DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੇਹ ਦਾ ਸਿਰਨਾਵਾਂ

ਜਸਬੀਰ ਭੁੱਲਰ ''ਇੱਕ ਲਫ਼ਜ਼ ਵਿਦਾ ਲਿਖਣਾ। ਇੱਕ ਧੁਖ਼ਦਾ ਸਫ਼ਾ ਲਿਖਣਾ। ਦੁਖਦਾਈ ਏ ਨਾਂ ਤੇਰਾ, ਆਪਣੇ ਤੋਂ ਜੁਦਾ ਲਿਖਣਾ। ਲੁਧਿਆਣਾ ਸ਼ਹਿਰ ਦਾ ਉਹ ਇੱਕ ਅਧੂਰਾ ਤੇ ਅੱਧਖੜ ਜਿਹਾ ਮਕਾਨ ਸੀ। ਉਸ ਮਕਾਨ ਦੇ ਸਿਰਫ਼ ਦੋ ਕਮਰੇ ਸਨ। ਉਹ ਦੋ ਕਮਰੇ ਥੋੜ੍ਹੇ...

  • fb
  • twitter
  • whatsapp
  • whatsapp
Advertisement

ਜਸਬੀਰ ਭੁੱਲਰ

''ਇੱਕ ਲਫ਼ਜ਼ ਵਿਦਾ ਲਿਖਣਾ।

Advertisement

ਇੱਕ ਧੁਖ਼ਦਾ ਸਫ਼ਾ ਲਿਖਣਾ।

Advertisement

ਦੁਖਦਾਈ ਏ ਨਾਂ ਤੇਰਾ,

ਆਪਣੇ ਤੋਂ ਜੁਦਾ ਲਿਖਣਾ।

ਲੁਧਿਆਣਾ ਸ਼ਹਿਰ ਦਾ ਉਹ ਇੱਕ ਅਧੂਰਾ ਤੇ ਅੱਧਖੜ ਜਿਹਾ ਮਕਾਨ ਸੀ। ਉਸ ਮਕਾਨ ਦੇ ਸਿਰਫ਼ ਦੋ ਕਮਰੇ ਸਨ। ਉਹ ਦੋ ਕਮਰੇ ਥੋੜ੍ਹੇ ਨਹੀਂ ਸਨ। ਸ਼ਾਮ ਢਲੇ ਉੱਥੇ ਤੇਹ ਮਾਰਿਆਂ ਦਾ ਮੇਲਾ ਲੱਗਦਾ ਸੀ।

ਕਦੀ ਮੈਨੂੰ ਉਹ ਘਰ ਫ਼ਕੀਰਾਂ ਦਾ ਡੇਰਾ ਲੱਗਦਾ ਸੀ ਤੇ ਕਦੀ ਦਰਵੇਸ਼ਾਂ ਦੀ ਜੀਰਾਂਦ। ਕਦੀ ਲੱਗਦਾ, ਉਹ ਘਰ ਭਗੌੜਿਆਂ ਦੀ ਚੰਬਲ ਵਾਦੀ ਹੈ ਤੇ ਕਦੀ...।

ਉਸ ਘਰ ਦੇ ਬਾਹਰ ਕਿਸੇ ਨਾਮ ਦੀ ਕੋਈ ਤਖਤੀ ਨਹੀਂ ਸੀ, ਕਹਿਣ ਨੂੰ ਉਹ ਘਰ ਸ਼ਾਇਰ ਸੁਰਜੀਤ ਪਾਤਰ ਦਾ ਸੀ। ਉੱਥੇ ਆਉਣ ਤੇ ਰਹਿਣ ਵਾਲੇ ਤਾਂ ਭਾਵੇਂ ਕਈ ਜਣੇ ਸਨ ਪਰ ਹਰ ਮਹੀਨੇ ਉਹੀ ਇੱਕ ਉਸ ਮਕਾਨ ਦਾ ਕਿਰਾਇਆ ਭਰਦਾ ਸੀ।

ਰਾਤ ਬਰਾਤੇ ਉੱਥੇ ਰਹਿਣ ਵਾਲਿਆਂ ਦੀ ਗਿਣਤੀ ਬੇਪਨਾਹ ਸੀ। ਕਲਾ ਅਤੇ ਸਾਹਿਤ ਵਾਲਾ ਕੋਈ ਵੀ ਮੁਹੱਬਤੀ ਉੱਥੇ ਆ ਕੇ ਰਹਿ ਲਵੇ ਭਾਵੇਂ।

ਉਦੋਂ ਸ਼ਾਇਰ ਪ੍ਰਮਿੰਦਰਜੀਤ ਕੁਝ ਸਮੇਂ ਲਈ ਲੁਧਿਆਣੇ ਵਾਲਾ ਹੋ ਗਿਆ ਸੀ। ਉੱਥੇ ਉਹ ਇੱਕ ਪ੍ਰਿਟਿੰਗ ਪ੍ਰੈੱਸ ਵਿੱਚ ਕੰਮ ਕਰਨ ਲੱਗ ਪਿਆ ਸੀ।

ਪਾਤਰ ਦਾ ਉਹ ਘਰ ਉਸ ਪ੍ਰਿੰਟਿੰਗ ਪ੍ਰੈੱਸ ਤੋਂ ਬਹੁਤੀ ਦੂਰ ਨਹੀਂ ਸੀ। ਪ੍ਰਮਿੰਦਰਜੀਤ ਆਪਣੀ ਟਿੰਡ ਫੂਹੜੀ ਚੁੱਕ ਕੇ, ਪੱਕੇ ਤੌਰ ਉੱਤੇ ਹੀ ਉਸ ਮਕਾਨ ਵਿੱਚ ਜਾ ਟਿਕਿਆ ਸੀ।

ਉਨ੍ਹੀਂ ਦਿਨੀਂ ਮੋਹਨਜੀਤ ਵੀ ਸੁਰਜੀਤ ਪਾਤਰ ਦੇ ਨਾਲ ਹੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਮੋਹਨ ਸਿੰਘ ਵਾਲੇ ਵਿਭਾਗ ਵਿੱਚ ਕੰਮ ਕਰਦਾ ਸੀ। ਚਿੱਤਰਕਾਰ ਦੇਵ ਨੂੰ ਵੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਕੰਮ ਲੱਭ ਪਿਆ ਸੀ। ਉੱਥੇ ਉਹ ਵਿਰਾਸਤ ਦੇ ਘਰ ਅੰਦਰ ਕੰਧ-ਚਿੱਤਰ ਉਲੀਕਣ ਲੱਗ ਪਿਆ ਸੀ। ਸ਼ਾਇਰ ਗੁਰਭਜਨ ਗਿੱਲ ਉਦੋਂ ਪ੍ਰੋਫੈਸਰ ਹੋ ਚੁੱਕਿਆ ਸੀ ਜਾਂ ਸ਼ਾਇਦ ਹੋਣ ਵਾਲਾ ਸੀ।

ਮੁਹੱਬਤੀਆਂ ਦੀ ਫਹਿਰਿਸਤ ਲੰਮੀ ਸੀ। ਕਈਆਂ ਦੇ ਨਾਮ ਮੈਨੂੰ ਭੁੱਲੇ ਹੋਏ ਹਨ, ਪਰ ਏਨਾ ਕੁ ਜ਼ਰੂਰ ਚੇਤਾ ਹੈ ਕਿ ਉਹ ਘਰ ਕਿਸੇ ਲਈ ਵੀ ਓਪਰਾ ਨਹੀਂ ਸੀ।

ਦਿਨ ਭਰ ਦੇ ਸੰਨਾਟੇ ਤੋਂ ਅੱਕਿਆ ਹੋਇਆ ਉਹ ਘਰ ਸ਼ਾਮ ਵੇਲੇ ਧੜਕਣ ਲੱਗ ਪੈਂਦਾ ਸੀ। ਕਹਿਕਹੇ ਬਾਹਰ ਤੱਕ ਸੁਣਾਈ ਦਿੰਦੇ ਸਨ। ਲੇਖਕ ਇੱਕ ਇੱਕ ਕਰ ਕੇ ਆਉਣੇ ਸ਼ੁਰੂ ਹੋ ਜਾਂਦੇ ਸਨ, ਕੁਝ ਛੇਤੀ ਪਰਤ ਜਾਣ ਲਈ ਤੇ ਕੁਝ ਦੇਰ ਰਾਤ ਤੱਕ ਬੈਠੇ ਰਹਿਣ ਲਈ। ਕੁਝ ਉਹ ਵੀ ਹੁੰਦੇ ਸਨ ਜਿਨ੍ਹਾਂ ਕਿੱਧਰੇ ਵੀ ਨਹੀਂ ਸੀ ਜਾਣਾ ਹੁੰਦਾ। ਪਰ ਛੜਿਆਂ ਦੇ ਉਸ ਆਲ੍ਹਣੇ ਦੀ ਰੌਣਕ ਕਮਾਲ ਸੀ।

ਸੁਰਜੀਤ ਪਾਤਰ ਦਾ ਉਹ ਵੇਲਾ ਹਵਾ ਵਿੱਚ ਲਿਖੇ ਹਰਫ਼ਾਂ ਦਾ ਵੇਲਾ ਸੀ। ਵੱਡਾ ਸ਼ਾਇਰ ਬਣਨ ਦੇ ਰਾਹ ਉੱਤੇ ਉਹਨੇ ਕਈ ਕਦਮ ਅਗਾਂਹ ਪੁੱਟ ਲਏ ਸਨ।

ਜਦੋਂ ਕਾਵਿ ਕਿਤਾਬ ਛਪਣ ਲਈ ਤਿਆਰ ਹੋਈ ਤਾਂ ਸਰਵਰਕ ਲਈ ਪਾਤਰ ਨੇ ਚਿੱਤਰ ਇਮਰੋਜ਼ ਕੋਲੋਂ ਬਣਵਾਇਆ ਸੀ। ਉਹ ਡਿਜ਼ਾਈਨ ਪਾਤਰ ਨੂੰ ਪਸੰਦ ਨਹੀਂ ਸੀ ਆਇਆ। ਉਸ ਚਿੱਤਰ ਬਾਰੇ ਉਹਨੇ ਦੋਸਤਾਂ ਦੀ ਰਾਏ ਵੀ ਲਈ ਸੀ ਤੇ ਫਿਰ ਉਹ ਚਿੱਤਰ ਕਿਤਾਬ ਦਾ ਸਰਵਰਕ ਨਹੀਂ ਸੀ ਬਣਿਆ।

ਉਨ੍ਹੀਂ ਦਿਨੀਂ ਹਰ ਲੇਖਕ ਦੀ ਰੀਝ ਹੁੰਦੀ ਸੀ ਕਿ ਉਹਦੀ ਕਿਤਾਬ ਦਾ ਸਰਵਰਕ ਇਮਰੋਜ਼ ਬਣਾਵੇ। ਇਹ ਕਦੀ ਵੀ ਨਹੀਂ ਸੀ ਹੋਇਆ ਕਿ ਕੋਈ ਇਮਰੋਜ਼ ਦਾ ਬਣਾਇਆ ਹੋਇਆ ਚਿੱਤਰ ਰੱਦ ਕਰ ਦੇਵੇ।

ਜਦੋਂ ‘ਹਵਾ ਵਿੱਚ ਲਿਖੇ ਹਰਫ਼’ ਦੇ ਕਾਵਿ ਨੇ ਕਿਤਾਬੀ ਰੂਪ ਧਾਰਿਆ ਤਾਂ ਕੀ ਉਸ ਕਿਤਾਬ ਦੇ ਸਰਵਰਕ ਦਾ ਚਿੱਤਰ ਮੁੜ ਇਮਰੋਜ਼ ਨੇ ਹੀ ਬਣਾਇਆ ਸੀ? ਮੈਨੂੰ ਹੁਣ ਯਾਦ ਨਹੀਂ।

ਉਸ ਘਰ ਦੀ ਮਹਿਫ਼ਲ ਤੋਂ ਪਿੱਛੋਂ ਕੁਝ ਯਾਰ ਬੇਲੀ ਭਾਵੇਂ ਉੱਥੇ ਸੌਂ ਵੀ ਜਾਣ ਪਰ ਕਵਿਤਾ ਉੱਥੇ ਜਾਗਦੀ ਰਹਿੰਦੀ ਸੀ।

ਦੋਸਤਾਂ ਵਿੱਚ ਬੈਠਿਆਂ ਇੱਕ ਸਤਰ ਮੈਂ ਪਾਤਰ ਦੇ ਮੂੰਹੋਂ ਕਈ ਵਾਰ ਸੁਣੀ ਸੀ:

‘‘ਉਹ ਆਪਣੇ ਘਰ ਦੀਆਂ ਚਾਬੀਆਂ ਇੱਕ ਵੇਸਵਾ ਦੀ ਕੁੱਖ ਵਿੱਚ ਭੁੱਲ ਆਇਆ ਹੈ।’’

ਉਹ ਸਤਰ ਸ਼ਾਇਦ ਪਾਤਰ ਦੇ ਜ਼ਿਹਨ ਵਿੱਚ ਨਜ਼ਮ ਹੋਣ ਲਈ ਅਹੁਲ ਰਹੀ ਸੀ। ਫੇਰ ਉਹ ਸਤਰ ਨਜ਼ਮ ਹੋ ਵੀ ਸਕੀ ਜਾਂ ਨਹੀਂ, ਮੈਨੂੰ ਨਹੀਂ ਪਤਾ।

ਉਹ ਘਰ ਮੈਨੂੰ ਇੱਟਾਂ ਅਤੇ ਸੀਮਿੰਟ ਦਾ ਬਣਿਆ ਹੋਇਆ ਨਹੀਂ ਸੀ ਜਾਪਦਾ, ਕਵਿਤਾ ਦਾ ਬਣਿਆ ਹੋਇਆ ਜਾਪਦਾ ਸੀ।

ਮੈਂ ਲੇਖਕ ਹੋ ਗਿਆ ਸਾਂ। ਅਖ਼ਬਾਰਾਂ, ਰਸਾਲਿਆਂ ਵਿੱਚ ਛਪਣ ਲੱਗ ਪਿਆ ਸਾਂ ਪਰ ਮੈਂ ਲੇਖਕਾਂ ਨੂੰ ਨਹੀਂ ਸਾਂ ਜਾਣਦਾ। ਮੈਂ ਸੈਨਿਕ ਸਾਂ। ਫ਼ੌਜ ਦਾ ਕਿੱਤਾ ਮੈਨੂੰ ਲੇਖਕਾਂ ਤੋਂ ਪਰ੍ਹਾਂ ਪਰ੍ਹਾਂ ਰੱਖਦਾ ਸੀ। ਲੇਖਕ ਮੈਨੂੰ ਕਿਸੇ ਹੋਰ ਦੁਨੀਆ ਦੇ ਲੋਕ ਲੱਗਦੇ ਸਨ। ਫ਼ੌਜ ਤੋਂ ਛੁੱਟੀ ਆਉਂਦਾ ਸਾਂ ਤਾਂ ਲੇਖਕਾਂ ਨੂੰ ਲੱਭ ਕੇ ਮਿਲਣ ਦਾ ਯਤਨ ਕਰਦਾ ਸਾਂ।

ਇੱਕ ਛੁੱਟੀ ਦੌਰਾਨ ਮੇਰੀ ਪ੍ਰਮਿੰਦਰਜੀਤ ਨਾਲ ਦੋਸਤੀ ਹੋਈ ਸੀ।

ਇੱਕ ਹੋਰ ਛੁੱਟੀ ਦੌਰਾਨ ਪ੍ਰਮਿੰਦਰਜੀਤ ਨੇ ਮੈਨੂੰ ਸੁਰਜੀਤ ਪਾਤਰ ਨਾਲ ਮਿਲਾਇਆ ਸੀ।

ਲੇਖਕਾਂ ਨੂੰ ਮਿਲਣਾ ਮੇਰੀ ਰੂਹ ਦਾ ਰੱਜ ਸੀ।…ਤੇ ਫਿਰ ਦੋ ਕਮਰਿਆਂ ਵਾਲੇ ਉਸ ਘਰ ਦਾ ਸਿਰਨਾਵਾਂ ਮੇਰੀ ਤੇਹ ਦਾ ਸਿਰਨਾਵਾਂ ਹੋ ਗਿਆ ਸੀ।

ਮੈਂ ਭਾਵੇਂ ਕਿੱਧਰੇ ਵੀ ਜਾ ਰਿਹਾ ਹੋਵਾਂ, ਲੁਧਿਆਣਾ ਹੱਥ ਦੇ ਕੇ ਮੈਨੂੰ ਰਾਹ ਵਿੱਚ ਹੀ ਰੋਕ ਲੈਂਦਾ ਸੀ। ਕਿਧਰੇ ਪਹੁੰਚਣ ਦਾ ਮੇਰਾ ਕੁਝ ਘੰਟਿਆਂ ਦਾ ਸਫ਼ਰ ਕਈ ਵਾਰ ਕੁਝ ਦਿਨਾਂ ਦਾ ਵੀ ਹੋ ਜਾਂਦਾ ਸੀ।

ਸ਼ੁਰੂ ਸ਼ੁਰੂ ਵੇਲੇ ਮੇਰੇ ਮਨ ਵਿੱਚ ਸੰਸਾ ਹੁੰਦਾ ਸੀ, ਕਿਤੇ ਇਹ ਨਾ ਹੋਵੇ, ਮੈਂ ਕੁਵੇਲੇ ਉਸ ਘਰ ਪਹੁੰਚਾਂ ਤਾਂ ਉਸ ਘਰ ਦੇ ਬੂਹੇ ਉੱਤੇ ਜਿੰਦਰਾ ਲਟਕ ਰਿਹਾ ਹੋਵੇ।

ਪ੍ਰਮਿੰਦਰਜੀਤ ਨੇ ਇਹੋ ਜਿਹੇ ਕਸੂਤੇ ਹਾਲਾਤ ਝੱਲੇ ਹੋਏ ਸਨ। ਉਹ ਤਾਂ ਹੀ ਆਖਦਾ ਸੀ, ‘‘ਬਿਗਾਨੇ ਸ਼ਹਿਰ ਦੀ ਸ਼ਾਮ ਬੜੀ ਬੇਦਰਦ ਹੁੰਦੀ ਹੈ।’’

ਉਸ ਘਰ ਦਾ ਹਰ ਵੇਲਾ ਹੀ ਯਾਰਾਂ ਦਾ ਵੇਲਾ ਸੀ। ਪਰ ਮੇਰਾ ਸੋਚਣਾ ਵੀ ਵਹਿਮ ਮਾਤਰ ਨਹੀਂ ਸੀ।

ਇੱਕ ਵਾਰ ਸ਼ਾਮ ਵੇਲੇ ਮੈਂ ਪਹੁੰਚਿਆ ਤਾਂ ਵੇਖਿਆ, ਉਸ ਘਰ ਦੇ ਬੂਹੇ ਉੱਤੇ ਜਿੰਦਰਾ ਲਟਕ ਰਿਹਾ ਸੀ। ਪਾਤਰ ਤੇ ਪ੍ਰਮਿੰਦਰਜੀਤ ਕਿਸੇ ਕਵੀ ਦਰਬਾਰ ਉੱਤੇ ਗਏ ਹੋਏ ਸਨ। ਮੈਨੂੰ ਪਾਤਰ ਦੀ ਗ਼ਜ਼ਲ ਦਾ ਇੱਕ ਸ਼ੇਅਰ ਚੇਤੇ ਆਇਆ ਸੀ।

‘‘ਕੁੰਡਾ ਜਿੰਦਾ ਲਾ ਕੇ ਬੂਹਾ ਢੋਇਆ ਸੀ

ਉੱਤੇ, ‘ਜੀ ਆਇਆਂ ਨੂੰ’ ਲਿਖਿਆ ਹੋਇਆ ਸੀ।’’

ਮੈਂ ਉਸ ਬੰਦ ਜਿੰਦਰੇ ਦਾ ਭੇਤੀ ਨਹੀਂ ਸਾਂ ਪਰ ਬਹੁਤੇ ਯਾਰ ਬੇਲੀ ਉਸ ਜਿੰਦਰੇ ਦੇ ਭੇਤੀ ਸਨ। ਉਸ ਘਰ ਦੀ ‘ਜੀ ਆਇਆਂ’ ਅਸਲੀ ਸੀ। ਬੰਦ ਜਿੰਦਰਾ ਵੀ ਉਸ ‘ਜੀ ਆਇਆਂ ਨੂੰ’ ਝੂਠਾ ਨਹੀਂ ਸੀ ਪੈਣ ਦਿੰਦਾ।

ਮੈਂ ਦੁਚਿੱਤੀ ਜਿਹੀ ਵਿੱਚ ਖਲੋਤਾ ਹੋਇਆ ਸਾਂ ਕਿ ਇੱਕ ਖ਼ਾਨਾਬਦੋਸ਼ ਦਰਵੇਸ਼ ਨੇ ਬਾਹਰਲਾ ਗੇਟ ਖੋਲ੍ਹ ਕੇ ਵਿਹੜੇ ਵਿੱਚ ਪੈਰ ਧਰਿਆ।

…ਤੇ ਮੈਂ ਉਸ ਜਿੰਦਰੇ ਦਾ ਭੇਤੀ ਹੋ ਗਿਆ।

ਘਰ ਦੀ ਵਲਗਣ ਦੀ ਇੱਕ ਖੋਚਲੀ ਇੱਟ ਹੇਠਾਂ ਬੰਦ ਜਿੰਦਰੇ ਦੀ ਚਾਬੀ ਪਈ ਰਹਿੰਦੀ ਸੀ। ਕੋਈ ਭੇਤੀ ਯਾਰ ਭਾਵੇਂ ਕਦੋਂ ਵੀ ਆਵੇ, ਖੋਚਲੀ ਇੱਟ ਹੇਠੋਂ ਚਾਬੀ ਚੁੱਕ ਕੇ ਜਿੰਦਰਾ ਖੋਲ੍ਹ ਲੈਂਦਾ ਸੀ। ਘਰ ਦੇ ਅੰਦਰ ਤਾਂ ਬੱਸ ਆਰਾਮ ਹੀ ਆਰਾਮ ਸੀ। ਬੱਸ ਜਸ਼ਨ ਦੀ ਉਡੀਕ ਬਾਕੀ ਰਹਿ ਜਾਂਦੀ ਸੀ।

ਸਿਆਲ ਦੀ ਇੱਕ ਠਰੀ ਰਾਤ ਵੇਲੇ ਸਬੱਬ ਕੁਝ ਇਸ ਤਰ੍ਹਾਂ ਦਾ ਬਣਿਆ ਕਿ ਮਨ ਦੇ ਹਨੇਰੇ ਵਿੱਚ ਦੀਵੇ ਬਾਲਣ ਵਾਲਿਆਂ ਦੀ ਗਿਣਤੀ ਕੁਝ ਵੱਧ ਹੋ ਗਈ। ਰਾਤ ਉੱਥੇ ਸੌਣ ਵਾਲਿਆਂ ਵਿੱਚ ਸੰਤ ਸਿੰਘ ਸੇਖੋਂ, ਡਾ. ਹਰਿਭਜਨ ਸਿੰਘ, ਮੋਹਨਜੀਤ, ਪ੍ਰਮਿੰਦਰਜੀਤ, ਅਮਿਤੋਜ ਵੀ ਸਨ ਤੇ ਦੋ-ਤਿੰਨ ਜਣੇ ਹੋਰ ਵੀ। ਉਨ੍ਹਾਂ ਦੇ ਨਾਂ ਮੈਨੂੰ ਭੁੱਲੇ ਹੋਏ ਹਨ।

ਰਾਤ ਭਰ ਦੇ ਨਿੱਘ ਲਈ ਪਾਤਰ ਕੋਲ ਬਸ ਇੱਕੋ ਰਜਾਈ ਸੀ। ਉਸ ਇੱਕ ਰਜਾਈ ਵਿੱਚ ਸਾਰੇ ਜਣੇ ਬੜੇ ਨਿੱਘੇ ਸੁੱਤੇ ਸਨ। ਉਸ ਰਾਤ ਸ਼ਾਇਦ ਪਾਗਲ ਪਾਣੀ ਨੇ ਵੀ ਉਨ੍ਹਾਂ ਨੂੰ ਨਿੱਘਿਆ ਰੱਖਿਆ ਹੋਵੇ।

ਅਗਲੀ ਸਵੇਰ ਸਾਰੇ ਜਣੇ ਇੱਕ ਦੂਜੇ ਵੱਲ ਵੇਖ ਕੇ ਹੈਰਾਨ ਹੋਏ ਸਨ ਤੇ ਫਿਰ ਖੁੱਲ੍ਹ ਕੇ ਹੱਸੇ ਸਨ। ਸੁਰਜੀਤ ਪਾਤਰ ਨੂੰ ਜਾਪਿਆ, ਆਉਣ ਵਾਲੇ ਸਮੇਂ ਵਿੱਚ, ਕਦੀ ਕਦਾਈਂ ਉਨ੍ਹਾਂ ਦੀ ਬੀਤੀ ਰਾਤ ਦਾ ਚਿੱਠਾ ਵੀ ਕੋਈ ਨਾ ਕੋਈ ਫਰੋਲਿਆ ਕਰੂ। ਕਿਸੇ ਨੇ ਯਕੀਨ ਨਹੀਂ ਕਰਨਾ ਕਿ ਵੱਡੇ ਲੇਖਕਾਂ ਦੀ ਇੱਕ ਰਾਤ ਇਸ ਤਰ੍ਹਾਂ ਵੀ ਬੀਤੀ ਸੀ। ਉਹਨੇ ਲੰਘੀ ਰਾਤ ਦੀ ਕਹਾਣੀ ਇੱਕ ਕਾਗਜ਼ ਉੱਤੇ ਲਿਖੀ ਤੇ ਹੇਠਾਂ ਸਾਰਿਆਂ ਦੇ ਦਸਤਖ਼ਤ ਕਰਵਾ ਲਏ ਤਾਂ ਕਿ ਸਨਦ ਰਹੇ।

ਮੈਨੂੰ ਡਰ ਹੈ, ਉਹ ਅਨੋਖਾ ਦਸਤਾਵੇਜ਼ ਵਕਤ ਦੀ ਮਾਰ ਹੇਠ ਕਿਤੇ ਰੁਲ਼ ਹੀ ਨਾ ਗਿਆ ਹੋਵੇ।

ਮਨ ਦੀ ਬਾਦਸ਼ਾਹਤ ਦਾ ਉਹ ਘਰ ਵਰ੍ਹਿਆਂ ਦੀ ਮਾਰ ਹੇਠ ਸੀ।

ਉਹ ਘਰ ਹੁਣ ਕਿਧਰੇ ਨਹੀਂ।

ਮੇਲਾ ਉਜੜ ਗਿਆ ਹੈ। ਜਿਨ੍ਹਾਂ ਨੇ ਉਸ ਘਰ ਦੀ ਬਾਦਸ਼ਾਹੀ ਭੋਗੀ ਸੀ, ਉਨ੍ਹਾਂ ਵਿੱਚੋਂ ਬਹੁਤੇ ਚਲੇ ਗਏ ਨੇ। ਮੈਨੂੰ ਫੇਰ ਵੀ ਤੇਹ ਦਾ ਸਿਰਨਾਵਾਂ ਭੁੱਲਿਆ ਨਹੀਂ।

Advertisement
×