ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਈ ਲਾਲੋ ਦੇ ਘਰ ਤੋਂ ਮਲਿਕ ਭਾਗੋ ਦੀ ਹਵੇਲੀ

ਅਸੀਂ ਵੱਡੀ ਗਿਣਤੀ ਲੋਕ ਖੁਦ ਨੂੰ ਨਾਨਕ ਨਾਮ ਲੇਵਾ ਦੱਸਦੇ, ਮੰਨਦੇ ਤੇ ਗਰਦਾਨਦੇ ਹਾਂ। ਸਾਡੇ ਘਰਾਂ, ਦਫ਼ਤਰਾਂ ਅਤੇ ਦੁਕਾਨਾਂ ਵਿੱਚ ਗੁਰੂ ਨਾਨਕ ਦੇਵ ਦੀਆਂ ਤਸਵੀਰਾਂ ਸੁਸ਼ੋਭਿਤ ਹਨ। ਸਾਡੇ ਵਿੱਚੋਂ ਹਜ਼ਾਰਾਂ ਹੀ ਬਾਣੀ ਨਿੱਤਨੇਮ ਨਾਲ ਜੁੜੇ ਹਨ। ਗੁਰਪੁਰਬ ਮੌਕੇ ਪ੍ਰਭਾਤ ਫੇਰੀਆਂ...
Advertisement

ਅਸੀਂ ਵੱਡੀ ਗਿਣਤੀ ਲੋਕ ਖੁਦ ਨੂੰ ਨਾਨਕ ਨਾਮ ਲੇਵਾ ਦੱਸਦੇ, ਮੰਨਦੇ ਤੇ ਗਰਦਾਨਦੇ ਹਾਂ। ਸਾਡੇ ਘਰਾਂ, ਦਫ਼ਤਰਾਂ ਅਤੇ ਦੁਕਾਨਾਂ ਵਿੱਚ ਗੁਰੂ ਨਾਨਕ ਦੇਵ ਦੀਆਂ ਤਸਵੀਰਾਂ ਸੁਸ਼ੋਭਿਤ ਹਨ। ਸਾਡੇ ਵਿੱਚੋਂ ਹਜ਼ਾਰਾਂ ਹੀ ਬਾਣੀ ਨਿੱਤਨੇਮ ਨਾਲ ਜੁੜੇ ਹਨ। ਗੁਰਪੁਰਬ ਮੌਕੇ ਪ੍ਰਭਾਤ ਫੇਰੀਆਂ ਨਿਕਲਦੀਆਂ ਹਨ। ਨਗਰ ਕੀਰਤਨ ਸਜਦੇ ਹਨ ਪਰ ਹਰ ਵਾਰ ਮਨ ਵਿੱਚ ਇੱਕ ਸੁਆਲ ਵੀ ਉੱਠਦਾ ਹੈ। ਕੀ ਅਸੀਂ ਸੱਚਮੁੱਚ ਗੁਰੂ ਨਾਨਕ ਦੇਵ ਦੀ ਰਾਹ ’ਤੇ ਰੱਤੀ ਭਰ ਵੀ ਤੁਰ ਸਕੇ ਹਾਂ? ਕੀ ਸਾਡੇ ਸਭ ਦੇ ਕਿਰਦਾਰ ਵਿਚ ਉਨ੍ਹਾਂ ਵੱਲੋਂ ਪਾਏ ਪੂਰਨੇ ਕਿਧਰੇ ਵੀ ਝਲਕਦੇ ਹਨ ਜਾਂ ਅਸੀਂ ਪਵਿੱਤਰ ਦਿਹਾੜਿਆਂ ਮੌਕੇ ਗੁਰੂਆਂ ਦਾ ਨਾਂ ਲੈ ਕੇ ਸਿਰਫ਼ ਆਪਣੀ ਜ਼ਮੀਰ ਨੂੰ ਠਾਰ ਰਹੇ ਹਾਂ?

ਮੇਰਾ ਮੰਨਣਾ ਹੈ ਕਿ ਵੱਡੀ ਗਿਣਤੀ ਲੋਕਾਂ ਨੇ ਅੱਜ ਤੱਕ ਗੁਰੂ ਨਾਨਕ ਦੀ ਬਾਣੀ ਨੂੰ ਆਤਮਸਾਤ

Advertisement

ਕਰਕੇ ਉਸ ’ਤੇ ਚੱਲਣ ਦੀ ਥਾਂ ਸਿਰਫ਼ ਗੁਰੂ ਦੇ ਨਾਂ ਦੀ ਵਰਤੋਂ ਕੀਤੀ ਹੈ ਤੇ ਸਹੀ ਮਾਅਨਿਆਂ ਵਿੱਚ ਗੁਰੂ ਨਾਨਕ ਵੱਲੋਂ ਦਿੱਤੇ ਗਏ ਫਲਸਫ਼ੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।

ਅੱਜ ਅਸੀਂ ਅਜਿਹੇ ਸਮੇਂ ਵਿੱਚ ਜਿਉਂ ਰਹੇ ਹਾਂ,

ਜਿੱਥੇ ਧਰਮ ਅਤੇ ਰਾਜਨੀਤੀ ਨਿਰਾ ਵਪਾਰ ਬਣ ਗਏ ਹਨ, ਰਿਸ਼ਤੇ ਅਤੇ ਮਰਿਆਦਾ ਵੀ ਕਾਰੋਬਾਰ ਬਣ ਚੁੱਕੇ ਹਨ। ਲੋਕਾਂ ਨੇ ਬਾਬਾ ਨਾਨਕ ਦਾ ‘ਸੱਚਾ ਸੌਦਾ’ ਭੁਲਾ ਦਿੱਤਾ ਹੈ, ਉਹ ਸੌਦਾ ਜਿਸ ਵਿੱਚ ਸੱਚ, ਕਿਰਤ ਤੇ ਸਾਂਝ ਦਾ ਨਫ਼ਾ ਸੀ, ਜੋ ‘ਤੇਰਾ-ਤੇਰਾ’ ਕਹਿ ਕੇ ਮੁਫ਼ਤ ਤੋਲ ਦਿੱਤਾ ਸੀ।

ਦੁਖਾਂਤ ਹੈ ਕਿ ਬਾਬਾ ਨਾਨਕ ਦੀ ਬਾਣੀ ਹੁਣ ਸਿਰਫ਼ ਗੁਰੂਘਰਾਂ ਦੇ ਸਪੀਕਰਾਂ ਤੱਕ ਸੀਮਤ ਹੋ ਗਈ ਹੈ ਜਿਸ ਦਾ ਰੋਜ਼ਾਨਾ ਜ਼ਿੰਦਗੀ ਵਿੱਚ ਸਿਰਫ਼ ਉਚਾਰਨ ਬਚਿਆ ਹੈ, ਅਮਲ ਨਹੀਂ।

ਲੋਕਤੰਤਰ ਦੀ ਆੜ ਵਿੱਚ ਅੱਜ ਇੱਕ ਨਵੀਂ ਕਿਸਮ ਦੀ ਗੁਲਾਮੀ ਪੈਦਾ ਕੀਤੀ ਜਾ ਰਹੀ ਹੈ, ਜਿੱਥੇ ਸਾਡੇ ਹੱਥ ਮਿਹਨਤ ਕਰਨ ਅਤੇ ਕਿਰਤ ਲਈ ਨਹੀਂ, ਸਗੋਂ ਮੁਫ਼ਤ ਸਹੂਲਤਾਂ ਲਈ ਫੈਲਦੇ ਹਨ। ਅਕਸਰ ਸੋਚਦਾ ਹਾਂ ਕਿ ਸਾਡੇ ਕਿਰਦਾਰਾਂ ਦੀ ਲਿਹਾਜ਼ਦਾਰੀ ਅਕਾਲ ਪੁਰਖ ਦੀ ਉਸ ਪਵਿੱਤਰ ਰੂਹ ਨਾਲ ਕਿਹੜੇ ਪੱਖੋਂ ਮੇਲ ਖਾਂਦੀ ਹੈ ਜਿਨ੍ਹਾਂ ਨੇ ਦੁਨੀਆ ਭਰ ਵਿਚ ਚਾਰ ਉਦਾਸੀਆਂ ਕੀਤੀਆਂ। ਵਹਿਮਾਂ-ਭਰਮਾਂ ਵਿਚ ਗ੍ਰਸੀ ਲੋਕਾਈ ਨੂੰ ਹਨੇਰੇ ਵਿੱਚੋਂ ਕੱਢਣ ਲਈ ਮਿੱਠੇ-ਕੌੜੇ ਤਜਰਬੇ ਕੀਤੇ। ਗੁਰੂ ਨਾਨਕ ਦੇਵ ਨੇ ਉਦਾਸੀਆਂ ਵਿੱਚ ਦੁਨੀਆ ਦੇ ਹਾਲਾਤ ਨੇੜੇ ਤੋਂ ਵੇਖੇ ਅਤੇ ਲੋਕਾਈ ਨੂੰ ਫਜ਼ੂਲ ਦੇ ਵਿਸ਼ੇ-ਵਿਕਾਰਾਂ ਤੋਂ ਕਿਰਤ ਦੇ ਰਾਹਾਂ ਵੱਲ ਮੋੜਨ ਲਈ ਜ਼ਿੰਦਗੀ ਦੇ ਅਖੀਰਲੇ 18-20 ਸਾਲ ਖੁਦ ਹੱਥੀਂ ਖੇਤੀ ਕੀਤੀ। ਉਨ੍ਹਾਂ ਦੁਨੀਆ ਨੂੰ ਬੇਮਿਸਾਲ ਸੰਦੇਸ਼ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਿੱਤਾ। ਜੇਕਰ ਨਵੇਂ ਮੁਹਾਂਦਰੇ ਵਿੱਚ ਵੇਖਿਆ ਜਾਵੇ ਤਾਂ ਇਸ ਸੰਦੇਸ਼ ਦੇ ਮਾਅਨੇ ਮਨੁੱਖ ਦੀ ਆਰਥਿਕਤਾ, ਮਾਨਸਿਕ ਸ਼ਾਂਤੀ, ਸਰੀਰਕ ਸਿਹਤ ਅਤੇ ਸਮਾਜਿਕ ਵਰਤਾਰੇ ਨਾਲ ਜੁੜੇ ਹਨ ਜਿਸ ਵਿਚੋਂ ਨਿਰੋਲ ਰੂਪ ਵਿਚ ਭਾਈ ਲਾਲੋ ਦੀ ਹੱਕ-ਸੱਚ ਦੀ ਕਮਾਈ ਝਲਕਦੀ ਹੈ।

ਕੌੜਾ ਸੱਚ ਹੈ ਕਿ ਅਜੋਕੀਆਂ ਸਰਕਾਰਾਂ ਅਤੇ ਸਮਾਜਿਕ ਤਾਣਾ-ਬਾਣਾ ਹਰ ਬੰਦੇ ਅਤੇ ਪਰਿਵਾਰ ਨੂੰ ਮਾਨਸਿਕ ਅਤੇ ਆਰਥਿਕ ਪੱਖੋਂ ਹੌਲਾ ਕਰਕੇ ਮਲਿਕ ਭਾਗੋ ਦੀ ਹਵੇਲੀ ਵੱਲ ਲਿਜਾ ਰਹੇ ਹਨ। ਉਸ ਹਵੇਲੀ ਵਿੱਚ ਰੰਗੀਨ ਜ਼ਿੰਦਗੀ ਤੇ ਚਮਕਦਾਰ ਸੋਨੇ-ਚਾਂਦੀ ਦੇ ਥਾਲ ਤਾਂ ਹਨ, ਪਰ ਰੂਹ ਦੀ ਸੰਤੁਸ਼ਟੀ ਨਹੀਂ।

ਮਲਿਕ ਭਾਗੋ ਦੀ ਹਵੇਲੀ ਦੇ ਰਾਹ ਸੁਵੱਲੇ ਰੱਖਣ ਲਈ ਆਮ ਲੋਕਾਂ ਨੂੰ ਮੁਫ਼ਤ ਬਿਜਲੀ, ਮੁਫ਼ਤ ਰਾਸ਼ਨ ਅਤੇ ਹੋਰਨਾਂ ਲੁਭਾਉਣੀਆਂ ਸਹੂਲਤਾਂ ਦੇ ਕੇ ਗੁਰੂ ਨਾਨਕ ਦੇਵ ਦੇ ਫਲਸਫੇ ਨੂੰ ਹਕੀਕਤ ਤੋਂ ਦੂਰ ਕੀਤਾ ਜਾ ਰਿਹਾ। ਇਹ ਸਮਾਜ ਨੂੰ ਸਰੀਰਕ ਅਤੇ ਆਤਮਿਕ ਪੱਖੋਂ ਗੁਰੂ ਨਾਨਕ ਦੇਵ ਦੇ ਫਲਸਫੇ ਤੋਂ ਦੂਰ ਲਿਜਾ ਕੇ ਸਿਆਸੀ ਮਲਿਕ ਭਾਗੋਆਂ ਦੇ ਪਾਲਤੂ ਬਣਾਉਣ ਦੀ ਸਾਜ਼ਿਸ਼ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਅੱਜ ਦੀ ਤਾਰੀਖ਼ ਵਿੱਚ ਗੁਰੂ ਨਾਨਕ ਦੇਵ ਦੀਆਂ ਖੇਤੀ ਕਰਦਿਆਂ ਦੀਆਂ ਤਸਵੀਰਾਂ ਵੀ ਬਾਜ਼ਾਰ ਵਿੱਚੋਂ ਗਾਇਬ ਹੋ ਚੁੱਕੀਆਂ ਹਨ।

ਸਰਕਾਰਾਂ ਲੋਕਾਂ ਦੀ ਭਲਾਈ ਤੋਂ ਮੂੰਹ ਮੋੜ ਕੇ ਸਿਰਫ਼ ਟੈਕਸ, ਮੁਨਾਫ਼ੇਦਾਰੀ ਅਤੇ ਸੱਤਾ ਤੱਕ ਸੀਮਤ ਹੋ ਗਈਆਂ ਹਨ। ਚੀਜ਼ਾਂ ਵਿੱਚ ਮਿਲਾਵਟ ਦਾ ਜਾਲ ਅਜਿਹਾ ਫੈਲ ਗਿਆ ਹੈ ਕਿ ਰੋਜ਼ਾਨਾ ਇਸ ਦੇ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਮੱਧ ਪ੍ਰਦੇਸ਼ ਵਿੱਚ ਖੰਘ ਦੀ ਦਵਾਈ ਪੀਣ ਕਾਰਨ 22 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਕਿਉਂਕਿ ਦਵਾਈ ਵਿੱਚ ਪੇਂਟ ਬਣਾਉਣ ਵਾਲਾ ਰਸਾਇਣ ‘ਪ੍ਰੋਪਾਈਲੀਨ ਗਲਾਇਕੋਲ’ ਮਿਲਿਆ ਹੋਇਆ ਸੀ। ਇਹ ਘਟਨਾ ਸਿਰਫ਼ ਕਾਨੂੰਨੀ ਗਲਤੀ ਨਹੀਂ, ਇਹ ਸਮਾਜਿਕ ਗਿਰਾਵਟ ਦਾ ਪ੍ਰਤੀਕ ਹੈ। ਗੁਰੂ ਨਾਨਕ ਦੇਵ ਨੇ ਕਿਹਾ ਸੀ:

‘ਕੂੜੁ ਕਮਾਇ ਕਪੜਾ ਪਾਏ,

ਤਿਨਾ ਭੀ ਅੰਦਰਿ ਕੂੜੁ ਸਮਾਏ।’

ਮੇਰੇ ਪਿਤਾ ਆਖਿਆ ਕਰਦੇ ਸਨ ਕਿ ‘ਢਿੱਡ ਦੇ ਭੁੱਖੇ ਦੀ ਭੁੱਖ ਚੰਗੇ ਪਕਵਾਨਾਂ ਨਾਲ ਮਿਟ ਸਕਦੀ ਹੈ, ਪਰ ਪੈਸੇ ਦੇ ਭੁੱਖੇ ਦੀ ਭੁੱਖ ਕਦੇ ਨਹੀਂ ਮਿਟਦੀ।’ ਇਹੀ ਸੱਚ ਬਾਬਾ ਨਾਨਕ ਨੇ ਸਦੀਆਂ ਪਹਿਲਾਂ ਕਿਹਾ ਸੀ ‘ਸੰਤੁਸ਼ਟੀ, ਸੱਚਾਈ ਅਤੇ ਸਾਂਝ ਹੀ ਜੀਵਨ ਦਾ ਅਸਲ ਗਹਿਣਾ ਹੈ।’ ਇੱਕ ਪਾਸੇ ਸਰਕਾਰਾਂ ਵੱਡੇ ਕਾਰੋਬਾਰੀਆਂ ਨੂੰ ਇੱਕ ਰੁਪਏ ਪ੍ਰਤੀ ਏਕੜ ’ਤੇ ਜ਼ਮੀਨਾਂ ਪਟਿਆਂ ’ਤੇ ਦੇ ਰਹੀਆਂ ਹਨ, ਦੂਜੇ ਪਾਸੇ ਭਾਈ ਲਾਲੋ ਦੇ ਮੁੱਦਈ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਲੈ ਕੇ ਉਨ੍ਹਾਂ ਨੂੰ ਕਿਰਤ ਦੇ ਹੱਕ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਇਹ ਸਭ ਮਲਿਕ ਭਾਗੋਆਂ ਦੀ ‘ਵੰਸ਼ ਵੇਲ’ ਵਧਾਉਣ ਦੀਆਂ ਕਾਰਗੁਜ਼ਾਰੀਆਂ ਹਨ।

ਅਜਿਹੇ ਹੀ ਹਾਲਾਤ ਵੇਖ ਕੇ ਸੈਂਕੜੇ ਸਾਲ ਪਹਿਲਾਂ ਗੁਰੂ ਨਾਨਕ ਨੇ ਕਿਹਾ ਸੀ, ‘ਕੂੜੁ ਰਾਜਾ ਕੂੜੁ ਪਰਜਾ, ਕੂੜੁ ਸਭ ਸੰਸਾਰ।’ ਅਕਸਰ ਵੇਖਦੇ ਹਾਂ ਕਿ ਕਈ ਸਿਆਸਤਦਾਨ ਭਾਈ ਲਾਲੋ ਜਿਹਾ ਨਿਮਾਣਾ ਹੋਣ ਦਾ ਦਿਖਾਵਾ ਕਰਦੇ ਹਨ ਪਰ ਸੱਤਾ ਹੱਥ ਵਿੱਚ ਆਉਣ ਮਗਰੋਂ ਉਨ੍ਹਾਂ ਵਿਚਲਾ ਮਲਿਕ ਭਾਗੋ ਜਾਗ ਉੱਠਦਾ ਹੈ।

ਗੁਰੂ ਨਾਨਕ ਦੇਵ ਦੀ ਬਾਣੀ ਤੇ ਉਨ੍ਹਾਂ ਵੱਲੋਂ ਦਿੱਤੇ ਉਪਦੇਸ਼ਾਂ ਦੀ ਪ੍ਰਸੰਗਿਕਤਾ ਅੱਜ ਸੈਂਕੜੇ ਸਾਲਾਂ ਮਗਰੋਂ ਵੀ ਓਸੇ ਤਰ੍ਹਾਂ ਬਰਕਰਾਰ ਹੈ ਤੇ ਆਉਂਦੇ ਹਜ਼ਾਰਾਂ ਸਾਲਾਂ ਤੱਕ ਵੀ ਉਨ੍ਹਾਂ ਦੀ ਬਾਣੀ ਲੋਕਾਂ ਲਈ ਰਾਹ ਦਸੇਰਾ ਬਣੀ ਰਹੇਗੀ। ਸਰਕਾਰਾਂ ਨੂੰ ਫੋਕੀ ਵਿਖਾਵੇਬਾਜ਼ੀ ਤੋਂ ਅਗਾਂਹ ਵਧ ਕੇ ਗੁਰੂ ਨਾਨਕ ਦੇਵ ਦੇ ਫਲਸਫੇ ਨੂੰ ਹਕੀਕੀ ਰੂਪ ਦੇਣ ਲਈ ਲੋਕਾਂ ਨੂੰ ਕਿਰਤ ਦੇ ਰਾਹ ਪਾਉਣਾ ਚਾਹੀਦਾ ਹੈ। ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਕਿਰਤ ਦਾ ਮਹੱਤਵ ਦੱਸਣਾ ਚਾਹੀਦਾ ਹੈ ਤਾਂ ਜੋ ਸਰਕਾਰਾਂ ਦੀ ਟੈਕਸ ਆਮਦਨ ਵਧੇ ਅਤੇ ਭਾਈ ਲਾਲੋ ਦੇ ‘ਸਮਾਜਿਕ ਵੰਸ਼ਜ’ ਕਿਰਤੀ ਸੁੱਖ ਨਾਲ ਗੁਰੂ ਨਾਨਕ ਸਾਹਿਬ ਦੇ ਫਲਸਫੇ ’ਤੇ ਚੱਲ ਕੇ ਰੋਜ਼ੀ-ਰੋਟੀ ਖਾਂਦੇ ਅਤੇ ਖੁਸ਼ਹਾਲ ਵਸਦੇ ਰਹਿਣ।

ਸੰਪਰਕ: 98148-26100

Advertisement
Show comments