌੜੇ-ਕੁਸੈਲੇ ਅਤੇ ਖੱਟੇ-ਮਿੱਠੇ ਅਨੁਭਵ ਪਾਲ ਦੀ ਕਵਿਤਾ ਦਾ ਆਧਾਰ ਬਣੇ।

ਭਾਰਤੀ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਉਸ ਦਾ ਕਾਵਿ ਸੰਗ੍ਰਹਿ ‘ਸੁਣ ਗੁਣਵੰਤਾ ਸੁਣ ਬੁਧਿਵੰਤਾ’ ਪੰਜਾਬ ਦਾ ਇਤਿਹਾਸਨਾਮਾ ਹੈ। ਇਹ ਪੰਜਾਬ ਦੇ ਇਤਿਹਾਸ ਦਾ ਕਾਵਿਕ ਬਿਆਨ ਹੈ। ਉਸ ਨੇ ਨਿੱਜੀ ਅਹਿਸਾਸ ਤੋਂ ਬਾਹਰ ਨਿਕਲ ਕੇ ਇਸ ਦੀ ਰਚਨਾ ਕੀਤੀ ਹੈ। ਇਹ ਪੰਜਾਬ ਦੀ ਧਰਤੀ ਦੀ ਰੂਹ ਬਾਰੇ ਹੈ। ਪੰਜਾਬ ਦੀ ਸਮਾਜਿਕ ਅਤੇ ਸੱਭਿਆਚਾਰਕ ਰਹਿਤਲ ਵਿੱਚ ਪੰਜਾਬ ਕਿਵੇਂ ਪੰਜਾਬ ਬਣਿਆ ਹੀ ਇਸ ਕਾਵਿ ਦਾ ਮੁੱਖ ਥੀਮ ਹੈ। ਇਹ ਇਤਿਹਾਸਕ ਕਾਵਿ ਹੜੱਪਾ ਤੋਂ ਵੀ ਪਹਿਲਾਂ, ਆਦਿ ਵਾਸੀਆਂ ਦੀ ਸੱਭਿਅਤਾ ਤੋਂ ਸ਼ੁਰੂ ਹੋ ਕੇ ਰਣਜੀਤ ਸਿੰਘ ਦੇ ਰਾਜ ਤੱਕ ਦੇ ਇਤਿਹਾਸ ਨੂੰ ਚਿਤਰਦਾ ਹੈ। ਪੰਜਾਬ ਦੇ ਇਤਿਹਾਸਕ ਦੌਰ ਵਿੱਚੋਂ ਗੁਜ਼ਰਦਿਆਂ ਸਮਾਜ, ਧਰਮ, ਰਾਜਨੀਤੀ, ਮਜ਼ਹਬ ਅਤੇ ਲੋਕਾਂ ਦੇ ਸੋਚਣ ਢੰਗ ਵਿੱਚ ਤਬਦੀਲੀਆਂ ਆਈਆਂ ਹਨ। ਇਸ ਕਾਵਿ ਦਾ ਮੁੱਖ ਧੁਰਾ ਪੰਜਾਬ ਦੇ ਖ਼ਿੱਤੇ ਵਿੱਚ ਪੈਦਾ ਹੋਈਆਂ ਵਿਚਾਰਧਾਰਾਵਾਂ ਹਨ।

ਪਾਲ ਕੌਰ ਨੇ ਕਾਵਿ ਸੰਗ੍ਰਹਿ ਦਾ ਨਾਂ ‘ਸੁਣ ਗੁਣਵੰਤਾ ਸੁਣ ਬੁਧਿਵੰਤਾ’ ਗੋਰਖਨਾਥ ਦੀ ਬਾਣੀ ਵਿੱਚੋਂ ਲਿਆ ਹੈ। ਪੁਸਤਕ ਦੇ ਕਾਲ ਖੰਡ ਦੇ ਨਾਮਕਰਣ ਉਸੇ ਕਾਲਖੰਡ ਦੀ ਭਾਰੂ ਵਿਚਾਰਧਾਰਾ ਉੱਤੇ ਆਧਾਰਿਤ ਹਨ। ਜਿਵੇਂ ਆਦਿ ਲੋਕ, ਆਦਿ ਆਰਤੀ, ਜੰਗਮ-ਸੰਗਮ, ਸਿੰਧ ’ਚ ਉੱਤਰਦੀ ਨਦਾਫ਼, ਮਰੋ ਵੇ ਜੋਗੀ ਮਰੋ, ਥੀਉ ਪਵਾਹੀ ਦਭੁ, ਵਿਚੇ ਹਾਜੀ ਵਿਚੇ ਗਾਜ਼ੀ, ਰੱਬ ਰਾਂਝੇ ਵਰਗਾ ਨਾਹੀਂ, ਚਾਰ ਪੀਰ ਚੌਦਾਂ ਖਾਨਵਾਦੇ, ਪੰਜ-ਆਬ, ਦੇਗ਼ ਤੇਗ਼ ਦੀ ਵਾਰ ਅਤੇ ਸਰਬਲੋਹ ਤੋਂ ਲੋਹਗੜ੍ਹ ਤੱਕ ਆਦਿ। ਪੁਸਤਕ ਵਿੱਚ ਕਵੀਓ ਵਾਚ ਅਤੇ ਮੰਗਲਾਚਰਨ ਦੀ ਵਿਧੀ ਅਪਣਾਈ ਹੈ। ਇਸ ਇਤਿਹਾਸਨਾਮੇ ਵਿੱਚ ਉਸ ਸਮੇਂ ਦੇ ਕਾਲ ਖੰਡ ਦੇ ਪ੍ਰਧਾਨ ਛੰਦ ਵਿੱਚ ਹੀ ਪਾਲ ਕੌਰ ਨੇ ਆਪਣੀ ਰਚਨਾ ਨੂੰ ਪਰੋਇਆ ਹੈ, ਇਸ ਤਰ੍ਹਾਂ ਵਿਕੋਲਿਤਰੇ ਕਾਵਿ ਛੰਦ ਵੰਨਗੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ।

‘ਸੁਣ ਗੁਣਵੰਤਾ ਸੁਣ ਬੁਧਿਵੰਤਾ” ਵਿੱਚ ਵੇਦਾਂਤ ਦੇ ਵੇਲਿਆਂ ਨੂੰ ਪਰਖਦਿਆਂ ਬੁੱਧ, ਚਾਣਕਿਆ, ਚੰਦਰਗੁਪਤ, ਸੁਕਰਾਤ, ਕਨਫਿਊਸ਼ਸ ਦੇ ਦਾਰਸ਼ਨਿਕ ਸਿਧਾਤਾਂ ਦੀ ਸੋਅ ਮਿਲਦੀ ਹੈ। ਪੁਸਤਕ ਦੇ ਸ਼ੁਰੂਆਤੀ ਬੋਲ ਇਉਂ ਹਨ:

ਸਰਸੇਂ ਬਰਸੇਂ ਮੇਲੇ ਆਪ, ਛਿਣ ਛਿਣ ਹੋਏ ਆਰਤੀ।

ਖੱਬਿਉਂ ਸੱਜਿਉਂ ਮਸਤਕ ਆ ਕੇ, ਖਿੜ ਖਿੜ ਹੋਏ ਆਰਤੀ।

ਫੁੱਲ ਕਿਤੇ ਵੀ ਜਾ ਕੇ ਵਹਿਣ, ਰੂਹ ਸਰਸ ਹੋਏ ਆਰਤੀ।

ਮਹਾਸ਼ਵੇਤਾ, ਬ੍ਰਹਮੀ, ਵਾਣੀ, ਬੀਜ ਗਰਭ ਹੋਏ ਆਰਤੀ।

(ਆਦਿ-ਆਰਤੀ)

‘ਸਿੰਧ ’ਚ ਉੱਤਰਦੀ ਨਦਾਫ਼’ ਕਾਂਡ ਵਿੱਚ ਦਸਤਕਾਰੀ ਅਤੇ ਕੱਪੜਾ ਬਣਾਉਣ ਦੇ ਸ਼ੁਰੂਆਤੀ ਦੌਰ ਬਾਰੇ ਲਿਖਦੀ ਹੈ: ਚਰਖਾ ਘੂਕਿਆ ਤੇ ਨਾਲ ਨਦਾਫ਼ ਚੱਲੀ, ਕੱਤਣਾ-ਪਿੰਜਣਾ ਹੋਇਆ ਆਸਾਨ ਸਾਰਾ।/ ਚੋਗੇ, ਕੁੜਤੀਆਂ, ਚੁਤਹੀਆਂ ਖੇਸ ਬਣਦੇ, ਕੱਤ ਬੁਣ ਕੇ ਭਰਨ ਦਾਲਾਨ ਸਾਰਾ।/ ਬੁਣਦੇ ਆਪਣੇ ਹੱਥਾਂ ਦੀਆਂ ਲੀਕਾਂ ਨੂੰ, ਸਿਰਫ਼ ਵਰਣ ਨਾ ਰਿਹਾ ਮਹਾਨ ਸਾਰਾ।/ ਏਥੇ ਬੁਣੇ ਦੀ ਦੂਰ ਦੂਰ ਧਮਕ ਪੈਂਦੀ, ਜਾ ਕੇ ਕੱਜਦਾ ਸੀ ਇਹ ਜਹਾਨ ਸਾਰਾ।

ਕੁਝ ਹੋਰ ਕਾਵਿ ਸਤਰਾਂ ਦੇਖੋ:

ਖ਼ਾਨਕਾਹ ਹੋਈਆਂ ਮੱਕੇ ਪਿਆਰੇ।/ ਕਈਆਂ ਹੀਰਾਂ ਦੇ ਤਖ਼ਤ ਹਜ਼ਾਰੇ।/ ਚੌਰਾਹਿਆਂ ਵਿੱਚ ਜਿਉਂ ਆ ਮਿਲਦੇ,

ਵੱਖੋ-ਵੱਖ ਵੱਖਰੇ ਰਾਹ।/ ਮੁਕੀਮ ਮੁਸਾਫ਼ਿਰ ਵੰਨ ਵੰਨ ਦੇ,

ਰਲ ਬਹਿੰਦੇ ਖ਼ਾਨਕਾਹ।/ ਸੱਥ ਅਨੋਖੀ ਦੇ ਨਜ਼ਾਰੇ, ਕਈ ਹੀਰਾਂ ਦੇ ਤਖ਼ਤ ਹਜ਼ਾਰੇ। (ਰੱਬ ਰਾਂਝੇ ਵਰਗਾ ਨਾਹੀਂ)

ਰਾਹੀਆ ਰਾਹੇ ਜਾਂਦਿਆ, ਇੱਕ ਗੱਲ ਦੱਸਦਾ ਜਾ।

ਬੁੱਤ ਪੂਜ ਕੌਣ ਸੀ, ਤੇ ਟੱਲ ਖੜਕਾਉਂਦੇ ਗਾ।

ਪੂਰਬੀ ਸੰਖ ਵਜਾਉਂਦੇ, ਪੱਛਮ ਗੂੰਜੇ ਅਜ਼ਾਨ।

ਬੁੱਤ ਪੂਜਦੇ ਨਿੱਤ ਸੀ, ਜਮਨਾ ਕਰ ਇਸ਼ਨਾਨ। (ਪੰਜ-ਆਬ)

ਰਜ਼ਾ, ਗ਼ਰੀਬੀ, ਬਾਬਾ ਗਾਵੇ।

ਖੀਵੀ ਮਾਂ, ਲੰਗਰ ਵਰਤਾਵੇ।

ਹੁਣ ਨਾ ਚੱਲਣੇ, ਉੱਚੇ ਦਾਅਵੇ।

ਸਭ ਸੰਗਤ, ਇੱਕ ਪੰਗਤ ਆਵੇ। (ਦੇਗ਼ ਤੇਗ਼ ਦੀ ਵਾਰ)

ਅਮਰਜੀਤ ਕੌਂਕੇ ਦਾ ਪਾਲ ਕੌਰ ਦੇ ਕਾਵਿ-ਸੰਗ੍ਰਹਿ ਬਾਰੇ ਕਹਿਣਾ ਹੈ: “ਪੰਜਾਬ ਦੀ ਸਮੁੱਚੀ ਨਾਥ ਪਰੰਪਰਾ ਸੂਫ਼ੀ ਅਤੇ ਗੁਰਮਤਿ ਪਰੰਪਰਾ ਵਿਚਲੇ ਬੁੱਧ ਪੁਰਖਾਂ ਨੂੰ ਸੰਬੋਧਿਤ ਹੁੰਦੀ ਸ਼ਾਇਰਾ ਆਪਣੀ ਇਸੇ ਵਿਰਾਸਤ ਵਿੱਚੋਂ ਆਪਣੇ ਚਿੰਤਨ ਦਾ ਕਾਵਿ ਵਿਸਥਾਰ ਪ੍ਰਾਪਤ ਕਰਦੀ ਹੈ। ਆਪਣੀ ਇਸ ਇਤਿਹਾਸਕਾਰੀ ਲਈ ਲੇਖਿਕਾ ਇਸ ਪੁਸਤਕ ਦੀ ਕਾਲ-ਵੰਡ ਵੀ ਪਰੰਪਰਿਕ ਰੂਪ ਵਿੱਚ ਨਹੀਂ ਕਰਦੀ ਸਗੋਂ ਉਹ ਆਦਿ ਲੋਕ, ਮਿੱਥ ਮਿਥਾਂਤਰ ਰਾਹੀਂ ਬਰਫ਼ ਯੁੱਗ ਵਿੱਚ ਜਲ ਪਰਲੈ ਵਿੱਚੋਂ ਉੱਭਰੀ ਸ੍ਰਿਸ਼ਟੀ ਵਿੱਚੋਂ ਆਪਣੇ ਇਸ ਕਾਵਿ ਦੀ ਉਸਾਰੀ ਸ਼ੁਰੂ ਕਰਦੀ ਪੰਜਾਬ ਦੀਆਂ ਇਤਿਹਾਸਕ ਮਿਥਿਹਾਸਕ ਮਿੱਥਾਂ, ਦ੍ਰਿਸ਼ਟੀਆਂ ਵਿੱਚੋਂ ਆਪਣਾ ਰਾਹ ਤਲਾਸ਼ਦੀ ਵੇਦਾਂ ਪੁਰਾਣਾਂ ਵਿੱਚੋਂ ਲੰਘਦੀ ਪੰਜਾਬ ਦੇ ਇਤਿਹਾਸ ਦੀ ਤਸਵੀਰਕਸ਼ੀ ਕਰਦੀ ਹੈ।’’

ਪਾਲ ਕੌਰ ਦੇ ਕਾਵਿਕ ਸਫ਼ਰ ਦਾ ਆਗਾਜ਼ ‘ਖ਼ਲਾਅਵਾਸੀ’ ਨਾਲ 1986 ਵਿੱਚ ਹੋਇਆ। ਇਸ ਪੁਸਤਕ ਵਿੱਚ ਪੰਜਾਬੀ ਪਿੱਤਰਸੱਤਾ ਵਾਲੀ ਰਹਿਤਲ ਵਿੱਚ ਜੀਂਦੀ-ਥੀਂਦੀ ਕੁੜੀ ਦੀ ਜੀਵਨ ਯਾਤਰਾ ਦੇ ਅਹਿਸਾਸ ਹਨ। ਪਾਲ ਪਰਿਵਾਰ ਵਿੱਚ ਛੇਵੀਂ ਧੀ ਸੀ। ਪੰਜਾਬ ਦੀਆਂ ਅਨੇਕਾਂ ਧੀਆਂ ਵਾਂਗ ਪਾਲ ਦੀ ਆਮਦ ਪਰਿਵਾਰ ਵਿੱਚ ਸਵਾਗਤਯੋਗ ਨਹੀਂ ਸੀ। ਪਾਲ ਪਰਿਵਾਰ ਅਤੇ ਸਮਾਜ ਨਾਲ ਟਕਰਾਉਂਦੀ ਹੈ। ਇਸੇ ਲਈ ਪਾਲ ਦੀ ਪਹਿਲੇ ਦੌਰ ਦੀ ਕਵਿਤਾ ਰੋਹ ਅਤੇ ਵਿਦਰੋਹ ਦੀ ਕਵਿਤਾ ਹੈ। ਇਸ ਅਹਿਸਾਸ ਦੀ ਯਾਤਰਾ ‘ਖ਼ਲਾਅਵਾਸੀ’ ਤੋਂ ਸ਼ੁਰੂ ਹੁੰਦੀ ਹੈ।

ਮੈਂ-/ ਕਿਸੇ ਕੁਲਹਿਣੀ ਘੜੀ/ ਆਪਣੀ ਮਾਂ ਦੀ ਕੁੱਖੇ ਪਈ ਸਾਂ।/ ਤੇ ਜਦੋਂ ਮੈਂ ਜੰਮੀ ਸਾਂ/ ਰਸੋਈ ’ਚ ਖਲੋਤੀ ਮੇਰੀ ਦਾਦੀ ਦੇ ਹੱਥੋਂ,/ ਕੁੱਜਾ ਛੁੱਟ ਕੇ ਟੁੱਟ ਗਿਆ ਸੀ।/ ਮੇਰੇ ਪਿਉ ਦੇ ਮੰਜੇ ਨਾਲ ਬੱਧੇ ਕੁੱਤੇ ਨੇ/ ਆਪਣੇ ਕੰਨ ਖੜਕਾਏ ਸਨ।

ਤੇ ਫਿਰ ਮੇਰੀ ਦਾਦੀ ਨੇ-/ ਮੈਨੂੰ, ਸ਼ਹਿਦ ਦੀ ਥਾਂ,/ ਨੀਲਾ-ਥੋਥਾ ਚਟਾ ਦਿੱਤਾ ਸੀ।/ ਪਰ ਮੈਂ ਮਰੀ ਨਹੀਂ ਸਾਂ-/ ਸ਼ਾਇਦ ਇਸ ਕਰਕੇ,/ ਕਿ ਗੁੜ੍ਹਤੀ ਮਰਨ ਲਈ ਨਹੀਂ,/ ਕਤਰਾ ਕਤਰਾ ਧੁਖ਼ਣ ਲਈ ਦਿੱਤੀ ਗਈ ਸੀ।/ ਹੁਣ, ਮੇਰਾ ਅੰਗ ਅੰਗ ਨੀਲਾ ਹੈ,/ ਤੇ ਮੈਂ ਆਪਣੀ ਗੁੜ੍ਹਤੀ ’ਚ ਮਿਲੀ ਮੌਤ ਨੂੰ,/ ਕਤਰਾ ਕਤਰਾ ਹੰਢਾ ਰਹੀ ਹਾਂ। (ਸ੍ਵੈ-ਕਥਾ)

‘ਖ਼ਲਾਅਵਾਸੀ’ ਪਹਿਲੇ ਕਾਵਿ ਸੰਗ੍ਰਹਿ ਨੇ ਹੀ ਪਾਲ ਨੂੰ ਕਵਿੱਤਰੀ ਦੇ ਤੌਰ ’ਤੇ ਸਾਹਿਤਕ ਹਲਕਿਆਂ ਵਿੱਚ ਸਥਾਪਿਤ ਕਰ ਦਿੱਤਾ। ਪਾਲ ‘ਨਾਗਮਣੀ’ ਵਿੱਚ 1980 ਤੋਂ ਛਪਣਾ ਸ਼ੁਰੂ ਹੋ ਚੁੱਕੀ ਸੀ। ਪਾਲ ਦਾ ਅੰਮ੍ਰਿਤਾ ਨਾਲ ਨੇੜਲਾ ਰਾਬਤਾ ਰਿਹਾ ਅਤੇ ਨਿੱਘੀ ਸਰਪ੍ਰਸਤੀ ਵੀ ਮਿਲੀ। ਪਾਲ ਨੇ ਅੰਮ੍ਰਿਤਾ ਦੀ ਜਨਮ ਸ਼ਤਾਬਦੀ ਉੱਤੇ ਉਸ ਨੂੰ ਅਕੀਦਤ ਵਜੋਂ ‘ਕਟਹਿਰੇ ਵਿੱਚ ਔਰਤ: ਅੰਮ੍ਰਿਤਾ ਦੇ ਅੰਗ ਸੰਗ’ ਲਿਖੀ। ਸੰਨ 1993 ਵਿੱਚ ਤੀਜੀ ਕਾਵਿ-ਪੁਸਤਕ ‘ਸਵੀਕਾਰ ਤੋਂ ਬਾਅਦ’ ਆਈ ਤਾਂ ਬੇਬਾਕ ਕਵਿਤਾ ‘ਖੱਬਲ’ ਨੇ ਪਾਠਕਾਂ ਦਾ ਧਿਆਨ ਖਿੱਚਿਆ:

ਸੁਣਿਆਂ ਏ ਕਿ ਜਦੋਂ ਮੈਂ ਜੰਮੀ ਸਾਂ,/ ਤਾਂ ਮੈਨੂੰ ਵੇਖ ਕੇ, ‘ਕਿਸੇ’ ਨੇ ਮੂੰਹ ਫੇਰ ਲਿਆ ਸੀ/ ਤੇ ‘ਕਿਸੇ’ ਨੇ ਪਿੱਠ ਕਰ ਲਈ ਸੀ।/ ਤੇ ਜਿਵੇਂ ਕਹਿੰਦੇ ਨੇ ਕਿ ਬੱਚਾ ਇੱਕੀ ਦਿਨਾਂ ਵਿੱਚ/ ਪਿਉ ਦੀ ਪੱਗ ਪਛਾਣ ਲੈਂਦਾ ਹੈ-/ ਮੈਂ ਪਿੱਠ ਪਛਾਣ ਲਈ ਸੀ,/ ਓਦੋਂ ਹੀ ਮੈਂ ਪਿੱਠਾਂ ਨੂੰ ਪਛਾਨਣ ਦੀ ਆਦੀ ਹੋ ਗਈ-/ ਤੇ ਜਦੋਂ ਵੀ ਅੱਖਾਂ ’ਚ ਰੋਹ ਭਰਿਆ/ ਤਾਂ ਮੈ ਉਨ੍ਹਾਂ ਪਿੱਠਾਂ ਉੱਪਰ/ ਆਪਣੀ ਉਦਾਸ ਇਬਾਰਤ ਲਿਖ ਦਿੱਤੀ/ ਜਿਸ ਨੂੰ ਉਹ ਪਿੱਠਾਂ ਵਾਲੇ/ ਕਦੇ ਵੀ ਨਹੀਂ ਪੜ੍ਹ ਸਕੇ!

ਪਾਲ ਦੀ ਸਾਹਿਤਕ ਸਿਰਜਣਾ ਦੀ ਲੰਮੀ ਘਾਲਣਾ ਹੈ। ਉਸ ਦੀਆਂ ਰਚਨਾਵਾਂ ਵਿੱਚ ਕਾਵਿ ਸੰਗ੍ਰਹਿ ਖ਼ਲਾਅਵਾਸੀ-1986, ਮੈਂ ਮੁਖ਼ਾਤਿਬ ਹਾਂ- 1988, ਸਵੀਕਾਰ ਤੋਂ ਬਾਅਦ-1993, ਇੰਜ ਨਾ ਮਿਲੀਂ-1998, ਬਾਰਿਸ਼ ਅੰਦਰੇ ਅੰਦਰ-2005, ਪੀਂਘ- 2007, ਪੌਣ ਤੜਾਗੀ-2009, ਹੁਣ ਨਹੀਂ ਮਰਦੀ ਨਿਰਮਲਾ-2019, ਹੁਣ ਤੱਕ (ਚੋਣਵਾਂ ਕਾਵਿ ਸੰਗ੍ਰਹਿ, ਸੰਪਾਦਕ: ਦੇਸ ਰਾਜ ਕਾਲੀ-2019) ਸ਼ਾਮਲ ਹਨ। ਇਸ ਤੋਂ ਇਲਾਵਾ ਬਲਦੇ ਖ਼ਤਾਂ ਦੇ ਸਿਰਨਾਵੇਂ-1985, ਪਾਸ਼ਾਂ : ਜਿੱਥੇ ਕਵਿਤਾ ਖ਼ਤਮ ਨਹੀਂ ਹੁੰਦੀ-1989, ਪਰਿੰਦੇ ਕਲਪਨਾ ਦੇ ਦੇਸ਼ ਦੇ- 2005 ਸੰਪਾਦਿਤ ਪੁਸਤਕਾਂ ’ਚ ਸ਼ਾਮਿਲ ਹਨ। ਇਸ ਤੋਂ ਇਲਾਵਾ ਉਸ ਦੇ ਖਾਤੇ ਪ੍ਰਗੀਤ ਚਿੰਤਨ (ਆਲੋਚਨਾ)-1999, ਮੀਰਾ (ਇਕੱਲੀਆਂ ਔਰਤਾਂ ਦੇ ਰੇਖਾ-ਚਿੱਤਰ)-2007, ਓਕਤਾਵਿਓ ਪਾਜ਼ ਦੀਆਂ ਕਵਿਤਾਵਾਂ (ਅਨੁਵਾਦ)-2014, ਕਟਹਿਰੇ ਵਿੱਚ ਔਰਤ: ਅੰਮ੍ਰਿਤਾ ਪ੍ਰੀਤਮ ਦੇ ਅੰਗ-ਸੰਗ-2019 ਪੁਸਤਕਾਂ ਵੀ ਹਨ।

ਪਾਲ ਕੌਰ ਦੇ ਬਹੁ-ਚਰਚਿਤ ਕਾਵਿ-ਸੰਗ੍ਰਹਿ ‘ਹੁਣ ਨਹੀਂ ਮਰਦੀ ਨਿਰਮਲਾ’ ਦੀ ਭੂਮਿਕਾ ਵਿੱਚ ਦੇਸਰਾਜ ਕਾਲੀ ਨੇ ਲਿਖਿਆ ਹੈ, “ਪਾਲ ਆਪਣੀ ਕਵਿਤਾ ਦੀ ਸਿਆਸਤ ਦੱਸਦੀ ਹੈ, ਉਹ ਸਿਆਸੀ ਕਵਿਤਾ ਕਹਿੰਦੀ ਹੈ। ਪਾਲ ਬਹੁਤ ਜ਼ਿਆਦਾ ਸਿਆਸੀ ਕਵਿਤਾ ਕਹਿੰਦੀ ਹੈ। ਉਸਦੀ ਕਵਿਤਾ ’ਚ ਪ੍ਰੇਮ ਸਿਆਸਤ ਹੈ/ ਮੌਤ ਸਿਆਸਤ ਹੈ/ ਕੁੜੀਆਂ ਸਿਆਸਤ ਨੇ/ ਮਾਂ ਸਿਆਸੀ ਹੈ/ ਦਾਦੀ ਉਹਦੇ ਤੋਂ ਵੱਡੀ ਸਿਆਸਤ। ਉਸਦਾ ਸਿਆਸੀ ਹੋ ਜਾਣਾ ਸੁਭਾਵਿਕ ਹੈ। ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਅ-ਪੋਲੀਟੀਕਲ ਹਾਂ, ਇਹ ਉਨ੍ਹਾਂ ਦੀ ਸਿਆਸਤ ਹੈ। ਪਾਲ ਕਦੇ ਨਹੀਂ ਅਜਿਹਾ ਕਹਿੰਦੀ।

ਪਾਲ ਕੌਰ ‘ਹੁਣ ਨਹੀਂ ਮਰਦੀ ਨਿਰਮਲਾ’ ਰਾਹੀਂ ਇੱਕ ਰਾਜਨੀਤਕ ਪ੍ਰਵਚਨ ਸਿਰਜਦੀ ਹੈ। ਇਸ ਸੰਗ੍ਰਹਿ ਦੀ ‘ਗ਼ਦਾਰ’ ਕਵਿਤਾ ਵਿੱਚ ਪਾਲ ਲਿਖਦੀ ਹੈ,

ਛੋਟੇ ਜਿਹੇ ਪਿੰਡ ’ਚ ਜੰਮੀ ਸਾਂ-/ ਤੇ ਹੋਸ਼ ਆਉਂਦਿਆਂ ਹੀ, ਲੀਹਾਂ ’ਤੇ ਤਿਊੜੀ ਪਾਈ ਸੀ-/ ਮਾਂ ਦੀ ਹਰ ਆਹ ’ਤੇ, ਲੰਮਾ ਸਾਹ ਭਰਿਆ ਸੀ-/ ਪਿਤਾ ਦੀ ਸਤ੍ਵਾ ਨੂੰ ਸਵਾਲ ਕਰਿਆ ਸੀ-/ ਇੱਕ ਤਰ੍ਹਾਂ ਨਾਲ, ਹੋ ਗਈ ਸਾਂ “ਮਾਓਵਾਦੀ”/ ਜਿਹੜੀ ਸਤ੍ਵਾ ਮੈਨੂੰ, ਹਰ ਜਮਾਤ ਤੋਂ ਬਾਅਦ,/ ਘਰ ਬਿਠਾਉਣਾ ਚਾਹੁੰਦੀ ਸੀ,/ ਉਸ ਨੂੰ ਲੱਗਦਾ ਸੀ ਕਿ ਮੇਰੇ ਡੂਢ ਅੱਖਰਾਂ ਨੇ,/ ਮੇਰਾ ਦਿਮਾਗ਼ ਖ਼ਰਾਬ ਕਰ ਦਿੱਤਾ ਹੈ!/ ਮੇਰੀ ਤਿਊੜੀ, ਮੇਰੇ ਸਵਾਲ ਫ਼ੈਲੇ,/ ਤੇ ਹੋ ਗਈ ਮੈਂ ਹੌਲੀ ਹੌਲੀ,/ “ਅਰਬਨ ਨਕਸਲ”!/ ਹਰ ਸਵਾਲ ਕਰਨ ਵਾਲਾ,/ ਜਾਗਦੇ ਸਿਰ ਵਾਲਾ,/ ਵਿਰੋਧੀ ਸੁਰ ਵਾਲਾ,/ “ਅਰਬਨ ਨਕਸਲ” ਹੁੰਦਾ ਏ!

‘ਹੁਣ ਨਹੀਂ ਮਰਦੀ ਨਿਰਮਲਾ’ ਕਾਵਿ-ਸੰਗ੍ਰਹਿ ਦੀ ਟਾਈਟਲ ਕਵਿਤਾ ਵਿੱਚ ਮਜ਼ਦੂਰ ਔਰਤ ਦੇ ਸ਼ਕਤੀਕਰਨ ਬਾਰੇ ਇਉਂ ਲਿਖਦੀ ਹੈ,

ਨਿਰਮਲਾ ਵੀ ਤੋਰਦੀ ਸਵੇਰੇ ਬੱਚੇ ਸਕੂਲ ਨੂੰ.../ ਭੱਜਦੀ ਦੁਪਹਿਰੇ, ਉਨ੍ਹਾਂ ਦੇ ਆਉਣ ਦੇ ਵੇਲੇ!/ ਘਰ ਦੀ ਛੱਤ ਪਾਉਣ ਲਈ,/ ਕਿਸੇ ਘਰ ਤੋਂ ਲੈ ਕਰਜ਼ਾ,/ ਪਤੀ ਦੇ ਨਾਲ ਖੜ੍ਹਦੀ!/ ਤੇ ਪਤੀ ਵਿਟਰ ਬੈਠਦਾ ਕਦੀ,/ ਬਾਹਰੋਂ ਆਉਂਦਾ ਭਰਿਆ ਪੀਤਾ!/ “ਨਹੀਂ ਜਾਣਾ ਤੂੰ ‘ਕੰਮ’ ’ਤੇ,/ ਕੰਮ ’ਤੇ ਜਾਣ ਵਾਲੀਆਂ,/ ਹੁੰਦੀਆਂ ਸਭ ਮਾੜੀਆਂ!”/ ਖੜ੍ਹਦੀ, ਅੜਦੀ, ਲੜਦੀ ਨਿਰਮਲਾ,/ ਅਗਲੇ ਦਿਨ ਫਿਰ ਆ ਜਾਂਦੀ ਕੰਮ ’ਤੇ!/ ਤੰਗ ਆ ਕੇ ਆਖਦੀ,/ ‘ਜ਼ਿਆਦਾ ਚਾਂਭਲਿਆ ਤਾਂ/ ਆਂਟੀ ਜੀ ਮੈਂ ਵੀ ਲੈ ਲੈਣਾ ਆਪਣਾ ਕਮਰਾ!/ ਮੈਂ ਨਹੀਂ ਰੋਲਣੇ ਬਾਲ/ ਇੰਜ ਨਹੀਂ ਮੈਂ ਮਾਰਨਾ ਆਪਣਾ ਆਪ!’

ਪਾਲ ਕੌਰ ਅੱਖ਼ਰ ਲਿਖਤ ਤੋਂ ਡਰ ਰਹੀ ਸੱਤਾ ਬਾਰੇ ਵੀ ਲਿਖਦੀ ਹੈ।

ਸਾਡੇ ਕੋਲ ਤੁਹਾਨੂੰ ਦੇਣ ਲਈ/ ਕੁਝ ਹੈ, ਤਾਂ ਕਿਤਾਬ!/ ਕਿਤਾਬ ਹੈ ਸਾਹ/ ਕਿਤਾਬ ਹੈ ਰਾਹ!/ ਆਦਿ-ਜੁਗਾਦਿ—

—ਸ਼ਬਦ—/ ਗੂਗਲ-ਸ਼ੂਗਲ, ਕਿੰਡਲ-ਸ਼ਿੰਡਲ ਦੀ/ ਮਾਂ ਹੈ ਕਿਤਾਬ!/ ‘ਤੇਰਾ ਤੇਰਾ’ ਤੋਂ ਹਕੂਮਤਾਂ ਘਬਰਾਉਣ.../ ਕਿਤਾਬਾਂ ਦੀ ਅੱਜ ‘ਬਾਬਰਵਾਣੀ’ ਸਮਝਾਉਣ!/ ਵੱਡੇ-ਵੱਡੇ ਹਿਟਲਰ ਕਿਤਾਬਾਂ ਤੋਂ ਡਰਦੇ!

ਪਾਲ ਕੌਰ ਨੂੰ ਇਨਾਮ ਮਿਲਣ ’ਤੇ ਨਿਰੁਪਮਾ ਦੱਤ ਦਾ ਪ੍ਰਤੀਕਰਮ ਸੀ, ‘ਪਾਲ ਨੂੰ ਲੰਮੀ ਉਡੀਕ ਤੋਂ ਬਾਅਦ ਹੱਕੀ ਇਨਾਮ ਮਿਲਿਆ, ਜੋ ਉਸ ਦੀ ਸਾਹਿਤਕ ਕਰਮੱਠ ਸਾਧਨਾ ਕਰ ਕੇ ਬਣਦਾ ਸੀ।’

ਜਦੋਂ ਪਾਲ ਕੌਰ ਨੂੰ ਮੈਂ 21ਵੀਂ ਸਦੀ ਦੀ ਅਜੋਕੀ ਪੰਜਾਬੀ ਔਰਤ ਦੀ ਆਜ਼ਾਦ ਹਸਤੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, “ਔਰਤ ਦੀ ਆਜ਼ਾਦੀ ਨੂੰ ਸਹੀ ਤਰੀਕੇ ਨਾਲ ਸਮਝਿਆ ਸਮਝਾਇਆ ਹੀ ਨਹੀਂ ਗਿਆ। ਮੈਂ ਕਹਿੰਦੀ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਫ਼ੈਸਲੇ ਆਪ ਕਰਨ ਦਾ ਹੱਕ ਦੇ ਦਿਉ, ਬੱਸ! ਇੰਨੀ ਕੁ ਆਜ਼ਾਦੀ ਚਾਹੀਦੀ ਹੈ ਸਾਨੂੰ। ਔਰਤ ਨੂੰ ਆਪਣੀ ਸਿੱਖਿਆ, ਵਿਆਹ ਲਈ ਸਾਥੀ ਦੀ ਚੋਣ ਅਤੇ ਆਪਣੀ ਦੇਹ ਉੱਤੇ ਹੱਕ ਹੋਣਾ ਚਾਹੀਦਾ ਹੈ। ਅਜੋਕੇ ਸਮੇਂ ਵਿੱਚ ਅਖੌਤੀ ਮਾਡਰਨ ਕਹਾਉਂਦੀਆਂ ਔਰਤਾਂ, ਪਿੱਤਰ ਸੱਤਾ ਵਿੱਚ ਜਿਊਂਦੀਆਂ ਹਨ ਜੋ ਪਿੱਤਰ ਸੱਤਾ ਦੀ ਰਮਜ਼ ਨੂੰ ਸਮਝ ਨਹੀਂ ਸਕੀਆਂ। ਜਗੀਰਦਾਰੀ ਪਰੰਪਰਾਵਾਂ ਪੁਰਸ਼ ਔਰਤ ਦੋਹਾਂ ਵਿੱਚ ਹਨ। ਸੁਚੇਤ ਔਰਤਾਂ ਚਾਹੇ ਉਹ ਲੇਖਕਾਵਾਂ ਹਨ ਜਾਂ ਸਮਾਜਿਕ ਕਾਰਕੁਨ, ਆਪਣੇ ਆਪਣੇ ਤੌਰ ’ਤੇ ਔਰਤ ਦੇ ਇਨਸਾਨੀ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹਨ। ਵੀਹਵੀਂ ਸਦੀ ਵਿੱਚ ਅੰਮ੍ਰਿਤਾ ਨੇ ਲੇਖਕਾਵਾਂ ਲਈ ਜ਼ਮੀਨ ਤਿਆਰ ਕੀਤੀ।’’

ਔਰਤ ਦਾ ਇਨਸਾਨੀ ਰੁਤਬੇ ਲਈ ਸੰਘਰਸ਼ ਹੀ ਔਰਤ ਦੀ ਸ਼ਕਤੀ ਹੈ। ਇਹੀ ਪਾਲ ਦੀਆਂ ਰਚਨਾਵਾਂ ਦਾ ਕੇਂਦਰ ਬਿੰਦੂ ਰਿਹਾ ਹੈ।

ਵੈਈਂ ਨਦੀ ਇਤਰਾਇ ਕੇ, ਵੇਖਿਆ ਇੱਕ ਖਵਾਬ

ਕਈ ਜ਼ੰਜੀਰਾਂ ਕਟ ਰਹੀ, ਇਕੋ ਤਾਰ ਰਬਾਬ।

ਸੰਪਰਕ: 70870-91838

Advertisement
×