ਪੁਲਾੜ ’ਚ ਭਾਰਤ ਦਾ ਦੂਜਾ ਕਦਮ: ਸ਼ੁਭਾਂਸ਼ੂ ਸ਼ੁਕਲਾ ਦੀ ਪੁਲਾੜ ਉਡਾਰੀ
ਡਾ. ਕਰਮਜੀਤ ਸਿੰਘ ਧਾਲੀਵਾਲ
ਮਨੁੱਖ ਦੀ ਜਗਿਆਸਾ ਨੇ ਬੀਤੇ ਹਜ਼ਾਰਾਂ ਵਰ੍ਹਿਆਂ ਤੋਂ ਮਨੁੱਖੀ ਅੱਖ ਅਤੇ ਬੁੱਧੀ ਨੂੰ ਅਜਬ ਕੁਦਰਤ ਦੇ ਗਜ਼ਬ ਬ੍ਰਹਿਮੰਡ ਨੂੰ ਜਾਣਨ ਦੇ ਆਹਰੇ ਲਾ ਰੱਖਿਆ ਹੈ। ਖਗੋਲ ਵਿਗਿਆਨ ਅਤੇ ਪੁਲਾੜ ਖੋਜ ਦੇ ਖੇਤਰ ਵਿੱਚ ਭਾਰਤ ਦਾ ਸਦੀਆਂ ਪੁਰਾਣਾ ਸ਼ਾਨਾਂਮੱਤੀਆਂ ਪ੍ਰਾਪਤੀਆਂ ਭਰਪੂਰ ਗੌਰਵਮਈ ਇਤਿਹਾਸ ਹੈ। ਪੰਜਵੀਂ ਸਦੀ ਵਿੱਚ ਆਰੀਆਭੱਟ ਨੇ ਨਾਲੰਦਾ ਯੂਨੀਵਰਸਿਟੀ ਦੀ ਖਗੋਲ ਨਾਮੀ ਆਬਜ਼ਰਵੇਟਰੀ ’ਤੇ ਖੋਜਾਂ ਕਰਕੇ ਖਗੋਲ ਵਿਗਿਆਨ ਦੇ ਅਨੇਕਾਂ ਸਿਧਾਂਤ ਸਥਾਪਿਤ ਕੀਤੇ। ਉਸ ਨੇ ਯੂਰਪੀਅਨ ਵਿਗਿਆਨੀਆਂ ਨਿਕੋਲਸ ਕਾਪਰਨਿਕਸ ਅਤੇ ਗੈਲੀਲੀਓ ਗੈਲਿਲੀ ਤੋਂ ਹਜ਼ਾਰ ਸਾਲ ਪਹਿਲਾਂ ਪ੍ਰਿਥਵੀ ਦੇ ਧੁਰੀ ਦੁਆਲੇ ਘੁੰਮਦੀ ਹੋਣ ਬਾਰੇ ਗੱਲ ਕੀਤੀ ਸੀ। ਚੌਦ੍ਹਵੀਂ ਸਦੀ ਵਿੱਚ ਮਾਧਵ ਦੁਆਰਾ ਸਥਾਪਿਤ ਕੀਤੇ ਗਏ ਕੇਰਲਾ ਸਕੂਲ ਆਫ ਐਸਟ੍ਰੋਨੋਮੀ ਅਤੇ ਮੈਥੇਮੈਟਿਕਸ ਨੇ ਅਨੇਕਾਂ ਵਿਗਿਆਨੀ ਪੈਦਾ ਕੀਤੇ। ਦਿੱਲੀ ਦੇ ਸੁਲਤਾਨਾਂ, ਮੁਗ਼ਲ ਬਾਦਸ਼ਾਹਾਂ, ਕਈ ਰਿਆਸਤਾਂ ਦੇ ਰਾਜੇ-ਮਹਾਰਾਜਿਆਂ, ਨਵਾਬਾਂ ਅਤੇ ਅਮੀਰਜ਼ਾਦਿਆਂ ਦੀ ਖਗੋਲ ਵਿਗਿਆਨ ਪ੍ਰਤੀ ਵਿਸ਼ੇਸ ਰੁਚੀ ਰਹੀ। ਵੀਹਵੀਂ ਸਦੀ ਦੇ ਸੱਠਵਿਆਂ ’ਚ ਸਥਾਪਿਤ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਪਿਛਲੇ ਛੇ ਦਹਾਕਿਆਂ ਦੇ ਸਫ਼ਰ ਦੌਰਾਨ ਅਨੇਕਾਂ ਮੱਲਾਂ ਮਾਰੀਆਂ ਹਨ। ਅਜੋਕੇ ਸਮੇਂ ਹਰ ਪੱਖੋਂ ਸਮਰੱਥ ਇਹ ਸੰਸਥਾ ਵੱਖ-ਵੱਖ ਕਾਰਜਾਂ ਵਾਸਤੇ ਆਪਣੇ ਅਨੇਕਾਂ ਉਪਗ੍ਰਹਿਆਂ ਅਤੇ ਪੁਲਾੜੀ ਜਹਾਜ਼ਾਂ ਦੇ ਸਫ਼ਲ ਲਾਂਚ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਬਰਤਾਨੀਆ, ਜਰਮਨੀ, ਫਰਾਂਸ, ਜਪਾਨ, ਆਸਟਰੇਲੀਆ, ਇਜ਼ਰਾਈਲ, ਕੋਰੀਆ, ਸਿੰਗਾਪੁਰ ਆਦਿ ਤਕਨੀਕ ਦੇ ਖੇਤਰ ਵਿੱਚ ਸਿਰਕੱਢ ਦੇਸ਼ਾਂ ਸਮੇਤ ਅਨੇਕਾਂ ਹੋਰ ਦੇਸ਼ਾਂ ਦੇ 433 ਉਪਗ੍ਰਹਿ ਵੀ ਗ੍ਰਹਿ ਪੰਧ ’ਤੇ ਪਾ ਚੁੱਕੀ ਹੈ। ਦੁਨੀਆ ਭਰ ਵਿੱਚ ਸਭ ਤੋਂ ਪਹਿਲਾਂ ਚੰਨ ਉੱਪਰ ਪਾਣੀ ਦੀ ਹੋਂਦ ਦੀ ਪੁਸ਼ਟੀ ਅਤੇ ਚੰਨ ਦੇ ਪਾਰਲੇ ਪਾਸੇ ਦੱਖਣੀ ਧਰੁਵ ਨੇੜੇ ਚੰਨ ਉੱਪਰ ਉਤਰਨ ਦਾ ਮਾਣ ਭਾਰਤ ਨੇ ਚੰਦਰਯਾਨ ਮਿਸ਼ਨਾਂ ਰਾਹੀਂ ਹਾਸਲ ਕੀਤਾ ਹੈ। ਚੰਦਰਯਾਨ ਅਤੇ ਮੰਗਲਯਾਨ ਮਿਸ਼ਨਾਂ ਰਾਹੀਂ ਚੰਨ ਅਤੇ ਲਾਲ ਗ੍ਰਹਿ ‘ਮੰਗਲ’ ਦੁਆਲੇ ਹਾਜ਼ਰੀ ਲਗਵਾਉਣ ਤੋਂ ਬਾਅਦ ਆਦਿਤਿਆ ਮਿਸ਼ਨ ਰਾਹੀਂ ਸੂਰਜ ਦੀ ਨਿਰਖ-ਪਰਖ ਕਰ ਰਹੀ ਭਾਰਤੀ ਪੁਲਾੜ ਖੋਜ ਸੰਸਥਾ ਹੁਣ ਗਗਨਯਾਨ ਰਾਹੀਂ ਮਨੁੱਖ ਨੂੰ ਪੁਲਾੜ ਵਿੱਚ ਭੇਜਣ ਦੇ ਆਹਰੇ ਲੱਗੀ ਹੋਈ ਹੈ। ਇਹ ਆਉਂਦੇ ਦਹਾਕੇ ਵਿੱਚ ਆਪਣਾ ਪੱਕਾ ਪੁਲਾੜੀ ਅੱਡਾ ਬਣਾਉਣ ਦੀਆਂ ਤਰਕੀਬਾਂ ਬਣਾ ਰਹੀ ਹੈ ਅਤੇ ਹੋਰ ਅਨੇਕਾਂ ਪੁਲਾੜੀ ਮਿਸ਼ਨਾਂ ਸਮੇਤ ਡੇਢ ਕੁ ਦਹਾਕੇ ਤੱਕ ਚੰਨ ’ਤੇ ਭਾਰਤੀ ਪੁਲਾੜ ਯਾਤਰੀ ਭੇਜਣ ਦੇ ਸੁਪਨੇ ਲੈ ਰਹੀ ਹੈ।
ਹਰ ਪੱਖੋਂ ਸਵਦੇਸ਼ੀ ਗਗਨਯਾਨ ਮਿਸ਼ਨ ਦਾ ਉਦੇਸ਼ ਭਾਰਤ ਦੀ ਮਨੁੱਖੀ ਪੁਲਾੜ ਉਡਾਣ ਸਮਰੱਥਾ ਦਾ ਪਲੇਠਾ ਸਫ਼ਲ ਪ੍ਰਦਰਸ਼ਨ ਹੈ, ਜੋ ਕਿ ਭਵਿੱਖ ਦੇ ਮਨੁੱਖੀ ਪੁਲਾੜ ਪ੍ਰੋਗਰਾਮਾਂ ਵਾਸਤੇ ਅਤਿ ਲੋੜੀਂਦਾ ਹੈ। ਸੰਭਾਵਿਤ ਤੌਰ ’ਤੇ ਸਾਲ 2027 ਦੀ ਪਹਿਲੀ ਤਿਮਾਹੀ ਦੌਰਾਨ ਇਸ ਮਿਸ਼ਨ ਤਹਿਤ ਤਿੰਨ ਪੁਲਾੜ ਯਾਤਰੀਆਂ ਨੂੰ ਤਿੰਨ ਦਿਨਾਂ ਵਾਸਤੇ ਲਗਭਗ 400 ਕਿਲੋਮੀਟਰ ਦੀ ਉਚਾਈ ’ਤੇ ਪ੍ਰਿਥਵੀ ਦੁਆਲੇ ਗ੍ਰਹਿ ਪੰਧ ’ਤੇ ਘੁਮਾਉਣ ਉਪਰੰਤ ਭਾਰਤੀ ਸਮੁੰਦਰ ਦੇ ਪਾਣੀਆਂ ਵਿੱਚ ਉਤਾਰ ਕੇ ਸੁਰੱਖਿਅਤ ਧਰਤੀ ’ਤੇ ਵਾਪਸ ਲਿਆਂਦਾ ਜਾਵੇਗਾ। ਅਜੋਕੇ ਸਮੇਂ ਪੁਲਾੜੀ ਜਹਾਜ਼ ਦੀ ਵੱਖ-ਵੱਖ ਪਹਿਲੂਆਂ ਤੋਂ ਤਕਨੀਕੀ ਜਾਂਚ-ਪੜਤਾਲ ਚੱਲ ਰਹੀ ਹੈ ਅਤੇ ਭਾਰਤੀ ਹਵਾਈ ਫ਼ੌਜ ਦੇ ਚਾਰ ਜਾਂਬਾਜ਼ ਪਾਇਲਟਾਂ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ, ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ ਅਤੇ ਗਰੁੱਪ ਕੈਪਟਨ ਅੰਗਦ ਪ੍ਰਤਾਪ ਦੀ ਪੁਲਾੜ ਯਾਤਰੀਆਂ ਵਜੋਂ ਚੋਣ ਕਰਨ ਉਪਰੰਤ ਉਨ੍ਹਾਂ ਨੂੰ ਪੁਲਾੜ ਯਾਤਰਾ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਇਸੇ ਸਿਖਲਾਈ ਦੀ ਕੜੀ ਵਜੋਂ ਬੀਤੇ ਵਰ੍ਹੇ ਭਾਰਤ ਵੱਲੋਂ ਨਾਮਜ਼ਦ ਪੁਲਾੜ ਯਾਤਰੀਆਂ ਵਿੱਚੋਂ ਕਿਸੇ ਇੱਕ ਨੂੰ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਅਤੇ ਨਿੱਜੀ ਅਮਰੀਕੀ ਪੁਲਾੜ ਕੰਪਨੀਆਂ ਦੇ ਸਹਿਯੋਗ ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਭੇਜਣ ਦਾ ਫ਼ੈਸਲਾ ਕੀਤਾ ਗਿਆ। ਇਸ ਤਹਿਤ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅਤੇ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਦੇ ਨਾਮ ਸੁਝਾਏ ਗਏ, ਜਿਨ੍ਹਾਂ ਵਿੱਚੋਂ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਤਿੰਨ ਵਿਦੇਸ਼ੀ ਪੁਲਾੜ ਯਾਤਰੀਆਂ ਨਾਲ ਇੱਕ ਯੋਜਨਾਬੱਧ ਨਿੱਜੀ ਪੁਲਾੜ ਉਡਾਣ ਐਕਸੀਓਮ ਮਿਸ਼ਨ-4 ਰਾਹੀਂ 8 ਜੂਨ 2025 ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਦੋ ਹਫ਼ਤਿਆਂ ਵਾਸਤੇ ਭੇਜਿਆ ਜਾਣਾ ਸੀ, ਪਰ ਕੁਝ ਕਾਰਨਾਂ ਕਰਕੇ ਹੁਣ ਇਹ ਮਿਸ਼ਨ 19 ਜੂਨ ਨੂੰ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ 10 ਅਕਤੂਬਰ 1985 ਨੂੰ ਲਖਨਊ (ਉੱਤਰ ਪ੍ਰਦੇਸ਼) ਵਿਖੇ ਜਨਮਿਆ ਸ਼ੁਭਾਂਸ਼ੂ ਸ਼ੁਕਲਾ ਪਿਛਲੇ ਉੱਨੀ ਸਾਲਾਂ ਤੋਂ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਨਿਭਾਉਂਦਿਆਂ ਹੁਣ ਤੱਕ ਦੋ ਹਜ਼ਾਰ ਘੰਟੇ ਦੇ ਕਰੀਬ ਵੱਖ-ਵੱਖ ਲੜਾਕੂ ਜਹਾਜ਼ ਉਡਾ ਚੁੱਕਿਆ ਹੈ। ਐਕਸੀਓਮ ਮਿਸ਼ਨ-4 ਦਾ ਸੰਚਾਲਨ ਨਿੱਜੀ ਅਮਰੀਕੀ ਪੁਲਾੜ ਕੰਪਨੀ ਐਕਸੀਓਮ ਸਪੇਸ ਦੁਆਰਾ ਅਮਰੀਕੀ ਕਾਰੋਬਾਰੀ ਐਲਨ ਮਸਕ ਦੀ ਮਾਲਕੀ ਵਾਲੀ ਸਪੇਸਐਕਸ ਅਤੇ ਨਾਸਾ ਦੀ ਸਾਂਝੇਦਾਰੀ ਵਿੱਚ ਕੀਤਾ ਜਾ ਰਿਹਾ ਹੈ।
ਸ਼ੁਭਾਂਸ਼ੂ ਸ਼ੁਕਲਾ ਦੀ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਉਡਾਣ ਨਾਲ ਭਾਰਤ ਚਾਰ ਦਹਾਕਿਆਂ ਬਾਅਦ ਪੁਲਾੜ ਖੋਜ ਲਈ ਮਨੁੱਖੀ ਪੁਲਾੜ ਯਾਤਰਾ ਦਾ ਦੂਜਾ ਅਧਿਆਏ ਲਿਖਣ ਜਾ ਰਿਹਾ ਹੈ। ਇਸ ਤੋਂ ਪਹਿਲਾਂ 3 ਅਪਰੈਲ 1984 ਨੂੰ ਪਹਿਲਾ ਭਾਰਤੀ ਨਾਗਰਿਕ ਹਵਾਈ ਸੈਨਾ ਦਾ ਪਾਇਲਟ ਰਾਕੇਸ਼ ਸ਼ਰਮਾ ਦੋ ਰੂਸੀ ਪੁਲਾੜ ਯਾਤਰੀਆਂ ਨਾਲ ਸੋਵੀਅਤ ਰਾਕੇਟ ਸੋਏਜ਼ ਟੀ-11 ’ਤੇ ਸਵਾਰ ਹੋ ਕੇ ਪੁਲਾੜ ਵਿਚਲੇ ਸਲਯੂਟ-7 ਆਰਬਿਟਲ ਸਟੇਸ਼ਨ ’ਤੇ ਗਿਆ ਸੀ। ਉਸ ਨੇ ਪੁਲਾੜ ਸਟੇਸ਼ਨ ’ਤੇ 7 ਦਿਨ, 21 ਘੰਟੇ ਅਤੇ 40 ਮਿੰਟ ਬਿਤਾਏ, ਜਿਸ ਦੌਰਾਨ ਉਸ ਨੇ ਮੁੱਖ ਤੌਰ ’ਤੇ ਬਾਇਓ-ਮੈਡੀਸਨ ਅਤੇ ਰਿਮੋਟ ਸੈਂਸਿੰਗ ਦੇ ਖੇਤਰਾਂ ਸੰਬੰਧੀ ਤਜਰਬੇ ਕਰਦਿਆਂ ਆਪਣੀ ਟੀਮ ਨਾਲ ਕੁੱਲ 43 ਵਿਗਿਆਨਕ ਅਤੇ ਤਕਨੀਕੀ ਅਧਿਐਨ ਕੀਤੇ ਸਨ। ਉਸ ਪਿੱਛੋਂ ਭਾਵੇਂ ਭਾਰਤੀ ਮੂਲ ਦੇ ਤਿੰਨ ਪੁਲਾੜ ਯਾਤਰੀ ਕਲਪਨਾ ਚਾਵਲਾ, ਸੁਨੀਤਾ ਵਿਲੀਅਮਜ਼ ਅਤੇ ਰਾਜਾ ਜੋਨ ਵਰਪੁਟੂਰ ਚਾਰੀ ਨਾਸਾ ਵੱਲੋਂ ਵੱਖ-ਵੱਖ ਪੁਲਾੜ ਮਿਸ਼ਨਾਂ ਵਿੱਚ ਭਾਗ ਲੈਂਦਿਆਂ ਲੰਮਾ ਸਮਾਂ ਪੁਲਾੜ ਵਿੱਚ ਗੁਜ਼ਾਰ ਚੁੱਕੇ ਹਨ, ਪਰ ਇਹ ਤਿੰਨੇ ਅਮਰੀਕੀ ਨਾਗਰਿਕਾਂ ਵਜੋਂ ਪੁਲਾੜ ਵਿੱਚ ਗਏ ਸਨ। ਇਨ੍ਹਾਂ ਤੋਂ ਇਲਾਵਾ ਬੀਤੇ ਕੁਝ ਵਰ੍ਹਿਆਂ ਦੌਰਾਨ ਨਿੱਜੀ, ਵਪਾਰਕ ਪੁਲਾੜ ਯਾਤਰੀ ਅਤੇ ਪੁਲਾੜ ਸੈਰ-ਸਪਾਟੇ ਦੇ ਬਣ ਰਹੇ ਰੁਝਾਨਾਂ ਦਰਮਿਆਨ ਭਾਰਤੀ ਮੂਲ ਦੇ ਸਿਰੀਸ਼ਾ ਬੰਦਲਾ, ਗੋਪੀਚੰਦ ਥੋਟਾਕੁਰਾ, ਐਂਡੀ ਸਾਧਵਾਨੀ ਅਤੇ ਤੁਸ਼ਾਰ ਸ਼ਾਹ ਵੀ ਬਹੁਤ ਥੋੜ੍ਹ ਚਿਰੀਆਂ ਪੁਲਾੜ ਉਡਾਣਾਂ ਭਰ ਚੁੱਕੇ ਹਨ, ਪਰ ਇਕੱਲੇ ਗੋਪੀਚੰਦ ਥੋਟਾਕੁਰਾ ਤੋਂ ਇਲਾਵਾ ਇਹ ਬਾਕੀ ਸਾਰੇ ਅਮਰੀਕੀ ਨਾਗਰਿਕ ਹਨ। ਕਾਰੋਬਾਰੀ ਗੋਪੀਚੰਦ ਥੋਟਾਕੁਰਾ ਬੀਤੇ ਵਰ੍ਹੇ ਪੁਲਾੜ ਸੈਰ-ਸਪਾਟੇ ਦੇ ਮਕਸਦ ਨਾਲ ਪਹਿਲੇ ਭਾਰਤੀ ਪੁਲਾੜ ਸੈਲਾਨੀ ਵਜੋਂ ਐਮਾਜ਼ਾਨ ਦੇ ਸੰਸਥਾਪਕ ਅਰਬਪਤੀ ਜੈਫ ਬੇਜੋਸ ਦੀ ਸਪੇਸ ਕੰਪਨੀ ਬਲੂ ਓਰਿਜਿਨ ਦੇ ਪੁਲਾੜੀ ਜਹਾਜ਼ ਰਾਹੀਂ ਪੰਜ ਵਿਦੇਸ਼ੀ ਸੈਲਾਨੀਆਂ ਨਾਲ ਪੁਲਾੜ ਵੱਲ ਉਡਾਣ ਭਰਕੇ 107 ਕਿਲੋਮੀਟਰ ਦੀ ਉੱਚਾਈ ਤੱਕ ਜਾਕੇ ਲਾਂਚਿੰਗ ਤੋਂ 10 ਮਿੰਟ ਦੇ ਅੰਦਰ ਪ੍ਰਿਥਵੀ ’ਤੇ ਵਾਪਸ ਆ ਉੱਤਰਿਆ।
ਹੁਣ 19 ਜੂਨ 2025 ਨੂੰ ਨਾਸਾ ਦੇ ਫਲੋਰੀਡਾ ਵਿਚਲੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸਐਕਸ ਫਾਲਕਨ-9 ਰਾਕੇਟ ਦੀ ਮਦਦ ਨਾਲ ਡ੍ਰੈਗਨ ਪੁਲਾੜੀ ਜਹਾਜ਼ ਨੂੰ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਪਾਇਲਟ ਵਜੋਂ ਨੀਲੇ ਅੰਬਰਾਂ ਤੋਂ ਪਾਰ ਉਡਾ ਕੇ ਕੁਝ ਘੰਟਿਆਂ ਦੇ ਸਫ਼ਰ ਉਪਰੰਤ ਤਿੰਨ ਸਹਿ ਪੁਲਾੜ ਯਾਤਰੀਆਂ ਸਮੇਤ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਜਾ ਪੁੱਜੇਗਾ। ਉੱਥੇ ਉਹ ਅਤੇ ਉਸ ਦੇ ਸਾਥੀ ਐਕਸੀਓਮ ਮਿਸ਼ਨ-4 ਦੀ ਕਮਾਂਡਰ ਅਮਰੀਕਾ ਦੀ ਸਭ ਤੋਂ ਤਜਰਬੇਕਾਰ ਪੁਲਾੜ ਯਾਤਰੀ ਪੈਗੀ ਵਿਟਸਨ, ਜੋ ਕਿ ਅਮਰੀਕੀ ਪੁਲਾੜ ਯਾਤਰੀਆਂ ਅਤੇ ਔਰਤਾਂ ਵਿੱਚੋਂ ਸਭ ਤੋਂ ਵੱਧ ਸਮਾਂ 675 ਦਿਨ ਪੁਲਾੜ ਵਿੱਚ ਗੁਜ਼ਾਰਨ ਦਾ ਰਿਕਾਰਡ ਬਣਾ ਚੁੱਕੀ ਹੈ, ਪੋਲੈਂਡ ਦਾ ਵਿਗਿਆਨੀ ਸਲਾਵੋਜ਼ ਉਜ਼ਨਾਨਸਕੀ-ਵਿਸਨੀਵਸਕੀ ਅਤੇ ਹੰਗਰੀ ਦਾ ਮਕੈਨੀਕਲ ਇੰਜੀਨੀਅਰ ਟਿਬੋਰ ਕਾਪੂ 14 ਦਿਨ ਖੋਜ ਕਾਰਜਾਂ ਨੂੰ ਸਮਰਪਿਤ ਕਰਨਗੇ। ਕੌਮਾਂਤਰੀ ਪੁਲਾੜ ਸਟੇਸ਼ਨ ਅਮਰੀਕਾ, ਰੂਸ, ਜਪਾਨ, ਯੂਰਪ ਅਤੇ ਕੈਨੇਡਾ ਦੀਆਂ ਪੁਲਾੜੀ ਏਜੰਸੀਆਂ ਦਾ ਸਾਂਝਾ ਬਣਾਵਟੀ ਉਪਗ੍ਰਹਿ ਹੈ, ਜੋ 20 ਨਵੰਬਰ 1998 ਨੂੰ ਲਾਂਚ ਕੀਤਾ ਗਿਆ ਸੀ ਅਤੇ 2 ਨਵੰਬਰ 2000 ਨੂੰ ਪਹਿਲਾ ਚਾਲਕ ਦਲ ਇੱਥੇ ਪਹੁੰਚਿਆ ਸੀ। ਉਸ ਤੋਂ ਬਾਅਦ ਲਗਾਤਾਰ ਪਿਛਲੇ ਢਾਈ ਦਹਾਕਿਆਂ ਤੋਂ ਇੱਥੇ ਹਮੇਸ਼ਾ ਪੁਲਾੜ ਯਾਤਰੀ ਮੌਜੂਦ ਰਹਿੰਦੇ ਹਨ, ਹੁਣ ਤੱਕ ਇਸ ਪੁਲਾੜ ਸਟੇਸ਼ਨ ’ਤੇ ਦੋ ਦਰਜਨ ਦੇ ਕਰੀਬ ਦੇਸ਼ਾਂ ਦੇ ਲਗਭਗ 300 ਪੁਲਾੜ ਯਾਤਰੀ ਜਾ ਚੁੱਕੇ ਹਨ। ਤਕਰੀਬਨ 4.20 ਲੱਖ ਕਿਲੋਗ੍ਰਾਮ ਭਾਰਾ 73 ਮੀਟਰ ਲੰਬਾਈ ਅਤੇ 109 ਮੀਟਰ ਚੌੜਾਈ ਵਾਲਾ ਇਹ ਸਟੇਸ਼ਨ ਛੇ ਬੈੱਡਰੂਮਾਂ ਵਾਲੇ ਘਰ ਨਾਲੋਂ ਵੀ ਵੱਡਾ ਹੈ, ਜਿਸ ਵਿੱਚ ਵਿਗਿਆਨਕ ਕਾਰਜਾਂ ਵਾਲੇ ਖੇਤਰ ਤੋਂ ਇਲਾਵਾ ਛੇ ਸੌਣ ਵਾਲੇ ਕਮਰੇ, ਦੋ ਬਾਥਰੂਮ, ਇੱਕ ਜਿਮ ਅਤੇ 360 ਡਿਗਰੀ ਦੇਖਣ ਵਾਲੀ ਖਿੜਕੀ ਹੈ। ਇਸ ਪੁਲਾੜ ਸਟੇਸ਼ਨ ਨਾਲ ਇੱਕੋ ਸਮੇਂ ਮਾਲ-ਵਾਹਕ ਅਤੇ ਕਰਮੀ ਦਲ ਲੈ ਕੇ ਆਉਣ ਵਾਲੇ ਅੱਠ ਪੁਲਾੜੀ ਜਹਾਜ਼ ਜੁੜੇ ਰਹਿ ਸਕਦੇ ਹਨ। ਇਹ ਸਟੇਸ਼ਨ ਪ੍ਰਿਥਵੀ ਤੋਂ ਤਕਰੀਬਨ 400 ਕਿਲੋਮੀਟਰ ਦੀ ਔਸਤ ਉਚਾਈ ’ਤੇ 7.66 ਕਿਲੋਮੀਟਰ ਪ੍ਰਤੀ ਸਕਿੰਟ ਦੀ ਗਤੀ ਨਾਲ ਪ੍ਰਿਥਵੀ ਦੁਆਲੇ ਗ੍ਰਹਿ ਪੰਧ ’ਤੇ ਘੁੰਮਦਿਆਂ ਲਗਭਗ 90 ਮਿੰਟ ਵਿੱਚ ਇੱਕ ਚੱਕਰ ਪੂਰਾ ਕਰ ਲੈਂਦਾ ਹੈ। ਇਸ ਤਰ੍ਹਾਂ ਇੱਥੇ ਰਹਿੰਦੇ ਪੁਲਾੜ ਯਾਤਰੀ ਹਰ ਰੋਜ਼ 16 ਵਾਰੀ ਸੂਰਜ ਉਦੇ ਅਤੇ ਅਸਤ ਹੁੰਦਾ ਵੇਖਦਿਆਂ, ਰੋਜ਼ਾਨਾ ਤਕਰੀਬਨ ਪ੍ਰਿਥਵੀ ਤੋਂ ਚੰਨ ’ਤੇ ਜਾ ਕੇ ਵਾਪਸ ਆਉਣ ਦੇ ਬਰਾਬਰ ਸਫ਼ਰ ਤੈਅ ਕਰ ਲੈਂਦੇ ਹਨ। ਪ੍ਰਿਥਵੀ ਤੋਂ ਲਗਭਗ 400 ਕਿਲੋਮੀਟਰ। ਜਿੱਥੇ ਕੌਮਾਂਤਰੀ ਪੁਲਾੜ ਸਟੇਸ਼ਨ ਗ੍ਰਹਿ ਪੰਧ ’ਤੇ ਘੁੰਮ ਰਿਹਾ ਹੈ, ਦੀ ਉਚਾਈ ’ਤੇ ਪ੍ਰਿਥਵੀ ਦਾ ਗੁਰੂਤਾ ਆਕਰਸ਼ਣ ਬਲ ਧਰਤੀ ਦੇ ਮੌਜੂਦਾ ਗੁਰੂਤਾ ਆਕਰਸ਼ਣ ਬਲ ਨਾਲੋਂ 10 ਫ਼ੀਸਦੀ ਘੱਟ ਮਹਿਸੂਸ ਹੁੰਦਾ ਹੈ, ਭਾਵ ਜੇਕਰ 100 ਕਿਲੋਗ੍ਰਾਮ ਵਜ਼ਨ ਵਾਲਾ ਕੋਈ ਮਨੁੱਖ ਪੌੜੀ ਲਾ ਕੇ ਪੁਲਾੜ ਸਟੇਸ਼ਨ ਕੋਲ ਪੁੱਜ ਜਾਵੇ ਤਾਂ ਪੌੜੀ ਦੇ ਆਖ਼ਰੀ ਡੰਡੇ ’ਤੇ ਪੁੱਜ ਕੇ ਉਸ ਦਾ ਵਜ਼ਨ 90 ਕਿਲੋਗ੍ਰਾਮ ਰਹਿ ਜਾਵੇਗਾ। ਪ੍ਰਿਥਵੀ ਦਾ ਗੁਰੂਤਾ ਆਕਰਸ਼ਣ ਬਲ ਪੁਲਾੜ ਸਟੇਸ਼ਨ ਨੂੰ ਆਪਣੇ ਵੱਲ ਖਿੱਚ ਰਿਹਾ ਹੈ, ਜਿਸ ਕਰਕੇ ਇਹ ਸਟੇਸ਼ਨ ਲਗਾਤਾਰ ਪ੍ਰਿਥਵੀ ਦੀ ਸਤਹਿ ਵੱਲ ਡਿੱਗ ਰਿਹਾ ਹੈ, ਪਰ ਕਿਉਂਕਿ ਇਹ ਬਹੁਤ ਤੇਜ਼ ਗਤੀ ਨਾਲ ਘੁੰਮ ਰਿਹਾ ਹੈ, ਇਸ ਕਰਕੇ ਇਸ ਦੇ ਪੰਧ ਦਾ ਵਕਰ ਪ੍ਰਿਥਵੀ ਦੇ ਵਕਰ ਨਾਲ ਮੇਲ ਖਾਣ ਕਰਕੇ, ਇਹ ਪ੍ਰਿਥਵੀ ਨਾਲ ਟਕਰਾਉਂਦਾ ਨਹੀਂ ਸਗੋਂ ਪ੍ਰਿਥਵੀ ਦੁਆਲੇ ਗ੍ਰਹਿ ਪੰਧ ’ਤੇ ਲਗਾਤਾਰ ਘੁੰਮਦਾ ਰਹਿੰਦਾ ਹੈ। ਪੁਲਾੜ ਵਿੱਚ ਖਲਾਅ ਹੋਣ ਕਰਕੇ ਪ੍ਰਿਥਵੀ ਦੀ ਗੁਰੂਤਾ ਖਿੱਚ ਦੇ ਪ੍ਰਭਾਵ ਅਧੀਨ ਵੱਖ-ਵੱਖ ਵਜ਼ਨ ਵਾਲੀਆਂ ਵਸਤਾਂ ਇੱਕੋ ਗਤੀ ਨਾਲ ਡਿੱਗਦੀਆਂ ਹਨ, ਜਿਸ ਨੂੰ ਫਰੀਫਾਲ ਕਹਿੰਦੇ ਹਨ। ਉਦਾਹਰਣ ਵਜੋਂ, ਜੇਕਰ ਇੱਕ ਪੁਲਾੜ ਯਾਤਰੀ ਪੁਲਾੜ ਸਟੇਸ਼ਨ ਅੰਦਰ ਇੱਕ ਸੇਬ ਸੁੱਟਦਾ ਹੈ, ਭਾਵੇਂ ਇਹ ਡਿੱਗ ਰਿਹਾ ਹੁੰਦਾ ਹੈ, ਪਰ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਡਿੱਗ ਨਹੀਂ ਰਿਹਾ, ਕਿਉਂਕਿ ਸੇਬ, ਪੁਲਾੜ ਯਾਤਰੀ ਅਤੇ ਪੁਲਾੜ ਸਟੇਸ਼ਨ ਸਾਰੇ ਇਕੱਠੇ ਡਿੱਗ ਰਹੇ ਹੁੰਦੇ ਹਨ। ਇਹ ਪ੍ਰਿਥਵੀ ਵੱਲ ਨਹੀਂ ਡਿੱਗਦੇ ਸਗੋਂ ਇਸ ਦੇ ਦੁਆਲੇ ਡਿੱਗ ਰਹੇ ਹੁੰਦੇ ਹਨ। ਇਹ ਸਾਰੇ ਇੱਕੋ ਗਤੀ ਨਾਲ ਡਿੱਗ ਰਹੇ ਹੋਣ ਕਰਕੇ ਪੁਲਾੜ ਯਾਤਰੀ ਅਤੇ ਵਸਤਾਂ ਪੁਲਾੜ ਸਟੇਸ਼ਨ ਅੰਦਰ ਤੈਰਦੀਆਂ ਮਹਿਸੂਸ ਹੁੰਦੀਆਂ ਹਨ। ਇਸ ਤਰ੍ਹਾਂ ਦੀ ਸਥਿਤੀ ਨੂੰ ਮਾਈਕਰੋ-ਗਰੈਵਿਟੀ ਕਹਿੰਦੇ ਹਨ। ਇਸ ਸਥਿਤੀ ਵਿੱਚ ਮਨੁੱਖ ਅਤੇ ਵਸਤਾਂ ਭਾਰਹੀਣ ਲੱਗਦੇ ਹਨ। ਮਾਈਕਰੋ ਗਰੈਵਿਟੀ ਵਿੱਚ ਅਨੇਕਾਂ ਭੌਤਿਕ, ਰਸਾਇਣਕ ਅਤੇ ਜੈਵਿਕ ਵਰਤਾਰਿਆਂ ਦੇ ਪ੍ਰਿਥਵੀ ਨਾਲੋਂ ਭਿੰਨ ਰੂਪ ਦੇਖੇ ਜਾ ਸਕਦੇ ਹਨ। ਉਦਾਹਰਣ ਦੇ ਤੌਰ ’ਤੇ ਮਾਈਕਰੋ ਗਰੈਵਿਟੀ ਵਿੱਚ ਅੱਗ ਦੀ ਲਾਟ ਪ੍ਰਿਥਵੀ ’ਤੇ ਬਾਲੀ ਅੱਗ ਦੀ ਲਾਟ ਤੋਂ ਪੂਰੀ ਤਰ੍ਹਾਂ ਵੱਖ ਹੁੰਦੀ ਹੈ। ਪ੍ਰਿਥਵੀ ਉੱਪਰ ਬਾਲੀ ਅੱਗ ਦੀ ਲਾਟ ਵਿੱਚ ਗਰਮ ਗੈਸਾਂ ਉੱਪਰ ਵੱਲ ਉੱਠਦੀਆਂ ਹਨ, ਜਦੋਂਕਿ ਗੁਰੂਤਾ ਆਕਰਸ਼ਣ ਬਲ ਠੰਢੀਆਂ ਸੰਘਣੀਆਂ ਗੈਸਾਂ ਨੂੰ ਲਾਟ ਦੇ ਤਲ ਵੱਲ ਹੇਠਾਂ ਖਿੱਚਦਾ ਹੈ, ਜਿਸ ਕਰਕੇ ਲਾਟ ਦਾ ਆਕਾਰ ਅਤੇ ਝਿਲਮਿਲਾਹਟ ਪੈਦਾ ਹੁੰਦੀ ਹੈ। ਮਾਈਕਰੋ ਗਰੈਵਿਟੀ ਵਾਲੀ ਸਥਿਤੀ ਵਿੱਚ ਗੈਸਾਂ ਦਾ ਇਸ ਤਰ੍ਹਾਂ ਦਾ ਵਹਾਅ ਨਹੀਂ ਹੁੰਦਾ, ਜਿਸ ਕਰਕੇ ਅੱਗ ਦੀ ਲਾਟ ਗੋਲਾਕਾਰ ਬਣ ਜਾਂਦੀ ਹੈ।
ਭਾਰਤੀ ਪੁਲਾੜ ਖੋਜ ਸੰਸਥਾ ਨੇ ਐਕਸੀਓਮ ਮਿਸ਼ਨ-4 ਰਾਹੀਂ ਗਗਨਯਾਨ ਮਿਸ਼ਨ ਲਈ ਨਾਮਜ਼ਦ ਪੁਲਾੜ ਯਾਤਰੀ ਦੀ ਸਰਬਪੱਖੀ ਸਿਖਲਾਈ ਦੇ ਨਾਲ-ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਹੋ ਰਹੀ ਮਾਈਕਰੋ ਗਰੈਵਿਟੀ ਖੋਜ ਨੂੰ ਅੱਗੇ ਵਧਾਉਣ ’ਤੇ ਵੀ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਇਸ ਤਹਿਤ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਅਨੇਕਾਂ ਪ੍ਰਯੋਗਾਂ ਵਿੱਚ ਰੁੱਝਿਆ ਰਹੇਗਾ। ਉਹ ਮਾਈਕਰੋ ਗਰੈਵਿਟੀ ਵਿੱਚ ਕੰਪਿਊਟਰ ਸਕਰੀਨਾਂ ਦੀ ਵਰਤੋਂ ਦੇ ਮਨੁੱਖਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰੇਗਾ। ਛੇ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਦੇ ਬੀਜਾਂ ’ਤੇ ਪੁਲਾੜੀ ਯਾਤਰਾ ਦੇ ਪ੍ਰਭਾਵਾਂ ਦੀ ਜਾਂਚ ਕਰੇਗਾ। ਮਿਸ਼ਨ ਤੋਂ ਬਾਅਦ ਇਨ੍ਹਾਂ ਬੀਜਾਂ ਨੂੰ ਕਈ ਪੀੜ੍ਹੀਆਂ ਤੱਕ ਉਗਾਇਆ ਜਾਵੇਗਾ ਅਤੇ ਪਸੰਦੀਦਾ ਗੁਣਾਂ ਵਾਲੇ ਪੌਦਿਆਂ ਨੂੰ ਜੈਨੇਟਿਕ ਵਿਸ਼ਲੇਸ਼ਣ ਲਈ ਚੁਣਿਆ ਜਾਵੇਗਾ। ਇਸ ਖੋਜ ਦਾ ਉਦੇਸ਼ ਇਹ ਸਮਝਣ ਵਿੱਚ ਮਦਦ ਕਰਨਾ ਹੈ ਕਿ ਭਵਿੱਖ ਦੇ ਪੁਲਾੜ ਖੋਜ ਮਿਸ਼ਨਾਂ ਲਈ ਪੁਲਾੜ ਵਿੱਚ ਫ਼ਸਲਾਂ ਕਿਵੇਂ ਉਗਾਈਆਂ ਜਾ ਸਕਦੀਆਂ ਹਨ। ਪਾਣੀ ਵਿੱਚ ਰਹਿਣ ਵਾਲੇ ਸਾਈਨੋਬੈਕਟੀਰੀਆ, ਜੋ ਪ੍ਰਕਾਸ਼ ਸੰਸ਼ਲੇਸ਼ਣ ਕਰ ਸਕਦੇ ਹਨ, ਦੀਆਂ ਮਾਈਕਰੋ ਗਰੈਵਿਟੀ ਵਿੱਚ ਵਾਧੇ ਦੀਆਂ ਦਰਾਂ, ਸੈਲਿਊਲਰ ਪ੍ਰਤੀਕਿਰਿਆਵਾਂ, ਅਤੇ ਬਾਇਓਕੈਮੀਕਲ ਗਤੀਵਿਧੀਆਂ ਦੀ ਜਾਂਚ ਕਰਨ ਲਈ ਸ਼ੁਭਾਂਸ਼ੂ ਸ਼ੁਕਲਾ ਸਾਈਨੋਬੈਕਟੀਰੀਆ ਦੀਆਂ ਦੋ ਕਿਸਮਾਂ ਦੀ ਤੁਲਨਾ ਕਰੇਗਾ। ਇਹ ਨਤੀਜੇ ਭਵਿੱਖ ਦੇ ਪੁਲਾੜੀ ਜਹਾਜ਼ਾਂ ਦੀਆਂ ਜੀਵਨ ਸਹਾਇਤਾ ਪ੍ਰਣਾਲੀਆਂ ਦੇ ਵਿਕਾਸ ਵਿੱਚ ਮਦਦ ਕਰ ਸਕਦੇ ਹਨ। ਉਹ ਮਾਈਕਰੋ ਗਰੈਵਿਟੀ ਵਿੱਚ ਪਿੰਜਰ ਮਾਸਪੇਸ਼ੀਆਂ ਦੀ ਕਾਰਜਹੀਣਤਾ ਲਈ ਜ਼ਿੰਮੇਵਾਰ ਕਾਰਨਾਂ ਦੀ ਪਛਾਣ ਕਰੇਗਾ, ਇਹ ਖੋਜ ਲੰਬੇ ਪੁਲਾੜ ਮਿਸ਼ਨਾਂ ਦੌਰਾਨ ਪੁਲਾੜ ਯਾਤਰੀਆਂ ਦੀਆਂ ਮਾਸਪੇਸ਼ੀਆਂ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਇਲਾਜ ਵਿਕਸਿਤ ਕਰਨ ਵਾਸਤੇ ਬਹੁਤ ਮਹੱਤਵਪੂਰਨ ਸਿੱਧ ਹੋਵੇਗੀ ਅਤੇ ਇਸ ਖੋਜ ਦਾ ਪ੍ਰਭਾਵ ਪ੍ਰਿਥਵੀ ਉੱਪਰ ਮਾਸਪੇਸ਼ੀਆਂ ਨਾਲ ਸਬੰਧਤ ਬਿਮਾਰੀਆਂ ਅਤੇ ਉਮਰ ਵਧਣ ਜਾਂ ਲੰਮੇ ਸਮੇਂ ਤੱਕ ਗਤੀਹੀਣਤਾ ਨਾਲ ਸਬੰਧਤ ਸਥਿਤੀਆਂ ਦੀ ਸਮਝ ਅਤੇ ਇਲਾਜ ’ਤੇ ਵੀ ਪੈ ਸਕਦਾ ਹੈ। ਉਹ ਭਵਿੱਖ ਦੇ ਪੁਲਾੜ ਯਾਤਰੀਆਂ ਦੇ ਪੋਸ਼ਣ ਵਾਸਤੇ ਸਲਾਦ ਉਗਾਉਣ ਅਤੇ ਖਾਣ ਵਾਲੀ ਸੂਖ਼ਮ ਕਾਈ ’ਤੇ ਮਾਈਕਰੋ ਗਰੈਵਿਟੀ ਦੇ ਪ੍ਰਭਾਵਾਂ ਦੀ ਤਫ਼ਸੀਲ ਨਾਲ ਨਿਰਖ-ਪਰਖ ਦੇ ਨਾਲ-ਨਾਲ ਭਾਰਤੀ ਵਿਦਿਆਰਥੀਆਂ ਵਿੱਚ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਕਲਾ ਅਤੇ ਗਣਿਤ ਦੇ ਖੇਤਰਾਂ ਪ੍ਰਤੀ ਜਾਗਰੂਕਤਾ ਅਤੇ ਸ਼ਮੂਲੀਅਤ ਵਧਾਉਣ ਵਾਲੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਵੀ ਕਾਰਜ ਕਰੇਗਾ।
ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅਤੇ ਉਸ ਦੇ ਸਾਥੀਆਂ ਵੱਲੋਂ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਮਾਈਕਰੋ ਗਰੈਵਿਟੀ ਵਾਲੀ ਸਥਿਤੀ ਵਿੱਚ ਦੋ ਹਫ਼ਤਿਆਂ ਤੱਕ ਰਹਿੰਦਿਆਂ 31 ਦੇਸ਼ਾਂ ਦੇ ਖੋਜ ਅਤੇ ਵਿਕਾਸ ਕਾਰਜਾਂ ਵਾਸਤੇ ਲਗਭਗ 60 ਵਿਗਿਆਨਕ ਅਧਿਐਨ ਕੀਤੇ ਜਾਣਗੇ, ਜੋ ਵਿਸ਼ਵਵਿਆਪੀ ਗਿਆਨ-ਵਿਗਿਆਨ ਦੀ ਪ੍ਰਫੁੱਲਤਾ ਵਿੱਚ ਅਹਿਮ ਯੋਗਦਾਨ ਪਾਉਣਗੇ। ਭਵਿੱਖ ਦੇ ਗਗਨਯਾਨ ਮਿਸ਼ਨ ਲਈ ਨਾਮਜ਼ਦ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਪਹਿਲੇ ਭਾਰਤੀ ਨਾਗਰਿਕ ਦੀ ਪੁਲਾੜ ਉਡਾਣ ਦੇ ਇਕਤਾਲੀ ਸਾਲਾਂ ਬਾਅਦ ਐਕਸੀਓਮ ਮਿਸ਼ਨ-4 ਰਾਹੀਂ ਪੁਲਾੜ ਖੋਜ ਦੇ ਉਦੇਸ਼ ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਪੁੱਜਣਾ ਭਾਰਤ ਦੇ ਸਵਦੇਸ਼ੀ ਮਨੁੱਖੀ ਪੁਲਾੜ ਮਿਸ਼ਨ ਲਈ ਅਤਿ ਲਾਹੇਵੰਦ ਸਿੱਧ ਹੋਵੇਗਾ ਅਤੇ ਭਾਰਤੀ ਪੁਲਾੜ ਖੋਜ ਸੰਸਥਾ ਦੇ ਭਵਿੱਖ ਦੇ ਪ੍ਰੋਗਰਾਮਾਂ ਨੂੰ ਉਤਸ਼ਾਹਪੂਰਨ ਗਤੀਸ਼ੀਲਤਾ ਬਖ਼ਸ਼ੇਗਾ। ਇਸ ਦੇ ਨਾਲ ਹੀ ਸਾਡੇ ਜਾਂਬਾਜ਼ ਪਾਇਲਟ ਦੀ ਪੁਲਾੜ ਵੱਲ ਭਰੀ ਇਹ ਉਡਾਰੀ ਅਗਲੀ ਪੀੜ੍ਹੀ ਦੇ ਭਾਰਤੀ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਮਨੁੱਖਤਾ ਦੇ ਭਲੇ ਲਈ ਵਿਗਿਆਨਕ ਪ੍ਰਗਤੀ ਵਿੱਚ ਵਡੇਰਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ।
* ਭੌਤਿਕ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 94640-77434