ਭੁੱਲਿਆ ਵਿਸਰਿਆ ਇਨਕਲਾਬੀ ਕਵੀ ਦਰਸ਼ਨ ਸਿੰਘ ਅਵਾਰਾ
ਡਾ. ਚਰਨਜੀਤ ਕੌਰ ਬਰਾੜ
ਦਰਸ਼ਨ ਸਿੰਘ ਅਵਾਰਾ ਪੰਜਾਬੀ ਸਾਹਿਤ ਦਾ ਭੁੱਲਿਆ ਵਿਸਰਿਆ ਸਹਿਤਕਾਰ ਹੈ। ਉਸ ਨੇ ਤਕਰੀਬਨ ਅੱਧੀ ਦਰਜਨ ਸਾਹਿਤ ਰੂਪਾਂ ਵਿੱਚ ਰਚਨਾ ਕੀਤੀ, ਪਰ ਵਧੇਰੇ ਕਰਕੇ ਨਾਮਣਾ ਕਵੀ ਵਜੋਂ ਖੱਟਿਆ। ਕਵਿਤਾ ਕਾਹਦੀ ਆਖੀ, ਸੱਚ ਰੂਪ ਹੋ ਨਿਬੜਿਆ। ਉਸ ਦੀਆਂ ਦਿਲੀ ਭਾਵਨਾਵਾਂ ਉਛਲ-ਉਛਲ ਸਰੋਤਿਆਂ ਦੇ ਹਿਰਦਿਆਂ ਨੂੰ ਵਲੂੰਧਰਦੀਆਂ ਰਹੀਆਂ ਤੇ ਭਰੇ ਪੰਡਾਲਾਂ ਵਿੱਚ ਤਾੜੀਆਂ ਦੀ ਲੰਮੀ ਗੁੰਜਾਰ ਵਿੱਚ ਪ੍ਰਸ਼ੰਸਾ ਲੈਂਦੀਆਂ ਰਹੀਆਂ।
ਦਰਸ਼ਨ ਸਿੰਘ ਅਵਾਰਾ ਦਾ ਜਨਮ 30 ਦਸੰਬਰ 1906 ਨੂੰ ਭਾਈ ਅਤਰ ਸਿੰਘ ਦੇ ਘਰ ਪਿੰਡ ਕਾਲਾ ਗੁੱਜਰਾਂ, ਜ਼ਿਲ੍ਹਾ ਜੇਹਲਮ ਵਿਖੇ ਹੋਇਆ। ਉਨ੍ਹਾਂ ਦਾ ਪਰਿਵਾਰ ਧਾਰਮਿਕ ਰੁਚੀਆਂ ਅਤੇ ਸੇਵਾ ਭਾਵ ਵਾਲਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਘਰ ਵਿੱਚ ਮੌਜੂਦ ਸੀ। ਉਨ੍ਹਾਂ ਦਾ ਪਰਿਵਾਰ ‘ਭਾਈ’ ਅੱਲ ਨਾਲ ਪ੍ਰਸਿੱਧ ਸੀ। ਇਸ ਲਈ ਧਰਮ ਪ੍ਰਤੀ ਵਿਸ਼ੇਸ਼ ਝੁਕਾਅ ਉਸ ਨੂੰ ਵਿਰਸੇ ਵਿੱਚ ਹੀ ਮਿਲਿਆ। ਉਸ ਦੇ ਦਾਦਾ ਜੀ ਸ਼ਰਧਾਵਾਨ ਨਿਤਨੇਮੀ ਸਿੱਖ ਸਨ, ਜੋ ਨੇਮ ਨਾਲ ਧਰਮਸ਼ਾਲਾ ਜਾਂਦੇ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ।
ਦਰਸ਼ਨ ਸਿੰਘ ਅਵਾਰਾ ਨੂੰ ਗੁਰਮੁਖੀ ਪੜ੍ਹਨੀ ਨਹੀਂ ਸੀ ਆਉਂਦੀ। ਨਿੱਕੇ ਹੁੰਦਿਆਂ ਉਸ ਨੇ ਪਿੰਡ ਦੀ ਧਰਮਸ਼ਾਲਾ ਵਿੱਚ ਜਾਣਾ ਤਾਂ ਸ਼ੁਰੂ ਕੀਤਾ, ਪਰ ਉੱਥੋਂ ਦਾ ਭਾਈ ਬਹੁਤ ਜ਼ਿਆਦਾ ਸਖ਼ਤ ਸੁਭਾਅ ਦਾ ਬੰਦਾ ਸੀ। ਪੜ੍ਹਦਿਆਂ -ਪੜ੍ਹਦਿਆਂ ਇੱਕ ਦਿਨ ਦਰਸ਼ਨ ਸਿੰਘ ਪਾਸੋਂ ਕੋਈ ਅੱਖਰ ਗ਼ਲਤ ਪੜ੍ਹਿਆ ਗਿਆ। ਭਾਈ ਸਾਹਿਬ ਨੇ ਉਸੇ ਦੀ ਫੱਟੀ ਲੈ ਕੇ ਦੋ ਚਾਰ ਟਿਕਾ ਦਿੱਤੀਆਂ। ਬਸ ਫਿਰ ਕੀ ਸੀ, ਦਰਸ਼ਨ ਸਿੰਘ ਦੇ ਹਿਰਦੇ ਵਿੱਚ ਅਜਿਹਾ ਡਰ ਬਣਿਆ ਕਿ ਮੁੜ ਗੁਰਮੁਖੀ ਪੜ੍ਹਨ ਵਾਸਤੇ ਨਹੀਂ ਗਿਆ। ਉਂਜ ਵੀ ਉਨ੍ਹੀਂ ਦਿਨੀਂ ਉਰਦੂ ਵਧੇਰੇ ਪ੍ਰਚਲਿਤ ਸੀ।
ਦਰਸ਼ਨ ਸਿੰਘ ਅਵਾਰਾ ਨੇ ਖਾਲਸਾ ਹਾਈ ਸਕੂਲ ਗੁੱਜਰਾਂਵਾਲਾ ਤੋਂ 1923 ਈਸਵੀ ਵਿੱਚ ਦਸਵੀਂ ਪਾਸ ਕੀਤੀ। ਸਕੂਲ ਵਿੱਚ ਪੜ੍ਹਨ ਵੇਲੇ ਤੋਂ ਹੀ ਉਸ ਨੂੰ ਕਵਿਤਾ ਲਿਖਣ ਦੀ ਚੇਟਕ ਲੱਗ ਗਈ ਸੀ। ਉਨ੍ਹਾਂ ਦਿਨਾਂ ਵਿੱਚ ਸਿੰਘ ਸਭਾ ਲਹਿਰ ਦਾ ਜ਼ੋਰ ਸੀ। ਸਿੰਘ ਸਭਾ ਲਹਿਰ ਦਾ ਵੱਖਰਾ ਗੁਰਦੁਆਰਾ ਸਥਾਪਿਤ ਹੋ ਗਿਆ। ਹਰ ਰੋਜ਼ ਕੋਈ ਨਾ ਕੋਈ ਜਥਾ ਆਉਂਦਾ ਤੇ ਗੁਰਬਾਣੀ ਦਾ ਕੀਰਤਨ ਕਰਦਾ। ਵੇਖਾ-ਵੇਖੀ ਉਸ ਦੇ ਦਿਲ ਵਿੱਚ ਵੀ ਸ਼ੌਕ ਪੈਦਾ ਹੋਇਆ ਅਤੇ ਅੰਮ੍ਰਿਤ ਛਕ ਲਿਆ। ਖੱਦਰ ਦਾ ਪਹਿਰਾਵਾ, ਕਾਲੀ ਦਸਤਾਰ, ਲੰਮਾ ਗਾਤਰਾ ਪਹਿਨੀ ਦਰਸ਼ਨ ਸਿੰਘ ਅਵਾਰਾ ਅਕਾਲੀ ਸਟੇਜਾਂ ’ਤੇ ਆਉਂਦਾ ਤੇ ਜੋਸ਼ੀਲੀਆਂ ਕਵਿਤਾਵਾਂ ਪੜ੍ਹ ਕੇ ਸਰੋਤਿਆਂ ਨੂੰ ਕੀਲਦਾ।ਅਕਾਲੀ ਲਹਿਰ ਦੌਰਾਨ ਉਸ ਦੀਆਂ ਰਚਨਾਵਾਂ ਦਿਲਜੀਤ, ਦੁਖੀ, ਮੁਰਦਾ, ਲੁਘੜ ਆਦਿ ਤਖੱਲਸਾਂ ਹੇਠ ਉਸ ਸਮੇਂ ਦੀਆਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ।
ਦਰਸ਼ਨ ਸਿੰਘ ਅਵਾਰਾ ਦਾ ਜੱਦੀ ਕਿੱਤਾ ਬਜਾਜੀ ਦੀ ਦੁਕਾਨਦਾਰੀ ਸੀ।ਉਸ ਨੇ ਵੀ ਪਿਤਾ ਨਾਲ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਬਣਨ ਉਪਰੰਤ ਇਹ ਦੁਕਾਨ ਪਹਿਲਾਂ ਦਿੱਲੀ ਅਤੇ ਫਿਰ ਪਟਿਆਲੇ ਸ਼ੁਰੂ ਕੀਤੀ ਗਈ, ਪਰ ਬਹੁਤੀ ਸਫਲ ਨਾ ਹੋਈ। ਅੰਤ ਇਹ ਕਿੱਤਾ ਛੱਡ ਕੇ ਉਸ ਨੇ ਭਾਸ਼ਾ ਵਿਭਾਗ ਵਿੱਚ ਬਤੌਰ ਰਿਸਰਚ ਅਸਿਸਟੈਂਟ ਸੇਵਾ ਸੰਭਾਲ ਲਈ। ਫਿਰ ਸਾਹਿਤਕ ਸਰਗਰਮੀਆਂ ਵਿੱਚ ਖ਼ੂਬ ਰੁੱਝ ਗਿਆ।
ਦਰਸ਼ਨ ਸਿੰਘ ਅਵਾਰਾ ਨੇ ਆਪਣਾ ਸਾਹਿਤਕ ਸਫ਼ਰ ਕਵੀ ਵਜੋਂ ਸ਼ੁਰੂ ਕੀਤਾ ਅਤੇ ਨਾਲ-ਨਾਲ ਸਾਹਿਤ ਦੇ ਹੋਰ ਰੂਪਾਂ ਉੱਤੇ ਵੀ ਕਲਮ ਚਲਾਈ। ਉਸ ਨੇ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਅੱਠ ਕਾਵਿ-ਸੰਗ੍ਰਹਿ ‘ਬਿਜਲੀ ਦੀ ਕੜਕ’ (1924), ‘ਬਗਾਵਤ’ (1940), ‘ਮੈਂ ਬਾਗੀ ਹਾਂ’ (1941), ‘ਇਨਕਲਾਬ ਦਾ ਰਾਹ’, ‘ਗੁਸਤਾਖੀਆਂ’ (1952), ‘ਹਲਚਲ’ (1952), ‘ਚੋਟਾਂ’ (1972) ਅਤੇ ‘ਆਵਾਰਗੀਆਂ’ ਪਾਏ। ਇਸ ਤੋਂ ਇਲਾਵਾ ਦੋ ਨਾਵਲ ‘ਸਵਰਗ ਨਰਕ’ ਤੇ ‘ਪਰਦੇਸੀ ਸੱਜਣ ਆਏ’ ਅਤੇ ਇੱਕ ਕਹਾਣੀ ਸੰਗ੍ਰਹਿ ਮਿਲਦੇ ਹਨ। ਉਸ ਨੇ ਬਾਲ ਸਾਹਿਤ ਲਿਖਣ ਵਿੱਚ ਵੀ ਆਪਣਾ ਹਿੱਸਾ ਪਾਇਆ ਅਤੇ ਕੁਝ ਰਚਨਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ। ਮੁਹਾਵਰਾ ਕੋਸ਼ ਵੀ ਤਿਆਰ ਕੀਤਾ।
ਦਰਸ਼ਨ ਸਿੰਘ ਅਵਾਰਾ ਦਾ ਪਹਿਲਾ ਕਾਵਿ-ਸੰਗ੍ਰਹਿ ‘ਬਿਜਲੀ ਦੀ ਕੜਕ’ ਛਪ ਕੇ ਆਇਆ ਤਾਂ ਸਰਕਾਰ ਵੱਲੋਂ ਜ਼ਬਤ ਕਰ ਲਿਆ ਗਿਆ। ਇਸ ਪੁਸਤਕ ਉੱਤੇ ਲੇਖਕ ਦਾ ਨਾਮ ਦਰਸ਼ਨ ਸਿੰਘ ਦਿਲਜੀਤ ਪ੍ਰਕਾਸ਼ਿਤ ਹੋਇਆ ਹੈ। ਇਸ ਸੰਗ੍ਰਹਿ ਵਿੱਚ ਜਲ੍ਹਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ ਅਤੇ ਅੰਗਰੇਜ਼ਾਂ ਵੱਲੋਂ ਢਾਹੇ ਗਏ ਹੋਰ ਜ਼ੁਲਮਾਂ ਉੱਤੇ ਝਾਤ ਪਾਉਂਦਿਆਂ ਕੌਮ ਨੂੰ ਇਨਕਲਾਬੀ ਰੰਗ ਵਿੱਚ ਰੰਗਣਾ ਹੀ ਮੂਲ ਰੂਪ ਵਿੱਚ ਕਵਿਤਾਵਾਂ ਦਾ ਉਦੇਸ਼ ਸੀ। ਉਹ ਲਿਖਦਾ ਹੈ:
ਜਦੋਂ ਵਿੱਚ ਮੈਦਾਨ ਦੇ ਚੱਲੇ ਗੋਲੀ,
ਮੌਤ ਵੇਖ ਕੇ ਘਟੇ ਨਾ ਦਿਲ ਤੇਰਾ।
ਸ਼ੇਰਾਂ ਵਾਂਗ ਲਲਕਾਰ ਕੇ ਵਧੇ ਅੱਗੇ,
ਹਟੇ ਪੈਰ ਨਾ ਪਿਛਾਂਹ ਇੱਕ ਤਿਲ ਤੇਰਾ।
ਉਸ ਦੇ ਦੂਜਾ ਕਾਵਿ-ਸੰਗ੍ਰਹਿ ‘ਬਗਾਵਤ’ ਦੇ ਉਸ ਸਮੇਂ ਚਾਰ ਐਡੀਸ਼ਨ (ਤਿੰਨ ਪੰਜਾਬੀ ਅਤੇ ਇੱਕ ਉਰਦੂ) ਵਿੱਚ ਪ੍ਰਕਾਸ਼ਿਤ ਹੋਏ। ਇਹ ਉਨ੍ਹਾਂ ਦਿਨਾਂ ਵਿੱਚ ਕੋਈ ਛੋਟੀ ਪ੍ਰਾਪਤੀ ਨਹੀਂ ਸੀ। ਇਸ ਸੰਗ੍ਰਹਿ ਵਿੱਚ ਉਹ ਆਪਣਾ ਨਵਾਂ ਰੂਪ ਲੈ ਕੇ ਪਾਠਕਾਂ ਸਾਹਮਣੇ ਆਉਂਦਾ ਹੈ। ਉਸ ਦੀਆਂ ਕਵਿਤਾਵਾਂ ਬਗ਼ਾਵਤ, ਰੱਬ ਬੰਦੇ ਨੂੰ, ਬੰਦਾ ਬੰਦੇ ਨੂੰ, ਰੱਬ ਬਾਗ਼ੀ ਨੂੰ ਆਦਿ ਧਾਰਮਿਕ ਖੇਤਰ ਵਿੱਚ ਬਗ਼ਾਵਤ ਦਾ ਬੀਜ ਬੀਜਦੀਆਂ ਹਨ। ਉਹ ਲਿਖਦਾ ਹੈ:
ਕੱਖ ਨਹੀਓਂ ਬਣਨਾ ਮਾਲਾ ਫੜਿਆਂ,
ਰੋਜ਼ੇ ਰੱਖਿਆਂ ਗੀਤਾ ਪੜ੍ਹਿਆਂ।
ਨਾ ਕਰ ਵਿਹਲਾ ਬੈਠ ਦੁਆਵਾਂ,
ਰੰਬੇ ਵਾਲਿਆਂ ਹੱਥਾਂ ਦੀ
ਸੁਣਦੈ ਰੱਬ ਦੁਆ।
ਰੋ ਨਾ ਬਹਿ ਤਕਦੀਰ ਨੂੰ,
ਕੁਝ ਹੱਥ ਪੈਰ ਹਿਲਾ
ਵੇਖ ਉਨ੍ਹਾਂ ਦੀਆਂ ਹਿੰਮਤਾਂ ਨੂੰ
ਜਿਨ੍ਹਾਂ ਰੇਤੜ ਲਏ ਖਿੜਾ।
‘ਮੈਂ ਬਾਗੀ ਹਾਂ’ ਵਿੱਚ ਕਵੀ ਆਮ ਜਨਤਾ ਨੂੰ ਸੁਚੇਤ ਕਰਦਾ ਤੇ ਡੂੰਘੀ ਨੀਂਦ ਤੋਂ ਹਲੂਣ ਕੇ ਜਗਾਉਂਦਾ ਹੈ। ਉਹ ਵਹਿਮਾਂ-ਭਰਮਾਂ ਨੂੰ ਛੱਡਣ, ਬੇਲੋੜੀਆਂ ਰਸਮਾਂ ਤੋਂ ਬਚਣ ਦੀ ਪ੍ਰੇਰਨਾ ਕਰਦਾ; ਰਾਜਸੀ ਗ਼ੁਲਾਮੀ, ਆਰਥਿਕ ਗ਼ਰੀਬੀ, ਮਜ਼ਹਬੀ ਤੇ ਨਿੱਜੀ ਇਖ਼ਲਾਕੀ ਗਿਰਾਵਟ ਦੀ ਨੁਕਤਾਚੀਨੀ ਕਰਦਾ ਆਪਣੀ ਇਨਕਲਾਬੀ ਸੁਰ ਵਿੱਚ ਲਿਖਦਾ ਹੈ:
ਲੋੜ ਹੈ ਉਨ੍ਹਾਂ ਮੱਥਿਆਂ ਦੀ,
ਜਿਹੜੇ ਹੈਂਕੜ ਅੱਗੇ ਝੁਕੇ ਨਾ ਹੋਵਣ।
ਲੋੜ ਹੈ ਉਨ੍ਹਾਂ ਪੈਰਾਂ ਦੀ,
ਅਧਵਾਟੇ ਜਿਹੜੇ ਰੁਕੇ ਨਾ ਹੋਵਣ।
ਲੋੜ ਹੈ ਐਸੇ ਖ਼ੂਨ ਦੀ ਜਿਹੜਾ,
ਨਾੜਾਂ ਵਿੱਚ ਨਾ ਜੰਮਿਆ ਹੋਵੇ।
ਲੋੜ ਹੈ ਉਸ ਤੂਫ਼ਾਨ ਦੀ ਜਿਹੜਾ ,
ਪਰਬਤ ਵੇਖ ਨਾ ਥੰਮਿਆ ਹੋਵੇ।
ਦਰਸ਼ਨ ਸਿੰਘ ਅਵਾਰਾ ਸੁਧਾਰਵਾਦੀ ਅਤੇ ਇਨਕਲਾਬੀ ਲੇਖਕ ਸੀ। ਉਸ ਨੇ ਧਾਰਮਿਕ ਅਤੇ ਸਮਾਜਿਕ ਰੂੜੀਆਂ ਦਾ ਖੁੱਲ੍ਹ ਕੇ ਖੰਡਨ ਕੀਤਾ ਅਤੇ ਸਮਾਜ ਤੇ ਧਰਮ ਦੇ ਠੇਕੇਦਾਰਾਂ ਦੇ ਰੱਜ ਕੇ ਪੋਲ ਖੋਲ੍ਹੇ।
ਦਸ ਦਸੰਬਰ 1982 ਨੂੰ ਤਕਰੀਬਨ 66 ਸਾਲ ਦੀ ਉਮਰ ਵਿੱਚ ਪੰਜਾਬੀ ਕਵਿਤਾ ਨੂੰ ਆਪਣੀ ਅਮਿੱਟ ਛਾਪ ਸਦਕਾ ਪ੍ਰਭਾਵਿਤ ਕਰ ਦੇਣ ਵਾਲਾ ਇਹ ਕਵੀ ਸੰਸਾਰ ਨੂੰ ਵਿਦਾ ਆਖ ਗਿਆ। ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿੱਚ ਉਸ ਦੀ ਕਿਸੇ ਰਚਨਾ ਨੂੰ ਸ਼ਾਮਿਲ ਕੀਤੇ ਜਾਣ ਬਾਰੇ ਮੈਨੂੰ ਜਾਣਕਾਰੀ ਨਹੀਂ ਮਿਲ ਸਕੀ। ਜਿਨ੍ਹਾਂ ਲੇਖਕਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਪੰਜਾਬੀ ਸਾਹਿਤ ਇੰਨਾ ਅਮੀਰ ਹੋਇਆ ਹੈ ਉਨ੍ਹਾਂ ਨੂੰ ਭੁਲਾਉਣਾ ਚੰਗੀ ਪਿਰਤ ਨਹੀਂ ਹੈ।
* ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ।
ਸੰਪਰਕ: 98784-47758