DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਹਰਜਿੰਦਰ ਸਿੰਘ ਧਾਮੀ ਸਿੱਖਾਂ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਬੰਦੀ ਛੋੜ ਦਿਹਾੜੇ ਦਾ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁੁਰੂ ਹਰਿਗੋਬਿੰਦ ਸਾਹਿਬ ਨਾਲ ਜੁੜਦਾ ਹੈ। ਛੇਵੇਂ ਪਾਤਸ਼ਾਹ ਆਪਣੇ ਨਾਲ 52 ਰਾਜਿਆਂ...
  • fb
  • twitter
  • whatsapp
  • whatsapp
Advertisement

ਹਰਜਿੰਦਰ ਸਿੰਘ ਧਾਮੀ

ਸਿੱਖਾਂ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਬੰਦੀ ਛੋੜ ਦਿਹਾੜੇ ਦਾ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁੁਰੂ ਹਰਿਗੋਬਿੰਦ ਸਾਹਿਬ ਨਾਲ ਜੁੜਦਾ ਹੈ। ਛੇਵੇਂ ਪਾਤਸ਼ਾਹ ਆਪਣੇ ਨਾਲ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਉਣ ਮਗਰੋਂ ਇਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ ਜਿਸ ’ਤੇ ਸੰਗਤ ਨੇ ਘਿਓ ਦੇ ਦੀਵੇ ਬਾਲ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ। ਇਹ ਪ੍ਰੰਪਰਾ ਅੱਜ ਵੀ ਜਾਰੀ ਹੈ। ਬੰਦੀ ਛੋੜ ਦਿਵਸ ਮੌਕੇ ਦੇਸ਼-ਵਿਦੇਸ਼ ਦੀ ਲੱਖਾਂ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕਰਦੀ ਹੈ। ਬੰਦੀ ਛੋੜ ਦੇ ਇਤਿਹਾਸ ਨੇ ਹੱਕ ਸੱਚ ਅਤੇ ਇਨਸਾਫ ਦੀ ਵੱਡੀ ਉਦਾਹਰਣ ਪੇਸ਼ ਕੀਤੀ ਜੋ ਦੁਨੀਆ ਅੰਦਰ ਹੋਰ ਕਿਧਰੇ ਨਹੀਂ ਮਿਲਦੀ।

Advertisement

ਸਮੇਂ ਦੀਆਂ ਹਕੂਮਤਾਂ ਅਕਸਰ ਮਨੁੱਖੀ ਹੱਕਾਂ ਨੂੰ ਦਬਾਉਣ ਦਾ ਯਤਨ ਕਰਦੀਆਂ ਰਹੀਆਂ ਹਨ। ਗੁਰੂ ਸਾਹਿਬਾਨ ਦੇ ਸਮੇਂ ਵੀ ਹਕੂਮਤਾਂ ਦਾ ਜਬਰ ਸਿਖਰ ’ਤੇ ਸੀ ਜਿਸ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਬੁਲੰਦ ਕੀਤੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਹੋਈ। ਉਨ੍ਹਾਂ ਦੀ ਸ਼ਹਾਦਤ ਮਗਰੋਂ ਹਕੂਮਤ ਦੇ ਜ਼ੁਲਮ ਨਾਲ ਨਜਿੱਠਣ ਲਈ ਛੇਵੇਂ ਪਾਤਸ਼ਾਹ ਨੇ ਸਿੱਖ ਕੌਮ ਨੂੰ ਸ਼ਸਤਰਧਾਰੀ ਹੋਣ ਲਈ ਪ੍ਰੇਰਦਿਆਂ ਘੋੜ ਸਵਾਰੀ ਅਤੇ ਯੁੱਧ ਕਲਾ ਵਿਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਆਜ਼ਾਦ ਹੋਂਦ ਹਸਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ।

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਜ਼ਾਦਾਨਾ ਤੇ ਬੁਲੰਦ ਸ਼ਖ਼ਸੀਅਤ ਸਮੇਂ ਦੀ ਹਕੂਮਤ ਨੂੰ ਰੜਕਣ ਲੱਗੀ। ਇਸ ਦੇ ਨਾਲ ਹੀ ਗੁਰੂ ਘਰ ਦੇ ਦੋਖੀਆਂ ਨੇ ਵੀ ਹਕੂਮਤ ਦੇ ਕੰਨ ਭਰੇ। ਬਾਦਸ਼ਾਹ ਜਹਾਂਗੀਰ ਨੇ ਚਾਲਾਂ ਚੱਲਦਿਆਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ। ਇਸ ਕਿਲ੍ਹੇ ਵਿਚ ਜਹਾਂਗੀਰ ਨੇ ਵੱਖ-ਵੱਖ ਰਿਆਸਤਾਂ ਦੇ 52 ਰਾਜਿਆਂ ਨੂੰ ਵੀ ਕੈਦ ਕੀਤਾ ਹੋਇਆ ਸੀ। ਇਹ ਰਾਜੇ ਆਪਣੀ ਆਜ਼ਾਦੀ ਦਾ ਵਿਚਾਰ ਤਿਆਗ ਕੇ ਘੋਰ ਨਿਰਾਸ਼ਾ ਵਿਚ ਜਾ ਚੁੱਕੇ ਸਨ। ਗੁਰੂ ਸਾਹਿਬ ਦੀ ਸੰਗਤ ਦਾ ਇਨ੍ਹਾਂ ਬੰਦੀ ਰਾਜਿਆਂ ਦੇ ਮਨਾਂ ’ਤੇ ਬਹੁਤ ਚੰਗਾ ਅਸਰ ਹੋਇਆ ਅਤੇ ਉਨ੍ਹਾਂ ਅੰਦਰ ਆਸ ਦੀ ਕਿਰਨ ਜਾਗ ਉੱਠੀ। ਇਸ ਦੇ ਨਾਲ ਹੀ ਗੁਰੂ ਸਾਹਿਬ ਨੂੰ ਕਿਲ੍ਹੇ ਵਿਚ ਬੰਦੀ ਬਣਾਉਣ ਕਰ ਕੇ ਸਿੱਖ ਸੰਗਤਾਂ ਦੇ ਮਨਾਂ ਵਿਚ ਵੀ ਭਾਰੀ ਰੋਸ ਸੀ ਜਿਸ ਨੂੰ ਦੇਖਦਿਆਂ ਹਕੂਮਤ ਨੂੰ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਐਲਾਨ ਕਰਨਾ ਪਿਆ। ਗੁਰੂ ਸਾਹਿਬ ਨੇ ਆਪਣੇ ਨਾਲ ਬੰਦੀ ਰਾਜਿਆਂ ਦੀ ਰਿਹਾਈ ਲਈ ਹਕੂਮਤ ਨੂੰ ਝੁਕਾਇਆ ਅਤੇ ਇੰਝ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤ ਕਰਵਾ ਕੇ ਲੋਕਾਈ ਨੂੰ ਨਵੀਂ ਰੋਸ਼ਨੀ ਦਿੱਤੀ। ਗੁਰੂ ਸਾਹਿਬ ਦੇ ਇਸ ਕਦਮ ਨਾਲ ਮਨੁੱਖਤਾ ਅੰਦਰ ਆਜ਼ਾਦੀ ਦੀ ਲੋਅ ਇਕ ਵਾਰ ਫਿਰ ਰੌਸ਼ਨ ਹੋ ਗਈ।

ਬੰਦੀ ਛੋੜ ਦਿਹਾੜੇ ਨਾਲ ਸਿੱਖ ਇਤਿਹਾਸ ਦਾ ਇਕ ਹੋਰ ਪੰਨਾ ਜੁੜਦਾ ਹੈ। ਸਿੱਖ ਕੌਮ ’ਤੇ ਇਕ ਸਮਾਂ ਅਜਿਹਾ ਆਇਆ ਜਦ ਹਕੂਮਤ ਨੇ ਸਿੱਖਾਂ ਨੂੰ ਖਤਮ ਕਰਨ ਦੇ ਮਨਸੂਬੇ ਬਣਾਏ। ਸਿੱਖ ਜੰਗਲਾਂ ਵਿਚ ਰਹਿ ਕੇ ਗੁਜ਼ਾਰਾ ਕਰਨ ਲਗੇ। ਇਸੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਮਨੀ ਸਿੰਘ ਨੇ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਕਰਨ ਦੀ ਹਕੂਮਤ ਪਾਸੋਂ ਇਜਾਜ਼ਤ ਮੰਗੀ। ਹਕੂਮਤ ਨੇ ਮੰਦਭਾਵਨਾ ਤਹਿਤ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦਿੱਤੀ। ਹਕੂਮਤ ਦੀ ਮਨਸ਼ਾ ਇਕੱਠੇ ਹੋਏ ਸਿੱਖਾਂ ਨੂੰ ਖਤਮ ਕਰਨ ਦੀ ਸੀ। ਭਾਈ ਮਨੀ ਸਿੰਘ ਨੂੰ ਪਤਾ ਲਗਣ ’ਤੇ ਉਨ੍ਹਾਂ ਸੰਗਤਾਂ ਨੂੰ ਅੰਮ੍ਰਿਤਸਰ ਆਉਣੋ ਰੋਕ ਦਿੱਤਾ। ਸਰਕਾਰ ਦੇ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਨਸੂਬੇ ਧਰੇ-ਧਰਾਏ ਰਹਿ ਗਏ। ਇਸ ’ਤੇ ਲੋਹੀ ਲਾਖੀ ਹੋਈ ਸਰਕਾਰ ਨੇ ਭਾਈ ਮਨੀ ਸਿੰਘ ਨੂੰ ਨਿਸ਼ਾਨਾ ਬਣਾਇਆ। ਭਾਈ ਮਨੀ ਸਿੰਘ ਨੂੰ ਟੈਕਸ ਨਾ ਤਾਰਨ ਬਦਲੇ ਇਸਲਾਮ ਜਾਂ ਮੌਤ ਕਬੂਲਣ ਦਾ ਫ਼ਰਮਾਨ ਜਾਰੀ ਕਰ ਦਿੱਤਾ। ਇਸ ’ਤੇ ਭਾਈ ਮਨੀ ਸਿੰਘ ਨੇ ਸਿੱਖਾਂ ਦੇ ਗੌਰਵਮਈ ਇਤਿਹਾਸ ’ਤੇ ਪਹਿਰਾ ਦਿੰਦਿਆਂ ਸ਼ਹਾਦਤ ਨੂੰ ਪ੍ਰਵਾਨ ਕੀਤਾ। ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ।

ਇਸ ਤਰ੍ਹਾਂ ਬੰਦੀ ਛੋੜ ਦਿਹਾੜੇ ਦਾ ਇਤਿਹਾਸ ਮਨੁੱਖੀ ਹੱਕਾਂ ਲਈ ਸੰਘਰਸ਼ ਦੀ ਪ੍ਰੇਰਨਾ ਦਿੰਦਾ ਹੈ। ਸਿੱਖਾਂ ਦਾ ਇਹ ਖਾਸਾ ਰਿਹਾ ਹੈ ਕਿ ਇਸ ਨੇ ਹਮੇਸ਼ਾ ਸਮਾਜਿਕ ਕੁਰੀਤੀਆਂ ਦੇ ਨਾਲ-ਨਾਲ ਜਬਰ ਜ਼ੁਲਮ ਵਿਰੁੱਧ ਸੰਘਰਸ਼ ਕੀਤਾ। ਚੁਣੌਤੀਆਂ ਅਤੇ ਸੰਘਰਸ਼ ਦੇ ਦੌਰ ਵਿਚ ਸਿੱਖਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ।

18ਵੀਂ ਸਦੀ ਦੇ ਮੁਸ਼ਕਿਲ ਦੌਰ ਵਿਚ ਵੀ ਸਿੱਖ ਪੰਥ ਬੰਦੀ ਛੋੜ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਵਿਚ ਇਕੱਠੇ ਹੋ ਕੇ ਕੌਮੀ ਲੇਖਾ-ਜੋਖਾ ਕਰਦਾ ਸੀ। ਇਸ ਮੌਕੇ ਬੀਤੇ ਸਮੇਂ ਦੇ ਕਾਰਜਾਂ ਨੂੰ ਵਿਚਾਰ ਕੇ ਭਵਿੱਖਮੁਖੀ ਤਰਜੀਹਾਂ ਨਿਰਧਾਰਤ ਕੀਤੀਆਂ ਜਾਂਦੀਆਂ ਸਨ। ਬੰਦੀ ਛੋੜ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਸਿੱਖ ਇਸ ਇਤਿਹਾਸਕ ਦਿਹਾੜੇ ’ਤੇ ਆਪਣੇ ਇਤਿਹਾਸ ਤੋਂ ਵੀ ਸੇਧ ਲਵੇ। ਬੰਦੀ ਛੋੜ ਦਿਹਾੜੇ ਦਾ ਸੁਨੇਹਾ ਸਿਰਜੋੜ ਕੇ ਬੈਠਣ ਅਤੇ ਪੰਥਕ ਚੁਣੌਤੀਆਂ ’ਚੋਂ ਉਭਰਨ ਲਈ ਇਕਜੁੱਟ ਹੋਣ ਦਾ ਸੱਦਾ ਹੈ। ਇਸ ਮੌਕੇ ਆਪਣੇ ਘਰਾਂ ਨੂੰ ਰੁਸ਼ਨਾਉਣ ਦੇ ਨਾਲ-ਨਾਲ ਸ਼ਬਦ ਗੁਰੂ ਦੇ ਪ੍ਰਕਾਸ਼ ਰਾਹੀਂ ਆਪਣੇ ਹਿਰਦੇ ਨੂੰ ਵੀ ਰੁਸ਼ਨਾਉਣਾ ਹੈ ਅਤੇ ਚੜ੍ਹਦੀ ਕਲਾ ਲਈ ਹਮੇਸ਼ਾ ਹੀ ਤਤਪਰ ਰਹਿਣਾ ਹੈ।

*ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

Advertisement
×