ਭਾਰਤ ਅਤੇ ਪਾਕਿਸਤਾਨ ਦਾ ਟਕਰਾਅ
ਰਾਮਚੰਦਰ ਗੁਹਾ
ਭਾਰਤ ਅਤੇ ਪਾਕਿਸਤਾਨ ਦਾ ਜਨਮ ਬਰਤਾਨਵੀ ਸਾਮਰਾਜ ਤੋਂ ਆਜ਼ਾਦ ਹੋਣ ਵੇਲੇ ਦੋ ਹਿੱਸਿਆਂ ’ਚ ਵੰਡੇ ਜਾਣ ਨਾਲ ਹੋਇਆ ਸੀ। ਇਨ੍ਹਾਂ ਦੀ ਸਾਂਝੀ ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਵਿਰਾਸਤ ਹੈ। ਫਿਰ ਵੀ ਹੁਣ ਇਨ੍ਹਾਂ ਦੀ ਹੋਂਦ ਦੇ ਕਰੀਬ ਅੱਠ ਦਹਾਕਿਆਂ ਬਾਅਦ ਇਨ੍ਹਾਂ ਦੀ ਤਕਦੀਰ ਬਿਲਕੁਲ ਵੱਖੋ ਵੱਖਰੀ ਹੋ ਗਈ ਹੈ। ਭਾਰਤੀ ਅਰਥਵਿਵਸਥਾ ਵਿੱਚ ਤੇਜ਼ੀ ਆਈ ਹੈ ਤੇ ਇਸ ਦੀ ਪ੍ਰਤੀ ਵਿਅਕਤੀ ਆਮਦਨ ਪਾਕਿਸਤਾਨ ਦੀ ਪ੍ਰਤੀ ਵਿਅਕਤੀ ਆਮਦਨ ਨਾਲੋਂ ਲਗਭਗ ਦੁੱਗਣੀ ਹੈ। ਭਾਰਤ ਇਕਜੁੱਟ ਹੈ, ਜਦੋਂਕਿ ਪਾਕਿਸਤਾਨ 1971 ਵਿੱਚ ਆਪਣਾ ਵਧੇਰੇ ਆਬਾਦੀ ਵਾਲਾ ਪੂਰਬੀ ਭਾਗ ਗੁਆ ਬੈਠਾ ਜੋ ਬੰਗਲਾਦੇਸ਼ ਦਾ ਪ੍ਰਭੂਸੱਤਾ ਸੰਪੰਨ ਰਾਸ਼ਟਰ ਬਣ ਗਿਆ। ਭਾਰਤ ਆਮ ਚੋਣਾਂ ’ਚ ਲਗਾਤਾਰ ਵਧ ਚੜ੍ਹ ਕੇ ਹਿੱਸਾ ਲੈਂਦਾ ਆ ਰਿਹਾ ਹੈ ਜਦੋਂਕਿ ਪਾਕਿਸਤਾਨ ’ਚ ਚੋਣਾਂ ਦਾ ਸਮਾਂ ਤੇ ਨਤੀਜਾ ਫ਼ੌਜੀ ਜਰਨੈਲਾਂ ਵੱਲੋਂ ਤੈਅ ਕੀਤਾ ਜਾਂਦਾ ਹੈ।
ਕੀ ਵਜ੍ਹਾ ਹੈ ਕਿ ਭਾਰਤ ਨੇ ਪਾਕਿਸਤਾਨ ਨਾਲੋਂ ਏਨੀ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ? ਹਿੰਦੂ ਕਠਮੁੱਲਾਵਾਦੀਆਂ ਦਾ ਦਾਅਵਾ ਹੈ ਕਿ ਇਹ ਇਸ ਕਰ ਕੇ ਹੈ ਕਿਉਂਕਿ ਉਨ੍ਹਾਂ ਦਾ ਧਰਮ ਇਸਲਾਮ ਨਾਲੋਂ ਅਸਲੋਂ ਹੀ ਉੱਤਮ ਹੈ। ਅਸਲ ਵਿੱਚ ਸਚਾਈ ਬਿਲਕੁਲ ਉਲਟ ਹੈ- ਇਹ ਇਸ ਕਰ ਕੇ ਹੋਇਆ ਕਿਉਂਕਿ ਸਾਡੇ ਰਾਸ਼ਟਰ ਪਿਤਾਵਾਂ (ਮਾਤਾਵਾਂ ਵੀ) ਨੇ ਧਾਰਮਿਕ ਪੱਖਪਾਤ ਅਤੇ ਧਾਰਮਿਕ ਕੱਟੜਤਾ ਵੱਲ ਪਿੱਠ ਕਰ ਲਈ ਜਿਸ ਕਰ ਕੇ ਅਸੀਂ ਪਾਕਿਸਤਾਨ ਤੋਂ ਕਾਫ਼ੀ ਹੱਦ ਤੱਕ ਵੱਖਰੇ ਸਫ਼ਰ ’ਤੇ ਚੱਲ ਸਕੇ। ਭਾਰਤੀ ਸੰਵਿਧਾਨ ਨੇ ਪ੍ਰਾਚੀਨ ਹਿੰਦੂ ਰਾਜਸ਼ਾਹੀ ਦੇ ਮਾਡਲਾਂ ਨੂੰ ਰੱਦ ਕਰਦਿਆਂ ਇੱਕ ਵਿਅਕਤੀ ਇੱਕ ਵੋਟ ’ਤੇ ਆਧਾਰਿਤ ਸਿਆਸੀ ਪ੍ਰਣਾਲੀ ਨੂੰ ਅਪਣਾਇਆ ਸੀ। ਇਸ ਨੇ ਧਰਮ ਅਤੇ ਸਟੇਟ ਨੂੰ ਰਲਗੱਡ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਹਾਲਾਂਕਿ ਪਾਕਿਸਤਾਨ ਇਸ ਪ੍ਰਕਿਰਿਆ ਵਿੱਚ ਪੈ ਗਿਆ ਸੀ। ਆਖ਼ਿਰਕਾਰ ਆਜ਼ਾਦੀ ਤੋਂ ਬਾਅਦ ਦੇ ਸਾਡੇ ਆਗੂਆਂ ਨੇ ਤਰਕਸੰਗਤ ਸੋਚ ਅਤੇ ਆਰਥਿਕ ਤਰੱਕੀ ਨੂੰ ਉਤਸ਼ਾਹਿਤ ਕਰਨ ਵਿੱਚ ਆਧੁਨਿਕ ਵਿਗਿਆਨ ਦੀ ਅਹਿਮੀਅਤ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਸੀ। (ਚਾਹੇ ਮੁਹੰਮਦ ਅਲੀ ਜਿਨਾਹ ਨੂੰ ਜਵਾਹਰਲਾਲ ਨਹਿਰੂ ਜਿੰਨਾ ਹੀ ਸਮਾਂ ਸੱਤਾ ਵਿੱਚ ਰਹਿਣ ਦਾ ਕਿਉਂ ਨਾ ਮਿਲ ਗਿਆ ਹੁੰਦਾ ਤਾਂ ਵੀ ਉਹ ਪਾਕਿਸਤਾਨ ਵਿੱਚ ਆਈਆਈਟੀਜ਼ ਜਾਂ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਦੇ ਮੁਕਾਬਲੇ ਦੇ ਪ੍ਰਬੀਨਤਾ ਕੇਂਦਰ ਕਾਇਮ ਨਹੀਂ ਕਰ ਸਕਦਾ ਸੀ)।
ਅਜਿਹਾ ਨਹੀਂ ਹੈ ਕਿ ਲੋਕਤੰਤਰ, ਬਹੁਵਾਦ ਅਤੇ ਬੌਧਿਕ ਖੁੱਲ੍ਹੇਪਣ ਦੀਆਂ ਕਦਰਾਂ-ਕੀਮਤਾਂ ਨੂੰ ਹਰ ਸਮੇਂ ਉਵੇਂ ਬੁਲੰਦ ਹੀ ਕੀਤਾ ਜਾਂਦਾ ਰਿਹਾ ਜਿਵੇਂ ਕਿ ਕੀਤਾ ਜਾਣਾ ਚਾਹੀਦਾ ਸੀ। 1975-77 ਦੀ ਐਮਰਜੈਂਸੀ ਦੌਰਾਨ ਲੋਕਰਾਜੀ ਆਜ਼ਾਦੀਆਂ ਉੱਪਰ ਰੋਕਾਂ ਲਾ ਦਿੱਤੀਆਂ ਗਈਆਂ। ਕਸ਼ਮੀਰ ਅਤੇ ਉੱਤਰ ਪੂਰਬ ਵਿੱਚ ਬੇਤਹਾਸ਼ਾ ਰਾਜਕੀ ਹਿੰਸਾ ਦੇਖਣ ਨੂੰ ਮਿਲੀ। ਸਮੇਂ-ਸਮੇਂ ’ਤੇ ਘੱਟਗਿਣਤੀਆਂ ਉੱਪਰ ਹਮਲੇ ਹੁੰਦੇ ਰਹੇ ਅਤੇ ਨਸਲਪ੍ਰਸਤੀ ਵੀ ਸਿਰ ਚੁੱਕਦੀ ਰਹੀ ਪਰ ਫਿਰ ਵੀ ਇਹ ਕਦਰਾਂ-ਕੀਮਤਾਂ ਇਸ ਢੰਗ ਨਾਲ ਬਚੀਆਂ ਰਹੀਆਂ ਕਿ ਇਹ ਯਕੀਨੀ ਬਣ ਸਕੇ ਕਿ ਪੁਰਾਣੇ ਸਮਿਆਂ ਦੇ ਲਾਇਸੈਂਸ ਪਰਮਿਟ ਕੋਟਾ ਰਾਜ ਨੂੰ 1991 ਵਿੱਚ ਖ਼ਤਮ ਕਰ ਦਿੱਤਾ ਗਿਆ। ਇਨ੍ਹਾਂ ਢਾਈ ਦਹਾਕਿਆਂ ਤੱਕ ਸ਼ਾਨਦਾਰ ਆਰਥਿਕ ਵਿਕਾਸ ਹੋਇਆ। ਜੇਕਰ ਭਾਰਤ ਭੂਗੋਲਿਕ ਤੌਰ ’ਤੇ ਖਿੰਡ ਗਿਆ ਹੁੰਦਾ ਜਾਂ ਇਸ ਨੂੰ ਨਿਰੰਕੁਸ਼ ਲੀਹਾਂ ’ਤੇ ਚਲਾਇਆ ਗਿਆ ਹੁੰਦਾ ਜਾਂ ਇਹ ਇੱਕ ਧਰਮਤੰਤਰੀ ਰਾਜ ਬਣ ਗਿਆ ਹੁੰਦਾ ਤਾਂ ਅਜਿਹਾ ਨਹੀਂ ਹੋ ਸਕਣਾ ਸੀ।
ਇਸੇ ਲਿਹਾਜ਼ ਨਾਲ ਪਾਕਿਸਤਾਨ ਠੰਢੀ ਜੰਗ ਤੋਂ ਬਾਅਦ ਦੀ ਦੁਨੀਆ ਵੱਲੋਂ ਪੇਸ਼ ਕੀਤੇ ਗਏ ਆਰਥਿਕ ਮੌਕਿਆਂ ਦਾ ਲਾਭ ਨਾ ਲੈ ਸਕਿਆ ਕਿਉਂਕਿ ਉੱਥੇ ਸਿਆਸਤ ਵਿੱਚ ਫ਼ੌਜ ਹੋਰ ਜ਼ਿਆਦਾ ਅਹਿਮ ਬਣ ਗਈ ਅਤੇ ਕੱਟੜ ਇਸਲਾਮ ਰੋਜ਼ਮਰ੍ਹਾ ਦੇ ਜੀਵਨ ਵਿੱਚ ਹੋਰ ਭਾਰੂ ਹੋ ਗਿਆ। ਭਾਰਤ ਵਿੱਚ ਦਹਿਸ਼ਤਗਰਦੀ ਨੂੰ ਸ਼ਹਿ ਦੇਣ, ਓਸਾਮਾ ਬਿਨ ਲਾਦੇਨ ਨੂੰ ਪਨਾਹ ਦੇਣ ਅਤੇ ਪਰਮਾਣੂ ਪਸਾਰ ਵਿੱਚ ਇਸ ਦੀ ਭੂਮਿਕਾ ਨਾਲ ਕੌਮਾਂਤਰੀ ਪੱਧਰ ’ਤੇ ਪਾਕਿਸਤਾਨ ਦੀ ਸਥਿਤੀ ਹੋਰ ਜ਼ਿਆਦਾ ਖ਼ਰਾਬ ਹੋ ਗਈ।
ਭਾਵੇਂ ਉਨ੍ਹਾਂ ਨੇ ਵੱਖਰੇ ਰਾਹਾਂ ’ਤੇ ਜਾਣ ਦੀ ਚੋਣ ਕੀਤੀ ਸੀ ਪਰ ਆਲਮੀ ਮਨ ਮਸਤਕ ਵਿੱਚ ਭਾਰਤ ਅਤੇ ਪਾਕਿਸਤਾਨ ਨੂੰ ਹਾਲੇ ਵੀ ਇੱਕੋ ਸਾਹ ਵਿੱਚ ਪੁਕਾਰਿਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਦੋਵਾਂ ਨੇ ਕਸ਼ਮੀਰ ਨੂੰ ਲੈ ਕੇ ਤਿੰਨ ਜੰਗਾਂ ਲੜੀਆਂ ਹਨ। ਹਾਲਾਂਕਿ 2000ਵਿਆਂ ਦੇ ਸ਼ੁਰੂ ਤੱਕ ਹੀ ਆਰਥਿਕ ਅਤੇ ਸਿਆਸੀ ਮਾਅਨਿਆਂ ਪੱਖੋਂ ਭਾਰਤ ਇੰਨਾ ਅੱਗੇ ਵਧ ਚੁੱਕਿਆ ਸੀ ਕਿ ਸ਼ਾਇਦ ਹੀ ਕੋਈ ਸੀ ਜੋ ‘ਭਾਰਤ ਪਾਕਿ ਸਵਾਲ’ ਬਾਰੇ ਗੱਲ ਕਰ ਰਿਹਾ ਸੀ। ਭਾਰਤ ਨੇ ਕਾਰਗਰ ਅਤੇ ਫ਼ੈਸਲਾਕੁਨ ਢੰਗ ਨਾਲ ਪਾਕਿਸਤਾਨ ਨਾਲੋਂ ਆਪਣਾ ਨਿਖੇੜਾ (de-hyphenated) ਕਰ ਲਿਆ ਸੀ। ਇੱਥੋਂ ਤੱਕ ਕਿ ਭਾਰਤ ਵੱਲੋਂ ਆਪਣੇ ਆਪ ਨੂੰ ਚੀਨ ਨਾਲ ਜੋੜ ਲਿਆ ਗਿਆ ਅਤੇ ਇਸ ਨੂੰ ‘ਚਿੰਡੀਆ’ ਵਿਚਾਰ ਦੇ ਰੂਪ ਵਿੱਚ ਉਭਾਰਿਆ ਜਾਣ ਲੱਗਿਆ। ਹਾਲਾਂਕਿ ਚੀਨ ਦਾ ਆਰਥਿਕ ਉਭਾਰ ਕਿਤੇ ਵੱਧ ਭਰਵਾਂ ਸੀ ਪਰ ਭਾਰਤ ਦੇ ਲੋਕਰਾਜੀ ਅਤੇ ਬਹੁਵਾਦੀ ਕਿਰਦਾਰ ਨੇ ਇਸ ਨੂੰ ਯੂਰਪ ਅਤੇ ਉੱਤਰੀ ਅਮਰੀਕਾ ਦੀਆਂ ਸਰਕਾਰਾਂ, ਨਿਵੇਸ਼ਕਾਂ ਅਤੇ ਜਾਪਾਨ ਲਈ ਵੀ ਇੱਕ ਦਿਲਕਸ਼ ਟਿਕਾਣਾ ਬਣਾ ਦਿੱਤਾ।
ਹੁਣ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਜਿਸ ਤਰ੍ਹਾਂ ਸਾਡੀ ਸਰਕਾਰ ਨੇ ਜਵਾਬ ਦਿੱਤਾ ਹੈ, ਉਸ ਤੋਂ ਜਾਪਦਾ ਹੈ ਕਿ ਉਹ ਮੱਧਮ ਪੈ ਚੁੱਕਿਆ ਹਾਈਫਨ ਹੁਣ ਇੱਕ ਵਾਰ ਫਿਰ ਵਾਪਸ ਆ ਗਿਆ ਹੈ। ਡੋਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਨੂੰ ਸ਼ਰੇਆਮ ਬਰਾਬਰੀ ’ਤੇ ਰੱਖਦਿਆਂ ਆਖਿਆ ਹੈ ਕਿ ਇਨ੍ਹਾਂ ਦੋਵੇਂ ਮਹਾਨ ਦੇਸ਼ਾਂ, ਜਿਨ੍ਹਾਂ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ, ਨੂੰ ਉਨ੍ਹਾਂ ਜੰਗਬੰਦੀ ਲਈ ਰਾਜ਼ੀ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਜਿੰਨੀ ਦੇਰ ਤੱਕ ਦੋਵੇਂ ਦੇਸ਼ ਚੰਗਾ ਵਿਹਾਰ ਕਰਨਗੇ, ਉਹ ਇਨ੍ਹਾਂ ਨਾਲ ਵਪਾਰ ਕਰਦੇ ਰਹਿਣਗੇ। ਜ਼ਖ਼ਮਾਂ ’ਤੇ ਹੋਰ ਲੂਣ ਛਿੜਕਦਿਆਂ, ਡੋਨਲਡ ਟਰੰਪ ਨੇ ਦੋਵੇਂ ਬਰਾਬਰ ਵਿਗੜੀਆਂ ਧਿਰਾਂ ਵਿਚਕਾਰ ਇੱਕ ਸਿਆਣੇ ਵਿਚੋਲੇ ਦੇ ਤੌਰ ’ਤੇ ‘ਹਜ਼ਾਰ ਸਾਲ ਪੁਰਾਣੇ’ ਕਸ਼ਮੀਰ ਵਿਵਾਦ ’ਤੇ ਸਾਲਸੀ ਕਰਨ ਦੀ ਪੇਸ਼ਕਸ਼ ਵੀ ਕਰ ਦਿੱਤੀ ਹੈ।
ਟਰੰਪ ਇੱਕ ਅੜਬ ਅਤੇ ਅਣਕਿਆਸੀ ਤਬੀਅਤ ਦਾ ਮਾਲਕ ਹੈ ਅਤੇ ਉਹ ਆਪਣੇ ਮਨ ਆਈ ਕਰ ਕੇ ਰਹਿੰਦਾ ਹੈ। ਖ਼ੈਰ, ਉਹ ਦੁਨੀਆ ਦੇ ਸਭ ਤੋਂ ਅਮੀਰ ਅਤੇ ਸ਼ਕਤੀਸ਼ਾਲੀ ਮੁਲਕ ਦਾ ਰਾਸ਼ਟਰਪਤੀ ਹੈ ਜਿਸ ਨਾਲ ਭਾਰਤ ਦੇ ਬਹੁਤ ਹੀ ਅਹਿਮ ਆਰਥਿਕ ਅਤੇ ਰਾਜਸੀ ਸਬੰਧ ਹਨ। ਇਸ ਲਈ ਸਾਨੂੰ ਉਸ ਦੇ ਬੋਲਾਂ ਨੂੰ ਥੋੜ੍ਹਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਨਾ ਹੀ ਸਾਨੂੰ ਕੌਮਾਂਤਰੀ ਪ੍ਰੈਸ ਦੀਆਂ ਕੁਝ ਸਤਿਕਾਰਤ ਸਫ਼ਾਂ ਵਿੱਚ ਉਸ ਖੌਫ਼ਨਾਕ ਹਾਈਫਨ ਦੀ ਸੂਖ਼ਮ ਢੰਗ ਨਾਲ ਹੋਣ ਲੱਗੀ ਵਰਤੋਂ ਤੋਂ ਪੂਰੀ ਤਰ੍ਹਾਂ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ। ਸ਼ਨਿਚਰਵਾਰ ਦਸ ਮਈ ਨੂੰ ਜਦੋਂ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਉੱਪਰ ਮਿਜ਼ਾਈਲਾਂ ਅਤੇ ਡਰੋਨ ਚਲਾ ਰਹੇ ਸਨ ਤਾਂ ‘ਫਾਇਨੈਂਸ਼ੀਅਲ ਟਾਈਮਜ਼’ ਨੇ ਇਸ ਟਕਰਾਅ ਦੇ ਪਿਛੋਕੜ ਮੁਤੱਲਕ ਇੱਕ ਤਫ਼ਸੀਲੀ ਰਿਪੋਰਟ ਛਾਪੀ ਜਿਸ ਦਾ ਸਿਰਲੇਖ ਸੀ: ‘ਟੂ ਰਿਲੀਜੀਅਸ ਸਟਰੌਂਗਮੈੱਨ ਕਲੈਸ਼’ (ਦੋ ਧਾਰਮਿਕ ਬਾਹੂਬਲੀਆਂ ਦਾ ਭੇੜ)। ਇਹ ਦੋ ਬੰਦੇ ਸਨ ਆਸਿਮ ਮੁਨੀਰ ਅਤੇ ਨਰਿੰਦਰ ਮੋਦੀ; ਇੱਕ ਆਪਣੇ ਆਪ ਨੂੰ ਪੱਕਾ ਮੁਸਲਮਾਨ ਕਹਿੰਦਾ ਹੈ ਜੋ ਸ਼ਿੱਦਤ ਨਾਲ ਆਪਣੇ ਮੁਲਕ ਦੇ ਹਿੱਤਾਂ ਦੀ ਤਰਜਮਾਨੀ ਕਰਦਾ ਹੈ, ਜਦੋਂਕਿ ਦੂਜਾ ਆਪਣੇ ਆਪ ਨੂੰ ਪੱਕਾ ਹਿੰਦੂ ਦੱਸਦਾ ਹੈ ਜੋ ਉਵੇਂ ਹੀ ਆਪਣੇ ਦੇਸ਼ ਦੇ ਹਿੱਤਾਂ ਦੀ ਸੇਵਾ ਕਰਦਾ ਹੈ। ਇਸੇ ਅਖ਼ਬਾਰ ਵਿੱਚ ਇੱਕ ਹੋਰ ਲੇਖ ਵਿੱਚ ਚਰਚਾ ਕੀਤੀ ਗਈ ਹੈ ਕਿ ਕਿਵੇਂ ‘ਨਰਿੰਦਰ ਮੋਦੀ... ਚੀਨ ਤੋਂ ਮਦਦ ਹਾਸਲ ਕਰਨ ਵਾਲੇ ਪਾਕਿਸਤਾਨ ਪ੍ਰਤੀ ਕਿੰਨੀ ਨਫ਼ਰਤ ਨਾਲ ਭਰਿਆ ਹੋਇਆ ਹੈ।’
ਸਾਡਾ ਜਨੂੰਨੀ ਰਾਸ਼ਟਰਵਾਦੀ ਦਿਲ ਇਸ ਤਰ੍ਹਾਂ ਦੀ ਤੁਲਨਾ ’ਤੇ ਭੜਕ ਜਾਂਦਾ ਹੈ। ਇਹ ਜ਼ੋਰ ਦਿੰਦਾ ਹੈ ਕਿ ਅਤਿਵਾਦ ਪੈਦਾ ਕਰਨ ਵਾਲੇ ਇੱਕ ਦੇਸ਼ ਤੇ ਇੱਕ ਅਜਿਹੇ ਮੁਲਕ, ਜਿਹੜਾ ਚੋਟੀ ਦੀਆਂ ਕੌਮਾਂਤਰੀ ਕੰਪਨੀਆਂ ਦੇ ਸੀਈਓਜ਼ ਪੈਦਾ ਕਰਦਾ ਹੈ, ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਹਾਲਾਂਕਿ, ਭਾਵੇਂ ਭਾਰਤ, ਸਮੁੱਚੇ ਰੂਪ ਵਿੱਚ, ਆਪਣੇ ਨਾਗਰਿਕਾਂ ਦੇ ਰਹਿਣ ਲਈ ਪਾਕਿਸਤਾਨ ਨਾਲੋਂ ਕਿਤੇ ਬਿਹਤਰ ਥਾਂ ਹੈ, ਜਿਸ ਤਰ੍ਹਾਂ ਦੀ ਜ਼ਿੰਦਗੀ ਲੋਕਾਂ ਦੀ ਪਾਕਿਸਤਾਨ ’ਚ ਅਸੀਂ ਦੇਖਦੇ ਹਾਂ, ਉਸ ਪੱਖ ਤੋਂ। ਫਿਰ ਵੀ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ- ਸ਼ਾਇਦ ਇਹ ਤਾਂ ਨਹੀਂ ਕਿ ਅਸੀਂ ਪਿਛਲੇ ਕੁਝ ਸਾਲਾਂ ’ਚ ਪਿੱਛੇ ਨੂੰ ਗਏ ਹਾਂ? ਕੀ ਰਾਸ਼ਟਰਪਤੀ ਜਾਰਜ ਬੁਸ਼, ਬਰਾਕ ਓਬਾਮਾ ਜਾਂ ਜੋਅ ਬਾਇਡਨ ਕਦੇ ਭਾਰਤ ਨੂੰ ਪਾਕਿਸਤਾਨ ਨਾਲ ਮੇਲਦੇ, ਜਾਂ ਕਸ਼ਮੀਰ ’ਚ ਵਿਚੋਲਗੀ ਕਰਨ ਦੀ ਪੇਸ਼ਕਸ਼ ਕਰਦੇ? ਕੀ ‘ਫਾਇਨੈਂਸ਼ੀਅਲ ਟਾਈਮਜ਼’ ਨੇ ਕਦੇ ਮਨਮੋਹਨ ਸਿੰਘ, ਨਰਸਿਮ੍ਹਾ ਰਾਓ, ਰਾਜੀਵ ਗਾਂਧੀ, ਦੇਵੇਗੌੜਾ ਜਾਂ ਇੱਥੋਂ ਤੱਕ ਕਿ ਅਟਲ ਬਿਹਾਰੀ ਵਾਜਪਾਈ ਦਾ ‘ਧਾਰਮਿਕ ਤਾਨਾਸ਼ਾਹ’ ਵਜੋਂ ਹਵਾਲਾ ਦਿੱਤਾ ਹੈ?
ਇੱਕ ਇਤਿਹਾਸਕਾਰ ਤੇ ਇੱਕ ਨਾਗਰਿਕ ਵਜੋਂ ਮੈਂ ਦਲੀਲ ਦਿਆਂਗਾ ਕਿ ਭਾਰਤ ਅਸਲੋਂ ਪਿਛਲੇ ਇੱਕ ਦਹਾਕੇ ਵਿੱਚ ਪਤਨ ਵੱਲ ਗਿਆ ਹੈ। ਅਸੀਂ ਅਜੇ ਵੀ ਰਾਸ਼ਟਰੀ ਤੇ ਸੂਬਾਈ ਪੱਧਰਾਂ ’ਤੇ ਨਿਯਮਿਤ ਚੋਣਾਂ ਕਰਵਾ ਰਹੇ ਹਾਂ, ਫਿਰ ਵੀ ਜਾਇਜ਼ ਚਿੰਤਾਵਾਂ ਬਰਕਰਾਰ ਹਨ ਕਿ ਕੀ ਇਹ ਨਿਰਪੱਖ ਤੇ ਆਜ਼ਾਦ ਢੰਗ ਨਾਲ ਹੋ ਰਹੀਆਂ ਹਨ, ਜਿਵੇਂ ਕਦੇ ਹੁੰਦੀਆਂ ਸਨ। ਮੀਡੀਆ ਦਾ ਵੱਡਾ ਵਰਗ ਸਰਕਾਰੀ ਪ੍ਰਚਾਰ ਦਾ ਸਾਧਨ ਬਣ ਗਿਆ ਹੈ। ਸਾਡੀਆਂ ਰੈਗੂਲੇਟਰੀ ਤੇ ਜਾਂਚ ਏਜੰਸੀਆਂ ਸੱਤਾਧਾਰੀ ਪਾਰਟੀ ਦੇ ਪੱਖ ਵਿੱਚ ਹੱਦੋਂ ਵੱਧ ਭੁਗਤ ਰਹੀਆਂ ਹਨ। ਇਸੇ ਤਰ੍ਹਾਂ ਵਿਰੋਧੀ ਧਿਰ ਵੱਲੋਂ ਸ਼ਾਸਿਤ ਪ੍ਰਦੇਸ਼ਾਂ ਵਿੱਚ ਭਾਜਪਾ ਦੇ ਲਾਏ ਰਾਜਪਾਲ ਕਰ ਰਹੇ ਹਨ, ਸਾਡੇ ਸੰਘੀ ਢਾਂਚੇ ਨੂੰ ਖੋਖ਼ਲਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੂੰ ਇੱਕ ਵਿਰਾਟ ਪੂਜਣਯੋਗ ਹਸਤੀ ਵਜੋਂ ਪੇਸ਼ ਕਰਨ ਦੇ ਨਾਲ ਸਾਡੀਆਂ ਜਮਹੂਰੀ ਪਛਾਣਾਂ ਖ਼ਰਾਬ ਹੋ ਰਹੀਆਂ ਹਨ। ਇਹ ਇੱਕ ਅਜਿਹੀ ਸ਼ਖ਼ਸੀਅਤ ਉਸਾਰੀ ਹੈ ਜਿਸ ਨੂੰ ਵੱਡਾ ਸਰਕਾਰੀ ਪੈਸਾ ਖ਼ਰਚ ਕੇ ਉਸਾਰਿਆ ਗਿਆ ਹੈ।
ਜਮਹੂਰੀ ਕਦਰਾਂ ’ਚ ਨਿਘਾਰ ਵਧਦਾ ਹੀ ਜਾ ਰਿਹਾ ਹੈ; ਤੇ ਸਾਡੇ ਧਰਮ-ਨਿਰਪੱਖ ਤੇ ਬਹੁਵਾਦੀ ਚਰਿੱਤਰ ’ਤੇ ਹਮਲੇ ਵੀ। ਭਾਰਤ-ਪਾਕਿਸਤਾਨ ਟਕਰਾਅ ਦੌਰਾਨ ਇੱਕ ਮਹਿਲਾ ਮੁਸਲਿਮ ਤਰਜਮਾਨ ਰੱਖਣ ਦੀ ਪ੍ਰਤੀਕਾਤਮਕ ਕੀਮਤ ਉਦੋਂ ਤੇਜ਼ੀ ਨਾਲ ਥੱਲੇ ਆ ਡਿੱਗੀ ਜਦੋਂ ਭਾਜਪਾ ਦੇ ਇੱਕ ਸੀਨੀਅਰ ਨੇਤਾ ਨੇ ਉਸ ’ਤੇ ਹਲਕੀਆਂ ਟਿੱਪਣੀਆਂ ਕੀਤੀਆਂ, ਭਾਵੇਂ ਉਸ ਨੇ ਬਾਅਦ ਵਿੱਚ ਮੁਆਫ਼ੀ ਵੀ ਮੰਗ ਲਈ। ਬਹਾਦਰ ਤੇ ਬਿਹਤਰੀਨ ਮੁਹੰਮਦ ਜ਼ੁਬੈਰ, ਜਿਸ ਨੂੰ ਉੱਡਦੀਆਂ ਮਿਜ਼ਾਈਲਾਂ ਦੇ ਸਮਿਆਂ ’ਚ ਝੂਠ ਦਾ ਪਰਦਾਫਾਸ਼ ਕਰਨ ਲਈ ਸਰਾਹਿਆ ਗਿਆ, ਉਦੋਂ ਤੋਂ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਸੁਣ ਰਿਹਾ ਹੈ। ਇਹ ਦੇਖਣ ਵਾਲਾ ਹੋਵੇਗਾ ਕਿ ਕੀ ਨੋਇਡਾ ਦੇ ਮੀਡੀਆ ਅਤੇ ਹਿੰਦੂਵਾਦੀ ਵਿਚਾਰਕਾਂ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਮੁਸਲਮਾਨਾਂ ਦੀ ਕੀਤੀ ਜਾ ਬਦਨਾਮੀ ਅਗਲੇ ਕੁਝ ਮਹੀਨਿਆਂ ਵਿੱਚ ਘਟੇਗੀ? ਪਹਿਲਗਾਮ ਹਮਲੇ ਤੋਂ ਬਾਅਦ ਹੋਈਆਂ ਇਕਪਾਸੜ ਗ੍ਰਿਫ਼ਤਾਰੀਆਂ ਤੇ ਕਸ਼ਮੀਰ ਵਿੱਚ ਘਰਾਂ ’ਤੇ ਚੱਲੇ ਬੁਲਡੋਜ਼ਰ ਸ਼ੁੱਭ ਸ਼ਗਨ ਨਹੀਂ ਹਨ। ਰਹੀ ਸਾਡੇ ਪ੍ਰਧਾਨ ਮੰਤਰੀ ਦੀ ਇੱਕ ‘ਧਾਰਮਿਕ ਨਿਰੰਕੁਸ਼ ਸ਼ਾਸਕ’ ਵਜੋਂ ਚਰਿੱਤਰ ਚਿਤਰਣ ਦੀ ਗੱਲ, ਤਾਂ ਅਯੁੱਧਿਆ ਵਿੱਚ ਨਵੇਂ ਰਾਮ ਮੰਦਰ ਦੇ ਉਦਘਾਟਨ ’ਤੇ ਸਾਰੀਆਂ ਰਸਮਾਂ ’ਚ ਇੱਕ ਮੁਖੀ ਵਜੋਂ ਦਿਸੀ ਉਨ੍ਹਾਂ ਦੀ ਭੂਮਿਕਾ ਇਸ ਗੱਲ ’ਤੇ ਯਕੀਨ ਦਿਵਾ ਹੀ ਦਿੰਦੀ ਹੈ, ਹੋਰ ਕਿਸੇ ਮਿਸਾਲ ਦੀ ਲੋੜ ਨਹੀਂ।
ਜਿੱਥੇ ਸਾਡੀ ਜਮਹੂਰੀ ਤੇ ਧਰਮ ਨਿਰਪੱਖ ਬਣਤਰ ਉੱਧੜੀ ਹੈ, ਉੱਥੇ ਆਰਥਿਕ ਤਰੱਕੀ ਵੀ ਰੁਕੀ ਹੈ। ਚੀਨ ਤੇ ਭਾਰਤ ਵਿੱਚ ਹੁਣ ਏਨਾ ਜ਼ਿਆਦਾ ਫ਼ਰਕ ਹੈ ਕਿ ਸ਼ਬਦ ‘ਚਿੰਡੀਆ’ ਇੱਧਰ-ਉੱਧਰ ਘੁੰਮਣ ਲੱਗ ਗਿਆ ਹੈ। ਛੋਟੇ ਮੁਲਕਾਂ ਜਿਵੇਂ ਕਿ ਵੀਅਤਨਾਮ ਨੇ ਪੱਛਮ ਦੀ ਉਸ ਇੱਛਾ ਦਾ ਵੱਡਾ ਫ਼ਾਇਦਾ ਉਠਾਇਆ ਹੈ ਜਿਸ ’ਚ ਉਹ ਆਲਮੀ ਸਪਲਾਈ ਲੜੀਆਂ ਨੂੰ ਚੀਨ ਤੋਂ ਪਰ੍ਹੇ ਕਿਤੇ ਹੋਰ ਲਾਉਣਾ ਚਾਹੁੰਦੇ ਹਨ।
ਜਿਸ ਤਰ੍ਹਾਂ ਮੈਂ ਪਹਿਲਾਂ ਇਨ੍ਹਾਂ ਕਾਲਮਾਂ ’ਚ ਦੱਸਿਆ ਹੈ, ਮੈਂ ਅਤਿਵਾਦ-ਵਿਰੋਧੀ ਨੀਤੀਆਂ ’ਤੇ ਕੋਈ ਮਾਹਿਰ ਨਹੀਂ ਬਣਨਾ ਚਾਹੁੰਦਾ। ਮੈਂ ਇਸ ਲਈ ਉਸ ਚਰਚਾ ’ਚ ਨਹੀਂ ਪਵਾਂਗਾ ਕਿ ਕੀ ਪਹਿਲਗਾਮ ’ਚ ਅਤਿਵਾਦੀਆਂ ਵੱਲੋਂ ਕੀਤੇ ਭਿਆਨਕ ਹਮਲੇ ਦਾ ਕੋਈ ਹੋਰ ਸਿਆਣਪ ਵਾਲਾ ਜਵਾਬ ਹੋ ਸਕਦਾ ਸੀ, ਜਾਂ ਕੌਮਾਂਤਰੀ ਸਰਹੱਦ ’ਤੇ ਕਈ ਦਿਨ ਹੋਈ ਗੋਲੀਬਾਰੀ ਤੋਂ ਸਾਡੇ ਹਥਿਆਰਬੰਦ ਬਲ ਕੀ ਸਬਕ ਸਿੱਖ ਸਕਦੇ ਹਨ।
ਮੇਰਾ ਸਰੋਕਾਰ ਇਹ ਹੈ ਕਿ ਕੌਮਾਂਤਰੀ ਅਖਾੜੇ ਵਿੱਚ ਇਸ ਸੰਕਟ ਦੇ ਵਰਣਨ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ‘ਹਾਈਫਨ’ ਪਾਉਣ ਦੀਆਂ ਨਵੀਆਂ ਕੋਸ਼ਿਸ਼ਾਂ ’ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਬੇਧਿਆਨ ਅੰਧ-ਰਾਸ਼ਟਰਵਾਦੀਆਂ ਕੋਲ ਇੱਕ ਬਦਲ ਤਾਂ ਹੈ ਹੀ, ਕਿ ਉਹ ਪਹਿਲਾਂ ਵਾਂਗ ਖ਼ੁਦ ਨੂੰ ਪੀੜਤ ਵਜੋਂ ਪੇਸ਼ ਕਰਨ, ਜੌਰਜ ਸੋਰੋਸ ਤੇ ਕਥਿਤ ‘ਅਰਬਨ ਨਕਸਲੀਆਂ’ ਨੂੰ ਦੋਸ਼ੀ ਠਹਿਰਾਉਣ, ਤੇ ਫੇਰ ਲਲਕਾਰ ਕੇ ਜ਼ੋਰ ਨਾਲ ਕਹਿਣ ਕਿ, ਭਾਰਤ ਹੁਣ ਵੀ ਹੈ ਤੇ ਹਮੇਸ਼ਾ ‘ਵਿਸ਼ਵ ਗੁਰੂ’ ਰਹੇਗਾ। ਦੂਜੇ ਪਾਸੇ, ਵਿਚਾਰਸ਼ੀਲ ਦੇਸ਼ਭਗਤ ਆਤਮ-ਚਿੰਤਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਪਿਛਲੇ ਇੱਕ ਦਹਾਕੇ ’ਚ ਭਾਰਤ ਵਿੱਚ ਤਾਨਾਸ਼ਾਹੀ ਤੇ ਨਿਰੰਕੁਸ਼ਤਾ ਨਿਰੰਤਰ ਵਧੀ ਹੈ। ਇਹੀ ਹੈ ਜਿਸ ਨੇ ਉਸ ਗੁਆਂਢੀ ਨਾਲ ਸਾਡੀ ਇਹ ਨਵੀਂ ਤੁਲਨਾ ਸ਼ੁਰੂ ਕੀਤੀ ਹੈ, ਜਿਸ ਨਾਲ ਅਸੀਂ ਜਨਮ ਤੋਂ ਹੀ ਸੰਕੇਤਕ ਤੇ ਸ਼ਾਬਦਿਕ ਰੂਪ ’ਚ ਵੱਖ ਹੋ ਗਏ ਸੀ। ਇਸ ਲਈ ਸਾਨੂੰ ਸ਼ੀਸ਼ਾ ਗ਼ੌਰ ਨਾਲ ਤੱਕਣਾ ਚਾਹੀਦਾ ਹੈ ਤੇ ਪੁੱਛਣਾ ਚਾਹੀਦਾ ਹੈ ਕਿ ਕੀ ਬੀਤੇ ਸਮਿਆਂ ਵਾਂਗੂ ਸਾਨੂੰ ਆਪਣੇ ਆਪ ਨੂੰ ਮੁੜ ਤੋਂ ਜਮਹੂਰੀਅਤ ਤੇ ਬਹੁਵਾਦ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਨੂੰ ਸਮਰਪਿਤ ਕਰਨ ਦੀ ਲੋੜ ਨਹੀਂ ਹੈ?
ਈ-ਮੇਲ: ramachandraguha@yahoo.in